15.6 C
Vancouver
Monday, September 7, 2026

ਮਿਹਣੋਂ ਮਿਹਣੀਂ

ਹੋਵੇ ਗੱਲ ਨਾ ਕੋਈ ਮੁੱਦਿਆਂ ਦੀ,
ਤੀਰ ਬਹਿ ਗਏ ਚਾੜ੍ਹ ਕਮਾਨ ਨੇਤਾ।
ਸੁਣ ਸਕਣ ਨਾ ਕਿਸੇ ਬੋਲਦੇ ਨੂੰ,
ਜੰਗ ਬਣਾ ‘ਤੀ ਸਭਾ ਵਿਧਾਨ ਨੇਤਾ।
ਸੁੱਟ ਚਿੱਕੜ ਮਿਹਣੇ ਤਾਹਨਿਆਂ ਦੇ,
ਖੜ੍ਹਨ ਮਿਆਨੋਂ ਧੂਹ ਕ੍ਰਿਪਾਨ ਨੇਤਾ।
ਚੜ੍ਹ ਗੁੱਸਾ ਜਦ ਅਸਮਾਨ ਜਾਂਦਾ,
ਹੰਕਾਰੀ ਲੱਗਦੇ ਰੋਹ ਦਿਖਾਣ ਨੇਤਾ।
ਕੱਢਣ ਬਹਿ ਗਏ ਪਾਲ ਦੁਸ਼ਮਣੀ ਨੂੰ,
ਆਹਮੋ ਸਾਹਮਣੇ ਹੋਏ ਸ਼ੈਤਾਨ ਨੇਤਾ।
ਸਮਝਣ ਫਰਜ਼ ਨਾ ਜ਼ਿੰਮੇਵਾਰੀਆਂ ਦੇ,
ਸਦਨ ਮਰਜਾਦਾ ਕਰਨ ਘਾਣ ਨੇਤਾ।
ਕੀ ਕਰਦੇ ਕੰਮ ਸੁਆਰਦੇ ਕੀ,
ਪਰਜਾ ਵੱਲ ਨਾ ਦੇਣ ਧਿਆਨ ਨੇਤਾ।
ਰਹਿਣ ਖਹਿਬੜਦੇ ਆਪਸ ਵਿੱਚ ‘ਭਗਤਾ’,
ਕਾਬੂ ਰੱਖ ਨਾ ਸਕਣ ਜ਼ੁਬਾਨ ਨੇਤਾ।
ਬਰਾੜ ਭਗਤਾ ਭਾਈ ਕਾ

ਰੁਝਾਨ ਖਬਰਾਂ