ਵੈਨਕੂਵਰ (ਏਕਜੋਤ ਿਸੰਘ): ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ (CREA) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਫਰਵਰੀ ਮਹੀਨੇ ਦੌਰਾਨ ਦੇਸ਼ ਭਰ ਵਿੱਚ ਘਰਾਂ ਦੀ ਵਿਕਰੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ । ਰਿਪੋਰਟ ਮੁਤਾਬਕ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ਘਰਾਂ ਦੀ ਬੈਂਚਮਾਰਕ ਕੀਮਤ ਵਿੱਚ 4.8 ਫੀਸਦੀ ਦੀ ਿਗਰਾਵਟ ਆਈ ਹੈ । ਐਸੋਸੀਏਸ਼ਨ ਦੇ ਮੁੱਖ ਅਰਥਸ਼ਾਸਤਰੀ ਸ਼ਾਨ ਕੈਥਕਾਰਟ ਨੇ ਦੱਸਿਆ ਕਿ ਫਰਵਰੀ ਦਾ ਡਾਟਾ ਜਨਵਰੀ ਵਾਂਗ ਹੀ ਬਾਜ਼ਾਰ ਵਿੱਚ ਸੁਸਤੀ ਦੇ ਸੰਕੇਤ ਦੇ ਰਿਹਾ ਹੈ, ਪਰ ਉਨ੍ਹਾਂ ਨੂੰ ਉਮੀਦ ਹੈ ਕਿ ਬਸੰਤ ਰੁੱਤ ਦੇ ਆਉਣ ਨਾਲ ਘਰਾਂ ਦੀ ਦੱਬੀ ਹੋਈ ਮੰਗ ਵਿੱਚ ਮੁੜ ਤੇਜ਼ੀ ਦੇਖਣ ਨੂੰ ਮਿਲੇਗੀ । ਫਿਲਹਾਲ ਰਾਸ਼ਟਰੀ ਪੱਧਰ ‘ਤੇ ਘਰਾਂ ਦੀ ਔਸਤ ਬੈਂਚਮਾਰਕ ਕੀਮਤ 661,100 ਡਾਲਰ ਦਰਜ ਕੀਤੀ ਗਈ ਹੈ, ਜੋ ਕਿ ਲਗਭਗ ਸਾਲ 2021 ਦੀਆਂ ਕੀਮਤਾਂ ਦੇ ਬਰਾਬਰ ਹੈ । ।
ਬਾਜ਼ਾਰ ਵਿੱਚ ਨਵੀਆਂ ਲਿਸਟਿੰਗਾਂ ਦੀ ਗਿਣਤੀ ਵਿੱਚ ਵੀ ਜਨਵਰੀ ਦੇ ਮੁਕਾਬਲੇ 3.9 ਫੀਸਦੀ ਦੀ ਕਮੀ ਆਈ ਹੈ ਅਤੇ ਵਿਕਰੀ ਤੇ ਨਵੀਆਂ ਲਿਸਟਿੰਗਾਂ ਦਾ ਅਨੁਪਾਤ ਵੀ ਘਟਿਆ ਹੈ । ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ, ਓਂਟਾਰੀਓ ਅਤੇ ਅਲਬਰਟਾ ਵਰਗੇ ਵੱਡੇ ਸੂਬਿਆਂ ਵਿੱਚ ਕੀਮਤਾਂ ਵਿੱਚ ਹੋਈ ਗਿਰਾਵਟ ਕਾਰਨ ਰਾਸ਼ਟਰੀ ਔਸਤ ਪ੍ਰਭਾਵਿਤ ਹੋਈ ਹੈ । ਆਰ.ਬੀ.ਸੀ. (RBC) ਦੇ ਸਹਾਇਕ ਮੁੱਖ ਅਰਥਸ਼ਾਸਤਰੀ ਰੌਬਰਟ ਹੋਗ ਅਨੁਸਾਰ ਘਰਾਂ ਦੀ ਮੁੜ-ਵਿਕਰੀ ਦਾ ਰੁਝਾਨ ਅਜੇ ਵੀ ਕਾਫ਼ੀ ਸੁਸਤ ਬਣਿਆ ਹੋਇਆ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰੁਝਾਨ ਮੁੱਖ ਤੌਰ ‘ਤੇ ਓਂਟਾਰੀਓ ਅਤੇ ਬੀ.ਸੀ. ਨੂੰ ਪ੍ਰਭਾਵਿਤ ਕਰ ਰਿਹਾ ਹੈ, ਪਰ ਹੁਣ ਕੈਨੇਡਾ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਬਾਜ਼ਾਰ ਦੇ ਸੰਤੁਲਿਤ ਹੋਣ ਦੇ ਸੰਕੇਤ ਮਿਲ ਰਹੇ ਹਨ, ਜਿਸ ਵਿੱਚ ਅਲਬਰਟਾ ਅਤੇ ਕਿਊਬਿਕ ਦੇ ਕੁਝ ਹਿੱਸੇ ਸ਼ਾਮਲ ਹਨ । ।
ਹਾਲਾਂਕਿ ਵੱਡੇ ਸ਼ਹਿਰਾਂ ਵਿੱਚ ਵਧ ਰਹੀ ਆਰਥਿਕ ਚਿੰਤਾ ਕਾਰਨ ਹਾਊਸਿੰਗ ਗਤੀਵਿਧੀਆਂ ਰੁਕੀਆਂ ਹੋਈਆਂ ਹਨ, ਪਰ ਕੁਝ ਖੇਤਰਾਂ ਵਿੱਚ ਕੀਮਤਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ । ਸੇਂਟ ਜੌਨਸ, ਰੇਜੀਨਾ ਅਤੇ ਕਿਊਬਿਕ ਸਿਟੀ ਵਰਗੇ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ । ਖਾਸ ਕਰਕੇ ਕਿਊਬਿਕ ਸਿਟੀ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 17 ਫੀਸਦੀ ਦਾ ਬਹੁਤ ਵੱਡਾ ਉਛਾਲ ਆਇਆ ਹੈ, ਜੋ ਕਿ ਬਾਕੀ ਦੇਸ਼ ਦੇ ਰੁਝਾਨ ਨਾਲੋਂ ਬਿਲਕੁਲ ਵੱਖਰਾ ਹੈ । ਮਾਹਰਾਂ ਅਨੁਸਾਰ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਮੌਜੂਦਾ ਆਰਥਿਕ ਅਨਿਸ਼ਚਿਤਤਾ ਕਾਰਨ ਵੱਡੇ ਨਿਵੇਸ਼ ਕਰਨ ਤੋਂ ਬਚ ਰਹੇ ਹਨ, ਜਿਸ ਕਾਰਨ ਮਾਰਕੀਟ ਵਿੱਚ ਠਹਿਰਾਅ ਨਜ਼ਰ ਆ ਰਿਹਾ ਹੈ ਅਤੇ ਛੋਟੇ ਜਾਂ ਦਰਮਿਆਨੇ ਆਕਾਰ ਦੇ ਬਾਜ਼ਾਰ ਵਧੇਰੇ ਸਰਗਰਮ ਹਨ । This report was written by Ekjot Singh as part of the Local Journalism Initiative.
ਕੈਨੇਡਾ ਿਵੱਚ ਘਰਾਂ ਦੀ ਬੈਂਚਮਾਰਕ ਕੀਮਤਾਂ ਵਿੱਚ 4.8 ਫੀਸਦੀ ਿਡੱਗੀਆਂ

