19.1 C
Vancouver
Tuesday, July 14, 2026

ਅਮਰੀਕਾ ਅਤੇ ਕੈਨੇਡਾ ਵਿਚਾਲੇ ਬਣੇ ਨਵੇਂ ਪੁਲ ਨੂੰ ਲੈ ਕੇ ਸਿਆਸਤ ਗਰਮਾਈ, ਰਾਸ਼ਟਰਪਤੀ ਟਰੰਪ ਨੇ ਰੱਖੀ ਮੁਆਵਜ਼ੇ ਦੀ ਸ਼ਰਤ

ਵੈਨਕੂਵਰ (ਏਕਜੋਤ ਸਿੰਘ): ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਗੋਰਡੀ ਹੋਵ ਇੰਟਰਨੈਸ਼ਨਲ ਬ੍ਰਿਜ ਦੇ ਉਦਘਾਟਨ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ ਪਰ ਇਸ ਨੂੰ ਆਮ ਲੋਕਾਂ ਲਈ ਖੋਲ੍ਹਣ ਵਿੱਚ ਉਮੀਦ ਨਾਲੋਂ ਕੁਝ ਜ਼ਿਆਦਾ ਸਮਾਂ ਲੱਗ ਸਕਦਾ ਹੈ। ਲਿਬਰਲ ਕਾਕਸ ਦੀ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਸਰਕਾਰ ਪੁਲ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਿੱਚ ਥੋੜ੍ਹਾ ਸਮਾਂ ਹੋਰ ਲੱਗਦਾ ਹੈ ਤਾਂ ਵੀ ਇਹ ਪ੍ਰੋਜੈਕਟ ਕੈਨੇਡੀਅਨਾਂ, ਅਮਰੀਕੀਆਂ, ਕਾਰੋਬਾਰੀਆਂ ਅਤੇ ਸੈਲਾਨੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਮੰਗਲਵਾਰ ਨੂੰ ਕਾਰਨੀ ਨੇ ਕਿਹਾ ਸੀ ਕਿ ਵਿੰਡਸਰ ਅਤੇ ਡੈਟਰਾਇਟ ਵਿਚਕਾਰ ਇਹ ਦੂਜਾ ਪੁਲ ਹਫਤੇ ਦੇ ਅੰਤ ਤੱਕ ਖੋਲ੍ਹ ਦਿੱਤਾ ਜਾਵੇਗਾ ਅਤੇ ਸ਼ੁੱਕਰਵਾਰ ਨੂੰ ਰਿਬਨ ਕੱਟਣ ਦੀ ਰਸਮ ਹੋਣ ਦੀ ਉਮੀਦ ਹੈ।
ਵਿੰਡਸਰ ਦੇ ਮੇਅਰ ਡਰਿਊ ਡਿਲਕਿਨਸ ਨੇ ਦੱਸਿਆ ਕਿ ਉਨ੍ਹਾਂ ਨੂੰ ਉਦਘਾਟਨ ਸਮਾਰੋਹ ਦਾ ਸੱਦਾ ਮਿਲਿਆ ਹੈ ਪਰ ਉਹ ਅਜੇ ਵੀ ਪੁਲ ਦੇ ਖੁੱਲ੍ਹਣ ਦੀ ਪੱਕੀ ਤਰੀਕ ਤੋਂ ਅਣਜਾਣ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਇਸ ਪੁਲ ਦੀ ਉਡੀਕ ਕੀਤੀ ਜਾ ਰਹੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਵਰੀ ਵਿੱਚ ਬਿਆਨ ਦਿੱਤਾ ਸੀ ਕਿ ਪੁਲ ਖੋਲ੍ਹਣ ਤੋਂ ਪਹਿਲਾਂ ਅਮਰੀਕਾ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਵ੍ਹਾਈਟ ਹਾਊਸ ਦੇ ਅਧਿਕਾਰੀ ਅਨੁਸਾਰ ਟਰੰਪ ਅਜੇ ਵੀ ਆਪਣੇ ਇਸ ਸਟੈਂਡ ‘ਤੇ ਕਾਇਮ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਨੇ ਇਸ ਪੁਲ ਦੀ ਉਸਾਰੀ ਦਾ 6.4 ਬਿਲੀਅਨ ਡਾਲਰ ਦਾ ਸਾਰਾ ਖਰਚਾ ਚੁੱਕਿਆ ਹੈ। ਇਹ ਲਾਗਤ ਟੋਲ ਰਾਹੀਂ ਪੂਰੀ ਕੀਤੀ ਜਾਵੇਗੀ ਅਤੇ ਪੁਲ ਦੀ ਕੀਮਤ ਪੂਰੀ ਹੋਣ ਤੋਂ ਬਾਅਦ ਦੋਵੇਂ ਦੇਸ਼ ਆਮਦਨ ਦੀ ਵੰਡ ਕਰਨਗੇ।
ਇਸ ਪੁਲ ਦਾ ਮੁਕਾਬਲੇਬਾਜ਼ ਐਮਬੈਸਡਰ ਬ੍ਰਿਜ ਦੀ ਮਾਲਕੀ ਰੱਖਣ ਵਾਲੇ ਮੋਰੌਨ ਪਰਿਵਾਰ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਮੇਅਰ ਡਿਲਕਿਨਸ ਦਾ ਮੰਨਣਾ ਹੈ ਕਿ ਜੇਕਰ ਟਰੰਪ ਰਿਆਇਤਾਂ ਦੀ ਮੰਗ ਕਰਕੇ ਪੁਲ ਦੇ ਉਦਘਾਟਨ ਨੂੰ ਰੋਕ ਰਹੇ ਹਨ ਤਾਂ ਕੈਨੇਡਾ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਕੋਈ ਮਾੜਾ ਸਮਝੌਤਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕੈਨੇਡਾ ਨੇ ਆਪਣੇ ਪੈਸੇ ਨਾਲ ਇਸ ਨੂੰ ਬਣਾਇਆ ਹੈ ਇਸ ਲਈ ਕਿਸੇ ਅੱਗੇ ਝੁਕਣ ਦੀ ਲੋੜ ਨਹੀਂ ਹੈ। ਉਧਰ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਪੁਲ ਦੇ ਤੈਅ ਸਮੇਂ ‘ਤੇ ਖੁੱਲ੍ਹਣ ਬਾਰੇ ਸ਼ੱਕ ਜ਼ਾਹਰ ਕੀਤਾ ਹੈ। ਫੈਡਰਲ ਸਰਕਾਰ ਦੇ ਸੂਤਰਾਂ ਅਨੁਸਾਰ ਤਕਨੀਕੀ ਮਨਜ਼ੂਰੀਆਂ ਮਿਲ ਚੁੱਕੀਆਂ ਹਨ ਅਤੇ ਪੁਲ ਸ਼ੁਰੂ ਹੋਣ ਲਈ ਤਿਆਰ ਹੈ। ਸਥਾਨਕ ਲੋਕ ਇਸ ਪੁਲ ਦੇ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ ਕਿਉਂਕਿ 50 ਸਾਲਾਂ ਵਿੱਚ ਪਹਿਲੀ ਵਾਰ ਲੋਕ ਨਦੀ ਦੇ ਪਾਰ ਪੈਦਲ ਜਾਂ ਸਾਈਕਲ ਰਾਹੀਂ ਜਾ ਸਕਣਗੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ