14.7 C
Vancouver
Tuesday, July 14, 2026

ਸਰੀ ਪੁਲਿਸ ਸਰਵਿਸ ਦੇ ਮੁਖੀ ਨੌਰਮ ਲਿਪਿੰਸਕੀ ਨੇ ਦਿੱਤਾ ਅਸਤੀਫ਼ਾ

ਵੈਨਕੂਵਰ (ਏਕਜੋਤ ਸਿੰਘ): ਸਰੀ ਪੁਲਿਸ ਬੋਰਡ ਵੱਲੋਂ ਮੰਗਲਵਾਰ ਨੂੰ ਇੱਕ ਅਹਿਮ ਐਲਾਨ ਕੀਤਾ ਗਿਆ ਹੈ ਜਿਸ ਨੇ ਸ਼ਹਿਰ ਦੇ ਸੁਰੱਖਿਆ ਢਾਂਚੇ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ। ਬੋਰਡ ਨੇ ਜਾਣਕਾਰੀ ਦਿੱਤੀ ਹੈ ਕਿ ਚੀਫ ਕਾਂਸਟੇਬਲ ਨੌਰਮ ਲਿਪਿੰਸਕੀ ਨੇ ਸਰੀ ਪੁਲਿਸ ਸਰਵਿਸ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ ਤੇ ਡਿਪਟੀ ਚੀਫ ਕਾਂਸਟੇਬਲ ਟੌਡ ਮੈਟਸੁਮੋਟੋ ਨੂੰ ਤੁਰੰਤ ਪ੍ਰਭਾਵ ਨਾਲ ਅੰਤਰਿਮ ਚੀਫ ਕਾਂਸਟੇਬਲ ਨਿਯੁਕਤ ਕੀਤਾ ਗਿਆ ਹੈ। ਲੀਡਰਸ਼ਿਪ ਟ੍ਰਾਂਜ਼ੀਸ਼ਨ ਕਮੇਟੀ ਦੀ ਤਰਫੋਂ ਬਿਆਨ ਜਾਰੀ ਕਰਦਿਆਂ ਹਾਨੇ ਮੈਡਸਨ ਨੇ ਕਿਹਾ ਕਿ ਉਹ ਆਪਣੇ ਸਾਰੇ ਭਾਈਵਾਲਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਪੁਲਿਸ ਵਿਭਾਗ ਦਾ ਧਿਆਨ ਜਨਤਕ ਸੁਰੱਖਿਆ ਅਤੇ ਬਿਨਾਂ ਕਿਸੇ ਰੁਕਾਵਟ ਦੇ ਸੇਵਾਵਾਂ ਪ੍ਰਦਾਨ ਕਰਨ ਤੇ ਪੂਰੀ ਤਰ੍ਹਾਂ ਕੇਂਦਰਿਤ ਰਹੇਗਾ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬੋਰਡ ਨੂੰ ਸਰੀ ਪੁਲਿਸ ਸਰਵਿਸ ਦੀ ਮੌਜੂਦਾ ਲੀਡਰਸ਼ਿਪ ਟੀਮ ਅਤੇ ਸਾਰੇ ਕਰਮਚਾਰੀਆਂ ਦੀ ਪੇਸ਼ੇਵਰਾਨਾ ਕਾਰਜਸ਼ੈਲੀ ਤੇ ਪੂਰਾ ਭਰੋਸਾ ਹੈ। ਇਸ ਤਬਦੀਲੀ ਕਾਰਨ ਆਮ ਲੋਕਾਂ ਦੀ ਸੁਰੱਖਿਆ ਵਿੱਚ ਕੋਈ ਢਿੱਲ ਨਹੀਂ ਆਵੇਗੀ। ਇਸ ਪ੍ਰਕਿਰਿਆ ਨੂੰ ਅੱਗੇ ਵਧਾਉਂਦਿਆਂ ਬੋਰਡ ਵੱਲੋਂ ਬਹੁਤ ਜਲਦ ਇੱਕ ਨਵੇਂ ਅਤੇ ਸਥਾਈ ਚੀਫ ਕਾਂਸਟੇਬਲ ਦੀ ਨਿਯੁਕਤੀ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਬੋਰਡ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਇਸ ਭਰਤੀ ਪ੍ਰਕਿਰਿਆ ਬਾਰੇ ਵਿਸਤ੍ਰਿਤ ਜਾਣਕਾਰੀ ਜਨਤਕ ਕੀਤੀ ਜਾਵੇਗੀ।
ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਬੋਰਡ ਸਾਰੇ ਭਾਈਵਾਲਾਂ ਅਤੇ ਕਮਿਊਨਿਟੀ ਮੈਂਬਰਾਂ ਦੇ ਲਗਾਤਾਰ ਸਹਿਯੋਗ ਦੀ ਸ਼ਲਾਘਾ ਕਰਦਾ ਹੈ। ਲੋਕਾਂ ਦਾ ਇਹ ਸਾਥ ਸਰੀ ਪੁਲਿਸ ਨੂੰ ਦੇਸ਼ ਦੀ ਸਭ ਤੋਂ ਆਧੁਨਿਕ, ਭਰੋਸੇਮੰਦ ਅਤੇ ਜਵਾਬਦੇਹ ਪੁਲਿਸ ਸੇਵਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਤਬਦੀਲੀ ਬਾਰੇ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਸਾਬਕਾ ਚੀਫ ਲਿਪਿੰਸਕੀ ਦਾ ਪਿਛਲੇ ਪੰਜ ਸਾਲਾਂ ਦੌਰਾਨ ਸ਼ਹਿਰ ਅਤੇ ਸਰੀ ਪੁਲਿਸ ਸਰਵਿਸ ਨੂੰ ਦਿੱਤੀਆਂ ਗਈਆਂ ਸੇਵਾਵਾਂ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ