ਵੈਨਕੂਵਰ (ਏਕਜੋਤ ਸਿੰਘ): ਵਿਦੇਸ਼ਾਂ ਵਿੱਚ ਚੱਲ ਰਹੇ ਟਕਰਾਵਾਂ ਅਤੇ ਯੁੱਧ ਦੇ ਹਾਲਾਤ ਕਾਰਨ ਬ੍ਰਿਟਿਸ਼ ਕੋਲੰਬੀਆ ਵਿੱਚ ਫੈਰੀ ਦਾ ਸਫ਼ਰ ਮਹਿੰਗਾ ਹੋਣ ਜਾ ਰਿਹਾ ਹੈ। ਬੀਸੀ ਫੈਰੀਜ਼ ਵੱਲੋਂ 16 ਜੂਨ ਤੋਂ ਆਪਣੇ ਸਾਰੇ ਰੂਟਾਂ ਉੱਤੇ ਆਰਜ਼ੀ ਤੌਰ ਤੇ 5 ਫੀਸਦੀ ਫਿਊਲ ਸਰਚਾਰਜ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਸੰਸਥਾ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਗਲੋਬਲ ਪੱਧਰ ਤੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਊਰਜਾ ਬਾਜ਼ਾਰ ਵਿੱਚ ਆਈ ਅਸਥਿਰਤਾ ਕਾਰਨ ਇਹ ਕਦਮ ਚੁੱਕਣਾ ਪਿਆ ਹੈ। ਮਾਰਚ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਕਾਰਨ ਤੇਲ ਦੀਆਂ ਕੀਮਤਾਂ ਵਿੱਚ 40 ਫੀਸਦੀ ਤੋਂ ਵੱਧ ਦਾ ਇਜ਼ਾਫਾ ਹੋਇਆ ਹੈ।
ਇਸ ਨਵੇਂ ਫੈਸਲੇ ਨਾਲ ਸਵਾਰਟਜ਼ ਬੇਅ ਅਤੇ ਟਸਾਵਾਸਨ ਵਿਚਕਾਰ ਸਫ਼ਰ ਕਰਨ ਵਾਲੇ ਪੈਦਲ ਯਾਤਰੀਆਂ ਦਾ ਕਿਰਾਇਆ 21 ਡਾਲਰ ਤੋਂ ਵਧ ਕੇ 22.05 ਡਾਲਰ ਹੋ ਜਾਵੇਗਾ। ਇਸੇ ਤਰ੍ਹਾਂ ਇੱਕ ਆਮ ਗੱਡੀ ਦਾ ਕਿਰਾਇਆ 89 ਡਾਲਰ ਤੋਂ ਵਧ ਕੇ 93.45 ਡਾਲਰ ਹੋ ਜਾਵੇਗਾ। ਬੀਸੀ ਫੈਰੀਜ਼ ਦੇ ਮੁੱਖ ਵਿੱਤੀ ਅਧਿਕਾਰੀ ਡਾਲਿਨ ਵਿਲਿਸ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਵਾਧੂ ਖਰਚਾ ਗਾਹਕਾਂ ਅਤੇ ਵਪਾਰੀਆਂ ਉੱਤੇ ਅਸਰ ਪਾਉਂਦਾ ਹੈ, ਜੋ ਰੋਜ਼ਾਨਾ ਉਹਨਾਂ ਦੀਆਂ ਸੇਵਾਵਾਂ ਤੇ ਨਿਰਭਰ ਕਰਦੇ ਹਨ।
ਸੰਸਥਾ ਨੇ ਲੰਬੇ ਸਮੇਂ ਤੱਕ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਬੋਝ ਖੁਦ ਸਹਿਣ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਲਈ ਫਿਊਲ ਡਿਫਰਲ ਅਕਾਊਂਟ ਦੀ ਵਰਤੋਂ ਕੀਤੀ ਗਈ ਸੀ। ਇਹ ਖਾਸ ਖਾਤਾ ਤੇਲ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਅਚਾਨਕ ਉਤਾਰ ਚੜ੍ਹਾਅ ਦੇ ਬੋਝ ਨੂੰ ਸਿੱਧਾ ਗਾਹਕਾਂ ਤੇ ਪੈਣ ਤੋਂ ਰੋਕਦਾ ਹੈ। ਪਰ ਤੇਲ ਦੀਆਂ ਕੀਮਤਾਂ ਦੇ ਉੱਚੇ ਪੱਧਰ ਤੇ ਬਣੇ ਰਹਿਣ ਕਾਰਨ ਹੁਣ ਇਹ ਸਰਚਾਰਜ ਲਗਾਉਣਾ ਜ਼ਰੂਰੀ ਹੋ ਗਿਆ ਸੀ। ਜੇਕਰ ਆਉਣ ਵਾਲੇ ਸਮੇਂ ਵਿੱਚ ਤੇਲ ਦੀਆਂ ਕੀਮਤਾਂ ਸਥਿਰ ਹੁੰਦੀਆਂ ਹਨ ਜਾਂ ਘਟਦੀਆਂ ਹਨ, ਤਾਂ ਇਸ ਸਰਚਾਰਜ ਨੂੰ ਤੁਰੰਤ ਹਟਾ ਦਿੱਤਾ ਜਾਵੇਗਾ। This report was written by Ekjot Singh as part of the Local Journalism Initiative.
ਬੀਸੀ ਫੈਰੀਜ਼ ਨੇ ਕਿਰਾਇਆਂ ਵਿੱਚ ਕੀਤਾ 5 ਫੀਸਦੀ ਫਿਊਲ ਸਰਚਾਰਜ ਦਾ ਇਜ਼ਾਫਾ

