ਵੈਨਕੂਵਰ (ਏਕਜੋਤ ਸਿੰਘ): ਐਬਟਸਫੋਰਡ ਹੁਣ ਦੇਸ਼ ਦੇ ਸਭ ਤੋਂ ਪ੍ਰਤਿਭਾਸ਼ਾਲੀ ਆਰਕੀਟੈਕਚਰਲ ਵਿਦਿਆਰਥੀਆਂ ਦੇ ਘਰ ਵਜੋਂ ਜਾਣਿਆ ਜਾਵੇਗਾ। ਇੱਥੋਂ ਦੀ ਵਿਦਿਆਰਥਣ ਕੇਟ ਬ੍ਰਾਊਨ ਨੇ ਸਕਿੱਲਜ਼ ਕੈਨੇਡਾ ਨੈਸ਼ਨਲ ਕੰਪੀਟੀਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਉਸਨੇ ਇਹ ਸਫਲਤਾ ਆਰਕੀਟੈਕਚਰਲ ਤਕਨਾਲੋਜੀ ਅਤੇ ਡਿਜ਼ਾਈਨ ਦੀ ਸੈਕੰਡਰੀ ਡਿਵੀਜ਼ਨ ਸ਼੍ਰੇਣੀ ਵਿੱਚ ਹਾਸਲ ਕੀਤੀ ਹੈ। ਕੇਟ ਬ੍ਰਾਊਨ ਇਸ ਰਾਸ਼ਟਰੀ ਮੁਕਾਬਲੇ ਵਿੱਚ ਤਗਮਾ ਜਿੱਤਣ ਵਾਲੇ ਬੀਸੀ ਦੇ 25 ਉੱਤਮ ਵਿਦਿਆਰਥੀਆਂ ਵਿੱਚ ਸ਼ਾਮਲ ਹੋ ਗਈ ਹੈ। ਐਬਟਸਫੋਰਡ ਸਕੂਲ ਡਿਸਟ੍ਰਿਕਟ ਦੇ ਕਰੀਅਰ ਪ੍ਰੋਗਰਾਮਾਂ ਦੇ ਪ੍ਰਿੰਸੀਪਲ ਮਾਈਕਲ ਪੀਅਰਸਨ ਨੇ ਕੇਟ ਦੀ ਇਸ ਸਫਲਤਾ ਤੇ ਖੁਸ਼ੀ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਇਹ ਮਾਣਮੱਤੀ ਪ੍ਰਾਪਤੀ ਅਬਟਸਫੋਰਡ ਸਕੂਲ ਆਫ ਇੰਟੀਗ੍ਰੇਟਿਡ ਆਰਟਸ ਦੀ ਵਿਦਿਆਰਥਣ ਦੀ ਸਾਲਾਂ ਦੀ ਸਖਤ ਮਿਹਨਤ, ਰਚਨਾਤਮਕਤਾ ਅਤੇ ਲਗਨ ਦਾ ਨਤੀਜਾ ਹੈ। ਦੇਸ਼ ਦੇ ਸਭ ਤੋਂ ਬਿਹਤਰ ਵਿਦਿਆਰਥੀਆਂ ਨਾਲ ਮੁਕਾਬਲਾ ਕਰਕੇ ਰਾਸ਼ਟਰੀ ਪੱਧਰ ਦਾ ਤਗਮਾ ਜਿੱਤਣਾ ਇੱਕ ਬਹੁਤ ਹੀ ਸ਼ਾਨਦਾਰ ਪ੍ਰਾਪਤੀ ਹੈ। ਉਹਨਾਂ ਨੇ ਕੇਟ ਨੂੰ ਸੂਬੇ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਨ ਲਈ ਵਧਾਈ ਦਿੱਤੀ। This report was written by Ekjot Singh as part of the Local Journalism Initiative.

