9.1 C
Vancouver
Sunday, April 12, 2026

ਪੰਜਾਬੀ ਪ੍ਰੈਸ ਕਲੱਬ ਵੱਲੋਂ ਬੀਸੀ ਦੇ ਮੁੱਖ ਮੰਤਰੀ ਡੇਵਿਡ ਈਬੀ ਨਾਲ ਭਾਰਤ ਫੇਰੀ ਅਤੇ ਹੋਰਨਾਂ ਨੂੰ ਮੁੱਦਿਆਂ ’ਤੇ ਭਖਵੀਂ ਚਰਚਾ

ਸਰੀ (ਡਾ. ਗੁਰਵਿੰਦਰ ਿਸੰਘ ਧਾਲੀਵਾਲ): ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਉਹਨਾਂ ਦੇ ਮੰਤਰੀਆਂ ਨਾਲ ਤਾਜ ਕਨਵੈਂਸ਼ਨ ਸੈਂਟਰ ਸਰੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ‘ਤੇ ਮੁੱਖ ਮੰਤਰੀ ਦੀ ਭਾਰਤ ਫੇਰੀ ਨਾਲ ਸੰਬੰਧਿਤ ਗੰਭੀਰ ਮਸਲਿਆ ‘ਤੇ ਤਿਖੀ ਚਰਚਾ ਹੋਈ, ਜਿਸ ਦੌਰਾਨ ਪ੍ਰੀਮੀਅਰ ਨੇ ਕਿਹਾ ਕਿ ਉਹਨਾਂ ਬ੍ਰਿਟਿਸ਼ ਕੋਲੰਬੀਆ ਵਿੱਚ ਲੁੱਟਾਂ ਖੋਹਾਂ, ਫਿਰੌਤੀਆਂ ਅਤੇ ਕਤਲਾਂ ਦੀਆਂ ਵਾਰਦਾਤਾਂ ਅਤੇ ਟਰਾਂਸ-ਨੈਸ਼ਨਲ ਅਪਰੈਸ਼ਨ, ਭਾਰਤੀ ਦਖਲ-ਅੰਦਾਜ਼ੀ, ਭਾਰਤ ਅਧਾਰਤ ਬਿਸ਼ਨੋਈ ਗੈਂਗ ਦੀਆਂ ਕਾਰਵਾਈਆਂ ਤੇ ਅਰਥਕ-ਕਾਰੋਬਾਰੀ ਮਾਮਲਿਆਂ ਬਾਰੇ, ਉਥੋਂ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ। ਉਹਨਾਂ ਕਿਹਾ ਹਾਲਾਂ ਕਿ ਇਹ ਮੁੱਦਾ ਨੈਸ਼ਨਲ ਅਤੇ ਕੌਮਾਂਤਰੀ ਹੈ, ਪਰ ਇਸ ਬਾਰੇ ਤਾਜ਼ਾ ਘਟਨਾਵਾਂ ‘ਚ ਸਰੀ ਨਿਵਾਸੀ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਵਿੱਚ ਭਾਰਤੀ ਕੌਂਸਲੇਟ ਦੇ ਦੋ ਅਧਿਕਾਰੀਆਂ ਦੀ ਸ਼ਮੂਲੀਅਤ ਨੂੰ ਲੈ ਕੇ, ਉਹ ਗੰਭੀਰ ਚਿੰਤਤ ਹਨ। ਉਹਨਾਂ ਮੰਨਿਆ ਕਿ ਇਸ ਬਾਰੇ ਉਹਨਾਂ ਦੀ ਰਾਏ ਵਿੱਚ ਪਹਿਲਾਂ ਨਾਲੋਂ ਹੁਣ ਜਿਆਦਾ ਸਪਸ਼ਟ ਹੋਈ ਹੈ ਅਤੇ ਉਹ ਸੂਬੇ ਦੀ ਲੋਕਾਂ ਦੀ ਸੁਰੱਖਿਆ ਪ੍ਰਤੀ ਗੰਭੀਰ ਹਨ।
ਇਸ ਤੋਂ ਇਲਾਵਾ ਬੀਸੀ ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਵਿੱਚ ਆਰਥਿਕ ਚੁਣੌਤੀਆਂ ਬਾਰੇ ਅਗਲੇਰੇ ਕਦਮਾਂ ਦੀ ਸਾਂਝ ਪਾਈ, ਜਦ ਕਿ ਬਜਟ ਵਿੱਚ ਕੀਤੀਆਂ ਜਾ ਰਹੀਆਂ ਨਵੀਆਂ ਯੋਜਨਾਵਾਂ ਬਾਰੇ ਵੀ ਦੱਸਿਆ। ‘ਫੀਫਾ ਕੱਪ’ ਦੇ ਆਯੋਜਨ, ਬੀਸੀ ਚ’ ਰਿਜ਼ਰਵ ਲੈਂਡ’ ਦੇ ਮੁੱਦੇ ਅਤੇ ‘ਏਆਈ’ ਦੇ ਖਤਰਿਆਂ ਬਾਰੇ ਪੁੱਛੇ ਸਵਾਲਾਂ ‘ਚ ਪ੍ਰੀਮੀਅਰ ਨੇ ਆਪਣੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਡੇਵਿਡ ਈਬੀ ਨੇ ਖਾਲਸਾ ਦਿਹਾੜੇ ‘ਤੇ ਸਰੀ ਨਗਰ ਕੀਰਤਨ ਅਤੇ ਵੈਨਕੂਵਰ ਨਗਰ ਕੀਰਤਨ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਸ਼ਾਮਿਲ ਹੋਣ ਦੀ ਪੁਸ਼ਟੀ ਕੀਤੀ ਅਤੇ ਇਸ ਮੌਕੇ ‘ਤੇ ਸਿੱਖ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰੈਸ ਕਾਨਫੰਰਸ ਵਿੱਚ ਬੀਸੀ ਮਾਈਨਿੰਗ ਵਿਭਾਗ ਦੇ ਮੰਤਰੀ ਜਗਰੂਪ ਸਿੰਘ ਬਰਾੜ, ਨਸਲਵਾਦ ਵਿਰੋਧੀ ਮਾਮਲਿਆਂ ਦੇ ਪਾਰਲੀਮੈਂਟ ਸਕੱਤਰ ਅਮਾਨਾ ਸ਼ਾਹ ਅਤੇ ਸਰੀ ਦੇ ਬੁਨਿਆਦੀ ਢਾਂਚੇ ਲਈ ਪਾਰਲੀਮੈਂਟ ਸਕੱਤਰ ਗੈਰੀ ਬਿੱਗ ਸ਼ਾਮਿਲ ਹੋਏ, ਜਦ ਕਿ ਭਾਰਤ ਫੇਰੀ ‘ਤੇ ਪ੍ਰੀਮੀਅਰ ਨਾਲ ਗਏ ਮੰਤਰੀ ਰਵੀ ਕਾਹਲੋਂ ਦੀ ਗੈਰ-ਹਾਜ਼ਰੀ ਰੜਕਦੀ ਰਹੀ। ਪੰਜਾਬੀ ਪ੍ਰੈਸ ਕਲੱਬ ਬੀਸੀ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਪ੍ਰੀਮੀਅਰ ਵੱਲੋਂ ਭਾਰਤ ਫੇਰੀ ਤੋਂ ਪਰਤਨ ‘ਤੇ ਪੰਜਾਬੀ ਪ੍ਰੈਸ ਕਲੱਬ ਨਾਲ ਗੱਲਬਾਤ ਕਰਨ ਦੇ ਵਾਅਦੇ ਦੀ ਪੂਰਤੀ ਲਈ ਧੰਨਵਾਦ ਕੀਤਾ। ਪ੍ਰੈਸ ਕਾਨਫਰੰਸ ਮੌਕੇ ਸਕੱਤਰ ਅਮਰਪਾਲ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਸਹੋਤਾ, ਬਲਦੇਵ ਸਿੰਘ ਮਾਨ, ਪ੍ਰੋ ਸੀ ਜੇ ਸਿਧੂ, ਪ੍ਰੋ ਗੁਰਬਾਜ ਸਿੰਘ ਬਰਾੜ, ਗੁਰਸੇਵ ਸਿੰਘ ਪੰਧੇਰ, ਲਵਿੰਦਰ ਕੌਰ ਪੰਨੂ, ਰਮਨ ਸ਼ਰਮਾ ਸ਼ਾਮਿਲ ਹੋਏ, ਜਦ ਕਿ ਪ੍ਰੀਮੀਅਰ ਦੀ ਮੀਡੀਏ ਟੀਮ ਦੇ ਪ੍ਰਤੀਨਿਧ ਹਰੂਨ ਗੁਫਾਰ, ਸ਼ੁਰੂਤੀ ਜੋਸ਼ੀ ਅਤੇ ਹੋਰ ਸਹਾਇਕ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਰਹੇ।

ਰੁਝਾਨ ਖਬਰਾਂ