ਡਾ. ਗੁਰਦੇਵ ਿਸੰਘ ਿਸੱਧੂ
ਮੋਬਾਈਲ 9417049417
1812 ਵਿਚ ਜਨਮਿਆ ਜੋਜ਼ਫ ਡੇਵੀ ਕਨਿੰਘਮ ਲੰਡਨ ਦੀ ਮਿਲਟਰੀ ਅਕੈਡਮੀ ਵਿਚ ਸਿਖਲਾਈ ਪ੍ਰਾਪਤ ਕਰਕੇ 1834 ਵਿਚ ਭਾਰਤ ਆ ਕੇ ਈਸਟ ਇੰਡੀਆ ਕੰਪਨੀ ਦੀ ਫੌਜ ਵਿਚ ਕੈਪਟਨ ਭਰਤੀ ਹੋ ਗਿਆ।ਚਾਰ ਸਾਲ ਪਿੱਛੋਂ ਉਸ ਦੀ ਨਿਯੁਕਤੀ ਕੰਪਨੀ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਉੱਤੇ ਨਜ਼ਰ ਰੱਖਣ ਵਾਸਤੇ ਲੁਧਿਆਣੇ ਵਿਚ ਤੈਨਾਤ ਪੁਲਿਟੀਕਲ ਏਜੰਟ ਕਰਨਲ ਵੇਡ ਦੇ ਸਹਾਇਕ ਵਜੋਂ ਲਾਈ ਗਈ।ਏਜੰਟ ਦੀ ਸਿਫਾਰਿਸ਼ ਉੱਤੇ ਉਸ ਨੂੰ ਸਮੇਂ ਸਮੇਂ ਵਿਸ਼ੇਸ਼ ਕਾਰਜਾਂ ਵਾਸਤੇ ਕਾਬਲ, ਪਸ਼ੌਰ ਅਤੇ ਤਿੱਬਤ ਭੇਜਿਆ ਗਿਆ।ਵਿਚ ਵਿਚਾਲੇ ਉਸ ਨੇ ਲੁਧਿਆਣਾ ਅਤੇ ਫਿਰੋਜ਼ਪੁਰ ਇਲਾਕੇ ਦੇ ਡਿਪਟੀ ਕਮਿਸ਼ਨਰ ਵੱਜੋਂ ਵੀ ਕੰਮ ਕੀਤਾ।1845 ਵਿਚ ਉਸ ਨੂੰ ਏਜੰਟ ਵਜੋਂ ਤਰੱਕੀ ਦੇ ਕੇ ਬਹਾਵਲਪੁਰ ਭੇਜ ਦਿੱਤਾ ਗਿਆ।ਦਸੰਬਰ ਦੇ ਮਹੀਨੇ ਲਾਹੌਰ ਦਰਬਾਰ ਨਾਲ ਹੋ ਰਹੀ ਜੰਗ ਵਿਚ ਸ਼ਾਮਲ ਹੋਣ ਵਾਸਤੇ ਸੱਦੇ ਜਾਣ ਉੱਤੇ ਆ ਕੇ ਉਸ ਨੇ ਬੱਦੋਵਾਲ, ਅਲੀਵਾਲ ਅਤੇ ਸਭਰਾਉਂ ਦੀ ਲੜਾਈ ਵਿਚ ਹਿੱਸਾ ਲਿਆ। ਜੰਗ ਖਤਮ ਹੋਣ ਪਿੱਛੋਂ ਉਸ ਦੀ ਨਿਯੁਕਤੀ ਭੋਪਾਲ ਰਿਆਸਤ ਵਿਚ ਪੁਲਿਟੀਕਲ ਏਜੰਟ ਵਜੋਂ ਹੋਈ।
1844 ਵਿਚ ਕੰਪਨੀ ਸਰਕਾਰ ਨੇ ਕਨਿੰਘਮ ਨੂੰ ਸਤਲੁਜ ਤੋਂ ਪੂਰਬ ਵੱਲ ਦੀਆਂ ਰਿਆਸਤਾਂ ਨਾਲ ਬਰਤਾਨਵੀ ਸੰਬੰਧਾਂ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਫੌਜੀ ਵਸੀਲਿਆਂ ਬਾਰੇ ਰਿਪੋਰਟ ਪੇਸ਼ ਕਰਨ ਵਾਸਤੇ ਕਿਹਾ ਸੀ।ਇਹ ਰਿਪੋਰਟ ਤਿਆਰ ਕਰਦਿਆਂ ਉਸ ਨੇ ‘’ਸਿੱਖ ਇਤਿਹਾਸ ਵਿਚ ਸਭ ਤੋਂ ਵਧੀਕ ਮਹੱਤਵ’’ 8 ਸਾਲ ਪੰਜਾਬ ਵਿਚ ਗੁਜ਼ਾਰਨ ਸਦਕਾ ਪ੍ਰਾਪਤ ਅਨੁਭਵ ਨੂੰ ਪੁਸਤਕ ਰੂਪ ਦੇਣ ਦਾ ਮਨ ਬਣਾਇਆ।ਲੇਖਕ ਨੇ ਇਸ ਪੁਸਤਕ ਨੂੰ ‘’ਕੌਮ ਦੇ ਜਨਮ ਤੋਂ ਸਤਲੁਜ ਦੀਆਂ ਲੜਾਈਆਂ ਤੱਕ ਸਿੱਖਾਂ ਦਾ ਇਤਿਹਾਸ’’ ਨਾਮ ਦਿੱਤਾ ਸੀ, ਪਰ ਸਿੱਖ ਜਗਤ ਵਿਚ ਇਹ ਕਨਿੰਘਮ ਰਚਿਤ ਸਿੱਖ ਇਤਿਹਾਸ ਨਾਉਂ ਨਾਲ ਪ੍ਰਸਿੱਧ ਹੈ।ਮਾਰਚ 1849 ਵਿਚ ਉਸ ਦੇ ਭਰਾ ਪੀਟਰ ਕਨਿੰਘਮ ਦੀ ਦੇਖ ਰੇਖ ਹੇਠ ਲੰਡਨ ਦੀ ਜਾਹਨ ਮਰ੍ਹੇ ਐਂਡ ਕੰਪਨੀ ਰਾਹੀਂ ਪ੍ਰਕਾਸ਼ਿਤ ਇਸ ਪੁਸਤਕ ਦੇ 9 ਕਾਂਡਾਂ ਨੂੰ ਦੋ ਭਾਗਾਂ ਵਿਚ ਵੰਡ ਕੇ ਦੇਖਿਆ ਜਾ ਸਕਦਾ ਹੈ।ਪਹਿਲੇ ਚਾਰ ਕਾਂਡਾਂ ਵਿਚ ਮਿਸਲਾਂ ਦੇ ਸਮੇਂ ਤੱਕ ਦਾ ਇਤਿਹਾਸ ਦਰਜ ਹੈ ਅਤੇ ਅਗਲੇ ਕਾਂਡਾਂ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਤੋਂ ਲੈ ਕੇ 1845-46 ਵਿਚ ਹੋਏ ਪਹਿਲੇ ਅੰਗਰੇਜ਼-ਸਿੱਖ ਯੁੱਧ ਨੂੰ ਵਿਸ਼ਾ ਬਣਾਇਆ ਗਿਆ ਹੈ। ਪੰਜਾਬੀ ਅਤੇ ਵਿਸ਼ੇਸ਼ ਕਰਕੇ ਸਿੱਖ ਪਾਠਕਾਂ ਨੇ ਇਸ ਪੁਸਤਕ ਨੂੰ ਭਰੋਸੇਯੋਗ ਮੰਨਿਆ ਕਿਉਂ ਜੋ ਇਹ ਪੁਸਤਕ ਇਕ ਪਾਸੇ ਸਿੱਖ ਇਤਿਹਾਸਕਾਰਾਂ ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ ਆਦਿ ਦੀਆਂ ਲਿਖਤਾਂ ਵਿਚਲੀ ਸ਼ਰਧਾ ਅਤੇ ਦੂਜੇ ਪਾਸੇ ਗੈਰ-ਸਿੱਖ ਇਤਿਹਾਸਕਾਰਾਂ ਦੀਆਂ ਲਿਖਤਾਂ ਵਿਚਲੇ ਤੁਅੱਸਬ ਤੋਂ ਮੁਕਤ ਸੀ।ਇਸ ਦੇ ਉਲਟ ਅੰਗਰੇਜ਼-ਸਿੱਖ ਯੁੱਧ ਵਿਚ ਕੰਪਨੀ ਸਰਕਾਰ ਦੀ ਭੂਮਿਕਾ ਬਾਰੇ ਲੇਖਕ ਦੇ ਵਿਚਾਰ ਸਰਕਾਰ ਨੂੰ ਪ੍ਰੇਸ਼ਾਨ ਕਰਨ ਵਾਲੇ ਸਨ।
ਕਨਿੰਘਮ ਅਨੁਸਾਰ ਕੰਪਨੀ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਪੰਜਾਬ ਉੱਤੇ ਕਬਜ਼ਾ ਕਰਨ ਦੀ ਲਾਲਸਾ ਪਾਲ ਰਹੀ ਸੀ।1835 ਵਿਚ ਫਿਰੋਜ਼ਪੁਰ ਉੱਤੇ ਕਬਜ਼ਾ ਅਤੇ 1838 ਵਿਚ ਇਸ ਨੂੰ ਛਾਉਣੀ ਬਣਾਉਣਾ ਇਸ ਦੀ ਪੂਰਤੀ ਵੱਲ ਵਧਣ ਦੇ ਕਦਮ ਸਨ।ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ 1842 ਵਿਚ ਅੰਬਾਲੇ ਛਾਉਣੀ ਵਿਚ ਰਿਜ਼ਰਵ ਫੌਜ ਜਮ੍ਹਾਂ ਕਰਕੇ, ਪੰਜਾਬ ਦੀ ਸਰਹੱਦ ਨੇੜੇ ਪਹਾੜੀ ਖੇਤਰ ਵਿਚ ਕਸੌਲੀ ਅਤੇ ਸ਼ਿਮਲਾ ਛਾਉਣੀਆਂ ਵਿਚ ਯੂਰਪੀਨ ਫੌਜਾਂ ਗਿਣਤੀ ਵਧਾ ਕੇ ਅਤੇ ਤੋਪਾਂ ਦੀ ਤੈਨਾਤੀ ਕਰਕੇ, ਮੇਰਠ ਵਿਚ ਦਸ ਹਜ਼ਾਰ ਫੌਜ ਅਤੇ ਤੋਪਖਾਨਾ ਰੱਖ ਕੇ ਅਤੇ 1845 ਵਿਚ ਬੰਬਈ ਵਿਚ ਬਣੀਆਂ ਪੁਲ ਬਣਾਉਣ ਦੇ ਕੰਮ ਆਉਣ ਵਾਲੀਆਂ ਬੇੜੀਆਂ ਨੁੰ ਫਿਰੋਜ਼ਪੁਰ ਪਹੁੰਚਾ ਕੇ ਇਹਨਾਂ ਕਾਰਵਾਈਆਂ ਨੂੰ ਪੁਖਤਾ ਰੂਪ ਦਿੱਤਾ ਗਿਆ।ਕਨਿੰਘਮ ਦੇ ਲਿਖਣ ਅਨੁਸਾਰ ਕੰਪਨੀ ਨੇ ਆਪਣੀਆਂ ਫੌਜਾਂ ਪੰਜਾਬ ਵੱਲ ਭੇਜ ਕੇ ਮਹਾਰਾਜਾ ਰਣਜੀਤ ਸਿੰਘ ਨਾਲ 1809 ਵਿਚ ਹੋਈ ਮਿੱਤਰਤਾ ਸੰਧੀ ਨੂੰ ਤੋੜਿਆ।
ਕਨਿੰਘਮ ਅਨੁਸਾਰ ਦੋਵਾਂ ਧਿਰਾਂ ਦਰਮਿਆਨ ਜੰਗ ਨੂੰ ਨੇੜ ਲਿਆਉਣ ਵਿਚ ਗਵਰਨਰ ਜਨਰਲ ਦੇ ਲੁਧਿਆਣਾ ਵਿਚ ਨਿਯੁਕਤ ਏਜੰਟ ਮੇਜਰ ਬ੍ਰਾਡਫੁਟ ਜ਼ੁੰਮੇਵਾਰ ਬਣਿਆ ਜੋ ਲਾਹੌਰ ਦਰਬਾਰ ਦੇ ਸਤਲੁੱਜ ਤੋਂ ਇਸ ਪਾਸੇ ਦੇ ਇਲਾਕੇ ਨੂੰ ਸਤਲੁੱਜ ਤੋਂ ਪੂਰਬ ਵੱਲ ਦੀਆਂ ਹੋਰ ਰਿਆਸਤਾਂ ਵਾਂਗ ਕੰਪਨੀ ਦੀ ਸਰਪ੍ਰਸਤੀ ਹੇਠ ਮੰਨ ਕੇ ਕਾਰਵਾਈ ਕਰ ਰਿਹਾ ਸੀ।ਕਨਿੰਘਮ ਦੇ ਸ਼ਬਦਾਂ ਵਿਚ ‘’ਮੇਜਰ ਬ੍ਰਾਡਫੁਟ ਦੀ ਹਰ ਕਾਰਵਾਈ ਸੋਚੀ ਸਮਝੀ ਐਸੀ ਕਾਰਵਾਈ ਨੂੰ ਪ੍ਰਗਟ ਕਰਦੀ ਸੀ ਜੋ ਨੇਕਦਿਲੀ ਨਹੀ ਸਗੋਂ ਦੁਸ਼ਮਣੀ ਦੀ ਭਾਵਨਾ ਉੱਤੇ ਆਧਾਰਿਤ ਹੋਵੇ।’’ ਕਨਿੰਘਮ ਨੇ ਗਵਰਨਰ ਜਨਰਲ ਦੀ ਖੁਦ ਸਰਹੱਦ ਵੱਲ ਰਵਾਨਗੀ ਕਰਨ ਨੂੰ ਵੀ ਜੰਗੀ ਆਮਦ ਦੀ ਸੂਚਕ ਮੰਨਿਆ ਹੈ।ਇਸ ਸਭ ਕੁੱਝ ਨੂੰ ਸਾਹਮਣੇ ਰੱਖ ਕੇ ਉਸ ਨੇ ਸਿੱਟਾ ਕੱਢਿਆ ਸੀ ਕਿ ‘’ਜੰਗ ਲਈ ਬਹੁਤਾ ਕਸੂਰ ਤਤਕਾਲੀ ਅੰਗਰੇਜ਼ਾਂ ਦਾ ਸੀ।’’
ਕੰਪਨੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ ਹੋਈ ਮਿੱਤਰਤਾ ਸੰਧੀ ਦੀ ਪਾਲਣਾ ਬਾਰੇ ਦੋਵਾਂ ਸਰਕਾਰਾਂ ਦੇ ਰਵੱਈਏ ਬਾਰੇ ਕਨਿੰਘਮ ਦਾ ਕਹਿਣਾ ਸੀ ਕਿ ‘’ਸਿੱਖ 1809 ਦੇ ਸੰਬੰਧਾਂ ਨਾਲ ਜੁੜੇ ਰਹੇ ਪਰ ਅੰਗਰੇਜ਼ਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਸੀ।’’
ਅੰਗਰੇਜ਼ ਹਾਕਮਾਂ ਲਈ ਤਾਂ ਏਨਾ ਕੁ ਸਹਿਣ ਕਰਨਾ ਹੀ ਕਠਿਨ ਸੀ ਪਰ ਕਨਿੰਘਮ ਤਾਂ ਇਸ ਤੋਂ ਵੀ ਅੱਗੇ ਵਧ ਗਿਆ।ਉਸ ਨੇ ਜੰਗ ਦੌਰਾਨ ਅੰਗਰੇਜ਼ੀ ਫੌਜ ਦੀਆਂ ਕਮਜ਼ੋਰੀਆਂ ਦਾ ਖੁੱਲ੍ਹ ਕੇ ਬਿਆਨ ਕੀਤਾ ਅਤੇ ਸਿੱਖ ਫੌਜ ਦੀ ਕੰਠ ਮੁਕਤ ਸ਼ਲਾਘਾ ਕੀਤੀ। ਸਭਰਾਉਂ ਦੀ ਜੰਗ ਵਿਚ ਸ. ਸ਼ਾਮ ਸਿੰਘ ਅਟਾਰੀ ਦੀ ਅਗਵਾਈ ਵਿਚ ਜੂਝ ਮਰਨ ਵਾਲੇ ਸਿੱਖ ਸੈਨਿਕਾਂ ਬਾਰੇ ਉਸ ਨੇ ਲਿਖਿਆ ‘’ਇਕ ਵੀ ਸਿੱਖ ਨੇ ਹਾਰ ਮੰਨਣੀ ਕਬੂਲ ਨਾ ਕੀਤੀ ਤੇ ਨਾ ਗੁਰੂ ਗੋਬਿੰਦ ਸਿੰਘ ਦੇ ਕਿਸੇ ਸਿੱਖ ਨੇ ਅੰਗਰੇਜ਼ਾਂ ਦੀ ਸ਼ਰਨ ਆਉਣਾ ਮੰਨਿਆ। ਇਹ ਜਵਾਨ ਅਮਰ ਸ਼ੁਹਰਤ ਦੇ ਹੱਕਦਾਰ ਬਣੇ।’’
ਕਨਿੰਘਮ ਨੇ ਪੁਸਤਕ ਪ੍ਰਕਾਸ਼ਿਤ ਹੋਣ ਪਿੱਛੋਂ ਕੁੱਝ ਸਮਕਾਲੀ ਅਧਿਕਾਰੀਆਂ ਨਾਲ ਹੋਈ ਬਾਤ ਚੀਤ ਤੋਂ ਇਸ ਵਿਚ ਕੁੱਝ ਸੋਧ ਸੋਧਾਈ ਕੀਤੀ ਪਰ ਪਹਿਲਾਂ ਕੱਢੇ ਸਿੱਟਿਆਂ ਪ੍ਰਤਿ ਅਡੋਲ ਰਿਹਾ।ਪਹਿਲਾਂ ਵਾਂਗ ਹੀ ਪੀਟਰ ਕਨਿੰਘਮ ਦੁਆਰਾ ਜਨਵਰੀ 1953 ਵਿਚ ਦੂਜੀ ਐਡੀਸ਼ਨ ਛਪਵਾਏ ਜਾਣ ਤੋਂ ਪਹਿਲਾਂ ਹੀ ਉਹ 1851 ਵਿਚ ਸੁਰਗਵਾਸ ਹੋ ਗਿਆ।ਇਹ ਕਿਹਾ ਜਾਂਦਾ ਹੈ ਕਿ ਇਸ ਪੁਸਤਕ ਦੀ ਪ੍ਰਕਾਸ਼ਨਾ ਤੋਂ ਬੌਖਲ਼ਾਏ ਈਸਟ ਇੰਡੀਆ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਉਸ ਨਾਲ ਕੀਤਾ ਅਭੱਦਰ ਵਿਹਾਰ ਉਸ ਦੀ ਮੌਤ ਦਾ ਕਾਰਨ ਬਣਿਆ।ਬੇਸ਼ੱਕ ਕਨਿੰਘਮ ਸਰੀਰਕ ਰੂਪ ਵਿਚ ਚਲਾ ਗਿਆ ਪਰ ਉਸ ਦੀ ਪੁਸਤਕ ਅਧਿਕਾਰੀਆਂ ਦੇ ਸਿਰ ਚੜ੍ਹ ਕੇ ਬੋਲਦੀ ਰਹੀ ਜਿਸ ਦੀ ਪੁਸ਼ਟੀ ਕਰਨਲ ਜੇ. ਬੀ. ਮੈਲਸਨ ਦੀ 1883 ਵਿਚ ਅੰਗਰੇਜ਼ੀ ਵਿਚ ਲਿਖੀ ਪੁਸਤਕ ‘’ਹਿੰਦੁਸਤਾਨ ਦੇ ਇਤਿਹਾਸ ਵਿਚ ਫੈਸਲਾਕੁੰਨ ਜੰਗਾਂ’’ ਤੋਂ ਹੁੰਦੀ ਹੈ।ਕਰਨਲ ਮੈਲਸਨ ਨੇ ਲਿਖਿਆ ਸੀ, ‘’ਜਦ ਇਹ ਕਿਤਾਬ ਛਪੀ ਉਦੋਂ ਪੰਜਾਬ ਉੱਤੇ ਕਬਜ਼ਾ ਕੀਤਾ ਜਾ ਚੁੱਕਾ ਸੀ ਜਾਂ ਕਬਜ਼ਾ ਕਰਨ ਦੀ ਕਾਰਵਾਈ ਚੱਲ ਰਹੀ ਸੀ। ਪਰ ਇਕ ਤਾਨਾਸ਼ਾਹ ਸਰਕਾਰ ਐਸੀਆਂ ਸਚਾਈਆਂ ਨੂੰ ਸਹਿਣ ਨਹੀਂ ਕਰ ਸਕਦੀ ਜਿਹੜੀਆਂ ਉਸ ਦੀ ਨੀਤੀ ਦੇ ਇਨਸਾਫਪੂਰਨ ਹੋਣ ਉੱਤੇ ਉਲਟਾ ਅਸਰ ਪਾਉਂਦੀਆਂ ਹੋਣ।ਕਨਿੰਘਮ ਦੀ ਪੁਸਤਕ ਨੂੰ ਆਧਾਰ ਬਣਾ ਕੇ (ਪੰਜਾਬ ਉੱਤੇ) ਕਬਜ਼ੇ ਨੂੰ ਵੇਖਿਆ ਜਾਵੇ ਤਾਂ ਬਿਨਾਂ ਸ਼ੱਕ ਇਹ ਨੀਤੀ ਬੇਇਨਸਾਫੀ ਵਾਲੀ ਸੀ।’’ ਪੁਸਤਕ ਇੰਗਲੈਂਡ ਵਿਚ ਛਪੀ ਹੋਣ ਕਾਰਨ ਹਿੰਦੁਸਤਾਨ ਵਿਚ ਮਿਲ ਨਹੀਂ ਸੀ ਰਹੀ।
ਪੰਜਾਬ ਦੇ ਰਾਜਨੀਤਿਕ ਮੰਚ ਉੱਤੇ 1914 ਦਾ ਸਾਲ ਵਿਸ਼ੇਸ਼ ਮਹੱਤਵ ਰੱਖਦਾ ਹੈ।ਭਾਵੇਂ ਅਮਰੀਕਾ ਵਿਚ ਬਣੀ ਗਦਰ ਪਾਰਟੀ ਨੇ ਅਜੇ ਹਿੰਦੁਸਤਾਨ ਦੀ ਸਾਮਰਾਜੀ ਸਰਕਾਰ ਵਿਰੁੱਧ ਅੰਦੋਲਨ ਦਾ ਸੱਦਾ ਨਹੀਂ ਸੀ ਦਿੱਤਾ ਪਰ ਪੰਜਾਬ ਵਿਚ ਪੁੱਜਦੇ ਪਾਰਟੀ ਦੇ ਅਖਬਾਰ ‘’ਗਦਰ/ਹਿੰਦੁਸਤਾਨ ਗਦਰ’’ ਨੇ ਪੰਜਾਬੀ ਮਾਨਸਿਕਤਾ ਨੂੰ ਟੁੰਬਣਾ ਸ਼ੁਰੂ ਕਰ ਦਿੱਤਾ ਸੀ।ਸੰਭਾਵਨਾ ਇਹ ਹੈ ਕਿ ਇਸ ਅਸਰ ਹੇਠ ਹੀ ਇਕ ਪੰਜਾਬੀ ਸਿੱਖ, ਜਿਸ ਬਾਰੇ ਜਾਣਕਾਰੀ ਨਹੀਂ ਮਿਲਦੀ, ਨੇ ਕੈਂਬਰਿਜ (ਇੰਗਲੈਂਡ) ਦੇ ਇਕ ਪ੍ਰਕਾਸ਼ਕ ਨਾਲ ਇਸ ਪੁਸਤਕ ਦੀ ਪਹਿਲੀ ਐਡੀਸ਼ਨ ਦੀਆਂ ਦਸ ਹਜ਼ਾਰ ਕਾਪੀਆਂ, ਜਿਨ੍ਹਾਂ ਬਾਰੇ ਉਸ ਦੀ ਵਿਉਂਤ ਇਕ ਰੁਪਿਆ ਪ੍ਰਤਿ ਪੁਸਤਕ ਦੇ ਦਰ ਨਾਲ ਪੰਜਾਬ ਵਿਚ ਵੇਚਣ ਦੀ ਸੀ, ਛਾਪ ਕੇ ਪੰਜਾਬ ਭੇਜਣ ਬਾਰੇ ਸੰਪਰਕ ਕੀਤਾ। ਪ੍ਰਕਾਸ਼ਕ ਨੂੰ ਇਹ ਸੌਦਾ ਲਾਹੇਵੰਦਾ ਪ੍ਰਤੀਤ ਹੋਇਆ ਪਰ ਉਸ ਨੇ ਇਸ ਬਾਰੇ ਬਰਤਾਨਵੀ ਸਰਕਾਰ ਦੀ ਸਹਿਮਤੀ ਲੈਣੀ ਜ਼ਰੂਰੀ ਸਮਝੀ। ਨਾਲ ਹੀ ਉਸ ਨੇ ਪੁੱਛ ਲਿਆ ਕਿ ਕੀ ਇਸ ਪੁਸਤਕ ਦੀ ਪਹਿਲੀ ਐਡੀਸ਼ਨ ਬਾਰੇ ਹਿੰਦੁਸਤਾਨ ਸਰਕਾਰ ਨੇ ਕੋਈ ਇਤਰਾਜ਼ ਕੀਤਾ ਸੀ? ਵਜ਼ੀਰ ਹਿੰਦ ਦੇ ਦਫਤਰਨੇ 8 ਮਈ 1914 ਨੂੰ ਪੱਤਰ ਲਿਖ ਕੇ ਇਸ ਬਾਰੇ ਕੋਈ ਜਾਣਕਾਰੀ ਜਾਂ ਟਿੱਪਣੀ ਹਿੰਦੁਸਤਾਨ ਦੇ ਗ੍ਰਹਿ ਵਿਭਾਗ ਤੋਂ ਮੰਗੀ।ਗ੍ਰਹਿ ਵਿਭਾਗ ਦੇ ਸਕੱਤਰ ਨੇ ਇਸ ਪੱਤਰ ਦਾ ਉੱਤਰ ਤਿਆਰ ਕਰਨ ਵਾਸਤੇ ਦੋ ਕਰਮਚਾਰੀਆਂ ਦੀ ਡਿਊਟੀ ਲਾਈ।ਕਾਗਜ਼ ਪੱਤਰ ਫਰੋਲਣ ਉੱਤੇ ਇਸ ਪੁਸਤਕ ਚੀ ਛਪਾਈ ਜਾਂ ਇਸ ਉੱਤੇ ਰੋਕ ਲਗਾਏ ਜਾਣ ਬਾਰੇ ਕੋਈ ਜਾਣਕਾਰੀ ਨਾ ਮਿਲੀ।
ਇਕ ਕਰਮਚਾਰੀ ਦੀ ਰਾਇ ਸੀ ਕਿ ਵਰਤਮਾਨ ਹਾਲਾਤ ਵਿਚ ਪੁਸਤਕ ਦਾ ਪੰਜਾਬੀ ਪਾਠਕਾਂ ਦੇ ਹੱਥਾਂ ਵਿਚ ਜਾਣ ਨੂੰ ਇਤਰਾਜ਼ਯੋਗ ਨਹੀਂ ਮੰਨਿਆ ਜਾਣਾ ਚਾਹੀਦਾ ਅਤੇ ਇਸ ਦੀ ਪ੍ਰਕਾਸ਼ਨਾਂ ਉੱਤੇ ਪਾਬੰਦੀ ਲਾਏ ਜਾਣ ਨਾਲ ਵੱਧ ਨੁਕਸਾਨ ਹੋਵੇਗਾ।ਅਗਲੀ ਕਾਰਵਾਈ ਵਜੋਂ ਗ੍ਰਹਿ ਵਿਭਾਗ ਦੇ ਸਕੱਤਰ ਨੇ ਇਸ ਵਿਸ਼ੇ ਨਾਲ ਸੰਬੰਧਿਤ ਖਤ ਪੱਤਰ 20 ਜੁਲਾਈ 1914 ਦੇ ਪੱਤਰ ਦੁਆਰਾ ਪੰਜਾਬ ਸਰਕਾਰ ਨੂੰ ਭੇਜਦਿਆਂ ਟਿੱਪਣੀ ਮੰਗੀ ਅਤੇ ਨਾਲ ਹੀ ਉਸ ਦੀ ਪੱਧਰ ਉੱਤੇ ਬਣੀ ਰਾਇ ਦੱਸ ਦਿੱਤੀ ਗਈ।ਪੰਜਾਬ ਸਰਕਾਰ ਨੇ ਇਸ ਪੱਤਰ ਦਾ ਉੱਤਰ ਤਿਆਰ ਕਰਨ ਵਾਸਤੇ ਸੀ.ਆਈ.ਡੀ. ਮਹਿਕਮੇ ਨੂੰ ਜ਼ੁੰਮੇਵਾਰੀ ਸੌਂਪੀ।ਕਨਿੰਘਮ ਕ੍ਰਿਤ ਸਿੱਖ ਇਤਿਹਾਸ ਦੇ ਪੁਨਰ-ਪ੍ਰਕਾਸ਼ਨ ਬਾਰੇ ਇਸ ਮਹਿਕਮੇ ਦੀ ਇਹ ਰਾਇ ਬਣੀ, ‘’(ਇਸ ਪੁਸਤਕ ਵਿਚੋਂ) ਸਿੱਖ ਆਚਰਨ ਪ੍ਰਤਿ ਹਮਦਰਦੀ ਅਤੇ ਉਤਸ਼ਾਹ ਸਪਸ਼ਟ ਦਿਸਦਾ ਹੈ ਜੋ ਕੁੱਝ ਥਾਵਾਂ ਉੱਤੇ ਲੇਖਕ ਨੂੰ ਇਤਿਹਾਸਿਕ ਸ਼ੈਲੀ ਤਿਆਗ ਕੇ ਸਿੱਖਾਂ ਦੇ ਸੈਨਿਕ ਅਤੇ ਧਾਰਮਿਕ ਮੁੱਦੇ ਦੇ ਸ਼ਹੀਦਾਂ ਵਜੋਂ ਉਭਾਰਨ ਦਾ ਜੋਸ਼ੀਲਾ ਕਾਰਜ ਕਰਨ ਲਈ ਵਿਸ਼ਵਾਸਘਾਤ ਕਰਨ ਦਾ ਕਾਰਨ ਬਣਿਆ, ਜਿਸ ਨੂੰ ਵਰਤਮਾਨ ਪ੍ਰਸੰਗ ਵਿਚ ਭੜਕਾਊ ਕਾਰਵਾਈ ਮੰਨਿਆ ਜਾ ਸਕਦਾ ਹੈ।’’ ਟਿੱਪਣੀਕਾਰ ਨੇ ਉਦੋਂ ਦੇ ਅਤੇ ਹੁਣ ਦੇ ਸਿਆਸੀ ਮਾਹੌਲ ਦਾ ਹਵਾਲਾ ਦਿੰਦਿਆਂ ਲਿਖਿਆ, ‘’ਕਨਿੰਘਮ ਨੇ ਇਹ ਕਿਤਾਬ 1848 ਵਿਚ ਉਦੋਂ ਲਿਖੀ ਜਦ ਪੰਜਾਬ ਵਿਚ ਬਰਤਾਨਵੀ ਅਮਲਦਾਰੀ ਸ਼ੁਰੂ ਹੋਈ ਸੀ ਅਤੇ ਵਡੇਰੀ ਸ਼ਕਤੀ ਨੇ ਕਬਜ਼ਾ ਪੱਕਾ ਕੀਤਾ ਸੀ।ਉਦੋਂ ਸਿੱਖਾਂ ਵੱਲੋਂ ਅੰਗਰੇਜ਼ ਹਕੂਮਤ ਨੂੰ ਵੰਗਾਰੇ ਜਾਣ ਦਾ ਘੱਟ ਮੌਕਾ ਸੀ। ਵਰਤਮਾਨ ਸਥਿਤੀ ਬਿਲਕੁੱਲ ਵੱਖਰੀ ਹੈ।ਬਰਤਾਨਵੀ ਸਰਕਾਰ ਵੱਲੋਂ ਉਸ ਸਮੇਂ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰਨ ਬਾਰੇ ਅਜਿਹੀ ਝੂਠੀ ਇਲਜ਼ਾਮਬਾਜ਼ੀ ਵਰਤਮਾਨ ਸਮੇਂ ਰਾਜਸੀ ਤੌਰ ਉੱਤੇ ਸਰਗਰਮ ਲੋਕਾਂ ਨੂੰ ਇਹ ਵਿਸ਼ਵਾਸ ਕਰਾਉਣ ਦਾ ਕਾਰਨ ਬਣੇਗੀ ਕਿ ਪੰਜਾਬ ਦਬ ਗਿਆ ਸੀ।’’ ਉਸ ਨੇ ਪਰਪੱਕ ਰਾਇ ਜ਼ਾਹਰ ਕੀਤੀ ਕਿ ਅਜਿਹੀ ਸਥਿਤੀ ਵਿਚ ਇਸ ਕਿਤਾਬ ਦੀਆਂ ਦਸ ਹਜ਼ਾਰ ਕਾਪੀਆਂ ਪੰਜਾਬ ਵਿਚ ਲਿਆਉਣ ਨੂੰ ਵਾਜਬ ਨਹੀਂ ਠਹਿਰਾਇਆ ਜਾ ਸਕਦਾ।
ਪੰਜਾਬ ਸਰਕਾਰ ਦਾ ਉੱਤਰ ਲੈਫਟੀਨੈਂਟ ਗਵਰਨਰ ਓਡਵਾਇਰ ਦੀ ਪ੍ਰਵਾਨਗੀ ਪਿੱਛੋਂ ਭੇਜਿਆ ਜਾਣਾ ਸੀ।ਜਦ ਇਹ ਫਾਈਲ ਅੰਤਮ ਨਿਰਨੇ ਵਾਸਤੇ ਉਸ ਕੋਲ ਪੁੱਜੀ ਤਾਂ ਉਹ ਦੁਬਿੱਧਾ ਵਿਚ ਫਸ ਗਿਆ।
ਇਕ ਪਾਸੇ ਇਸ ਪੁਸਤਕ ਦੀ ਮੁੜ ਛਪਾਈ ਬਾਰੇ ਹਿੰਦੁਸਤਾਨ ਸਰਕਾਰ ਨੂੰ ਕਈ ਇਤਰਾਜ਼ ਨਾ ਹੋਣ ਦੀ ਸਥਿਤੀ ਸੀ ਅਤੇ ਦੂਜੇ ਪਾਸੇ ਉਸ ਦੇ ਆਪਣੇ ਅਧਿਕਾਰੀਆਂ ਵੱਲੋਂ ਪੁਸਤਕ ਦੀ ਛਪਾਈ ਨਾ ਹੋਣ ਦੇਣ ਦੀ ਰਾਇ।ਇਸ ਦੁਬਿੱਧਾ ਵਿਚੋਂ ਨਿਕਲਣ ਵਾਸਤੇ ਉਸ ਨੇ ‘ਸੱਪ ਵੀ ਮਰ ਜਾਏ ਤੇ ਸੋਟੀ ਵੀ ਨਾ ਟੁੱਟੇ’ ਵਾਲਾ ਰਾਹ ਚੁਣਿਆ। ਅਧਿਕਾਰੀਆਂ ਦੀ ਰਾਇ ਦੀ ਪੁਸ਼ਟੀ ਕਰਨ ਵਾਸਤੇ ਉਸ ਨੇ ਲਿਖਿਆ, ‘’ ਹਾਰੇ ਦੁਸ਼ਮਣ ਪ੍ਰਤਿ ਲੇਖਕ ਦੀ ਥਾਂ ਪੁਰ ਥਾਂ ਵਿਖਾਈ ਲੋੜੋਂ ਵੱਧ ਹਮਦਰਦੀ ਉਸ ਵੱਲੋਂ ਕੱਢੇ ਸਿੱੋਟਿਆਂ ਨੂੰ ਗੁਮਰਾਹਕੁਨ ਕਰਨ ਦਾ ਕਾਰਨ ਬਣੀ ਹੈ।ਕੁੱਝ ਥਾਵੀਂ ਉਹ ਜੇਤੂਆਂ ਦੀ ਬੇਲੋੜੀ ਨੁਕਤਾਚੀਨੀ ਅਤੇ ਹਾਰੇ ਹੋਇਆਂ ਦੇ ਲੜਾਕੂ ਅਤੇ ਹੋਰ ਲੱਛਣਾਂ ਦਾ ਵਧਾ ਚੜ੍ਹਾ ਕੇ ਜ਼ਿਕਰ ਕਰਕੇ ਵਿਸ਼ਵਾਸਘਾਤ ਕਰਨ ਦਾ ਭਾਗੀ ਬਣਿਆ ਹੈ। ਵਰਤਮਾਨ ਸਮੇਂ ਪੰਜਾਬ ਦੇ ਸਿੱਖਾਂ ਵਿਚ ਇਹ ਪੁਸਤਕ ਉਹਨਾਂ ਦੇ ਝੂਠੇ ਘੁਮੰਡ ਨੂੰ ਵਧਾਉਣ ਦਾ ਕਾਰਨ ਬਣੇਗੀ ਅਥੇ ਕੁੱਝ ਮਾਮਲਿਆਂ ਵਿਚ ਉਹਨਾਂ ਦੇ ਗੁਆਚੀ ਸਲਤਨਤ ਪ੍ਰਤਿ ਅਫਸੋਸ ਦੀ ਭਾਵਨਾ ਵਿਚ ਵਾਧਾ ਕਰੇਗੀ।’’ ਦੂਜੇ ਪਾਸੇ ਉਸ ਨੇ ਇਹ ਵੀ ਲਿਖਿਆ ਕਿ ਕੈਂਬਰਿਜ ਵਾਲੇ ਪ੍ਰਕਾਸ਼ਕ ਨੂੰ ਵਰਜੇ ਜਾਣ ਪਿੱਛੋਂ ਸਿੱਖ ਬਰਤਾਨੀਆ ਜਾਂ ਵਿਦੇਸ਼ ਵਿਚ ਪੁਸਤਕ ਛਪਵਾਉਣ ਲਈ ਕਿਸੇ ਹੋਰ ਪ੍ਰਕਾਸ਼ਕ ਨੂੰ ਲੱਭ ਲੈਣਗੇ ਜਿਸ ਨਾਲ ਸਰਕਾਰ ਵੱਲੋਂ ਧਾਰਨ ਕੀਤਾ ਰੁੱਖ ਪੁਸਤਕ ਦੀ ਵਿਕਰੀ ਵਿਚ ਵਾਧਾ ਕਰਨ ਦਾ ਕਾਰਨ ਬਣੇਗਾ।
ਇਹ ਪੱਤਰ-ਵਿਹਾਰ ਅਜੇ ਚੱਲ ਹੀ ਰਿਹਾ ਸੀ ਕਿ ਸੰਸਾਰ ਜੰਗ ਸ਼ੁਰੂ ਹੋ ਗਈ ਜਿਸ ਕਾਰਨ ਇਹ ਕੰਮ ਅੱਗੇ ਨਾ ਵਧਿਆ ਪਰ ਗੌਰਮਿੰਟ ਕਾਲਜ, ਲਾਹੌਰ ਵਿਚ ਇਤਿਹਾਸ ਦੇ ਪ੍ਰੋਫੈਸਰ ਡਾਕਟਰ ਗੈਰਿਟ ਨੇ 1918 ਵਿਚ ਇਸ ਪੁਸਤਕ ‘’ਨਵੀਂ ਅਤੇ ਸੋਧੀ’’ ਐਡੀਸ਼ਨ ਆਕਸਫੋਰਡ ਯੂਨੀਵਰਸਿਟੀ ਪਰੈੱਸ ਤੋ ਛਪਵਾਈ।ਸੰਪਾਦਕ ਨੇ ਮੂਲ ਪੁਸਤਕ ਵਿਚ ਸਰਕਾਰ ਨੁੰ ‘’ਇਤਰਾਜ਼ਯੋਗ’’ ਪ੍ਰਤੀਤ ਹੁੰਦੇ ਪੈਰੇ ਹਟਾ ਦੇਣ ਦੇ ਨਾਲ ਨਾਲ ਪਦ-ਨੋਟ ਦੇ ਕੇ ਕਨਿੰਘਮ ਦੀਆਂ ਟਿੱਪਣੀਆਂ ਨੂੰ ‘’ਗੈਰਵਾਜਬ’’ ਸਿੱਧ ਕਰਨ ਦਾ ਕਾਰਜ ਕੀਤਾ।ਯਕੀਨਨ ਅਜਿਹਾ ਪੰਜਾਬ ਸਰਕਾਰ ਦੇ ਕਹਿਣ ਉੱਤੇ ਭਵਿੱਖ ਵਿਚ ਕਨਿੰਘਮ ਕ੍ਰਿਤ ਸਿੱਖ ਇਤਿਹਾਸ ਕਾਰਨ ਅੰਗਰੇਜ਼ ਸਰਕਾਰ ਦੇ ਪ੍ਰਤਿਸ਼ਟਾ ਨੂੰ ਪਹੁੰਚ ਸਕਦੇ ਨੁਕਸਾਨ ਦੀ ਧਾਰ ਖੁੰਢੀ ਕਰਨ ਵਾਸਤੇ ਕੀਤਾ ਗਿਆ ਹੋਵੇਗਾ।
ਸਿੱਖਾਂ ਦੀ ਬਹਾਦਰੀ ਦਾ ਗਵਾਹ ਕਨਿੰਘਮ

