19.1 C
Vancouver
Tuesday, July 14, 2026

ਕੈਨੇਡਾ ਪੋਸਟ ਨੂੰ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ 205 ਮਿਲੀਅਨ ਡਾਲਰ ਦਾ ਘਾਟਾ

ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਪੋਸਟ ਨੂੰ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਟੈਕਸ ਤੋਂ ਪਹਿਲਾਂ 205 ਮਿਲੀਅਨ ਡਾਲਰ ਦਾ ਭਾਰੀ ਨੁਕਸਾਨ ਹੋਇਆ ਹੈ। ਸੰਸਥਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਇਹ ਘਾਟਾ ਸਾਲ 2025 ਵਿੱਚ ਹੋਏ 1.57 ਬਿਲੀਅਨ ਡਾਲਰ ਦੇ ਵੱਡੇ ਨੁਕਸਾਨ ਤੋਂ ਬਾਅਦ ਸਾਹਮਣੇ ਆਇਆ ਹੈ। ਕੈਨੇਡਾ ਪੋਸਟ ਇਸ ਸਮੇਂ ਆਪਣੇ ਆਪ ਨੂੰ ਟੈਕਸਦਾਤਾਵਾਂ ਦੇ ਫੰਡਾਂ ਤੇ ਨਿਰਭਰ ਹੋਣ ਤੋਂ ਬਚਾਉਣ ਲਈ ਕਈ ਵਿੱਤੀ ਅਤੇ ਪ੍ਰਸ਼ਾਸਨਿਕ ਸੁਧਾਰਾਂ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਸੰਸਥਾ ਨੇ ਇਸ ਘਾਟੇ ਦਾ ਮੁੱਖ ਕਾਰਨ ਕਰਮਚਾਰੀਆਂ ਦੇ ਕੰਟਰੈਕਟ ਨੂੰ ਲੈ ਕੇ ਚੱਲ ਰਹੀ ਲੰਬੀ ਅਨਿਸ਼ਚਿਤਤਾ ਨੂੰ ਦੱਸਿਆ ਹੈ। ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਅਤੇ ਪ੍ਰਸ਼ਾਸਨ ਵਿਚਕਾਰ ਦਸੰਬਰ 2025 ਵਿੱਚ ਇੱਕ ਆਰਜ਼ੀ ਸਮਝੌਤਾ ਹੋਇਆ ਸੀ, ਪਰ ਇਸ ਉੱਤੇ ਵੋਟਿੰਗ ਦੀ ਪ੍ਰਕਿਰਿਆ 20 ਅਪ੍ਰੈਲ ਤੋਂ ਸ਼ੁਰੂ ਹੋ ਕੇ 30 ਮਈ ਨੂੰ ਖਤਮ ਹੋਈ। ਇਸ ਲੰਬੇ ਸਮੇਂ ਕਾਰਨ ਪਾਰਸਲ ਤੋਂ ਹੋਣ ਵਾਲੀ ਆਮਦਨ ਵਿੱਚ 79 ਮਿਲੀਅਨ ਡਾਲਰ ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਡਾਇਰੈਕਟ ਮਾਰਕੀਟਿੰਗ ਅਤੇ ਟ੍ਰਾਂਜੈਕਸ਼ਨ ਮੇਲ ਦੇ ਕੰਮ ਵਿੱਚ ਵੀ ਕ੍ਰਮਵਾਰ 24 ਮਿਲੀਅਨ ਅਤੇ 82 ਮਿਲੀਅਨ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕਰਮਚਾਰੀਆਂ ਦੀਆਂ ਵਧੀਆਂ ਤਨਖਾਹਾਂ ਅਤੇ ਵਾਧੂ ਛੁੱਟੀਆਂ ਕਾਰਨ ਲੇਬਰ ਲਾਗਤ ਵੀ ਵਧੀ ਹੈ। ਸਾਲ 2025 ਦੀ ਇੱਕ ਸਰਕਾਰੀ ਰਿਪੋਰਟ ਵਿੱਚ ਕੈਨੇਡਾ ਪੋਸਟ ਨੂੰ ਦਿਵਾਲੀਆ ਘੋਸ਼ਿਤ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਫੈਡਰਲ ਸਰਕਾਰ ਦੇ ਨਿਰਦੇਸ਼ਾਂ ਤੇ ਇਸਦਾ ਪੁਨਰ ਗਠਨ ਸ਼ੁਰੂ ਕੀਤਾ ਗਿਆ। ਇਸ ਵਿੱਤੀ ਸੁਧਾਰ ਯੋਜਨਾ ਦੇ ਪਹਿਲੇ ਪੜਾਅ ਵਜੋਂ ਦੇਸ਼ ਦੇ ਬਾਕੀ ਬਚੇ ਪਤਿਆਂ ਨੂੰ ਅਗਲੇ 5 ਸਾਲਾਂ ਦੇ ਅੰਦਰ ਪੂਰੀ ਤਰ੍ਹਾਂ ਕਮਿਊਨਿਟੀ ਮੇਲਬਾਕਸ ਪ੍ਰਣਾਲੀ ਉੱਤੇ ਤਬਦੀਲ ਕਰ ਦਿੱਤਾ ਜਾਵੇਗਾ, ਤਾਂ ਜੋ ਸੰਸਥਾ ਦੇ ਰੋਜ਼ਾਨਾ ਦੇ ਖਰਚਿਆਂ ਨੂੰ ਘਟਾਇਆ ਜਾ ਸਕੇ ਅਤੇ ਇਸਨੂੰ ਮੁੜ ਲਾਭਦਾਇਕ ਬਣਾਇਆ ਜਾ ਸਕੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ