19.1 C
Vancouver
Tuesday, July 14, 2026

ਫੀਫਾ ਵਿਸ਼ਵ ਕੱਪ 2026 ਲਈ ਕੈਨੇਡੀਅਨ ਟੀਮ ਵਿੱਚ ਬੀਸੀ ਦੇ 4 ਖਿਡਾਰੀ ਸ਼ਾਮਲ

ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀਆਂ ਜੜ੍ਹਾਂ ਵਾਲੇ 4 ਫੁਟਬਾਲ ਖਿਡਾਰੀਆਂ ਨੂੰ ਫੀਫਾ ਵਿਸ਼ਵ ਕੱਪ 2026 ਲਈ ਕੈਨੇਡਾ ਦੀ 26 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਪੰਜ ਹਫ਼ਤਿਆਂ ਦਾ ਵੱਕਾਰੀ ਟੂਰਨਾਮੈਂਟ ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਵਿੱਚ 11 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਰਾਸ਼ਟਰੀ ਟੀਮ ਦੇ ਮੁੱਖ ਕੋਚ ਜੈਸੀ ਮਾਰਸ਼ ਨੇ 29 ਮਈ ਨੂੰ ਖਿਡਾਰੀਆਂ ਦੀ ਚੋਣ ਦੀ ਪੁਸ਼ਟੀ ਕੀਤੀ ਹੈ, ਜੋ ਕਿ 14 ਜੂਨ ਨੂੰ ਟੋਰਾਂਟੋ ਵਿੱਚ ਹੋਣ ਵਾਲੇ ਕੈਨੇਡਾ ਦੇ ਪਹਿਲੇ ਮੈਚ ਤੋਂ ਦੋ ਹਫ਼ਤੇ ਪਹਿਲਾਂ ਕੀਤੀ ਗਈ ਹੈ। ਟੀਮ ਵਿੱਚ ਸ਼ਾਮਲ ਬੀਸੀ ਦੇ ਚਾਰੇ ਖਿਡਾਰੀ ਡਿਫੈਂਡਰ ਵਜੋਂ ਖੇਡਦੇ ਹਨ। ਇਹਨਾਂ ਵਿੱਚ ਬਰਨਬੀ ਦੇ 22 ਸਾਲਾ ਨੀਕੋ ਸਿਗੁਰ, ਵੈਨਕੂਵਰ ਦੇ 27 ਸਾਲਾ ਅਲਿਸਟੇਅਰ ਜੌਹਨਸਟਨ, ਲੈਂਗਲੇ ਦੇ 30 ਸਾਲਾ ਜੋਏਲ ਵਾਟਰਮੈਨ ਅਤੇ ਬਰਨਬੀ ਦੇ 25 ਸਾਲਾ ਅਲਫੋਂਸੋ ਡੇਵਿਸ ਸ਼ਾਮਲ ਹਨ।
ਮੁੱਖ ਕੋਚ ਮਾਰਸ਼ ਨੇ ਟੋਰਾਂਟੋ ਵਿੱਚ ਗੱਲਬਾਤ ਕਰਦਿਆਂ ਕਹਿਣਾ ਕਿ ਆਪਣੀ ਹੀ ਧਰਤੀ ਉੱਤੇ ਵਿਸ਼ਵ ਕੱਪ ਲਈ ਟੀਮ ਦਾ ਐਲਾਨ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਇਹ ਖਿਡਾਰੀ ਦੇਸ਼ ਦੇ ਵੱਖ-ਵੱਖ ਭਾਈਚਾਰਿਆਂ ਅਤੇ ਸਭਿਆਚਾਰਾਂ ਦੀ ਪ੍ਰਤੀਨਿਧਤਾ ਕਰਦੇ ਹਨ। ਇਹ ਸਾਰੇ ਨੌਜਵਾਨ ਨਿਡਰ ਅਤੇ ਦ੍ਰਿੜ ਹਨ, ਜਿਨ੍ਹਾਂ ਨੂੰ ਆਪਣੇ ਦੇਸ਼ ਦੀ ਜਰਸੀ ਪਹਿਨਣ ਤੇ ਬਹੁਤ ਮਾਣ ਹੈ। ਕੈਨੇਡੀਅਨ ਟੀਮ ਨੇ ਆਪਣੀ ਤਿਆਰੀ ਵਜੋਂ ਖੇਡੇ ਗਏ ਇੱਕ ਪ੍ਰਦਰਸ਼ਨੀ ਮੈਚ ਵਿੱਚ ਉਜ਼ਬੇਕਿਸਤਾਨ ਨੂੰ 2-0 ਨਾਲ ਹਰਾਇਆ ਹੈ। ਟੀਮ ਦਾ ਅਗਲਾ ਅਭਿਆਸ ਮੈਚ 5 ਜੂਨ ਨੂੰ ਮੋਂਟਰੀਅਲ ਵਿਖੇ ਰਿਪਬਲਿਕ ਆਫ ਆਇਰਲੈਂਡ ਵਿਰੁੱਧ ਹੋਵੇਗਾ।
ਵਿਸ਼ਵ ਕੱਪ ਦੌਰਾਨ ਕੈਨੇਡਾ ਨੂੰ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ। ਟੀਮ ਆਪਣਾ ਪਹਿਲਾ ਮੈਚ 14 ਜੂਨ ਨੂੰ ਬੋਸਨੀਆ ਅਤੇ ਹਰਜ਼ੇਗੋਵਿਨਾ ਵਿਰੁੱਧ ਟੋਰਾਂਟੋ ਸਟੇਡੀਅਮ ਵਿੱਚ ਖੇਡੇਗੀ। ਇਸ ਤੋਂ ਬਾਅਦ 18 ਜੂਨ ਨੂੰ ਕਤਰ ਅਤੇ 24 ਜੂਨ ਨੂੰ ਸਵਿਟਜ਼ਰਲੈਂਡ ਵਿਰੁੱਧ ਮੈਚ ਵੈਨਕੂਵਰ ਸਟੇਡੀਅਮ ਵਿੱਚ ਖੇਡੇ ਜਾਣਗੇ। ਇਹਨਾਂ ਸਾਰੇ ਮੈਚਾਂ ਦਾ ਦੇਸ਼ ਭਰ ਵਿੱਚ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਟੀਮ ਵਿੱਚ ਤਿੰਨ ਗੋਲਕੀਪਰ ਮੈਕਸਿਮ ਕ੍ਰੇਪੋ, ਓਵੇਨ ਗੁਡਮੈਨ ਅਤੇ ਡੇਨ ਸੇਂਟ ਕਲੇਅਰ ਸ਼ਾਮਲ ਹਨ। ਟੀਮ ਵਿੱਚ ਕੋਈ ਵੀ ਮੌਜੂਦਾ ਵੈਨਕੂਵਰ ਵ੍ਹਾਈਟਕੈਪਸ ਦਾ ਖਿਡਾਰੀ ਨਹੀਂ ਹੈ ਪਰ 5 ਸਾਬਕਾ ਖਿਡਾਰੀ ਇਸਦਾ ਹਿੱਸਾ ਹਨ। ਸਰੀ ਦੇ ਮਿਡਫੀਲਡਰ ਜੀਵਨ ਬਦਵਾਲ ਨੂੰ ਲੋੜ ਪੈਣ ਤੇ ਸੱਟ ਦੇ ਬਦਲ ਵਜੋਂ ਟੀਮ ਵਿੱਚ ਸ਼ਾਮਲ ਹੋਣ ਲਈ ਯੋਗ ਰੱਖਿਆ ਗਿਆ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ