ਵਾਸ਼ਿੰਗਟਨ, : ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਰੰਧਾਵਾ ਫਾਊਂਡੇਸ਼ਨ ਵਿਖੇ ਮੈਮੋਰੀਅਲ ਦਿਨ (Memorial day) ਅਤੇ ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ ਇੱਕ ਵਿਸ਼ੇਸ਼ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵਾਸ਼ਿੰਗਟਨ ਸਟੇਟ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਲੇਖਕਾਂ, ਬੁਲਾਰਿਆਂ ਅਤੇ ਕਵੀਆਂ ਨੇ ਸ਼ਮੂਲੀਅਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮਰਹੂਮ ਮਹਾਨ ਸ਼ਾਇਰ ਸੁਰਜੀਤ ਪਾਤਰ, ਜੋ 11 ਮਈ 2024 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ, ਨੂੰ ਵੀ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਅਮਰੀਕਾ ਦੇ ਫੌਜੀ ਸ਼ਹੀਦਾਂ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਕੀਤੀ ਗਈ। ਸਟੇਜ ਦੀ ਸੰਚਾਲਨਾ ਗੁਰਪ੍ਰੀਤ ਸੋਹਲ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਨਿਭਾਈ ਗਈ। ਸਮਾਗਮ ਦੇ ਸ਼ੁਰੂ ਵਿੱਚ ਸਭਾ ਦੇ ਪ੍ਰਧਾਨ ਸ: ਕਰਨੈਲ ਸਿੰਘ ਕੈਲ ਨੇ ਆਏ ਹੋਏ ਮਹਿਮਾਨਾਂ, ਬੁਲਾਰਿਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਸ਼ਹੀਦਾਂ ਦੀ ਯਾਦ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਦੌਰਾਨ ਸਟੇਜ ਸਕੱਤਰ ਗੁਰਪ੍ਰੀਤ ਸੋਹਲ ਵੱਲੋਂ ਪੰਜਾਬੀ ਲਿਖਾਰੀ ਸਭਾ ਦੇ ਸਫਲਤਾਪੂਰਵਕ ਨਿਬੜੇ ਸਾਹਿਤਕ ਅਤੇ ਸਮਾਜਿਕ ਕਾਰਜਾਂ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਦਿਨ ਦੇ ਸਮਾਗਮ ਦਾ ਇੱਕ ਵਿਸ਼ੇਸ਼ ਆਕਰਸ਼ਣ ਪੰਜਾਬੀ ਲਿਖਾਰੀ ਸਭਾ ਦੇ ਮੁੱਢਲੇ ਮੈਂਬਰ ਅਤੇ ਸਰਪ੍ਰਸਤ ਸਰਦਾਰ ਸ਼ਿੰਗਾਰ ਸਿੰਘ ਸਿੱਧੂ ਨੂੰ ਸਾਹਿਤਕ ਖੇਤਰ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਜੀਵਨ ਭਰ ਦੀਆਂ ਪ੍ਰਾਪਤੀਆਂ ਅਵਾਰਡ “ਲਾਈਫਟਾਈਮ ਅਚੀਵਮੈਂਟ ਐਵਾਰਡ” ਨਾਲ ਸਨਮਾਨਿਤ ਕਰਨਾ ਰਿਹਾ। ਇਸ ਸਨਮਾਨ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ।
ਕਵੀ ਦਰਬਾਰ ਦੌਰਾਨ ਕਰਨੈਲ ਕੈਲ, ਡਾ. ਕੌਸ਼ਲ ਸੈਣੀ, ਅਮਰਜੀਤ ਸਿੰਘ ਤਰਸਿੱਕਾ, ਹਰਪਾਲ ਸਿੱਧੂ, ਮਨਜੀਤ ਚਾਹਲ, ਮਸ਼ਹੂਰ ਗਾਇਕ ਬਲਵੀਰ ਲਹਿਰਾ, ਪ੍ਰੋ. ਸਾਧੂ ਸਿੰਘ ਝੱਜ, ਮਲਕੀਤ ਸਿੰਘ, ਅਵਤਾਰ ਸਿੰਘ ਆਦਮਪੁਰੀ, ਹਰਿੰਦਰਪਾਲ ਸਿੰਘ ਬੈਂਸ, ਹਰਦਿਆਲ ਸਿੰਘ ਚੀਮਾ, ਡਾ. ਸੁਖਵੀਰ ਬੀਹਲਾ, ਰਜਿੰਦਰ ਕੌਰ, ਮਨਜੀਤ ਕੌਰ ਗਿੱਲ, ਸ਼ਿੰਗਾਰ ਸਿੰਘ ਸਿੱਧੂ, ਸਰਬਜੀਤ ਸਿੰਘ ਨੂਰ, ਜਸਵੀਰ ਕੌਰ ਨਿੱਝਰ, ਸ਼ਾਨ ਦਿਓਲ, ਸੁਖਜੀਵਨ ਸਿੱਧੂ, ਗੁਰਪ੍ਰੀਤ ਸੋਹਲ ਅਤੇ ਦਵਿੰਦਰ ਸਿੰਘ ਹੀਰਾ ਨੇ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਨੂੰ ਮੰਤਰਮੁਗਧ ਕੀਤਾ।
ਇਸ ਤੋਂ ਇਲਾਵਾ ਕਾਹਨ ਸਿੰਘ, ਅਵਨੀਤ ਕੌਰ, ਪੁਨਰਜੋਤ ਸਿੰਘ, ਰਾਜਵਿੰਦਰ ਕੌਰ, ਗੁਰਪ੍ਰੀਤ ਸੋਨੂੰ ਅਤੇ ਸੁਖਵਿੰਦਰ ਸਿੰਘ ਵੀ ਸਰੋਤਿਆਂ ਵਿੱਚ ਸ਼ਾਮਿਲ ਰਹੇ। ਸਮਾਗਮ ਦੌਰਾਨ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਵੀ ਸਭਾ ਵੱਲੋਂ ਕੀਤਾ ਗਿਆ ਸੀ। ਅੰਤ ਵਿੱਚ 31 ਮਈ ਦੀ ਇਹ ਸ਼ਾਮ ਸਾਹਿਤ, ਯਾਦਾਂ ਅਤੇ ਸ਼ਰਧਾਂਜਲੀਆਂ ਨਾਲ ਭਰਪੂਰ ਇੱਕ ਯਾਦਗਾਰੀ ਸ਼ਾਮ ਵਜੋਂ ਸਮਾਪਤ ਹੋਈ।
ਸ਼ਹੀਦਾਂ ਦੀ ਯਾਦ ਵਿੱਚ ਕਵੀ ਦਰਬਾਰ ਮੌਕੇ ਪੰਜਾਬੀ ਲਿਖ਼ਾਰੀ ਸਭਾ ਸਿਆਟਲ ਵਲੋਂ ਸ਼ਿੰਗਾਰ ਸਿੰਘ ਸਿੱਧੂ ਦਾ ਸਨਮਾਨ

