ਡਾ. ਉਪਨਿੰਦਰ ਿਸੰਘ ਲਾਂਬਾ
ਵਕਤ ਦੇ ਵਹਾਅ ਨਾਲ ਜ਼ਿਆਦਾਤਰ ਯਾਦਾਂ ਧੁੰਦਲੀਆਂ ਪੈ ਜਾਂਦੀਆਂ ਹਨ, ਪਰ ਕੁਝ ਅਜਿਹੀਆਂ ਵੀ ਹੁੰਦੀਆਂ ਨੇ ਜੋ ਕਈ ਦਹਾਕੇ ਬੀਤਣ ਮਗਰੋਂ ਵੀ ਚੇਤਿਆਂ ’ਚ ਇੰਜ ਤਾਜ਼ਾ ਰਹਿੰਦੀਆਂ ਨੇ, ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ। ਇਹ ਵਾਕਿਆ ਉਦੋਂ ਦਾ ਹੈ, ਜਦੋਂ ਮੈਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ਕਰਵਾਏ ਜਾ ਰਹੇ ਦੋ-ਰੋਜ਼ਾ ਕੌਮੀ ਸੈਮੀਨਾਰ ਵਿੱਚ ਆਪਣਾ ਖੋਜ-ਪਰਚਾ ਪੜ੍ਹਨ ਦਾ ਸੱਦਾ ਪੱਤਰ ਮਿਲਿਆ। ਖ਼ੈਰ, ਮੇਰੇ ਲਈ ਇਹ ਸਿਰਫ਼ ਅਕਾਦਮਿਕ ਮੌਕਾ ਹੀ ਨਹੀਂ ਸੀ, ਸਗੋਂ ਉਸ ਸ਼ਾਨਾਂਮੱਤੀ ਵਿਦਿਅਕ ਸੰਸਥਾ ਨੂੰ ਅੱਖੀਂ ਦੇਖਣ ਅਤੇ ਇਸ ਦੀ ਇਲਮੀ ਤੇ ਅਦਬੀ ਤਹਿਜ਼ੀਬ ਨੂੰ ਮਾਣਨ ਦੀ ਦਿਲੀ ਰੀਝ ਪੂਰੀ ਹੋਣ ਦਾ ਵੀ ਸਮਾਂ ਸੀ।
ਉਨ੍ਹੀਂ ਦਿਨੀਂ ਮੈਂ ਚੰਡੀਗੜ੍ਹ ਨੌਕਰੀ ਕਰਦਾ ਸਾਂ। ਸੈਮੀਨਾਰ ਦੀ ਸੂਚਨਾ ਮਿਲਦਿਆਂ ਹੀ ਮੈਂ ਫੌਰੀ ਛੁੱਟੀ ਦੀ ਅਰਜ਼ੀ ਦੇ ਦਿੱਤੀ ਤਾਂ ਜੋ ਸਮੇਂ ਸਿਰ ਰੇਲਵੇ ਰਿਜ਼ਰਵੇਸ਼ਨ ਕਰਵਾ ਸਕਾਂ, ਪਰ ਦਫ਼ਤਰੀ ਰੁਝੇਵਿਆਂ ਕਾਰਨ ਮੇਰੀ ਉਹ ਅਰਜ਼ੀ ਹੋਰਨਾਂ ਫਾਈਲਾਂ ਤੇ ਕਾਗ਼ਜ਼ਾਂ ਦੇ ਢੇਰ ਹੇਠ ਹੀ ਦੱਬੀ ਰਹਿ ਗਈ। ਮੈਂ ਵੀ ਇਸੇ ਭੁਲੇਖੇ ਵਿੱਚ ਰਿਹਾ ਕਿ ਇਹ ਤਾਂ ਇੱਕ ਆਮ ਜਿਹੀ ਗੱਲ ਹੈ, ਪ੍ਰਵਾਨਗੀ ਤਾਂ ਮਿਲ ਹੀ ਜਾਣੀ ਹੈ; ਸੋ ਕੋਈ ਬਹੁਤੀ ਭੱਜ-ਨੱਸ ਨਾ ਕੀਤੀ। ਆਖ਼ਰਕਾਰ, ਜਿਸ ਦਿਨ ਮੈਂ ਰਵਾਨਾ ਹੋਣਾ ਸੀ, ਉਸੇ ਸ਼ਾਮ ਦਫ਼ਤਰ ਬੰਦ ਹੋਣ ਤੋਂ ਮਹਿਜ਼ ਅੱਧਾ ਘੰਟਾ ਪਹਿਲਾਂ ਛੁੱਟੀ ਮਨਜ਼ੂਰ ਹੋਈ। ਹੁਣ ਸਥਿਤੀ ਅਜਿਹੀ ਬਣੀ ਕਿ ਰਿਜ਼ਰਵੇਸ਼ਨ ਨਾ ਹੋਣ ਕਰਕੇ ਬਿਨਾਂ ਸੀਟ ਇੰਨਾ ਲੰਮਾ ਸਫ਼ਰ ਕਰਨਾ ਮੇਰੇ ਲਈ ਇੱਕ ਵੱਡੀ ਚੁਣੌਤੀ ਸੀ। ਉੱਤੋਂ ਮਨ ਵਿੱਚ ਇਹ ਤੌਖ਼ਲਾ ਸੀ ਕਿ ਰਾਤ ਭਰ ਦੀ ਖੱਜਲ-ਖ਼ੁਆਰੀ ਅਤੇ ਉਨੀਂਦਰੇ ਮਗਰੋਂ ਪਤਾ ਨਹੀਂ ਅਗਲੇ ਦਿਨ ਸੈਮੀਨਾਰ ਵਿੱਚ ਪੂਰੇ ਉਤਸ਼ਾਹ ਨਾਲ ਪਰਚਾ ਪੇਸ਼ ਵੀ ਕਰ ਸਕਾਂਗਾ ਜਾਂ ਨਹੀਂ। ਪਰ ਉੱਥੇ ਪਹੁੰਚਣਾ ਮੇਰੀ ਨਾ ਕੇਵਲ ਅਕਾਦਮਿਕ, ਸਗੋਂ ਨੈਤਿਕ ਜ਼ਿੰਮੇਵਾਰੀ ਵੀ ਸੀ; ਕਿਉਂਕਿ ਮੈਂ ਇਸ ਪ੍ਰੋਗਰਾਮ ਲਈ ਆਪਣੀ ਲਿਖਤੀ ਸਹਿਮਤੀ ਪਹਿਲਾਂ ਹੀ ਦੇ ਚੁੱਕਾ ਸਾਂ ਅਤੇ ਵਾਅਦਾ ਕਰਕੇ ਪਿੱਛੇ ਹਟਣਾ ਮੇਰੇ ਸੁਭਾਅ ਦੇ ਉਲਟ ਸੀ।
ਦਫ਼ਤਰੋਂ ਵਿਹਲੇ ਹੁੰਦਿਆਂ ਹੀ ਮੈਂ ਸਿੱਧਾ ਘਰ ਪਹੁੰਚਿਆ। ਵਕਤ ਬਹੁਤ ਘੱਟ ਸੀ। ਇਸ ਲਈ ਬਿਨਾਂ ਸਮਾਂ ਗੁਆਏ ਮੈਂ ਕਾਹਲੀ-ਕਾਹਲੀ ਆਪਣਾ ਜ਼ਰੂਰੀ ਸਾਮਾਨ, ਕੁਝ ਕੱਪੜੇ, ਖੋਜ-ਪਰਚਾ ਅਤੇ ਅਲੀਗੜ੍ਹ ਤੋਂ ਮਿਲਿਆ ਉਹ ਸੱਦਾ-ਪੱਤਰ ਬੈਗ ਵਿੱਚ ਸਮੇਟ ਲਏ। ਮਾਂ ਨੇ ਮੇਰੀ ਇਸ ਹਫੜਾ-ਦਫੜੀ ਨੂੰ ਦੇਖਦਿਆਂ ਝਟਪਟ ਰਸੋਈ ਵਿੱਚੋਂ ਆਪਣੇ ਹੱਥੀਂ ਬਣਾਈਆਂ ਮੱਠੀਆਂ ਦਾ ਇੱਕ ਲਿਫ਼ਾਫ਼ਾ ਤਿਆਰ ਕੀਤਾ ਅਤੇ ਨਾਲ ਹੀ ਪਾਣੀ ਦੀ ਬੋਤਲ ਫੜਾਉਂਦਿਆਂ ਬੜੇ ਮੋਹ ਨਾਲ ਕਿਹਾ, “ਕਾਕਾ! ਪੈਂਡਾ ਬਹੁਤ ਲੰਮਾ ਐ, ਕਿਤੇ ਭੁੱਖ-ਤ੍ਰੇਹ ਲੱਗੀ ਤਾਂ ਇਹ ਖਾ ਲਈਂ… ਉੱਤੋਂ ਕਹਿਰ ਦੀ ਗਰਮੀ ਐ, ਪਾਣੀ ਪੀਂਦਾ ਰਹੀਂ। ਪੁੱਤ, ਆਪਣਾ ਖ਼ਿਆਲ ਰੱਖੀਂ, ਜ਼ਰਾ ਸੰਭਲ ਕੇ ਜਾਈਂ!” ਮਾਂ ਦੇ ਇਨ੍ਹਾਂ ਸ਼ਬਦਾਂ ਨੇ ਮੇਰੇ ਪੈਂਡੇ ਦੀ ਸ਼ੁਰੂਆਤ ਨੂੰ ਹੀ ਮੋਹ-ਭਿੱਜੀ ਅਤੇ ਭਾਵੁਕ ਬਣਾ ਦਿੱਤਾ।
ਮੈਂ ਆਟੋ ਫੜ ਕੇ ਸਟੇਸ਼ਨ ਵੱਲ ਹੋ ਤੁਰਿਆ। ਉੱਥੇ ਪੁੱਛ-ਗਿੱਛ ਖਿੜਕੀ ਤੋਂ ਪਤਾ ਲੱਗਾ, “ਅਲੀਗੜ੍ਹ ਲਈ ਹੁਣ ਸਿਰਫ਼ ਕਾਲਕਾ ਮੇਲ ਹੀ ਹੈ ਜੀ, ਜੋ ਰਾਤ ਸਵਾ ਇੱਕ ਵਜੇ ਰਵਾਨਾ ਹੋਵੇਗੀ।” ਹੁਣ ਮੇਰੇ ਕੋਲ ਇੰਤਜ਼ਾਰ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ। ਭਾਵੇਂ ਅੱਧੀ ਰਾਤ ਦਾ ਵੇਲਾ ਸੀ, ਪਰ ਹਾੜ੍ਹ ਦੀ ਉਸ ਠਹਿਰੀ ਹੋਈ ਪੌਣ ਵਿੱਚ ਦਿਨ ਵਾਲੀ ਤਪਸ਼ ਅਜੇ ਵੀ ਪਿੰਡੇ ਨੂੰ ਲੂਹ ਰਹੀ ਸੀ; ਜਿਵੇਂ ਚਾਰੇ ਪਾਸਿਓਂ ਸੇਕ ਉੱਠ ਰਿਹਾ ਹੋਵੇ। ਪਲੈਟਫਾਰਮ ’ਤੇ ਟਹਿਲਦਿਆਂ ਮੇਰੇ ਮਨ ਵਿਚਲਾ ਸੈਮੀਨਾਰ ਦਾ ਉਤਸ਼ਾਹ ਅਤਿ ਦੀ ਇਸ ਗਰਮੀ ’ਤੇ ਭਾਰੂ ਪੈ ਰਿਹਾ ਸੀ। ਬਸ, ਮੇਰੇ ’ਤੇ ਇੱਕੋ ਧੁਨ ਸਵਾਰ ਸੀ ਕਿ ਇਹ ਗੱਡੀ ਹਰ ਹੀਲੇ ਫੜਨੀ ਹੈ ਕਿਉਂਕਿ ਸਵੇਰੇ ਸਾਢੇ ਅੱਠ ਵਜੇ ਅਲੀਗੜ੍ਹ ਪਹੁੰਚ ਕੇ ਹੀ ਮੈਂ ਦਸ ਵਜੇ ਸ਼ੁਰੂ ਹੋਣ ਵਾਲੇ ਸੈਮੀਨਾਰ ਵਿੱਚ ਸਮੇਂ ਸਿਰ ਸ਼ਾਮਲ ਹੋ ਸਕਦਾ ਸਾਂ। ਹਕੀਕਤ ਤਾਂ ਇਹ ਸੀ ਕਿ ਇਹ ਸਫ਼ਰ ਹੁਣ ਮੇਰੇ ਲਈ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਸੀ।
ਸਟੇਸ਼ਨ ਦੇ ਲਾਊਡ-ਸਪੀਕਰ ਤੋਂ ਗੂੰਜਦੀ ਭਾਰੀ ਆਵਾਜ਼ “ਕਿਰਪਾ ਕਰਕੇ ਯਾਤਰੀ ਧਿਆਨ ਦੇਣ, ਕਾਲਕਾ ਤੋਂ ਦਿੱਲੀ ਹੋ ਕੇ ਹਾਵੜਾ ਨੂੰ ਜਾਣ ਵਾਲੀ ‘ਕਾਲਕਾ ਮੇਲ’ ਕੁਝ ਹੀ ਦੇਰ ਵਿੱਚ ਪਲੈਟਫਾਰਮ ਨੰਬਰ ਇੱਕ ’ਤੇ ਪਹੁੰਚ ਰਹੀ ਹੈ” ਨੇ ਪਲੈਟਫਾਰਮ ’ਤੇ ਪਹਿਲਾਂ ਹੀ ਪੱਸਰੀ ਬੇਚੈਨੀ ਵਿੱਚ ਇੱਕ ਅਜੀਬ ਜਿਹੀ ਤੇਜ਼ ਹਲਚਲ ਪੈਦਾ ਕਰ ਦਿੱਤੀ। ਮੁਸਾਫ਼ਰਾਂ ਦਾ ਅਜਿਹਾ ਭਾਰੀ ਹਜੂਮ ਸੀ ਕਿ ਪਲੈਟਫਾਰਮ ’ਤੇ ਤਿਲ ਸੁੱਟਣ ਦੀ ਵੀ ਥਾਂ ਨਹੀਂ ਸੀ। ਜਿੱਥੇ ਤੱਕ ਨਜ਼ਰ ਜਾਂਦੀ, ਜ਼ਿਆਦਾਤਰ ਆਪੋ-ਆਪਣੇ ਘਰਾਂ ਨੂੰ ਪਰਤਣ ਦੀ ਕਾਹਲ ਵਿੱਚ ਪਰਵਾਸੀ ਮਜ਼ਦੂਰ ਹੀ ਦਿਖਾਈ ਦੇ ਰਹੇ ਸਨ; ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਪੂਰਾ ਪਲੈਟਫਾਰਮ ਹੀ ਉਨ੍ਹਾਂ ਦੇ ਰੰਗ ਵਿੱਚ ਰੰਗਿਆ ਗਿਆ ਹੋਵੇ। ਜਿਉਂ ਹੀ ਗੱਡੀ ਆਪਣੀ ਪੂਰੀ ਗੜਗੜਾਹਟ ਨਾਲ ਪਲੈਟਫਾਰਮ ’ਤੇ ਆ ਕੇ ਰੁਕੀ, ਚਾਰੇ ਪਾਸੇ ਹਫੜਾ-ਦਫੜੀ ਮੱਚ ਗਈ। ਉਹ ਲੋਕ ਆਪਣੇ ਬੁੱਚਕਿਆਂ, ਲੋਹੇ ਦੇ ਪੀਪਿਆਂ ਅਤੇ ਗੱਠੜੀਆਂ ਸਣੇ, ਵਿਲਕਦੇ ਬੱਚਿਆਂ ਨੂੰ ਕੁੱਛੜ ਅਤੇ ਘਨੇੜੇ ਚੁੱਕੀ ਏ.ਸੀ. ਕੋਚਾਂ ਵਿੱਚ ਹੀ ਧਸ ਗਏ। ਡੱਬੇ ਦੇ ਅੰਦਰ ਬੜਾ ਸ਼ੋਰ ਸੀ; ਹਰ ਕੋਈ ਜਗ੍ਹਾ ਲੈਣ ਲਈ ਜੱਦੋ-ਜਹਿਦ ਕਰ ਰਿਹਾ ਸੀ। ਪੱਕੀ ਟਿਕਟ ਨਾ ਹੋਣ ਦੇ ਬਾਵਜੂਦ ਉਸ ਭਿਆਨਕ ਗਰਮੀ ਤੋਂ ਬਚਣ ਅਤੇ ਵਕਤ ਸਿਰ ਮੰਜ਼ਿਲ ’ਤੇ ਪਹੁੰਚਣ ਦੀ ਮਜਬੂਰੀ ਨੇ ਮੈਨੂੰ ਵੀ ਹਿੰਮਤ ਬਖ਼ਸ਼ੀ ਅਤੇ ਮੈਂ ਵੀ ਉਸੇ ਭੀੜ ਦਾ ਹਿੱਸਾ ਬਣ ਕੇ ਅੰਦਰ ਧੱਕਿਆ ਗਿਆ।
ਗੱਡੀ ਨੇ ਅਜੇ ਰਫ਼ਤਾਰ ਫੜੀ ਹੀ ਸੀ ਕਿ ਖਚਾਖਚ ਭਰੇ ਡੱਬੇ ਵਿੱਚ ਸਾਹ ਲੈਣਾ ਵੀ ਮੁਹਾਲ ਹੋ ਰਿਹਾ ਸੀ। ਅਜਿਹੇ ਦਮ-ਘੋਟੂ ਆਲਮ ਨੂੰ ਚੀਰਦੇ ਹੋਏ, ਕਰੜੇ ਤੇਵਰਾਂ ਵਾਲੇ ਇੱਕ ਟੀ.ਟੀ.ਈ. ਦਾਖ਼ਲ ਹੋਏ। ਕੋਈ ਪੰਜਾਹਾਂ ਨੂੰ ਢੁੱਕੀ ਉਮਰ, ਲੰਮਾ-ਲੰਝਾ ਕੱਦ, ਇਕਹਿਰਾ ਜੁੱਸਾ ਅਤੇ ਧੌਲੀ-ਸਿਆਹ ਦਾੜ੍ਹੀ ਉਨ੍ਹਾਂ ਦੇ ਚਿਹਰੇ-ਮੋਹਰੇ ਨੂੰ ਹੋਰ ਵੀ ਰੋਹਬਦਾਰ ਬਣਾ ਰਹੀ ਸੀ। ਕਾਲੇ ਕੋਟ ’ਤੇ ਲੱਗੀ ਪਿੱਤਲ ਦੀ ਤਖ਼ਤੀ ਉੱਤੇ ਉਨ੍ਹਾਂ ਦਾ ਨਾਂ ‘ਅਬਦੁਲ ਲਤੀਫ਼’ ਸਾਫ਼ ਚਮਕ ਰਿਹਾ ਸੀ। ਉਨ੍ਹਾਂ ਨੇ ਇੱਕੋ ਹੱਥ ਵਿੱਚ ਚੂੰਢੀ ਵਾਲੇ ਗੱਤੇ ਵਿੱਚ ਨਪੇ ਹੋਏ ਰਿਜ਼ਰਵੇਸ਼ਨ ਚਾਰਟ ਤੇ ਰਸੀਦ ਬੁੱਕ ਫੜੀ ਹੋਈ ਸੀ ਅਤੇ ਦੂਜੇ ਹੱਥ ਨਾਲ ਭੀੜ ਨੂੰ ਪਰ੍ਹਾਂ ਕਰਦਿਆਂ ਉਹ ਸ਼ੁੱਧ ਹਿੰਦੁਸਤਾਨੀ ਲਹਿਜੇ ਵਿੱਚ ਗਰਜੇ, “ਯੇ ਏ.ਸੀ. ਕੋਚ ਹੈ, ਅਗਲੇ ਸਟੇਸ਼ਨ ਪਰ ਉਤਰਨੇ ਕੀ ਜ਼ਹਿਮਤ ਕੀਜੀਏ, ਵਰਨਾ ਭਾਰੀ ਜੁਰਮਾਨਾ ਅਦਾ ਕਰਨਾ ਪੜੇਗਾ!” ਫਿਰ ਐਨਕ ਦੇ ਉੱਪਰੋਂ ਪਾਰਖੂ ਨਜ਼ਰਾਂ ਨਾਲ ਝਾਕਦਿਆਂ ਉਹ ਮੇਰੇ ਕੋਲ ਆ ਕੇ ਰੁਕੇ ਅਤੇ ਭਾਰੀ ਆਵਾਜ਼ ਵਿੱਚ ਬੋਲੇ, “ਸਰਦਾਰ ਜੀ, ਅਪਨੀ ਟਿਕਟ ਦਿਖਾਈਏ!”
ਉਨ੍ਹਾਂ ਦੇ ਇਸ ਸਰਕਾਰੀ ਰੋਹਬ ਨੂੰ ਦੇਖ ਕੇ ਮੈਂ ਪਹਿਲਾਂ ਤਾਂ ਥੋੜ੍ਹਾ ਜਿਹਾ ਠਠੰਬਰ ਗਿਆ, ਪਰ ਫਿਰ ਤੁਰੰਤ ਖ਼ੁਦ ਨੂੰ ਸੰਭਾਲਿਆ। ਮੈਂ ਚਾਹੁੰਦਾ ਸਾਂ ਕਿ ਮੇਰੀ ਗੱਲਬਾਤ ਦਾ ਉਨ੍ਹਾਂ ’ਤੇ ਕੋਈ ਅਜਿਹਾ ਪ੍ਰਭਾਵ ਪਵੇ ਕਿ ਉਹ ਮੇਰੀ ਬੇਵੱਸੀ ਨੂੰ ਖ਼ੁਦ-ਬ-ਖ਼ੁਦ ਮਹਿਸੂਸ ਕਰ ਸਕਣ। ਬੱਸ ਇਹੋ ਸੋਚ ਕੇ ਮੈਂ ਸਲੀਕੇ ਨਾਲ ਆਪਣੀ ਜਗ੍ਹਾ ਤੋਂ ਉੱਠਿਆ ਤੇ ਉਨ੍ਹਾਂ ਵੱਲ ਮੁਖ਼ਾਤਿਬ ਹੁੰਦਿਆਂ ਬੜੀ ਗਰਮਜੋਸ਼ੀ ਨਾਲ ਸਲਾਮ ਕੀਤਾ “ਅਸਲਾਮ-ਓ-ਅਲੈਕੁਮ, ਜਨਾਬ!” ਮੇਰੀ ਇਸ ਅਦਬੀ ਪਹਿਲ ਨੇ ਜਿਵੇਂ ਕੋਈ ਜਾਦੂਈ ਅਸਰ ਦਿਖਾਇਆ ਹੋਵੇ। ਉਨ੍ਹਾਂ ਦੇ ਤੇਵਰਾਂ ਦੀ ਸਖ਼ਤੀ ਸਹਿਜੇ ਹੀ ਅਪਣੱਤ ਵਿੱਚ ਬਦਲ ਗਈ ਅਤੇ ਉਨ੍ਹਾਂ ਬੜੇ ਨਿੱਘ ਨਾਲ ਜਵਾਬ ਦਿੱਤਾ, “ਵਾਲੇਕੁਮ-ਅੱਸਲਾਮ! ਸਰਦਾਰ ਜੀ, ਕੈਸੇ ਮਿਜਾਜ਼ ਹੈਂ ਆਪ ਕੇ?”
ਮੈਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਲੋਹਾ ਪੂਰੀ ਤਰ੍ਹਾਂ ਗਰਮ ਹੈ; ਸੋ ਮੈਂ ਉਰਦੂ ਦੇ ਉਸੇ ਸ਼ਾਇਸਤਾ ਲਹਿਜੇ ਵਿੱਚ ਆਪਣੀ ਸਥਿਤੀ ਬਿਆਨ ਕੀਤੀ: “ਜਨਾਬ! ਮਾਜ਼ਰਤ (ਮਾਫ਼ੀ) ਚਾਹਤਾ ਹੂੰ, ਕੁਛ ਐਸੇ ਨਾਗੁਜ਼ੀਰ (ਮਜਬੂਰੀ ਵਾਲੇ) ਹਾਲਾਤ ਪੇਸ਼ ਆਏ ਕਿ ਮੁਝੇ ਅਲੀਗੜ੍ਹ ਕਿਸੀ ਨਿਹਾਇਤ ਜ਼ਰੂਰੀ ਕਾਮ ਕੇ ਲੀਏ ਬਿਨਾਂ ਰਿਜ਼ਰਵੇਸ਼ਨ ਕੇ ਹੀ ਨਿਕਲਨਾ ਪੜਾ। ਅਬ ਆਪ ਜੈਸੇ ਸ਼ਫ਼ੀਕ (ਮਿਹਰਬਾਨ) ਅਫ਼ਸਰ ਹੀ ਅੱਲ੍ਹਾ ਕੇ ਫ਼ਜ਼ਲ-ਓ-ਕਰਮ ਸੇ ਮੇਰੀ ਮਦਦ ਕਰ ਸਕਤੇ ਹੈਂ।”
ਮੇਰੀ ਇਹ ਗੁਫ਼ਤਗੂ ਸੁਣ ਕੇ ਅਬਦੁਲ ਲਤੀਫ਼ ਦੰਗ ਰਹਿ ਗਏ। ਉਨ੍ਹਾਂ ਦੀਆਂ ਅੱਖਾਂ ਵਿੱਚ ਇੱਕ ਅਨੋਖੀ ਹੈਰਾਨੀ ਅਤੇ ਰੂਹਾਨੀ ਖੇੜਾ ਸੀ। ਗ਼ਾਲਿਬਨ, ਉਨ੍ਹਾਂ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਕੋਈ ਪੰਜਾਬੀ ਤੇ ਉਹ ਵੀ ਸਰਦਾਰ ਉਰਦੂ ਦੇ ਅਜਿਹੇ ਸ਼ੀਰੀਂ ਲਹਿਜੇ ਵਿੱਚ ਉਨ੍ਹਾਂ ਨਾਲ ਗੱਲ ਕਰ ਸਕਦਾ ਹੈ। ਉਨ੍ਹਾਂ ਨੇ ਬੜੇ ਮੋਹ ਨਾਲ ਪੁੱਛਿਆ, “ਸਰਦਾਰ ਜੀ! ਪੰਜਾਬੀ ਹੋ ਕਰ ਆਪ ਇਤਨੀ ਅੱਛੀ ਉਰਦੂ ਕੈਸੇ ਬੋਲ ਲੇਤੇ ਹੈਂ? ਜ਼ਰਾ ਬਤਾਈਏ, ਯੇ ਖ਼ੂਬਸੂਰਤ ਲਹਿਜਾ ਆਪ ਨੇ ਕਹਾਂ ਸੇ ਸੀਖਾ?”
ਮੈਂ ਬਹੁਤ ਹੀ ਹਲੀਮੀ ਨਾਲ ਮੁਸਕਰਾਉਂਦਿਆਂ ਜਵਾਬ ਦਿੱਤਾ, “ਜਨਾਬ, ਮੈਂ ਕਿਸੇ ਉਸਤਾਦ ਤੋਂ ਬਾਕਾਇਦਾ ਉਰਦੂ ਦੀ ਤਾਲੀਮ ਹਾਸਿਲ ਨਹੀਂ ਕੀਤੀ ਸਗੋਂ ਸੱਚ ਤਾਂ ਇਹ ਹੈ ਕਿ ਮੈਨੂੰ ਉਰਦੂ ਲਿਪੀ ਨਾ ਪੜ੍ਹਨੀ ਆਉਂਦੀ ਹੈ ਤੇ ਨਾ ਹੀ ਲਿਖਣੀ। ਮੈਂ ਤਾਂ ਬਸ ਲੰਮੇ ਅਰਸੇ ਤੋਂ ਬੀ.ਬੀ.ਸੀ. ਉਰਦੂ ਸਰਵਿਸ ਤੋਂ ਨਸ਼ਰ ਹੁੰਦੀਆਂ ਖ਼ਬਰਾਂ ਅਤੇ ਆਲਮੀ ਹਾਲਾਤ ’ਤੇ ਹੋਣ ਵਾਲੇ ਤਬਸਰਿਆਂ ਨੂੰ ਬੜੀ ਸ਼ਿੱਦਤ ਨਾਲ ਸੁਣ-ਸੁਣ ਕੇ ਹੀ ਇਹ ਮਾੜੀ-ਮੋਟੀ ਉਰਦੂ ਬੋਲਣੀ ਸਿੱਖੀ ਹੈ। ਰਹੀ ਗੱਲ ਅੰਦਾਜ਼ ਦੀ, ਤਾਂ ਪਾਕਿਸਤਾਨੀ ਡਰਾਮਿਆਂ ਦੀ ਬੜੇ ਸਲੀਕੇ ਵਾਲੀ ਮਿੱਠੀ ਬੋਲ-ਚਾਲ ਅਤੇ ਮਿਆਰੀ ਤਰਜ਼-ਏ-ਅਦਾਇਗੀ ਨੇ ਮੇਰੀ ਗੁਫ਼ਤਗੂ ਵਿੱਚ ਇੱਕ ਅਨੋਖਾ ਨਿਖਾਰ ਲਿਆ ਦਿੱਤਾ ਹੈ। ਉਸ ਦੌਰਾਨ ਜੋ ਵੀ ਦਿਲਕਸ਼ ਅਲਫ਼ਾਜ਼ ਕੰਨੀਂ ਪੈਂਦੇ, ਮੈਂ ਉਨ੍ਹਾਂ ਨੂੰ ਤੁਰੰਤ ਆਪਣੀ ਇੱਕ ਨਿੱਜੀ ਡਾਇਰੀ ਵਿੱਚ ਗੁਰਮੁਖੀ ਅੱਖਰਾਂ ਵਿੱਚ ਹੀ ਕਲਮਬੰਦ ਕਰ ਲੈਂਦਾ ਸੀ। ਉਸੇ ਡਾਇਰੀ ਵਿੱਚ ਸਾਂਭੇ ਇਨ੍ਹਾਂ ਲਫ਼ਜ਼ਾਂ ਨੂੰ ਵਾਰ-ਵਾਰ ਜ਼ਬਾਨ ’ਤੇ ਚੜ੍ਹਾਉਣ ਦੇ ਸਿਰੜ ਨੇ ਹੀ ਅੱਜ ਮੈਨੂੰ ਤੁਹਾਡੇ ਸਾਹਮਣੇ ਦੋ ਅੱਖਰ ਬੋਲਣ ਜੋਗਾ ਬਣਾਇਆ ਹੈ।”
ਬਹਰਹਾਲ, ਮੇਰੀ ਇਸ ਬਦਹਵਾਸੀ ਅਤੇ ਮਜਬੂਰੀ ਭਰੀ ਦਾਸਤਾਨ ਨੂੰ ਸੁਣ ਕੇ ਅਬਦੁਲ ਲਤੀਫ਼ ਹੁਰਾਂ ਦੇ ਰਵੱਈਏ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਆ ਗਿਆ। ਉਹ ਬੜੀ ਸੰਜੀਦਗੀ ਨਾਲ ਬੋਲੇ, “ਸਰਦਾਰ ਜੀ, ਆਪ ਇਤਮਿਨਾਨ ਸੇ ਬੈਠੀਏ। ਮੈਂ ਅੰਬਾਲਾ ਸਟੇਸ਼ਨ ਪਰ ਆਪ ਕੀ ਸੀਟ ਕਾ ਕੋਈ ਨਾ ਕੋਈ ਇੰਤਜ਼ਾਮ ਕਰਤਾ ਹੂੰ।” ਉਨ੍ਹਾਂ ਦੀ ਇਸ ਨਰਮੀ ਸਦਕਾ ਮੇਰੇ ਮਨ ਦਾ ਬੋਝ ਭਾਵੇਂ ਕੁਝ ਹੌਲਾ ਤਾਂ ਹੋਇਆ, ਪਰ ਬੇਟਿਕਟਾ ਫੜੇ ਜਾਣ ਦਾ ਖ਼ਦਸ਼ਾ ਅਜੇ ਵੀ ਜਿਉਂ ਦਾ ਤਿਉਂ ਬਰਕਰਾਰ ਸੀ। ਦਰਅਸਲ, ਮੇਰੇ ਕੋਲ ਸਿਰਫ਼ ਜਨਰਲ ਡੱਬੇ ਦੀ ਟਿਕਟ ਸੀ ਅਤੇ ਏ.ਸੀ. ਕੋਚ ਵਿੱਚ ਮੇਰਾ ਇਸ ਤਰ੍ਹਾਂ ਸਫ਼ਰ ਕਰਨਾ ਨਾ ਕੇਵਲ ਗ਼ੈਰ-ਕਾਨੂੰਨੀ ਸੀ, ਸਗੋਂ ਇਖ਼ਲਾਕੀ ਤੌਰ ’ਤੇ ਵੀ ਮੈਨੂੰ ਗ਼ਲਤ ਲੱਗ ਰਿਹਾ ਸੀ। ਮੇਰਾ ਮਨ ਭੈਅ ਅਤੇ ਸਹਿਮ ਦੀ ਅਜਿਹੀ ਗ੍ਰਿਫ਼ਤ ਵਿੱਚ ਸੀ ਕਿ ਮੋਟਾ ਜੁਰਮਾਨਾ ਭਰਨਾ ਤਾਂ ਕੋਈ ਵੱਡੀ ਗੱਲ ਨਹੀਂ ਸੀ, ਪਰ ਫ਼ਿਕਰ ਇਸ ਗੱਲ ਦਾ ਸੀ ਕਿ ਸਰਕਾਰੀ ਨੌਕਰੀ ਵਿੱਚ ਹੋਣ ਕਰਕੇ ਕਿਧਰੇ ਮੇਰੀ ਇੱਜ਼ਤ ਅਤੇ ਮੁਲਾਜ਼ਮਤ ’ਤੇ ਕੋਈ ਹਰਫ਼ ਨਾ ਆ ਜਾਵੇ। ਲਿਹਾਜ਼ਾ, ਜਦੋਂ ਤੱਕ ਮੈਨੂੰ ਕਾਨੂੰਨੀ ਤੌਰ ’ਤੇ ਬਰਥ ਨਹੀਂ ਸੀ ਮਿਲ ਜਾਂਦੀ, ਤਦ ਤੱਕ ਮੇਰਾ ਮਨ ਡਿੱਕੇ-ਡੋਲੇ ਖਾਂਦਾ ਰਿਹਾ।
ਜਿਵੇਂ ਹੀ ਗੱਡੀ ਅੰਬਾਲਾ ਸਟੇਸ਼ਨ ’ਤੇ ਰੁਕੀ, ਅਬਦੁਲ ਲਤੀਫ਼ ਹੋਰਾਂ ਨੇ ਆਪਣੀ ਡਿਊਟੀ ਨਿਭਾਉਂਦਿਆਂ ਰਿਜ਼ਰਵੇਸ਼ਨ ਚਾਰਟ ’ਤੇ ਨਜ਼ਰ ਮਾਰੀ। ਕਿਸੇ ਮੁਸਾਫ਼ਰ ਦੇ ਨਾ ਪਹੁੰਚਣ ਕਾਰਨ ਖ਼ਾਲੀ ਹੋਈ ਇੱਕ ਬਰਥ ਉਨ੍ਹਾਂ ਨੇ ਤੁਰੰਤ ਮੇਰੇ ਨਾਮ ਅਲਾਟ ਕਰ ਦਿੱਤੀ। ਬਾਕਾਇਦਾ ਰਸੀਦ ਕੱਟ ਕੇ ਮੇਰੇ ਹੱਥ ਫੜਾਉਂਦਿਆਂ ਉਹ ਬੜੇ ਹੀ ਅਪਣੱਤ ਭਰੇ ਅੰਦਾਜ਼ ਵਿੱਚ ਬੋਲੇ, “ਲੀਜੀਏ ਸਰਦਾਰ ਜੀ, ਅਬ ਆਪ ਬੇਫ਼ਿਕਰੀ ਸੇ ਆਪਣੀ ਮੰਜ਼ਿਲ ਤੱਕ ਕਾ ਸਫ਼ਰ ਤੈਅ ਕੀਜੀਏ।” ਕਾਇਦੇ ਅਨੁਸਾਰ ਉਸ ਸੀਟ ਦਾ ਹੱਕ ਮਿਲਦਿਆਂ ਹੀ ਮੇਰਾ ਸਾਰਾ ਡਰ ਜਾਂਦਾ ਰਿਹਾ ਅਤੇ ਮਨ ਪੂਰੀ ਤਰ੍ਹਾਂ ਅਡੋਲ ਹੋ ਗਿਆ। ਹੁਣ ਮੈਂ ਸਰਕਾਰੀ ਕਾਗ਼ਜ਼ਾਂ ਵਿੱਚ ਵੀ ਓਨਾ ਹੀ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ, ਜਿੰਨਾ ਰੂਹਾਨੀ ਤੌਰ ’ਤੇ ਉਨ੍ਹਾਂ ਦੀ ਸੰਗਤ ਵਿੱਚ।
ਰਾਤ ਦੇ ਸਫ਼ਰ ਦੌਰਾਨ ਅਸੀਂ ਇੱਕ-ਦੂਜੇ ਨਾਲ ਇੰਨੇ ਜ਼ਿਆਦਾ ਘੁਲ-ਮਿਲ ਗਏ ਕਿ ਗੱਲਾਂ-ਬਾਤਾਂ ਦਾ ਦੌਰ ਲਗਾਤਾਰ ਜਾਰੀ ਰਿਹਾ। ਅਬਦੁਲ ਲਤੀਫ਼ ਹੋਰੀਂ ਜਦੋਂ ਵੀ ਆਪਣੀ ਡਿਊਟੀ ਦੇ ਗੇੜੇ ਤੋਂ ਵਿਹਲੇ ਹੁੰਦੇ, ਮੁੜ ਮੇਰੇ ਕੋਲ ਆ ਕੇ ਬੈਠ ਜਾਂਦੇ। ਇਸ ਗੁਫ਼ਤਗੂ ਦੌਰਾਨ ਉਨ੍ਹਾਂ ਦੀ ਸ਼ਾਇਰਾਨਾ ਰੁਚੀ ਪੂਰੀ ਤਰ੍ਹਾਂ ਉੱਘੜ ਕੇ ਸਾਹਮਣੇ ਆਈ। ਬਸ ਫਿਰ ਕੀ ਸੀ, ਉਨ੍ਹਾਂ ਨੇ ਆਪਣੇ ਕੋਟ ਦੀ ਜੇਬ ਵਿੱਚੋਂ ਇੱਕ ਪਾਕੇਟ ਡਾਇਰੀ ਕੱਢੀ ਅਤੇ ਉਰਦੂ ਦੇ ਕੁਝ ਆਪਣੇ ਲਿਖੇ ਸ਼ਿਅਰ ਸੁਣਾ ਕੇ ਮਾਹੌਲ ਨੂੰ ਪੂਰੀ ਤਰ੍ਹਾਂ ਸਾਹਿਤਕ ਰੰਗ ਵਿੱਚ ਢਾਲ ਦਿੱਤਾ। ਉਨ੍ਹਾਂ ਦੇ ਅੰਦਾਜ਼-ਏ-ਬਿਆਂ ਵਿੱਚ ਇੱਕ ਅਜੀਬ ਜਿਹੀ ਰੂਹਾਨੀ ਖਿੱਚ ਸੀ। ਮੈਂ ਵੀ ਉਨ੍ਹਾਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਡਮੁੱਲੇ ਤੇ ਅਮੀਰ ਵਿਰਸੇ ਅਤੇ ਸਾਡੀਆਂ ਗੂੜ੍ਹੀਆਂ ਸੱਭਿਆਚਾਰਕ ਸਾਂਝਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ, ਜਿਸ ਨੂੰ ਉਹ ਬੜੀ ਰੂਹ ਨਾਲ ਸੁਣਦੇ ਰਹੇ।
ਅਦਬ ਦੀ ਜ਼ੁਬਾਨ, ਮੁਹੱਬਤ ਦੀ ਭਾਸ਼ਾ

