ਵੈਨਕੂਵਰ (ਏਕਜੋਤ ਸਿੰਘ): ਲੈਂਗਲੀ ਵਿਖੇ ਬ੍ਰਾਇਡਨ ਕ੍ਰੇਸੈਂਟ ਦੇ 5400 ਬਲਾਕ ਵਿੱਚ ਗੋਲੀਬਾਰੀ ਹੋਣ ਘਟਨਾ ਵਾਪਰੀ। ਜਿਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ ਤੇ ਪਹੁੰਚੀਆਂ। ਘਟਨਾ ਸਥਾਨ ਤੇ ਪਹੁੰਚਣ ਤੇ ਪਹਿਲੇ ਜਵਾਬਦੇਹ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਗੰਭੀਰ ਮੈਡੀਕਲ ਹਾਲਤ ਵਿੱਚ ਦੇਖਿਆ। ਐਮਰਜੈਂਸੀ ਟੀਮਾਂ ਵੱਲੋਂ ਉਸ ਵਿਅਕਤੀ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਬਦਕਿਸਮਤੀ ਨਾਲ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਆਦਮੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਇਸ ਗੰਭੀਰ ਵਾਰਦਾਤ ਨੂੰ ਦੇਖਦਿਆਂ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਲੈ ਲਈ। ਇਹ ਵਿਸ਼ੇਸ਼ ਟੀਮ ਲੈਂਗਲੀ ਆਰਸੀਐਮਪੀ ਦੇ ਸੀਰੀਅਸ ਕ੍ਰਾਈਮ ਯੂਨਿਟ ਅਤੇ ਇੰਟੀਗ੍ਰੇਟਿਡ ਫੋਰੈਂਸਿਕ ਆਈਡੈਂਟੀਫਿਕੇਸ਼ਨ ਸਰਵਿਸਿਜ਼ ਦੇ ਨਾਲ ਮਿਲ ਕੇ ਇਸ ਕਤਲ ਕਾਂਡ ਦੀ ਤਹਿ ਤੱਕ ਜਾਣ ਲਈ ਲਗਾਤਾਰ ਕੰਮ ਕਰ ਰਹੀ ਹੈ। ਜਾਂਚਕਰਤਾਵਾਂ ਨੇ ਘਟਨਾ ਦੇ ਚਸ਼ਮਦੀਦ ਗਵਾਹਾਂ ਨਾਲ ਗੱਲਬਾਤ ਕੀਤੀ ਗਈ ਅਤੇ ਗੋਲੀਬਾਰੀ ਵਾਲੀ ਥਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ ਗਿਆ। ਸਬੂਤਾਂ ਦੀਆਂ ਕੜੀਆਂ ਜੋੜਦੇ ਹੋਏ ਜਾਂਚ ਟੀਮ ਗੋਲੀਬਾਰੀ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦੀ ਤਸਵੀਰ ਸਾਫ਼ ਕਰਨ ਵਿੱਚ ਕਾਮਯਾਬ ਹੋ ਗਈ। ਇਸ ਸਖ਼ਤ ਮਿਹਨਤ ਅਤੇ ਪੁਖਤਾ ਸਬੂਤਾਂ ਦੇ ਆਧਾਰ ਤੇ ਸ਼ਨੀਵਾਰ 30 ਮਈ ਨੂੰ ਕਤਲ ਦੇ ਸਬੰਧ ਵਿੱਚ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਐਤਵਾਰ 31 ਮਈ ਨੂੰ 37 ਸਾਲਾ ਜਸਟਿਨ ਹੌਪਕਿਨਜ਼-ਜੋਨਸ ਉੱਤੇ 47 ਸਾਲਾ ਪੀੜਤ ਦੇ ਸੈਕਿੰਡ ਡਿਗਰੀ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਕੋਈ ਰੈਂਡਮ ਹਮਲਾ ਨਹੀਂ ਸੀ ਸਗੋਂ ਦੋਸ਼ੀ ਅਤੇ ਪੀੜਤ ਦੋਵੇਂ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਜਿਸ ਕਾਰਨ ਇਹ ਇੱਕ ਅਲੱਗ ਅਤੇ ਨਿੱਜੀ ਰੰਜਿਸ਼ ਵਾਲੀ ਘਟਨਾ ਪ੍ਰਤੀਤ ਹੁੰਦੀ ਹੈ। This report was written by Ekjot Singh as part of the Local Journalism Initiative.

