9.1 C
Vancouver
Sunday, April 12, 2026

ਅਮਰੀਕਾ-ਇਜ਼ਰਾਈਲ ਤੇ ਇਰਾਨ ਦੀ ਜੰਗ ਅਤੇ ਗੈਸ ਸੰਕਟ

ਡਾ. ਜਸਵਿੰਦਰ ਿਸੰਘ ਬਰਾੜ
ਸੰਪਰਕ: 94176-20311
ਇਹ ਬਹੁਤ ਦਿਲਚਸਪ ਗੱਲ ਹੈ ਕਿ ਜਦੋਂ ਲੋਕਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਉਹ ਉਸ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ।
ਜਦੋਂ ਕੋਈ ਵਿਅਕਤੀ ਕਿਸੇ ਸਮੱਸਿਆ ਦਾ ਸਾਹਮਣਾ ਕਰਦਾ ਹੈ ਤਾਂ ਉਹ ਉਸ ਨੂੰ ਹੱਲ ਕਰਨ ਲਈ ਵੱਖ-ਵੱਖ ਤਰੀਕੇ ਅਪਣਾਉਂਦਾ ਹੈ। ਇਸ ਤਰ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਕਈ ਵਾਰ ਅਜਿਹੇ ਮੋੜ ਆਉਂਦੇ ਹਨ, ਜਿੱਥੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਬਦਲਣੇ ਪੈਂਦੇ ਹਨ। ਇਹ ਸਭ ਸਾਧਾਰਨ ਜ਼ਿੰਦਗੀ ਦਾ ਹਿੱਸਾ ਹੈ, ਪਰ ਇਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਆਪਣੇ ਆਪ ਨੂੰ ਨਵੀਆਂ ਸਥਿਤੀਆਂ ਮੁਤਾਬਿਕ ਕਿਵੇਂ ਢਾਲ ਸਕਦੇ ਹਾਂ। ਅਠਾਈ ਫਰਵਰੀ ਤੋਂ ਅਮਰੀਕਾ ਤੇ ਇਜ਼ਰਾਈਲ ਨੇ ਇਰਾਨ ’ਤੇ ਹਮਲਾ ਕਰਕੇ ਕਈ ਦੇਸ਼ਾਂ ਵਿੱਚ ਤਣਾਅ ਪੈਦਾ ਕੀਤਾ ਹੋਇਆ ਹੈ, ਜਿਸ ਦਾ ਅਸਰ ਭਾਰਤ ਵਿੱਚ ਵੀ ਪੈਟਰੋਲੀਅਮ ਪਦਾਰਥਾਂ ਅਤੇ ਰਸੋਈ ਗੈਸ ਦੀ ਸਪਲਾਈ ’ਤੇ ਨਜ਼ਰ ਆਉਂਦਾ ਹੈ। ਜੇਕਰ ਰਸੋਈ ਪਕਵਾਨਾਂ ’ਤੇ ਲੰਮੀ ਝਾਤ ਮਾਰੀਏ ਤਾਂ ਪੁਰਾਣੇ ਜ਼ਮਾਨੇ ਦੇ ਸਮੇਂ ਭਾਈਚਾਰਕ ਸਾਂਝ ਨੂੰ ਦਰਸਾਉਂਦੇ ਹਨ।
ਇੱਕ ਮਿੱਟੀ ਦਾ ਚੁੱਲ੍ਹਾ ਹਰ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਢੁੱਕਵਾਂ ਉਪਕਰਨ ਅਤੇ ਕੁਦਰਤੀ ਸਾਧਨ ਹੈ, ਜੋ ਬਾਇਓਮਾਸ ਫਿਊਲ ਜਿਵੇਂ ਕਿ ਲੱਕੜ ਜਾਂ ਖੇਤੀਬਾੜੀ ਦੀ ਰਹਿੰਦ-ਖੂੰਹਦ ਦੀ ਵਰਤੋਂ ਨਾਲ ਬਾਲਿਆ ਜਾਂਦਾ ਹੈ। ਇਸ ਦੇ ਉਲਟ ਇੱਕ ਗੈਸ ਦਾ ਚੁੱਲ੍ਹਾ ਗੈਸ ਜਾਂ ਪ੍ਰੋਪੇਨ ’ਤੇ ਚੱਲਦਾ ਹੈ, ਜੋ ਪਕਵਾਨ ਬਣਾਉਣ ਦਾ ਇੱਕ ਆਧੁਨਿਕ ਤਰੀਕਾ ਹੈ। ਮਿੱਟੀ ਦੇ ਚੁੱਲ੍ਹੇ ਆਮ ਤੌਰ ’ਤੇ ਸਸਤੇ ਅਤੇ ਵਾਤਾਵਰਣ-ਪੱਖੀ ਹੁੰਦੇ ਹਨ। ਇਨ੍ਹਾਂ ’ਤੇ ਬਣੇ ਖਾਣਿਆਂ ਦਾ ਇੱਕ ਵਿਲੱਖਣ ਸੁਆਦ ਹੁੰਦਾ ਹੈ, ਜਿਸ ਨੂੰ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ। ਗੈਸ ਦੇ ਚੁੱਲ੍ਹਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ’ਤੇ ਸਾਫ਼-ਸੁਥਰੇ ਢੰਗ ਅਤੇ ਆਸਾਨੀ ਨਾਲ ਪਕਵਾਨ ਪਕਾਏ ਜਾ ਸਕਦੇ ਹਨ। ਉਂਜ, ਮਿੱਟੀ ਦੇ ਚੁੱਲ੍ਹੇ ਅਤੇ ਗੈਸ ਦੇ ਚੁੱਲ੍ਹੇ ਵਿਚਕਾਰ ਚੋਣ ਵਿਅਕਤੀਗਤ ਪਸੰਦ, ਖਾਣ ਪੀਣ ਸਬੰਧੀ ਆਦਤਾਂ ਅਤੇ ਵਾਤਾਵਰਣ ਪ੍ਰਤੀ ਫ਼ਿਕਰਮੰਦੀ ’ਤੇ ਨਿਰਭਰ ਕਰਦੀ ਹੈ।
ਅਜੋਕੇ ਤਕਨੀਕੀ ਯੁੱਗ ਨੇ ਪਿੰਡਾਂ ਦਾ ਮੁਹਾਂਦਰਾ ਕਾਫ਼ੀ ਹੱਦ ਤੱਕ ਬਦਲ ਦਿੱਤਾ ਹੈ। ਪੁਰਾਣੇ ਪਿੰਡਾਂ ਦੀ ਪਛਾਣ ਉੱਥੋਂ ਦੇ ਕੁੱਪਾਂ/ਗੁਹਾਰਿਆਂ ਤੋਂ ਹੁੰਦੀ ਸੀ, ਜੋ ਫ਼ਸਲਾਂ ਦੀ ਰਹਿੰਦ-ਖੂੰਹਦ ਕਣਕ, ਮੱਕੀ, ਬਾਜਰੇ ਦੇ ਟਾਂਡੇ ਜਾਂ ਨਰਮੇ ਦੀਆਂ ਛਟੀਆਂ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਢੇਰ ਰੂਪ ਵਿੱਚ ਕੁੱਪ ਬਣਾ ਕੇ ਰੱਖਦੇ ਸਨ ਅਤੇ ਇਨ੍ਹਾਂ ਢੇਰਾਂ/ਕੁੱਪਾਂ ਦੀ ਬਣਤਰ ਤੋਂ ਪਿੰਡਾਂ ਦੇ ਲੋਕਾਂ ਦੇ ਸੁਚੱਜੇਪਣ ਦਾ ਅੰਦਾਜ਼ਾ ਲਗਾ ਲਿਆ ਜਾਂਦਾ ਸੀ। ਆਧੁਨਿਕ ਵਿਕਾਸ ਕਾਰਨ ਕੱਚੇ ਘਰਾਂ ਦੀ ਥਾਂ ਪੱਕੀਆਂ ਕੋਠੀਆਂ ਨੇ ਲੈ ਲਈ ਹੈ। ਪੁਰਾਣੇ ਘਰਾਂ ਦੇ ਦਰਵਾਜ਼ੇ, ਵਰਾਂਡੇ, ਸਬਾਤ, ਰਸੋਈ-ਝਲਾਨੀ ਵਰਗੇ ਸ਼ਬਦ ਅੱਜ ਦੇ ਆਧੁਨਿਕ ਘਰਾਂ ਵਿੱਚੋਂ ਗਾਇਬ ਹਨ। ਕੌਮੀ ਸ਼ਾਹਰਾਹਾਂ ਅਤੇ ਹੋਰ ਵੱਡੀਆਂ ਸੜਕਾਂ ਦੀ ਉਸਾਰੀ ਨੇ ਪਿੰਡ ਅਤੇ ਸ਼ਹਿਰ ਦਾ ਪਾੜਾ ਖ਼ਤਮ ਕਰ ਦਿੱਤਾ ਹੈ। ਪਿੰਡਾਂ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਅੱਜਕੱਲ੍ਹ ਪਿੰਡਾਂ ਦੇ ਦੁਆਲੇ ਪਾਥੀਆਂ ਦੇ ਗੁਹਾਰੇ ਜਾਂ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਕੁੱਪ ਦਿਖਾਈ ਨਹੀਂ ਦਿੰਦੇ ਕਿਉਂਕਿ ਖੇਤੀ ਤਕਨੀਕਾਂ ਬਦਲ ਗਈਆਂ ਹਨ ਅਤੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਰਹਿਣ-ਸਹਿਣ ਵੀ ਬਦਲ ਗਿਆ ਹੈ। ਪਹਿਲੇ ਸਮਿਆਂ ਦੌਰਾਨ ਕਪਾਹ ਦੀਆਂ ਛਟੀਆਂ, ਅਰਹਰ, ਜੰਤਰ ਤੇ ਗੰਨੇ ਦੀ ਖੋਰੀ/ ਟੋਕ ਦਾ ਬਾਲਣ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਰਸੋਈ ਲਈ ਉੱਤਮ ਕੁਦਰਤੀ ਬਾਲਣ ਸੀ। ਇਹ ਬਾਲਣ ਛੇਤੀ ਅੱਗ ਫੜਦੇ ਅਤੇ ਚੰਗੀ ਗਰਮੀ ਦਿੰਦੇ ਸਨ, ਜਿਸ ਨਾਲ ਇਹ ਚੁੱਲ੍ਹਿਆਂ ਲਈ ਬਹੁਤ ਫ਼ਾਇਦੇਮੰਦ ਸਨ। ਖ਼ਾਸਕਰ ਕਪਾਹ ਦੀਆਂ ਛਟੀਆਂ ਨੂੰ ਸਹੀ ਤਰੀਕੇ ਨਾਲ ਸੰਭਾਲਣਾ ਕੀੜੇ ਮਕੌੜਿਆਂ ਤੇ ਸੁੰਡੀਆਂ ਦੇ ਹਮਲੇ ਨੂੰ ਘਟਾਉਣ ਵਿੱਚ ਮਦਦਗਾਰ ਹੁੰਦਾ ਸੀ।
ਨਰਮਾ/ਕਪਾਹ ਦੀਆਂ ਛਟੀਆਂ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਬਾਲਣ ਸੀ। ਨਰਮੇ/ਕਪਾਹ ਦੀ ਚੁਗਾਈ ਤੋਂ ਬਾਅਦ ਛਟੀਆਂ ਨੂੰ ਸੁਕਾ ਕੇ ਬੰਨ੍ਹਿਆ ਤੇ ਰੱਖਿਆ ਜਾਂਦਾ, ਜੋ ਸਾਰਾ ਸਾਲ ਬਾਲਣ ਦੇ ਰੂਪ ਵਿੱਚ ਕੰਮ ਆਉਂਦੀਆਂ ਸਨ। ਅਰਹਰ ਦੇ ਸੁੱਕੇ ਪੌਦੇ ਵੀ ਇੱਕ ਵਧੀਆ ਬਾਲਣ ਵਜੋਂ ਵਰਤੇ ਜਾਂਦੇ ਹਨ, ਜੋ ਦੇਰ ਤੱਕ ਚੱਲਦੇ ਹਨ ਅਤੇ ਜੰਤਰ ਦੀਆਂ ਸੁੱਕੀਆਂ ਟਾਹਣੀਆਂ ਬਹੁਤ ਸਖ਼ਤ ਹੁੰਦੀਆਂ ਹਨ, ਜੋ ਅੱਗ ਨੂੰ ਲੰਮੇ ਸਮੇਂ ਤੱਕ ਜਗਾਈ ਰੱਖਣ ਲਈ ਬਹੁਤ ਵਧੀਆ ਮੰਨੀਆਂ ਜਾਂਦੀਆਂ ਸਨ।
ਗੰਨੇ (ਕਮਾਦ) ਦੀ ਟੋਕ/ਖੋਰੀ ਦਾਣੇ ਭੁੰਨਣ ਵਾਲੀ ਭੱਠੀ ਅਤੇ ਗੁੜ ਕੱਢਣ ਵੇਲੇ ਬਾਲਣ ਵਜੋਂ ਵਰਤੀ ਜਾਂਦੀ ਹੈ। ਇਸ ਤਰ੍ਹਾਂ ਇਹ ਮੁਫ਼ਤ ਜਾਂ ਘੱਟ ਲਾਗਤ ’ਤੇ ਉਪਲਬਧ ਬਾਲਣ ਹੁੰਦਾ ਹੈ, ਜੋ ਖੇਤੀਬਾੜੀ ਦੇ ਨਾਲ-ਨਾਲ ਇੱਕ ਵਾਧੂ ਆਮਦਨ ਲਈ ਵਰਤਿਆ ਜਾਂਦਾ ਹੈ ਜਾਂ ਫਿਰ ਘਰੇਲੂ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਿਆਲਾਂ ਵਿੱਚ ਦਰੱਖਤਾਂ ਨੂੰ ਛਾਂਗ ਕੇ ਬਾਲਣ ਰੱਖਿਆ ਜਾਂਦਾ, ਜੋ ਸੁਕਾਉਣ ਉਪਰੰਤ ਘਰੇਲੂ ਰਸੋਈ ਵਿੱਚ ਵਰਤਿਆ ਜਾਂਦਾ ਹੈ। ਇੱਥੋਂ ਤੱਕ ਕਿ ਘਰੇਲੂ ਖ਼ੁਸ਼ੀ/ਗ਼ਮੀ ਦੇ ਸਮਾਗਮਾਂ ਵਿੱਚ ਵੀ ਚੁਰਾਂ, ਭੱਠੀਆਂ ਤੇ ਤੰਦੂਰਾਂ ਵਿੱਚ ਲੱਕੜ ਦੇ ਬਾਲਣ ਨਾਲ ਹੀ ਪਕਵਾਨ ਤਿਆਰ ਕੀਤੇ ਜਾਂਦੇ ਹਨ। ਰਸੋਈ ਗੈਸ ਜਾਂ ਗੀਜ਼ਰ ਆਦਿ ਦਾ ਕੋਈ ਨਾਮ ਨਹੀਂ ਜਾਣਦਾ ਸੀ। ਸਰਦੀਆਂ ਦੇ ਮੌਸਮ ਵਿੱਚ ਜਿੱਥੇ ਨਹਾਉਣ ਲਈ ਗਰਮ ਪਾਣੀ ਵੀ ਮਿੱਟੀ ਦੇ ਚੁੱਲ੍ਹੇ ਜਾਂ ਅੰਗੀਠੀ ਵਿੱਚ ਲੱਕੜ ਬਾਲ ਕੇ ਤੌੜਿਆਂ/ਪਤੀਲਿਆਂ ਵਿੱਚ ਗਰਮ ਕੀਤਾ ਜਾਂਦਾ ਸੀ, ਉੱਥੇ ਅੱਗ ਸੇਕਣ ਦਾ ਵੀ ਵੱਖਰਾ ਆਨੰਦ ਮਿਲਦਾ ਸੀ। ਸ਼ਾਮ ਨੂੰ ਹਾਰੇ ਵਿੱਚ ਧਰੀ ਮੂੰਗੀ ਦੀ ਦਾਲ ਤੇ ਸਿਆਲਾਂ ਵਿੱਚ ਮਿੱਟੀ ਦੀ ਤੌੜੀ ਵਿੱਚ ਰਿੱਝਦੇ ਸਰ੍ਹੋਂ ਦੇ ਸਾਗ ਦੀ ਖੁਸ਼ਬੂ ਤੇ ਕੂੰਡੇ ਘੋਟਣੇ ਦੀ ਆਵਾਜ਼ ਹਰ ਘਰ ਵਿੱਚੋਂ ਆਉਂਦੀ ਹੁੰਦੀ ਸੀ, ਜਿਸ ਕਰਕੇ ਭੋਜਨ ਵਿੱਚ ਸਵਾਦ ਤੇ ਪੌਸ਼ਟਿਕ ਤੱਤਾਂ ਦੀ ਮਿਕਦਾਰ ਹੁੰਦੀ ਸੀ। ਹਰ ਵਿਅਕਤੀ ਤੰਦਰੁਸਤ ਤੇ ਸਿਹਤਮੰਦ ਹੁੰਦਾ ਸੀ।
ਸਮੇਂ ਦੇ ਬਦਲਣ ਨਾਲ ਰਸੋਈ ਦੇ ਗੈਸ ਸਟੋਵ ਤੇ ਪ੍ਰੈਸ਼ਰ ਕੁੱਕਰ ਹੋਂਦ ਵਿੱਚ ਆਏ, ਜੋ ਹੁਣ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਲਗਭਗ ਸਾਰੇ ਲੋਕਾਂ ਦੁਆਰਾ ਖਾਣਾ ਪਕਾਉਣ ਲਈ ਪਸੰਦ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦੀ ਵਰਤੋਂ ਨਾਲ ਭਿਆਨਕ ਬਿਮਾਰੀਆਂ ਤੇ ਜ਼ਹਿਰੀਲੀ ਗੈਸ ਨਾਈਟ੍ਰੋਜਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਫੌਰਮਲਡੀਹਾਈਡ ਬਣਨ ਕਾਰਨ ਘਰ ਅੰਦਰਲੀ ਹਵਾ ਦੀ ਗੁਣਵੱਤਾ ਸਬੰਧੀ ਜੋਖ਼ਮ ਵੀ ਪੈਦਾ ਹੁੰਦੇ ਹਨ। ਇਹ ਪ੍ਰਦੂਸ਼ਣ ਸੁਰੱਖਿਆ ਮਾਪਦੰਡਾਂ ਤੋਂ ਕਿਤੇ ਵੱਧ ਹੋ ਸਕਦੇ ਹਨ। ਪੁਰਾਤਨ ਸਮਿਆਂ ਦੌਰਾਨ ਰਸੋਈ ਵਿੱਚ ਲੱਕੜ ਬਾਲ ਕੇ ਦਾਲ ਸਬਜ਼ੀ ਬਣਾਉਣੀ ਤੇ ਰੋਟੀਆਂ ਪਕਾਉਣੀਆਂ ਸਿਰਫ਼ ਇੱਕ ਸਾਧਨ ਹੀ ਨਹੀਂ ਸੀ, ਸਗੋਂ ਸਾਡੇ ਦੇਸ਼ ਦਾ ਅਮੀਰ ਸੱਭਿਆਚਾਰ ਵੀ ਸੀ, ਜੋ ਹੌਲੀ ਹੌਲੀ ਖ਼ਤਮ ਹੁੰਦਾ ਜਾ ਰਿਹਾ ਹੈ। ਵਿਗਿਆਨਕ ਤੌਰ ’ਤੇ ਵੀ ਗੈਸ ਵਾਲੇ ਚੁੱਲ੍ਹੇ ਉੱਪਰ ਸਿੱਧੀ ਰੋਟੀ ਸੇਕਣ ਨਾਲੋਂ ਲੱਕੜੀ ਦੇ ਕੋਲਿਆਂ ਉੱਪਰ ਰੋਟੀ ਸੇਕਣਾ ਵਧੇਰੇ ਗੁਣਕਾਰੀ ਦੱਸਿਆ ਗਿਆ ਹੈ।
ਹੁਣ ਜਦੋਂ ਅਮਰੀਕਾ/ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਹਮਲੇ ਨਾਲ ਕਈ ਦੇਸ਼ਾਂ ਵਿੱਚ ਜੰਗ ਚੱਲ ਰਹੀ ਹੈ ਤਾਂ ਪੈਟਰੋਲੀਅਮ ਪਦਾਰਥਾਂ ਸਮੇਤ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਸਪਲਾਈ ਵਿੱਚ ਕਮੀ ਆਉਣਾ ਸੁਭਾਵਿਕ ਹੈ। ਸਮਾਜ ਵਿਰੋਧੀ ਜਮ੍ਹਾਂਖੋਰ ਅਨਸਰਾਂ ਵੱਲੋਂ ਕਈ ਥਾਂ ਇਨ੍ਹਾਂ ਪੈਟਰੋਲੀਅਮ ਪਦਾਰਥਾਂ ਤੇ ਰਸੋਈ ਗੈਸ ਸਿਲੰਡਰਾਂ ਨੂੰ ਬਲੈਕ ਵਿੱਚ ਵੇਚਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਪਿੰਡਾਂ ਦੇ ਲੋਕਾਂ ਵੱਲੋਂ ਇਸ ਮੌਕੇ ਮਿੱਟੀ ਦੇ ਚੁੱਲ੍ਹਿਆਂ ਤੇ ਅੰਗੀਠੀ ਵਿੱਚ ਲੱਕੜ ਦੇ ਬਾਲਣ ਤੋਂ ਕੰਮ ਲੈਣਾ ਸਿਆਣਪ ਹੋਵੇਗੀ। ਇਸ ਦੇ ਨਾਲ ਹੀ ਕਿਸਾਨਾਂ ਤੇ ਕਿਰਤੀਆਂ ਵੱਲੋਂ ਆਪਣੇ ਖੇਤਾਂ ਦੀ ਲੱਕੜ ਜਾਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸੰਭਾਲ ਕੇ ਰੱਖਣਾ ਪਿੰਡਾਂ ਦੀ ਖ਼ੂਬਸੂਰਤੀ ਨੂੰ ਦਰਸਾਉਂਦਾ ਤੇ ਜ਼ਰੂਰੀ ਸਮਝਿਆ ਜਾਂਦਾ ਸੀ। ਅਜੋਕੇ ਮਾਹੌਲ ਵਿੱਚ ਜਾਪਦਾ ਹੈ ਕਿ ਸਾਨੂੰ ਲੱਕੜ ਅਤੇ ਫ਼ਸਲੀ ਰਹਿੰਦ-ਖੂੰਹਦ ਦੀ ਸੁਚੱਜੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ, ਜੋ ਲੋੜ ਪੈਣ ’ਤੇ ਕੰਮ ਆ ਸਕੇ।

ਰੁਝਾਨ ਖਬਰਾਂ