ਪੀਸ ਆਰਕ ਹਸਪਤਾਲ ਦਾ ਮੈਟਰਨਿਟੀ ਵਾਰਡ ਮੁੜ ਬੰਦ: ਦਸੰਬਰ ਤੋਂ ਹੁਣ ਤੱਕ ਅੱਠਵੀਂ ਵਾਰ ਬਦਲਿਆ ਗਿਆ ਰਸਤਾ
ਸਰੀ, (ਏਕਜੋਤ ਿਸੰਘ): ਵ੍ਹਾਈਟ ਰੌਕ ਇਲਾਕੇ ਵਿੱਚ ਸਥਿਤ ਪੀਸ ਆਰਕ ਹਸਪਤਾਲ ਇੱਕ ਵਾਰ ਫਿਰ ਮੈਟਰਨਿਟੀ ਡਾਇਵਰਸ਼ਨ (Maternity Diversion) ਦੇ ਦੌਰ ਵਿੱਚੋਂ ਲੰਘਣ ਜਾ ਰਿਹਾ ਹੈ, ਜਿਸ ਕਾਰਨ ਗਰਭਵਤੀ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਭਾਰੀ ਚਿੰਤਾ ਅਤੇ ਅਨਿਸ਼ਚਿਤਤਾ ਪਾਈ ਜਾ ਰਹੀ ਹੈ । ਫਰੇਜ਼ਰ ਹੈਲਥ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ, ਹਸਪਤਾਲ ਦਾ ਮੈਟਰਨਿਟੀ ਵਾਰਡ ਇਸ ਵੀਰਵਾਰ, 12 ਮਾਰਚ ਨੂੰ ਸਵੇਰੇ 8 ਵਜੇ ਤੋਂ ਲੈ ਕੇ ਬੁੱਧਵਾਰ, 18 ਮਾਰਚ ਸਵੇਰੇ 8 ਵਜੇ ਤੱਕ ਲਗਭਗ ਇੱਕ ਹਫ਼ਤੇ ਲਈ ਅਸਥਾਈ ਤੌਰ ‘ਤੇ ਬੰਦ ਰਹੇਗਾ । ਇਹ ਦਸੰਬਰ ਤੋਂ ਹੁਣ ਤੱਕ ਅੱਠਵੀਂ ਵਾਰ ਹੈ ਜਦੋਂ ਪੀਸ ਆਰਕ ਹਸਪਤਾਲ ਵਿੱਚ ਬੱਚਿਆਂ ਦੇ ਜਨਮ ਸਬੰਧੀ ਸੇਵਾਵਾਂ ਨੂੰ ਦੂਜੇ ਹਸਪਤਾਲਾਂ ਵੱਲ ਮੋੜਿਆ ਗਿਆ ਹੈ ਅਤੇ ਸਾਲ 2026 ਵਿੱਚ ਇਹ ਇਸ ਤਰ੍ਹਾਂ ਦੀ ਪੰਜਵੀਂ ਘਟਨਾ ਹੈ ।
ਫਰੇਜ਼ਰ ਹੈਲਥ ਅਨੁਸਾਰ, ਇਸ ਡਾਇਵਰਸ਼ਨ ਦਾ ਮੁੱਖ ਕਾਰਨ ਓਬਸਟੈਟ੍ਰੀਸ਼ੀਅਨ-ਗਾਇਨੀਕੋਲੋਜਿਸਟਸ ਦੀ ਭਾਰੀ ਘਾਟ ਹੈ, ਜੋ ਪਿਛਲੇ ਸਾਲ ਦਸੰਬਰ ਤੋਂ ਪੀਸ ਆਰਕ ਅਤੇ ਮੇਪਲ ਰਿਜ ਸਥਿਤ ਰਿਜ ਮੈਡੋਜ਼ ਹਸਪਤਾਲ ਦੋਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ । ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜਿਨ੍ਹਾਂ ਮਾਪਿਆਂ ਨੇ ਪੀਸ ਆਰਕ ਹਸਪਤਾਲ ਵਿੱਚ ਆਪਣੇ ਬੱਚੇ ਨੂੰ ਜਨਮ ਦੇਣ ਦੀ ਯੋਜਨਾ ਬਣਾਈ ਸੀ, ਉਨ੍ਹਾਂ ਨੂੰ ਹੁਣ ਡਿਲੀਵਰੀ ਲਈ ਕਿਸੇ ਦੂਜੇ ਮੈਟਰਨਿਟੀ ਸੈਂਟਰ ਵਿੱਚ ਜਾਣ ਦੀ ਹਦਾਇਤ ਦਿੱਤੀ ਜਾਵੇਗੀ । ਹਸਪਤਾਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਇਸ ਨੂੰ ਇੱਕ ਅਸਥਾਈ ਸਮੱਸਿਆ ਦੱਸ ਰਹੇ ਹਨ, ਪਰ ਲਗਾਤਾਰ ਹੋ ਰਹੀਆਂ ਇਨ੍ਹਾਂ ਬੰਦੀਆਂ ਨੇ ਸੂਬੇ ਦੀ ਸਿਹਤ ਪ੍ਰਣਾਲੀ ਦੀ ਮਜ਼ਬੂਤੀ ‘ਤੇ ਵੱਡੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ ।
ਸੂਬਾਈ ਸਿਹਤ ਮੰਤਰੀ ਜੋਸੀ ਓਸਬੋਰਨ, ਜੋ ਹਾਲ ਹੀ ਵਿੱਚ ਸਰੀ ਵਿੱਚ ਇੱਕ ਨਵੀਂ ਪ੍ਰਾਇਮਰੀ ਕੇਅਰ ਸਹੂਲਤ ਦਾ ਉਦਘਾਟਨ ਕਰਨ ਪਹੁੰਚੇ ਸਨ, ਨੇ ਇਨ੍ਹਾਂ ਘਟਨਾਵਾਂ ਨੂੰ ਸੂਬੇ ਦੇ ਸਿਹਤ ਢਾਂਚੇ ਵਿੱਚ ਇੱਕ ‘ਸੰਕਟ’ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ । ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਡਾਇਵਰਸ਼ਨਾਂ ਕਦੋਂ ਤੱਕ ਜਾਰੀ ਰਹਿਣਗੀਆਂ, ਤਾਂ ਮੰਤਰੀ ਕੋਲ ਕੋਈ ਸਪੱਸ਼ਟ ਜਵਾਬ ਨਹੀਂ ਸੀ । ਉਨ੍ਹਾਂ ਕਿਹਾ ਕਿ ਫਰੇਜ਼ਰ ਹੈਲਥ ਇਨ੍ਹਾਂ ਖ਼ਾਮੀਆਂ ਨੂੰ ਭਰਨ ਲਈ ਡਾਕਟਰਾਂ ਦੇ ਸਮੂਹਾਂ ਨਾਲ ਮਿਲ ਕੇ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਨਵੇਂ ਮਾਹਿਰਾਂ ਨੂੰ ਆਕਰਸ਼ਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ । ਪਰ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੇ ਬਾਵਜੂਦ, ਜ਼ਮੀਨੀ ਪੱਧਰ ‘ਤੇ ਮਾਵਾਂ ਨੂੰ ਹੋ ਰਹੀ ਖੱਜਲ-ਖੁਆਰੀ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ ।
ਇਸ ਮੁੱਦੇ ਨੂੰ ਲੈ ਕੇ ਸਿਆਸੀ ਮੈਦਾਨ ਵਿੱਚ ਵੀ ਕਾਫੀ ਤਪਸ਼ ਦੇਖਣ ਨੂੰ ਮਿਲ ਰਹੀ ਹੈ । ਪਿਛਲੇ ਮਹੀਨੇ ਵਿਕਟੋਰੀਆ ਵਿਖੇ ਬੀ.ਸੀ. ਵਿਧਾਨ ਸਭਾ ਵਿੱਚ ਕੰਜ਼ਰਵੇਟਿਵ ਸਰੀ-ਵਾਈਟ ਰੌਕ ਦੇ ਵਿਧਾਇਕ ਟ੍ਰੇਵਰ ਹਾਲਫੋਰਡ ਨੇ ਮੰਤਰੀ ਓਸਬੋਰਨ ਅਤੇ ਐਨ.ਡੀ.ਪੀ. ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਸੀ । ਉਨ੍ਹਾਂ ਨੇ ਸਿੱਧਾ ਸਵਾਲ ਕਰਦਿਆਂ ਪੁੱਛਿਆ ਕਿ ਸਰਕਾਰ ਪੀਸ ਆਰਕ ਅਤੇ ਮੇਪਲ ਰਿਜ ਹਸਪਤਾਲਾਂ ਦੇ ਮੈਟਰਨਿਟੀ ਵਾਰਡਾਂ ਦੇ ਦਰਵਾਜ਼ੇ ਖੁੱਲ੍ਹੇ ਰੱਖਣ ਵਿੱਚ ਅਸਫ਼ਲ ਕਿਉਂ ਰਹੀ ਹੈ । ਹਾਲਫੋਰਡ ਨੇ ਦੋਸ਼ ਲਾਇਆ ਕਿ ਸਰਕਾਰ ਨੇ ਗਰਭਵਤੀ ਮਾਵਾਂ ਨਾਲ ਧੋਖਾ ਕੀਤਾ ਹੈ ਅਤੇ ਇਹ ‘ਅਸਥਾਈ’ ਬੰਦੀਆਂ ਹੁਣ ਇੱਕ ਸਥਾਈ ਸਿਰਦਰਦ ਬਣਦੀਆਂ ਜਾ ਰਹੀਆਂ ਹਨ, ਜਿਸ ਦਾ ਖ਼ਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ ।
ਜੇਕਰ ਪਿਛਲੇ ਕੁਝ ਮਹੀਨਿਆਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪੀਸ ਆਰਕ ਹਸਪਤਾਲ ਵਿੱਚ ਸੇਵਾਵਾਂ ਦੇ ਰੁਕਣ ਦਾ ਸਿਲਸਿਲਾ 7 ਦਸੰਬਰ 2025 ਤੋਂ ਸ਼ੁਰੂ ਹੋਇਆ ਸੀ । ਇਸ ਤੋਂ ਬਾਅਦ 22 ਤੋਂ 25 ਦਸੰਬਰ ਅਤੇ ਫਿਰ ਸਾਲ ਦੇ ਅੰਤ ਵਿੱਚ 29 ਦਸੰਬਰ ਤੋਂ 1 ਜਨਵਰੀ ਤੱਕ ਵੀ ਮੈਟਰਨਿਟੀ ਵਾਰਡ ਬੰਦ ਰਿਹਾ ਸੀ । ਸਾਲ 2026 ਦੀ ਸ਼ੁਰੂਆਤ ਹੁੰਦਿਆਂ ਹੀ ਜਨਵਰੀ ਵਿੱਚ ਦੋ ਵਾਰ (8-12 ਜਨਵਰੀ ਅਤੇ 22-26 ਜਨਵਰੀ) ਅਤੇ ਫਰਵਰੀ ਵਿੱਚ ਵੀ ਦੋ ਵਾਰ (5-10 ਫਰਵਰੀ ਅਤੇ 19-25 ਫਰਵਰੀ) ਅਜਿਹੀਆਂ ਹੀ ਡਾਇਵਰਸ਼ਨਾਂ ਦੇਖਣ ਨੂੰ ਮਿਲੀਆਂ ਸਨ । ਹੁਣ 12 ਮਾਰਚ ਤੋਂ ਸ਼ੁਰੂ ਹੋ ਰਹੀ ਇਹ ਅੱਠਵੀਂ ਡਾਇਵਰਸ਼ਨ ਇਹ ਦਰਸਾਉਂਦੀ ਹੈ ਕਿ ਹਸਪਤਾਲ ਵਿੱਚ ਸਟਾਫ਼ ਦੀ ਕਮੀ ਦੀ ਸਮੱਸਿਆ ਕਿੰਨੀ ਡੂੰਘੀ ਹੈ । ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਸਰਕਾਰ ਕੋਈ ਠੋਸ ਰੁਜ਼ਗਾਰ ਨੀਤੀ ਨਹੀਂ ਲਿਆਉਂਦੀ, ਉਦੋਂ ਤੱਕ ਵ੍ਹਾਈਟ ਰੌਕ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਗਰਭਵਤੀ ਮਹਿਲਾਵਾਂ ਨੂੰ ਅਜਿਹੀਆਂ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈਂਦਾ ਰਹੇਗਾ । This report was written by Ekjot Singh as part of the Local Journalism Initiative.
ਪੀਸ ਆਰਕ ਅਤੇ ਰਿਜ ਮੈਡੋਜ਼ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਭਾਰੀ ਘਾਟ

