9.1 C
Vancouver
Sunday, April 12, 2026

ਨਾਰੀ ਦੀ ਕਹਾਣੀ ਅੰਕੜਿਆਂ ਦੀ ਜ਼ੁਬਾਨੀ

ਲਾਲ ਿਸੰਘ ਸੁਲਾਹਨੀ
ਸੰਪਰਕ: 98721-55120
ਮਾਨਵੀ ਪਿਆਰ ਵਿੱਚ ਰੰਗੇ ਬਾਬਾ ਨਾਨਕ ਨੇ ਪੰਜਾਬ ਦੀ ਧਰਤੀ ’ਤੇ ਔਰਤ ਨੂੰ ਰਾਣੀ ਵਾਂਗੂੰ ਸਨਮਾਨ ਦੇਣ ਦਾ ਪਾਠ ਪੜ੍ਹਾਇਆ। ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਉਨ੍ਹਾਂ ਦਾ ਕ੍ਰਾਂਤੀਕਾਰੀ ਫਲਸਫ਼ਾ ਹੈ। ਉਨ੍ਹਾਂ ਦੀ ਇਹ ਬੇਬਾਕ ਆਵਾਜ਼ ਪੰਜਾਬ ਦੀ ਫ਼ਿਜ਼ਾ ਵਿੱਚ ਗੂੰਜਦੀ ਹੋਣ ਦੇ ਬਾਵਜੂਦ ਅੱਜ ਵੀ ਕਾਫ਼ੀ ਪਰਿਵਾਰਾਂ ਵਿੱਚ ਲੜਕੀ ਪੈਦਾ ਹੋਣ ਤੋਂ ਪਹਿਲਾਂ ਹੀ ਕੁੱਖ ਵਿੱਚ ਮਾਰ ਦਿੱਤੀ ਜਾਂਦੀ ਹੈ, ਵਿਆਹ ਹੋਣ ਮਗਰੋਂ ਦਹੇਜ ਦੀ ਬਲੀ ਚਾੜ੍ਹ ਦਿੱਤੀ ਜਾਂਦੀ ਹੈ ਅਤੇ ਘਰ ਦੀ ਚਾਰਦੀਵਾਰੀ ਅੰਦਰ ਘਰੇਲੂ ਹਿੰਸਾ ਨਾਲ ਜੂਝਦਿਆਂ ਰੋਂਦੀ ਸਿਸਕਦੀ ਹੋਈ ਨਜ਼ਰ ਆਉਂਦੀ ਹੈ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਰਚ ਕੇ ਔਰਤਾਂ ਲਈ ਬਰਾਬਰੀ ਦਾ ਰਾਹ ਖੋਲ੍ਹਿਆ, ਪਰ ਬਹੁਤ ਸਾਰੀਆਂ ਔਰਤਾਂ ਅਜੇ ਵੀ ਘੁਟ-ਘੁਟ ਕੇ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ, ਇੱਥੋਂ ਤੱਕ ਕਿ ਕਈ ਨੌਕਰੀਪੇਸ਼ਾ ਇਸਤਰੀਆਂ ਵੀ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਭਾਰਤ ਵਿੱਚ ਔਰਤ ਦੀ ਯਾਤਨਾ ਉਸ ਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ (ਐੱਨ ਸੀ ਆਰ ਬੀ) ਅਨੁਸਾਰ ਸਾਲ 2022 ਵਿੱਚ ਮਾਦਾ ਭਰੂਣ ਹੱਤਿਆ ਦੇ ਹਜ਼ਾਰਾਂ ਕੇਸ ਰਿਪੋਰਟ ਹੋਏ ਅਤੇ ਗੁਜਰਾਤ ਤੇ ਮਹਾਰਾਸ਼ਟਰ ਵਰਗੇ ਰਾਜਾਂ ਵਿੱਚ ਇਹ ਗਿਣਤੀ ਬਹੁਤ ਜ਼ਿਆਦਾ ਹੈ। ਪੰਜਾਬ ਵਿੱਚ ਤਾਂ ਇਹ ਤ੍ਰਾਸਦੀ ਹੋਰ ਵੀ ਡਰਾਉਣ ਵਾਲੀ ਹੈ ਕਿਉਂਕਿ ਪੰਜਾਬ ਇੱਕ ਅਜਿਹਾ ਸੂਬਾ ਹੈ, ਜਿੱਥੇ ਗੁਰੂ ਸਾਹਿਬਾਨ ਦੀ ਮਾਨਵਵਾਦੀ ਸੋਚ ਦੇ ਧਾਰਨੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ (ਐੱਨ ਐੱਫ ਐੱਚ ਐੱਸ-5) ਅਨੁਸਾਰ ਪੰਜਾਬ ਵਿੱਚ ਜਨਮ ਸਮੇਂ ਲਿੰਗ ਅਨੁਪਾਤ ਸਾਲ 2023 ਵਿੱਚ ਘਟ ਕੇ 922 ਔਰਤਾਂ ਪ੍ਰਤੀ 1,000 ਮਰਦ ਰਿਹਾ, ਜੋ ਸਾਲ 2020 ਵਿੱਚ 925 ਤੋਂ ਵੀ ਘੱਟ ਸੀ। ਕਲਪਨਾ ਕਰੋ ਉਸ ਪੰਜਾਬੀ ਮਾਂ ਬਾਰੇ ਜੋ ਧੀ ਨੂੰ ਜਨਮ ਦੇਣ ਤੋਂ ਇਸ ਲਈ ਡਰਦੀ ਹੈ ਕਿਉਂਕਿ ਸਮਾਜ ਉਸ ਨੂੰ ਬੋਝ ਕਹਿ ਕੇ ਸੋਗ ਮਨਾਉਣ ਲਈ ਮਜਬੂਰ ਕਰਦਾ ਹੈ।
ਲੜਕੀ ਦੇ ਪੈਦਾ ਹੋਣ ਮਗਰੋਂ ਵੀ ਉਸ ਦਾ ਸੰਘਰਸ਼ ਖ਼ਤਮ ਨਹੀਂ ਹੁੰਦਾ। ਐੱਨ ਸੀ ਆਰ ਬੀ ਦੇ ਸਾਲ 2023 ਦੇ ਡੇਟਾ ਅਨੁਸਾਰ ਦਹੇਜ ਲਈ ਕੀਤੀਆਂ ਜਾਂਦੀਆਂ ਹੱਤਿਆਵਾਂ ਵਿੱਚ 14 ਫ਼ੀਸਦੀ ਵਾਧਾ ਹੋਇਆ, ਜਿਸ ਕਾਰਨ ਕੁੱਲ 6,156 ਔਰਤਾਂ ਦੀ ਜਾਨ ਗਈ। ਇਸ ਤੋਂ ਭਾਵ ਹੈ ਕਿ ਹਰ ਰੋਜ਼ ਲਗਭਗ 20 ਬੇਕਸੂਰ ਔਰਤਾਂ ਨੂੰ ਆਪਣੀ ਜਾਨ ਦਹੇਜ ਕਾਰਨ ਗੁਆਉਣੀ ਪੈਂਦੀ ਹੈ। ਉੱਤਰ ਪ੍ਰਦੇਸ਼ ਵਿੱਚ 2,122 ਮੌਤਾਂ ਹੋਈਆਂ, ਪਰ ਪੰਜਾਬ ਵਿੱਚ ਵੀ ਇਹ ਅੰਕੜਾ ਚਿੰਤਾਜਨਕ ਹੈ, ਜਿੱਥੇ ਸਾਲ 2022 ਵਿੱਚ 150 ਤੋਂ ਵੱਧ ਦਹੇਜ ਦੇ ਮਾਮਲੇ ਰਿਪੋਰਟ ਹੋਏ। ਹਰ ਪੰਜਾਬੀ ਨੂੰ ਮਿਲ ਕੇ ਇਸ ਰੂੜੀਵਾਦੀ ਪ੍ਰਥਾ ਨੂੰ ਤੋੜਨਾ ਹੋਵੇਗਾ।
ਘਰ, ਜੋ ਸੁਰੱਖਿਅਤ ਥਾਂ ਹੋਣਾ ਚਾਹੀਦਾ ਹੈ, ਅਕਸਰ ਔਰਤ ਲਈ ਨਰਕ ਬਣ ਜਾਂਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਤੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਅਨੁਸਾਰ ਭਾਰਤ ਵਿੱਚ 30 ਫ਼ੀਸਦੀ ਔਰਤਾਂ ਨੂੰ ਜੀਵਨ ਵਿੱਚ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਾਲ 2023 ਵਿੱਚ ਘਰੇਲੂ ਹਿੰਸਾ ਦੇ 4,48,211 ਮਾਮਲੇ ਰਿਪੋਰਟ ਹੋਏ। ਪੰਜਾਬ ਵਿੱਚ ਵੀ ਇਹ ਪੀੜਾ ਘੱਟ ਨਹੀਂ। ਨੈਸ਼ਨਲ ਫੈਮਿਲੀ ਹੈਲਥ ਸਰਵੇ-5 ਅਨੁਸਾਰ ਇੱਥੇ 25 ਫ਼ੀਸਦੀ ਔਰਤਾਂ ਨੇ ਘਰੇਲੂ ਹਿੰਸਾ ਦਾ ਸੰਤਾਪ ਭੋਗਿਆ, ਜਿਸ ਵਿੱਚ ਸਰੀਰਕ ਅਤੇ ਮਾਨਸਿਕ ਯਾਤਨਾਵਾਂ ਸ਼ਾਮਲ ਹਨ। ਕਲਪਨਾ ਕਰੋ ਉਸ ਨਾਰੀ ਬਾਰੇ, ਜੋ ਰਾਤ ਨੂੰ ਬੱਚਿਆਂ ਨਾਲ ਡਰਦੀ ਹੋਈ ਸੌਂਦੀ ਹੈ, ਅੱਥਰੂ ਲੁਕਾਉਂਦੀ ਹੈ ਅਤੇ ਸਵੇਰੇ ਮੁਸਕੁਰਾਉਂਦੀ ਹੋਈ ਕੰਮ ਕਰਨ ਲੱਗ ਜਾਂਦੀ ਹੈ। ਜਾਗਰੂਕਤਾ ਅਭਿਆਨਾਂ ਰਾਹੀਂ ਹਰ ਔਰਤ ਨੂੰ ਆਪਣੇ ਅਧਿਕਾਰਾਂ ਦੀ ਤਾਕਤ ਦਾ ਅਹਿਸਾਸ ਕਰਵਾ ਕੇ ਅਸੀਂ ਇਸ ਮਾਹੌਲ ਨੂੰ ਬਦਲ ਸਕਦੇ ਹਾਂ।
ਭਾਰਤ ਦਾ ਕੁੱਲ ਲਿੰਗ ਅਨੁਪਾਤ ਸਾਲ 2021 ਵਿੱਚ 1,020 ਔਰਤਾਂ ਪ੍ਰਤੀ 1,000 ਮਰਦ ਪਹੁੰਚਿਆ, ਜੋ ਚੰਗੀ ਗੱਲ ਹੈ, ਪਰ ਪੂਰਬੀ ਰਾਜਾਂ ਵਿੱਚ ਇਹ ਹਾਲਤ ਖਰਾਬ ਹੈ ਜਿਵੇਂ ਬਿਹਾਰ ਵਿੱਚ 918, ਝਾਰਖੰਡ ਵਿੱਚ 948; ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਨੈਸ਼ਨਲ ਫੈਮਿਲੀ ਹੈਲਥ ਸਰਵੇ-5 ਅਨੁਸਾਰ ਸਾਲ 2024 ਵਿੱਚ ਸਮੁੱਚਾ ਅਨੁਪਾਤ 918 ਔਰਤਾਂ ਪ੍ਰਤੀ 1,000 ਮਰਦ ਹੈ, ਜੋ ਰਾਸ਼ਟਰੀ ਔਸਤ ਤੋਂ ਬਹੁਤ ਘੱਟ ਹੈ ਅਤੇ ਜਨਮ ਸਮੇਂ 922 ਤੱਕ ਘਟ ਰਿਹਾ ਹੈ। ਇਹ ਅੰਕੜੇ ਪੰਜਾਬ ਲਈ ਚੁਣੌਤੀ ਹਨ। ਪੰਜਾਬ ਇੱਕ ਅਜਿਹਾ ਸੂਬਾ ਹੈ, ਜਿੱਥੇ ਔਰਤਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲਿਆ ਅਤੇ ਇੱਥੋਂ ਦੀਆਂ ਔਰਤਾਂ ਬਹਾਦਰੀ ਲਈ ਜਾਣੀਆਂ ਜਾਂਦੀਆਂ ਹਨ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਅੱਜ ਇੱਥੇ ਵੀ ਬਹੁਤ ਸਾਰੀਆਂ ਔਰਤਾਂ ਆਪਣੇ ਅਧਿਕਾਰਾਂ ਤੋਂ ਵਾਂਝੀਆਂ ਹਨ। ਇਹ ਮਹਿਜ਼ ਅੰਕੜੇ ਨਹੀਂ ਸਗੋਂ ਔਰਤਾਂ ਦੇ ਸੰਘਰਸ਼ ਦੀ ਕਹਾਣੀ ਹੈ। ਵਰਲਡ ਇਕਨੌਮਿਕ ਫੋਰਮ ਦੇ ਗਲੋਬਲ ਜੈਂਡਰ ਗੈਪ ਇੰਡੈਕਸ ਵਿੱਚ ਭਾਰਤ 131ਵੇਂ ਨੰਬਰ ’ਤੇ ਹੈ, ਪਰ ਪੰਜਾਬ ਵਿੱਚ ਮਹਿਲਾ ਸ਼ਕਤੀਕਰਨ ਯੋਜਨਾਵਾਂ ਨਾਲ ਅਸੀਂ ਇਸ ਨੂੰ ਬਦਲ ਸਕਦੇ ਹਾਂ।
ਅੱਜ ਅਸੀਂ ਬਾਬਾ ਨਾਨਕ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਸੁਨਹਿਰੀ ਸਿਧਾਂਤਾਂ ਨੂੰ ਯਾਦ ਕਰਦੇ ਹਾਂ ਤਾਂ ਇਹ ਸਵਾਲ ਉੱਠਦਾ ਹੈ: ਕੀ ਅਸੀਂ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰ ਸਕੇ ਹਾਂ? ਨਹੀਂ, ਪਰ ਆਸ ਦੀ ਇੱਕ ਕਿਰਨ ਅਜੇ ਵੀ ਚਮਕਦੀ ਹੈ। ਅਸੀਂ ਸਾਰੇ ਪੰਜਾਬੀ, ਧੀਆਂ ਨੂੰ ਪੜ੍ਹਾ ਕੇ ਉਨ੍ਹਾਂ ਦੇ ਸ਼ਕਤੀਕਰਨ ਦੀ ਦਿਸ਼ਾ ’ਚ ਕੰਮ ਕਰ ਸਕਦੇ ਹਾਂ। ਆਓ, ਅੱਜ ਖ਼ੁਦ ਨਾਲ ਵਾਅਦਾ ਕਰੀਏ ਕਿ ਹਰ ਔਰਤ ਨੂੰ ਸਨਮਾਨ ਦੇਵਾਂਗੇ, ਬਰਾਬਰੀ ਦਾ ਅਧਿਕਾਰ ਦੇਵਾਂਗੇ ਅਤੇ ਔਰਤਾਂ ’ਤੇ ਹੋਣ ਵਾਲੀ ਹਿੰਸਾ ਵਿਰੁੱਧ ਆਵਾਜ਼ ਉਠਾਵਾਂਗੇ। ਨਾਰੀ ਬਿਨਾਂ ਸਮਾਜ ਅਧੂਰਾ ਹੈ ਅਤੇ ਉਸ ਦੇ ਅੱਥਰੂ ਸਾਡੇ ਸਾਰਿਆਂ ਦੇ ਚਿਹਰੇ ’ਤੇ ਬਦਨੁਮਾ ਦਾਗ਼ ਹਨ।

ਰੁਝਾਨ ਖਬਰਾਂ