ਵੈਨਕੂਵਰ (ਏਕਜੋਤ ਸਿੰਘ): ਜਿਨ੍ਹਾਂ ਕੈਨੇਡੀਅਨ ਨਾਗਰਿਕਾਂ ਨੇ ਅਜੇ ਤੱਕ ਲਾਜ਼ਮੀ ਜਨਗਣਨਾ ਫਾਰਮ (ਸੈਂਸਸ ਕੁਐਸਚਨਫਾਰ) ਨਹੀਂ ਭਰਿਆ ਹੈ, ਉਹਨਾਂ ਨੂੰ ਜਲਦ ਹੀ ਸਟੈਟਿਸਟਿਕਸ ਕੈਨੇਡਾ ਦੇ ਕਰਮਚਾਰੀਆਂ ਵੱਲੋਂ ਫੋਨ ਕਾਲ ਜਾਂ ਘਰ-ਘਰ ਆ ਕੇ ਸੰਪਰਕ ਕੀਤਾ ਜਾਵੇਗਾ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ, ਜਨਗਣਨਾ ਅਧਿਕਾਰੀ ਉਹਨਾਂ ਪਰਿਵਾਰਾਂ ਨਾਲ ਸੰਪਰਕ ਸ਼ੁਰੂ ਕਰਨਗੇ ਜਿਨ੍ਹਾਂ ਦੇ ਫਾਰਮ ਅਜੇ ਤੱਕ ਪ੍ਰਾਪਤ ਨਹੀਂ ਹੋਏ ਹਨ। ਫੋਨ ਰਾਹੀਂ ਫਾਲੋ-ਅੱਪ ਕਰਨ ਤੋਂ ਇਲਾਵਾ, ਇਹ ਕਰਮਚਾਰੀ ਦੇਸ਼ ਭਰ ਦੇ ਭਾਈਚਾਰਿਆਂ ਵਿੱਚ ਲੋਕਾਂ ਦੇ ਬੂਹੇ ਤੇ ਜਾ ਕੇ ਵੀ ਜਾਣਕਾਰੀ ਇਕੱਠੀ ਕਰਨਗੇ। ਇਸ ਮੁਹਿੰਮ ਦਾ ਮੁੱਖ ਮਕਸਦ ਨਾਗਰਿਕਾਂ ਨੂੰ ਜਨਗਣਨਾ ਪੂਰੀ ਕਰਨ ਦੀ ਯਾਦ ਦਿਵਾਉਣਾ ਅਤੇ ਲੋੜ ਪੈਣ ਤੇ ਉਹਨਾਂ ਦੀ ਸਹਾਇਤਾ ਕਰਨਾ ਹੈ। ਇਸ ਕੰਮ ਲਈ ਵਿਭਾਗ ਵੱਲੋਂ ਹਜ਼ਾਰਾਂ ਨਵੇਂ ਕਰਮਚਾਰੀ ਭਰਤੀ ਕੀਤੇ ਗਏ ਹਨ, ਜੋ ਉਹਨਾਂ ਲੋਕਾਂ ਦੇ ਫਾਰਮ ਖੁਦ ਮੌਕੇ ਤੇ ਭਰਨਗੇ ਜੋ ਇਸਨੂੰ ਆਨਲਾਈਨ ਜਾਂ ਆਪਣੇ ਪੱਧਰ ਤੇ ਪੂਰਾ ਕਰਨ ਦੇ ਸਮਰੱਥ ਨਹੀਂ ਹਨ। ਲੱਖਾਂ ਕੈਨੇਡੀਅਨਾਂ ਨੇ ਪਹਿਲਾਂ ਹੀ ਆਨਲਾਈਨ, ਫੋਨ ਜਾਂ ਕਾਗਜ਼ੀ ਮਾਧਿਅਮ ਰਾਹੀਂ ਆਪਣੇ ਫਾਰਮ ਜਮ੍ਹਾਂ ਕਰਵਾ ਦਿੱਤੇ ਹਨ। ਸਾਲ 2026 ਦੀ ਜਨਗਣਨਾ ਲਈ ਇਹ ਫਾਲੋ-ਅੱਪ ਗਤੀਵਿਧੀਆਂ ਇਸੇ ਮਹੀਨੇ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਨਾਗਰਿਕਾਂ ਨੂੰ ਇਹ ਫਾਰਮ 12 ਮਈ ਤੱਕ ਭਰਨ ਲਈ ਪ੍ਰੇਰਿਤ ਕੀਤਾ ਗਿਆ ਸੀ। ਜਿਹੜੇ ਲੋਕ ਜਨਗਣਨਾ ਦਾ ਹਿੱਸਾ ਬਣਨ ਤੋਂ ਪੂਰੀ ਤਰ੍ਹਾਂ ਇਨਕਾਰ ਕਰਨਗੇ, ਉਹਨਾਂ ਤੇ 500 ਡਾਲਰ ਤੋਂ 1,000 ਡਾਲਰ ਤੱਕ ਦਾ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ। ਵਿਭਾਗ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ 12 ਮਈ ਦੀ ਤਰੀਕ ਸਿਰਫ਼ ਇੱਕ ਹਵਾਲਾ ਤਰੀਕ ਸੀ, ਨਾ ਕਿ ਫਾਰਮ ਭਰਨ ਦੀ ਆਖਰੀ ਮਿਆਦ। ਘਰਾਂ ਵਿੱਚ ਆਉਣ ਵਾਲੇ ਕਰਮਚਾਰੀਆਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਨਾਗਰਿਕ ਵਿਸ਼ੇਸ਼ ਹੈਲਪਲਾਈਨ ਨੰਬਰ 1-833-852-2026 ਤੇ ਸੰਪਰਕ ਕਰ ਸਕਦੇ ਹਨ। ਖੇਤੀਬਾੜੀ ਜਨਗਣਨਾ ਲਈ ਵੀ ਫਾਲੋ-ਅੱਪ ਪ੍ਰਕਿਰਿਆ ਫੋਨ ਅਤੇ ਈਮੇਲ ਰਾਹੀਂ ਸ਼ੁਰੂ ਕੀਤੀ ਜਾ ਰਹੀ ਹੈ। This report was written by Ekjot Singh as part of the Local Journalism Initiative.

