ਵੈਨਕੂਵਰ, (ਏਕਜੋਤ ਿਸੰਘ): ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ 78 ਸਾਲਾ ਲੂਸੀ ਹੇਮਬਰੋ ਨੇ ਵਿਲੀਅਮ ਐੱਫ. ਡੇਵਿਡਸਨ ਐਲੀਮੈਂਟਰੀ ਸਕੂਲ ਵਿੱਚ ਕਰਾਸਿੰਗ ਗਾਰਡ ਵਜੋਂ ਸੇਵਾ ਦੇ 40 ਸਾਲ ਪੂਰੇ ਕਰ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ । ਪਿਛਲੇ ਚਾਰ ਦਹਾਕਿਆਂ ਤੋਂ ਲੂਸੀ ਹਰ ਮੌਸਮ ਵਿੱਚ 156 ਸਟ੍ਰੀਟ ਅਤੇ 99ਏ ਐਵੇਨਿਊ ਦੇ ਮੋੜ ‘ਤੇ ਬੱਚਿਆਂ ਨੂੰ ਸੁਰੱਖਿਅਤ ਸੜਕ ਪਾਰ ਕਰਵਾ ਰਹੀ ਹੈ । ਉਸ ਦੀ ਇਸ ਨਿਰੰਤਰ ਸੇਵਾ ਸਦਕਾ ਉਹ ਇਲਾਕੇ ਵਿੱਚ ਸਤਿਕਾਰਤ ‘ਦਾਦੀ ਮਾਂ’ ਵਜੋਂ ਜਾਣੀ ਜਾਂਦੀ ਹੈ । ਲੂਸੀ ਬੜੇ ਮਾਣ ਨਾਲ ਦੱਸਦੀ ਹੈ ਕਿ ਉਸ ਦੇ ਹੱਥ ਫੜ ਕੇ ਸੜਕ ਪਾਰ ਕਰਨ ਵਾਲੇ ਕਈ ਬੱਚੇ ਅੱਜ ਪੁਲਿਸ ਅਫ਼ਸਰ, ਨਰਸ ਅਤੇ ਅਧਿਆਪਕ ਬਣ ਕੇ ਸਮਾਜ ਦੀ ਸੇਵਾ ਕਰ ਰਹੇ ਹਨ । ਸਕੂਲ ਜ਼ੋਨ ਵਿੱਚ ਤੇਜ਼ ਰਫ਼ਤਾਰ ਵਾਹਨਾਂ ਅਤੇ ਖ਼ਰਾਬ ਮੌਸਮ ਦੀਆਂ ਚੁਣੌਤੀਆਂ ਦੇ ਬਾਵਜੂਦ, ਲੂਸੀ ਦੀ ਵਚਨਬੱਧਤਾ ਅਟੱਲ ਹੈ । ਉਸ ਅਨੁਸਾਰ ਇਹ ਸੇਵਾ ਉਸ ਨੂੰ 78 ਸਾਲ ਦੀ ਉਮਰ ਵਿੱਚ ਵੀ ਸਰੀਰਕ ਅਤੇ ਮਾਨਸਿਕ ਤੌਰ ‘ਤੇ ਚੁਸਤ-ਦਰੁਸਤ ਰੱਖਦੀ ਹੈ । ਮੌਜੂਦਾ ਵਿਦਿਆਰਥੀਆਂ ਵੱਲੋਂ ਮਿਲਦਾ ਪਿਆਰ ਅਤੇ ਸਤਿਕਾਰ ਹੀ ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ । ਇਸ ਬੇਮਿਸਾਲ ਯੋਗਦਾਨ ਦੇ ਸਨਮਾਨ ਵਿੱਚ ਸਕੂਲ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਮਈ ਜਾਂ ਜੂਨ ਮਹੀਨੇ ਵਿੱਚ ਇੱਕ ਵਿਸ਼ੇਸ਼ ਸਮਾਗਮ ਉਲੀਕਿਆ ਜਾ ਰਿਹਾ ਹੈ । ਲੂਸੀ ਦੀ ਕਹਾਣੀ ਸਿੱਧ ਕਰਦੀ ਹੈ ਕਿ ਨਿਰੰਤਰ ਸੇਵਾ ਭਾਵਨਾ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਇੱਕ ਛੋਟਾ ਜਿਹਾ ਯੋਗਦਾਨ ਵੀ ਸਮਾਜ ਵਿੱਚ ਵੱਡੀ ਤਬਦੀਲੀ ਲਿਆ ਸਕਦਾ ਹੈ ।

