19.1 C
Vancouver
Tuesday, July 14, 2026

ਮੈਨੀ ਮਲਹੋਤਰਾ ਬਣੇ ਵੈਨਕੂਵਰ ਕੈਨਕਸ ਦੇ ਨਵੇਂ ਹੈੱਡ ਕੋਚ, ਫਰੈਂਚਾਇਜ਼ੀ ਦੇ 23ਵੇਂ ਕੋਚ ਵਜੋਂ ਹੋਈ ਨਿਯੁਕਤੀ

ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਕੈਨਕਸ ਦੀ ਟੀਮ ਮੈਨੇਜਮੈਂਟ ਵੱਲੋਂ ਹਾਕੀ ਪ੍ਰੇਮੀਆਂ ਲਈ ਇੱਕ ਬਹੁਤ ਹੀ ਰੋਮਾਂਚਕ ਅਤੇ ਅਹਿਮ ਐਲਾਨ ਕੀਤਾ ਗਿਆ ਹੈ। ਟੀਮ ਦੇ ਜਨਰਲ ਮੈਨੇਜਰ ਰਿਆਨ ਜੌਹਨਸਨ ਨੇ ਸੋਮਵਾਰ ਨੂੰ ਰਸਮੀ ਤੌਰ ਤੇ ਦੱਸਿਆ ਕਿ ਫਰੈਂਚਾਇਜ਼ੀ ਨੇ ਮੈਨੀ ਮਲਹੋਤਰਾ ਨੂੰ ਆਪਣਾ ਨਵਾਂ ਹੈੱਡ ਕੋਚ ਨਿਯੁਕਤ ਕਰ ਲਿਆ ਹੈ। ਇਸ ਨਿਯੁਕਤੀ ਦੇ ਨਾਲ ਹੀ ਮਲਹੋਤਰਾ ਵੈਨਕੂਵਰ ਕੈਨਕਸ ਦੇ ਇਤਿਹਾਸ ਵਿੱਚ 23ਵੇਂ ਹੈੱਡ ਕੋਚ ਬਣ ਗਏ ਹਨ। ਇਸ ਮੌਕੇ ਜੌਹਨਸਨ ਨੇ ਮਲਹੋਤਰਾ ਦੀਆਂ ਤਾਰੀਫਾਂ ਕਰਦਿਆਂ ਕਿਹਾ ਕਿ ਉਹ ਦੋਵੇਂ ਪਹਿਲਾਂ ਵੀ ਇਕੱਠੇ ਮੈਦਾਨ ਵਿੱਚ ਉੱਤਰ ਚੁੱਕੇ ਹਨ ਜਿਸ ਕਾਰਨ ਉਹ ਨਿੱਜੀ ਤੌਰ ਤੇ ਜਾਣਦੇ ਹਨ ਕਿ ਮੈਨੀ ਇੱਕ ਬਹੁਤ ਹੀ ਸ਼ਾਨਦਾਰ ਅਧਿਆਪਕ, ਵਧੀਆ ਲੀਡਰ ਅਤੇ ਇੱਕ ਉੱਚੇ ਕਿਰਦਾਰ ਵਾਲਾ ਇਨਸਾਨ ਹੈ। ਉਨ੍ਹਾਂ ਦੱਸਿਆ ਕਿ ਟੀਮ ਨੂੰ ਭਵਿੱਖ ਵਿੱਚ ਅੱਗੇ ਲੈ ਕੇ ਜਾਣ ਲਈ ਆਪਸੀ ਤਾਲਮੇਲ, ਨਿਰੰਤਰਤਾ ਅਤੇ ਇੱਕ ਮਜ਼ਬੂਤ ਨੀਂਹ ਰੱਖਣੀ ਬਹੁਤ ਜ਼ਰੂਰੀ ਹੈ ਅਤੇ ਮਲਹੋਤਰਾ ਇਸ ਕੰਮ ਲਈ ਬਿਲਕੁਲ ਢੁਕਵੇਂ ਇਨਸਾਨ ਹਨ। ਉਨ੍ਹਾਂ ਦੀ ਕੋਚਿੰਗ ਸ਼ੈਲੀ ਖਿਡਾਰੀਆਂ ਨੂੰ ਰੋਜ਼ਾਨਾ ਬਿਹਤਰ ਬਣਨ ਲਈ ਪ੍ਰੇਰਿਤ ਕਰਦੀ ਹੈ। ਮੈਨੀ ਮਲਹੋਤਰਾ ਦਾ ਕੋਚਿੰਗ ਰਿਕਾਰਡ ਬਹੁਤ ਹੀ ਸ਼ਾਨਦਾਰ ਰਿਹਾ ਹੈ। ਵੈਨਕੂਵਰ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੇ ਦੋ ਸੀਜ਼ਨਾਂ ਦੌਰਾਨ ਐਬਟਸਫੋਰਡ ਕੈਨਕਸ ਦੇ ਹੈੱਡ ਕੋਚ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਦੀ ਅਗਵਾਈ ਵਿੱਚ ਐਬਟਸਫੋਰਡ ਟੀਮ ਨੇ 72-61-6-5 ਦਾ ਰਿਕਾਰਡ ਦਰਜ ਕੀਤਾ ਜਿਸ ਵਿੱਚ ਸਾਲ 2024.25 ਦੌਰਾਨ ਫਰੈਂਚਾਇਜ਼ੀ ਦੀਆਂ ਰਿਕਾਰਡ 44 ਜਿੱਤਾਂ ਅਤੇ 92 ਅੰਕ ਸ਼ਾਮਲ ਸਨ। ਇਸੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਟੀਮ ਨੇ ਆਪਣਾ ਪਹਿਲਾ ਕੈਲਡਰ ਕੱਪ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ। ਉਨ੍ਹਾਂ ਦੀ ਦੇਖ-ਰੇਖ ਹੇਠ ਕਈ ਨੌਜਵਾਨ ਖਿਡਾਰੀਆਂ ਨੇ ਆਪਣੇ ਖੇਡ ਪੱਧਰ ਨੂੰ ਉੱਚਾ ਚੁੱਕਿਆ ਜਿਨ੍ਹਾਂ ਵਿੱਚ ਮੈਕਸ ਸਾਸਨ, ਆਤੂ ਰਾਤੀ ਅਤੇ ਲਿਨਸ ਕਾਰਲਸਨ ਵਰਗੇ ਫਾਰਵਰਡ ਖਿਡਾਰੀਆਂ ਤੋਂ ਇਲਾਵਾ ਵਿਕਟਰ ਮਾਨਸੀਨੀ ਅਤੇ ਏਲੀਅਸ ਪੀਟਰਸਨ ਵਰਗੇ ਡਿਫੈਂਸਮੈਨ ਸ਼ਾਮਲ ਸਨ। ਐਬਟਸਫੋਰਡ ਜਾਣ ਤੋਂ ਪਹਿਲਾਂ ਮਲਹੋਤਰਾ ਨੇ ਟੋਰਾਂਟੋ ਮੇਪਲ ਲੀਫਸ ਨਾਲ ਚਾਰ ਸੀਜ਼ਨ ਇੱਕ ਸਹਾਇਕ ਕੋਚ ਵਜੋਂ ਕੰਮ ਕੀਤਾ ਸੀ ਜਿੱਥੇ ਉਨ੍ਹਾਂ ਨੇ ਟੀਮ ਦੇ ਪਾਵਰ ਪਲੇਅ ਨੂੰ ਬਹੁਤ ਮਜ਼ਬੂਤ ਬਣਾਇਆ ਸੀ। This report was written by Ekjot Singh as part of the Local Journalism Initiative.
ਉਨ੍ਹਾਂ ਦਾ ਕੋਚਿੰਗ ਕਰੀਅਰ ਸਾਲ 2016.17 ਵਿੱਚ ਵੈਨਕੂਵਰ ਲਈ ਇੱਕ ਡਿਵੈਲਪਮੈਂਟ ਕੋਚ ਵਜੋਂ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਹਾਇਕ ਕੋਚ ਬਣਾਇਆ ਗਿਆ। ਆਪਣੀ ਕੋਚਿੰਗ ਪਾਰੀ ਤੋਂ ਪਹਿਲਾਂ ਮਲਹੋਤਰਾ ਦਾ ਇੱਕ ਲੰਮਾ ਅਤੇ ਸਫਲ ਖੇਡ ਕਰੀਅਰ ਵੀ ਰਿਹਾ ਹੈ। ਓਨਟਾਰੀਓ ਦੇ ਮਿਸੀਸਾਗਾ ਵਿੱਚ ਜਨਮੇ ਮਲਹੋਤਰਾ ਨੂੰ 1998 ਦੀ ਐਨਐਚਐਲ ਐਂਟਰੀ ਡਰਾਫਟ ਵਿੱਚ ਨਿਊਯਾਰਕ ਰੇਂਜਰਸ ਵੱਲੋਂ ਸੱਤਵੇਂ ਨੰਬਰ ਤੇ ਚੁਣਿਆ ਗਿਆ ਸੀ। ਉਨ੍ਹਾਂ ਨੇ ਆਪਣੇ 16 ਸੀਜ਼ਨਾਂ ਦੇ ਲੰਮੇ ਕਰੀਅਰ ਦੌਰਾਨ ਸੱਤ ਵੱਖ-ਵੱਖ ਟੀਮਾਂ ਲਈ 991 ਮੈਚ ਖੇਡੇ ਜਿਸ ਵਿੱਚ ਉਨ੍ਹਾਂ ਨੇ 295 ਅੰਕ ਬਣਾਏ ਅਤੇ 451 ਪੈਨਲਟੀ ਮਿੰਟ ਦਰਜ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ 35 ਸਟੈਨਲੀ ਕੱਪ ਪਲੇਆਫ ਮੈਚਾਂ ਵਿੱਚ ਵੀ ਹਿੱਸਾ ਲਿਆ। ਇੱਕ ਖਿਡਾਰੀ ਵਜੋਂ ਉਨ੍ਹਾਂ ਨੇ ਵੈਨਕੂਵਰ ਵਿੱਚ ਤਿੰਨ ਸੀਜ਼ਨ ਬਿਤਾਏ ਅਤੇ 159 ਮੈਚਾਂ ਵਿੱਚ 48 ਅੰਕ ਹਾਸਲ ਕੀਤੇ। ਸਾਲ 2010-11 ਵਿੱਚ ਵੈਨਕੂਵਰ ਨੂੰ ਸਟੈਨਲੀ ਕੱਪ ਦੇ ਫਾਈਨਲ ਤੱਕ ਪਹੁੰਚਾਉਣ ਵਿੱਚ ਉਨ੍ਹਾਂ ਦਾ ਬਹੁਤ ਅਹਿਮ ਯੋਗਦਾਨ ਰਿਹਾ ਸੀ। ਉਨ੍ਹਾਂ ਦਾ ਇਹ ਤਜਰਬਾ ਹੁਣ ਵੈਨਕੂਵਰ ਟੀਮ ਦੇ ਬਹੁਤ ਕੰਮ ਆਵੇਗਾ।

ਰੁਝਾਨ ਖਬਰਾਂ