9.1 C
Vancouver
Sunday, April 12, 2026

ਕੈਨੇਡਾ ਵਿੱਚ 75 ਫੀਸਦੀ ਲੋਕਾਂ ਲਈ ਵਧਿਆ ਬੀਮਾ ਪ੍ਰੀਮੀਅਮ, ਘਰ ਅਤੇ ਗੱਡੀ ਦਾ ਬੀਮਾ ਹੋਇਆ ਮਹਿੰਗਾ

ਸਰੀ, (ਏਕਜੋਤ ਿਸੰਘ): ਕੈਨੇਡਾ ਵਿੱਚ ਰਹਿਣ ਵਾਲੇ ਬਹੁਤੇ ਲੋਕਾਂ ਲਈ ਆਪਣੇ ਘਰ ਅਤੇ ਗੱਡੀ ਦਾ ਬੀਮਾ (Insurance) ਕਰਵਾਉਣਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਹੋ ਗਿਆ ਹੈ । ‘ਰੇਟਸ.ਸੀਏ’ (Rates.ca) ਵੱਲੋਂ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਅਨੁਸਾਰ, ਤਿੰਨ-ਚੌਥਾਈ ਕੈਨੇਡੀਅਨਾਂ (75 ਫੀਸਦੀ) ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਉਨ੍ਹਾਂ ਦੇ ਬੀਮਾ ਪ੍ਰੀਮੀਅਮ ਵਿੱਚ ਭਾਰੀ ਵਾਧਾ ਹੋਇਆ ਹੈ । ਲੈਜਰ (Leger) ਦੁਆਰਾ ਕੀਤੇ ਗਏ ਇਸ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਖ਼ਾਸ ਕਰਕੇ 35 ਸਾਲ ਤੋਂ ਵੱਧ ਉਮਰ ਦੇ ਲੋਕ, ਜੋ ਆਮ ਤੌਰ ‘ਤੇ ਘਰ ਅਤੇ ਗੱਡੀ ਦੇ ਮਾਲਕ ਹੁੰਦੇ ਹਨ, ਇਸ ਵਾਧੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ । ਇਸ ਉਮਰ ਵਰਗ ਦੇ 78 ਫੀਸਦੀ ਲੋਕਾਂ ਨੇ ਬੀਮਾ ਕੀਮਤਾਂ ਵਧਣ ਦੀ ਪੁਸ਼ਟੀ ਕੀਤੀ ਹੈ, ਜਦਕਿ 18 ਤੋਂ 34 ਸਾਲ ਦੇ ਨੌਜਵਾਨਾਂ ਵਿੱਚ ਇਹ ਅੰਕੜਾ 64 ਫੀਸਦੀ ਰਿਹਾ ਹੈ ।
ਓਂਟਾਰੀਓ ਦੇ ਛੇ ਮੁੱਖ ਸ਼ਹਿਰਾਂ “ਟੋਰਾਂਟੋ, ਹੈਮਿਲਟਨ, ਓਸ਼ਾਵਾ, ਵਿੰਡਸਰ, ਲੰਡਨ ਅਤੇ ਓਟਾਵਾ” ਵਿੱਚ ਘਰਾਂ ਦੇ ਬੀਮੇ ਦੀ ਲਾਗਤ 2022 ਤੋਂ 2025 ਤੱਕ ਲਗਾਤਾਰ ਵਧੀ ਹੈ । ਰਿਪੋਰਟ ਮੁਤਾਬਕ, ਸਾਲ 2024 ਵਿੱਚ ਇਨ੍ਹਾਂ ਕੀਮਤਾਂ ਵਿੱਚ ਸਭ ਤੋਂ ਤੇਜ਼ ਉਛਾਲ ਦੇਖਣ ਨੂੰ ਮਿਲੀ ਸੀ, ਹਾਲਾਂਕਿ 2025 ਵਿੱਚ ਇਹ ਵਾਧਾ ਥੋੜ੍ਹਾ ਮੱਠਾ ਜ਼ਰੂਰ ਪਿਆ ਹੈ । ਬੀਮਾ ਕੀਮਤਾਂ ਵਧਣ ਪਿੱਛੇ ਖ਼ਰਾਬ ਮੌਸਮ, ਅੱਗ ਅਤੇ ਹੜ੍ਹਾਂ ਵਰਗੀਆਂ ਕੁਦਰਤੀ ਆਫ਼ਤਾਂ ਤਾਂ ਜ਼ਿੰਮੇਵਾਰ ਹਨ ਹੀ, ਪਰ ਇੱਕ ਅਹਿਮ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਏ ਗਏ ਟੈਰਿਫ (Tariffs) ਵੀ ਹਨ । ਇਨ੍ਹਾਂ ਟੈਰਿਫਾਂ ਕਾਰਨ ਉਸਾਰੀ ਦੇ ਸਾਮਾਨ ਦੀਆਂ ਕੀਮਤਾਂ ਵਧ ਗਈਆਂ ਹਨ, ਜਿਸ ਦਾ ਸਿੱਧਾ ਅਸਰ ਘਰਾਂ ਦੇ ਬੀਮੇ ਦੀ ਲਾਗਤ ‘ਤੇ ਪੈ ਰਿਹਾ ਹੈ ।
ਗੱਡੀਆਂ ਦੇ ਬੀਮੇ (Auto Insurance) ਦੀ ਗੱਲ ਕਰੀਏ ਤਾਂ ਇਹ ਕੈਨੇਡੀਅਨ ਪਰਿਵਾਰਾਂ ਲਈ ਸਭ ਤੋਂ ਵੱਡਾ ਆਰਥਿਕ ਬੋਝ ਬਣ ਗਿਆ ਹੈ । ਟੋਰਾਂਟੋ ਵਰਗੇ ਵੱਡੇ ਸ਼ਹਿਰ ਵਿੱਚ, ਸਾਲ 2022 ਤੋਂ 2025 ਦਰਮਿਆਨ ਗੱਡੀ ਦਾ ਔਸਤ ਸਾਲਾਨਾ ਪ੍ਰੀਮੀਅਮ 3,453 ਡਾਲਰ ਤੋਂ ਵਧ ਕੇ 3,997 ਡਾਲਰ ਤੱਕ ਪਹੁੰਚ ਗਿਆ ਹੈ । ਅੰਕੜੇ ਦਰਸਾਉਂਦੇ ਹਨ ਕਿ ਇੱਕ ਪਰਿਵਾਰ ਦੇ ਕੁੱਲ ਬੀਮਾ ਖ਼ਰਚੇ ਦਾ 60 ਤੋਂ 70 ਫੀਸਦੀ ਹਿੱਸਾ ਸਿਰਫ਼ ਗੱਡੀ ਦੇ ਬੀਮੇ ‘ਤੇ ਹੀ ਖ਼ਰਚ ਹੋ ਰਿਹਾ ਹੈ । ਇਸ ਵਾਧੇ ਦਾ ਮੁੱਖ ਕਾਰਨ ਗੱਡੀਆਂ ਦੀ ਮੁਰੰਮਤ ਦੇ ਵਧੇ ਹੋਏ ਖ਼ਰਚੇ ਹਨ । ਸਾਲ 2022 ਤੋਂ ਬਾਅਦ ਸਪਲਾਈ ਚੇਨ ਦੀਆਂ ਰੁਕਾਵਟਾਂ ਕਾਰਨ ਪੁਰਜ਼ਿਆਂ ਦੀ ਮਿਲਣ ਵਿੱਚ ਦੇਰੀ ਅਤੇ ਕਾਮਿਆਂ ਦੀ ਘਾਟ ਕਾਰਨ ਮੁਰੰਮਤ ਕਰਵਾਉਣੀ ਬਹੁਤ ਮਹਿੰਗੀ ਹੋ ਗਈ ਹੈ ।
ਰੇਟਸ.ਸੀਏ ਦੇ ਬੀਮਾ ਮਾਹਰ ਅਤੇ ਇਸ ਰਿਪੋਰਟ ਦੇ ਲੇਖਕ ਡੈਨੀਅਲ ਇਵਾਨਜ਼ ਅਨੁਸਾਰ, ਜੇਕਰ ਬੀਮਾ ਕੰਪਨੀਆਂ ਨੂੰ ਦਾਅਵਿਆਂ (Claims) ਦੇ ਰੂਪ ਵਿੱਚ ਉਮੀਦ ਨਾਲੋਂ ਜ਼ਿਆਦਾ ਪੈਸਾ ਖ਼ਰਚਣਾ ਪੈਂਦਾ ਹੈ, ਤਾਂ ਉਹ ਇਸ ਦਾ ਬੋਝ ਗਾਹਕਾਂ ਦੇ ਪ੍ਰੀਮੀਅਮ ਵਧਾ ਕੇ ਹੀ ਪੂਰਾ ਕਰਦੀਆਂ ਹਨ । ਇਵਾਨਜ਼ ਨੇ ਦੱਸਿਆ ਕਿ ਗੱਡੀ ਦੀ ਜਾਂਚ ਤੋਂ ਲੈ ਕੇ ਪੁਰਜ਼ਿਆਂ ਅਤੇ ਲੇਬਰ ਤੱਕ, ਹਰ ਚੀਜ਼ ਦੀ ਲਾਗਤ ਪਿਛਲੇ ਕੁਝ ਸਾਲਾਂ ਵਿੱਚ ਕਾਫ਼ੀ ਵਧ ਗਈ ਹੈ । ਜਿਵੇਂ-ਜਿਵੇਂ ਰਹਿਣ-ਸਹਿਣ ਦਾ ਖ਼ਰਚਾ ਅਤੇ ਸਾਮਾਨ ਦੀਆਂ ਕੀਮਤਾਂ ਵਧ ਰਹੀਆਂ ਹਨ, ਬੀਮਾ ਕੰਪਨੀਆਂ ਨੂੰ ਵੀ ਆਪਣੇ ਪ੍ਰੀਮੀਅਮ ਇਨ੍ਹਾਂ ਕੀਮਤਾਂ ਦੇ ਅਨੁਸਾਰ ਹੀ ਰੱਖਣੇ ਪੈ ਰਹੇ ਹਨ ਤਾਂ ਜੋ ਉਹ ਭਵਿੱਖ ਵਿੱਚ ਹੋਣ ਵਾਲੇ ਨੁਕਸਾਨਾਂ ਦੀ ਭਰਪਾਈ ਕਰ ਸਕਣ ।
ਮਹਿੰਗੇ ਬੀਮੇ ਤੋਂ ਰਾਹਤ ਪਾਉਣ ਲਈ ਕੈਨੇਡੀਅਨ ਹੁਣ ਕਈ ਤਰ੍ਹਾਂ ਦੇ ਹੱਥ-ਕੰਢੇ ਅਪਣਾ ਰਹੇ ਹਨ । ਸਰਵੇਖਣ ਅਨੁਸਾਰ, 63 ਫੀਸਦੀ ਬੀਮਾਧਾਰਕਾਂ ਨੇ ਆਪਣੇ ਖ਼ਰਚੇ ਘਟਾਉਣ ਲਈ ਕੋਸ਼ਿਸ਼ਾਂ ਕੀਤੀਆਂ ਹਨ । ਇਨ੍ਹਾਂ ਵਿੱਚੋਂ 40 ਫੀਸਦੀ ਲੋਕਾਂ ਨੇ ਬਿਹਤਰ ਡੀਲ ਲਈ ਵੱਖ-ਵੱਖ ਕੰਪਨੀਆਂ ਦੇ ਰੇਟਾਂ ਦੀ ਤੁਲਨਾ ਕੀਤੀ, 30 ਫੀਸਦੀ ਨੇ ਡਿਸਕਾਊਂਟ ਦੀ ਮੰਗ ਕੀਤੀ ਅਤੇ 21 ਫੀਸਦੀ ਲੋਕਾਂ ਨੇ ਆਪਣੇ ਬੀਮੇ ਦੇ ਕਵਰੇਜ ਵਿੱਚ ਬਦਲਾਅ ਕੀਤੇ ਜਾਂ ਕੁਝ ਹਿੱਸੇ ਹਟਾ ਦਿੱਤੇ । ਮਾਹਰਾਂ ਦੀ ਸਲਾਹ ਹੈ ਕਿ ਬੀਮਾ ਨਵਿਆਉਣ (Renew) ਸਮੇਂ ਹਮੇਸ਼ਾ ਮਾਰਕੀਟ ਵਿੱਚ ਹੋਰ ਉਪਲਬਧ ਵਿਕਲਪਾਂ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਵਧਦੀਆਂ ਕੀਮਤਾਂ ਦੇ ਬਾਵਜੂਦ ਕੁਝ ਬਚਤ ਕੀਤੀ ਜਾ ਸਕੇ । This report was written by Ekjot Singh as part of the Local Journalism Initiative.

ਰੁਝਾਨ ਖਬਰਾਂ