ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਦੇ ਸਭ ਤੋਂ ਘੱਟ ਤਨਖਾਹ ਲੈਣ ਵਾਲੇ ਕਾਮਿਆਂ ਲਈ ਇੱਕ ਰਾਹਤ ਭਰਿਆ ਐਲਾਨ ਕੀਤਾ ਹੈ। ਆਉਣ ਵਾਲੀ 1 ਜੂਨ ਤੋਂ ਸੂਬੇ ਵਿੱਚ ਘੱਟੋ-ਘੱਟ ਉਜਰਤ 17.85 ਡਾਲਰ ਤੋਂ ਵਧਾ ਕੇ 18.25 ਡਾਲਰ ਪ੍ਰਤੀ ਘੰਟਾ ਕਰ ਦਿੱਤੀ ਜਾਵੇਗੀ। ਇਹ ਸਾਲਾਨਾ ਵਾਧਾ ਬ੍ਰਿਟਿਸ਼ ਕੋਲੰਬੀਆ ਦੀ ਮਾਸਿਕ ਔਸਤ ਮਹਿੰਗਾਈ ਦਰ ਨਾਲ ਸਿੱਧੇ ਤੌਰ ‘ਤੇ ਜੁੜਿਆ ਹੋਇਆ ਹੈ ਜੋ ਕਿ 2025 ਵਿੱਚ 2.1 ਫੀਸਦੀ ਦਰਜ ਕੀਤੀ ਗਈ ਸੀ। ਸਰਕਾਰ ਦੇ ਇਸ ਕਦਮ ਨਾਲ ਹਜ਼ਾਰਾਂ ਕਾਮਿਆਂ ਨੂੰ ਆਰਥਿਕ ਮਦਦ ਮਿਲਣ ਦੀ ਉਮੀਦ ਹੈ ਜੋ ਲਗਾਤਾਰ ਵੱਧ ਰਹੀ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ।
ਇਹ ਤਨਖਾਹ ਵਾਧਾ ਸਿਰਫ ਆਮ ਕਾਮਿਆਂ ਤੱਕ ਸੀਮਤ ਨਹੀਂ ਰਹੇਗਾ ਬਲਕਿ ਰੈਜ਼ੀਡੈਂਟ ਕੇਅਰਟੇਕਰਾਂ, ਲਿਵ ਇਨ ਹੋਮ ਸਪੋਰਟ ਵਰਕਰਾਂ, ਲਿਵ ਇਨ ਕੈਂਪ ਲੀਡਰਾਂ ਅਤੇ ਐਪ ਆਧਾਰਿਤ ਗਿੱਗ ਕਾਮਿਆਂ ‘ਤੇ ਵੀ ਬਰਾਬਰ ਪ੍ਰਤੀਸ਼ਤ ਦੇ ਹਿਸਾਬ ਨਾਲ ਲਾਗੂ ਹੋਵੇਗਾ। ਹੱਥੀਂ ਫਸਲਾਂ ਦੀ ਕਟਾਈ ਕਰਨ ਵਾਲੇ ਪੀਸ ਰੇਟ ਕਾਮਿਆਂ ਲਈ ਵੀ ਇਹ ਨਿਯਮ ਲਾਗੂ ਹੋਵੇਗਾ ਪਰ ਖੇਤੀਬਾੜੀ ਖੇਤਰ ਵਿੱਚ ਇਹ ਵਾਧਾ 31 ਦਸੰਬਰ ਤੋਂ ਅਮਲ ਵਿੱਚ ਆਵੇਗਾ। ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਸੀਜ਼ਨ ਦੇ ਵਿਚਕਾਰ ਕਿਸਾਨਾਂ ਜਾਂ ਉਤਪਾਦਕਾਂ ‘ਤੇ ਅਚਾਨਕ ਤਨਖਾਹਾਂ ਵਧਾਉਣ ਦਾ ਭਾਰ ਨਾ ਪਵੇ ਅਤੇ ਖੇਤੀਬਾੜੀ ਦਾ ਕੰਮ ਸੁਚਾਰੂ ਢੰਗ ਨਾਲ ਚੱਲਦਾ ਰਹੇ।
ਮਹਿੰਗਾਈ ਦੇ ਆਧਾਰ ‘ਤੇ ਘੱਟੋ-ਘੱਟ ਉਜਰਤ ਨੂੰ ਐਡਜਸਟ ਕਰਨ ਦਾ ਇਹ ਸਿਸਟਮ 2024 ਵਿੱਚ ਇੰਪਲਾਇਮੈਂਟ ਸਟੈਂਡਰਡਜ਼ ਐਕਟ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਰਾਹੀਂ ਲਾਗੂ ਕੀਤਾ ਗਿਆ ਸੀ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੀ ਘੱਟੋ-ਘੱਟ ਉਜਰਤ ਹੁਣ ਕੈਨੇਡਾ ਦੇ ਸੂਬਿਆਂ ਵਿੱਚ ਸਭ ਤੋਂ ਉੱਚੀਆਂ ਦਰਾਂ ਦੇ ਨੇੜੇ ਪਹੁੰਚ ਗਈ ਹੈ। ਮੌਜੂਦਾ ਸਮੇਂ ਵਿੱਚ ਸਿਰਫ ਯੂਕੋਨ ਅਤੇ ਨੂਨਾਵੁਤ ਪ੍ਰਦੇਸ਼ਾਂ ਵਿੱਚ ਹੀ ਇਸ ਤੋਂ ਜ਼ਿਆਦਾ ਉਜਰਤ ਦਿੱਤੀ ਜਾਂਦੀ ਹੈ। ਦੂਜੇ ਪਾਸੇ ਫੈਡਰਲ ਦਰ ਵੀ ਇਸ ਦੇ ਕਰੀਬ 18.15 ਡਾਲਰ ਪ੍ਰਤੀ ਘੰਟਾ ਹੈ। ਹਾਲਾਂਕਿ ਫੈਡਰਲ ਦਰ ਸਿਰਫ ਕੁਝ ਖਾਸ ਖੇਤਰਾਂ ਜਿਵੇਂ ਕਿ ਅੰਤਰ ਸੂਬਾਈ ਆਵਾਜਾਈ, ਦੂਰਸੰਚਾਰ ਅਤੇ ਬੈਂਕਿੰਗ ਆਦਿ ‘ਤੇ ਹੀ ਲਾਗੂ ਹੁੰਦੀ ਹੈ। ਸਰਕਾਰੀ ਨਿਊਜ਼ ਰਿਲੀਜ਼ ਮੁਤਾਬਕ 2025 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਲਗਭਗ 141,300 ਕਾਮਿਆਂ ਨੇ ਘੱਟੋ-ਘੱਟ ਉਜਰਤ ‘ਤੇ ਕੰਮ ਕੀਤਾ ਸੀ ਅਤੇ ਇਹ ਨਵਾਂ ਵਾਧਾ ਉਨ੍ਹਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਸਹਾਈ ਹੋਵੇਗਾ। This report was written by Ekjot Singh as part of the Local Journalism Initiative.
ਬੀ.ਸੀ. ’ਚ 1 ਜੂਨ ਤੋਂ ਕਾਮਿਆਂ ਨੂੰ ਮਿਲੇਗੀ 18.25 ਡਾਲਰ ਪ੍ਰਤੀ ਘੰਟਾ ਤਨਖਾਹ

