ਸਰੀ, (ਏਕਜੋਤ ਿਸੰਘ): ਔਟਵਾ ਦੇ ਰਹਿਣ ਵਾਲੇ ਮਾਈਕਲ ਗਰੋਵਜ਼ ਲਈ ਪੇਟ ਵਿੱਚ ਹੋਇਆ ਇੱਕ ਆਮ ਦਰਦ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸਾਬਤ ਹੋਇਆ। ਜਨਵਰੀ 2021 ਵਿੱਚ ਜਦੋਂ ਉਸਦੇ ਪੇਟ ਵਿੱਚ ਅਚਾਨਕ ਤੇਜ਼ ਦਰਦ ਸ਼ੁਰੂ ਹੋਇਆ ਤਾਂ ਉਸਨੂੰ ਲੱਗਿਆ ਕਿ ਇਹ ਅਪੈਂਡਿਸਾਈਟਿਸ ਹੋ ਸਕਦਾ ਹੈ ਅਤੇ ਉਹ ਤੁਰੰਤ ਐਮਰਜੈਂਸੀ ਵਿਭਾਗ ਵਿੱਚ ਪਹੁੰਚ ਗਿਆ। ਹਸਪਤਾਲ ਵਿੱਚ ਹੋਈ ਜਾਂਚ ਤੋਂ ਬਾਅਦ ਡਾਕਟਰਾਂ ਨੇ ਅਪੈਂਡਿਸਾਈਟਿਸ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਅਤੇ ਉਸਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ।
ਕੁਝ ਦਿਨਾਂ ਬਾਅਦ ਗਰੋਵਜ਼ ਨੇ ਆਪਣੇ ਮਲ ਵਿੱਚ ਖੂਨ ਦੇ ਨਿਸ਼ਾਨ ਦੇਖੇ, ਜਿਸ ਕਾਰਨ ਉਸਨੇ ਤੁਰੰਤ ਆਪਣੇ ਫੈਮਿਲੀ ਡਾਕਟਰ ਨਾਲ ਸੰਪਰਕ ਕੀਤਾ। ਹਾਲਾਂਕਿ ਕੁਝ ਸਮੇਂ ਬਾਅਦ ਦਰਦ ਅਤੇ ਖੂਨ ਆਉਣਾ ਰੁਕ ਗਿਆ ਸੀ, ਪਰ ਡਾਕਟਰ ਨੇ ਸਾਵਧਾਨੀ ਵਜੋਂ ਕੋਲੋਨੋਸਕੋਪੀ ਟੈਸਟ ਕਰਨ ਦਾ ਫੈਸਲਾ ਕੀਤਾ। ਅਪ੍ਰੈਲ ਵਿੱਚ ਹੋਏ ਇਸ ਟੈਸਟ ਦੌਰਾਨ ਡਾਕਟਰਾਂ ਨੇ ਉਸਦੇ ਕੋਲਨ ਵਿੱਚ ਲਗਭਗ ਪੰਜ ਸੈਂਟੀਮੀਟਰ ਦਾ ਟਿਊਮਰ ਪਾਇਆ। ਜਾਂਚ ਤੋਂ ਬਾਅਦ ਇਹ ਪੁਸ਼ਟੀ ਹੋਈ ਕਿ ਉਸਨੂੰ ਸਟੇਜ-3 ਕੋਲੋਰੈਕਟਲ ਕੈਂਸਰ ਹੈ, ਜੋ ਪਹਿਲਾਂ ਹੀ ਦੋ ਲਿੰਫ ਨੋਡਸ ਤੱਕ ਫੈਲ ਚੁੱਕਾ ਸੀ।
ਇਹ ਖ਼ਬਰ ਗਰੋਵਜ਼ ਅਤੇ ਉਸਦੇ ਪਰਿਵਾਰ ਲਈ ਵੱਡਾ ਝਟਕਾ ਸੀ, ਕਿਉਂਕਿ ਉਸਨੂੰ ਇਸ ਤੋਂ ਪਹਿਲਾਂ ਕੋਈ ਗੰਭੀਰ ਲੱਛਣ ਮਹਿਸੂਸ ਨਹੀਂ ਹੋ ਰਹੇ ਸਨ। ਉਹ ਨਿਯਮਿਤ ਤੌਰ ‘ਤੇ ਦੌੜਦਾ ਸੀ ਅਤੇ ਆਪਣੇ ਆਪ ਨੂੰ ਬਿਲਕੁਲ ਤੰਦਰੁਸਤ ਸਮਝਦਾ ਸੀ।
ਇਲਾਜ ਲਈ ਉਸਦੀ ਵੱਡੀ ਸਰਜਰੀ ਕੀਤੀ ਗਈ, ਜਿਸ ਵਿੱਚ ਕੋਲਨ ਦਾ ਕਰੀਬ ਇੱਕ ਫੁੱਟ ਹਿੱਸਾ ਕੱਢਣਾ ਪਿਆ। ਇਸ ਤੋਂ ਬਾਅਦ ਛੇ ਮਹੀਨਿਆਂ ਦੀ ਔਖੀ ਕੀਮੋਥੈਰੇਪੀ ਵੀ ਕਰਵਾਉਣੀ ਪਈ। ਹੁਣ 54 ਸਾਲ ਦੀ ਉਮਰ ਵਿੱਚ ਗਰੋਵਜ਼ ਦਾ ਕਹਿਣਾ ਹੈ ਕਿ ਜੇਕਰ 40 ਸਾਲ ਦੀ ਉਮਰ ਵਿੱਚ ਹੀ ਨਿਯਮਤ ਸਕਰੀਨਿੰਗ ਹੁੰਦੀ ਤਾਂ ਬਿਮਾਰੀ ਨੂੰ ਸ਼ੁਰੂਆਤੀ ਪੜਾਅ ਵਿੱਚ ਹੀ ਪਕੜਿਆ ਜਾ ਸਕਦਾ ਸੀ। ਉਹ ਲੋਕਾਂ ਨੂੰ ਸਮੇਂ-ਸਿਰ ਟੈਸਟ ਕਰਵਾਉਣ ਦੀ ਸਲਾਹ ਦੇ ਰਹੇ ਹਨ। This report was written by Ekjot Singh as part of the Local Journalism Initiative.
ਕੈਨੇਡਾ ਦੇ ਨੌਜਵਾਨ ਵਿੱਚ ਵਧ ਰਿਹਾ ਹੈ ਕੋਲੋਰੈਕਟਲ ਕੈਂਸਰ ਦਾ ਖ਼ਤਰਾ, ਸਕਰੀਨਿੰਗ ਨੀਤੀਆਂ ਵਿੱਚ ਬਦਲਾਅ ਦੀ ਮੰਗ

