9.1 C
Vancouver
Sunday, April 12, 2026

ਕੁਦਰਤੀ ਆਫ਼ਤ ਤੋਂ ਬਚਾਅ ਦੀ ਤਿਆਰੀ: ਤੇਜ਼ ਹਵਾਵਾਂ ਕਾਰਨ ਸ਼ੁੱਕਰਵਾਰ ਤੋਂ ਖੁੱਲ੍ਹੇ ਰਹਿਣਗੇ ਸ਼ੈਲਟਰ

ਸਰੀ, (ਏਕਜੋਤ ਿਸੰਘ): ਮੈਟਰੋ ਵੈਨਕੂਵਰ ਅਤੇ ਫਰੇਜ਼ਰ ਵੈਲੀ ਵਿੱਚ ਤੇਜ਼ ਹਵਾਵਾਂ ਚੱਲਣ ਦੀ ਗੰਭੀਰ ਚੇਤਾਵਨੀ ਦੇ ਮੱਦੇਨਜ਼ਰ ਸਰੀ ਸ਼ਹਿਰ ਵਿੱਚ ਬੇਘਰੇ ਲੋਕਾਂ ਲਈ ਵਾਧੂ ਕਮਿਊਨਿਟੀ ਸ਼ੈਲਟਰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ । ਐਨਵਾਇਰਮੈਂਟ ਕੈਨੇਡਾ ਅਨੁਸਾਰ ਬੁੱਧਵਾਰ ਸ਼ਾਮ ਨੂੰ ਹਵਾ ਦੀ ਰਫ਼ਤਾਰ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਉਮੀਦ ਹੈ, ਜਿਸ ਕਾਰਨ ਹੋਮਲੈੱਸਨੈੱਸ ਸਰਵਿਸਿਜ਼ ਐਸੋਸੀਏਸ਼ਨ ਆਫ਼ ਬੀ.ਸੀ. ਵੱਲੋਂ ਵਿਸ਼ੇਸ਼ ਅਲਰਟ ਜਾਰੀ ਕੀਤਾ ਗਿਆ ਹੈ । ਸਰੀ-ਵਾਈਟ ਰੌਕ ਐਕਸਟਰੀਮ ਵੈਦਰ ਰਿਸਪਾਂਸ ਟੀਮ ਦੇ ਬੁਲੇਟਿਨ ਅਨੁਸਾਰ ਇਹ ਸ਼ੈਲਟਰ ਬੁੱਧਵਾਰ (11 ਮਾਰਚ) ਤੋਂ ਸ਼ੁੱਕਰਵਾਰ (13 ਮਾਰਚ) ਰਾਤ ਤੱਕ ਖੁੱਲ੍ਹੇ ਰਹਿਣਗੇ ਤਾਂ ਜੋ ਤੇਜ਼ ਹਵਾਵਾਂ ਕਾਰਨ ਪੈਦਾ ਹੋਣ ਵਾਲੇ ਖ਼ਤਰੇ ਦੌਰਾਨ ਲੋੜਵੰਦਾਂ ਨੂੰ ਸੁਰੱਖਿਅਤ ਪਨਾਹ ਦਿੱਤੀ ਜਾ ਸਕੇ ।
ਇਸ ਮੁਹਿੰਮ ਤਹਿਤ ਸਰੀ ਅਤੇ ਡੈਲਟਾ ਵਿੱਚ ਕਈ ਸਥਾਨ ਨਿਰਧਾਰਿਤ ਕੀਤੇ ਗਏ ਹਨ । ਸਰੀ ਅਲਾਇੰਸ ਚਰਚ, ਜੋ ਕਿ 13474 96ਵੀਂ ਐਵੇਨਿਊ ‘ਤੇ ਸਥਿਤ ਹੈ, ਰਾਤ 9 ਵਜੇ ਤੋਂ ਸਵੇਰੇ 7:30 ਵਜੇ ਤੱਕ ਖੁੱਲ੍ਹਾ ਰਹੇਗਾ । ਇੱਥੇ 19 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਲਈ 30 ਮੈਟ ਉਪਲਬਧ ਕਰਵਾਏ ਗਏ ਹਨ ਅਤੇ ਇਸ ਸਥਾਨ ‘ਤੇ ਪਾਲਤੂ ਜਾਨਵਰ ਲਿਆਉਣ ਦੀ ਇਜਾਜ਼ਤ ਨਹੀਂ ਹੈ । ਇਸੇ ਤਰ੍ਹਾਂ ਦੱਖਣੀ ਸਰੀ ਰੀਕ੍ਰੀਏਸ਼ਨ ਐਂਡ ਆਰਟਸ ਸੈਂਟਰ (14601 20ਵੀਂ ਐਵੇਨਿਊ) ਰਾਤ 10 ਵਜੇ ਤੋਂ ਸਵੇਰੇ 7 ਵਜੇ ਤੱਕ ਸੇਵਾਵਾਂ ਪ੍ਰਦਾਨ ਕਰੇਗਾ । ਇਹ ਸਥਾਨ ਪਾਲਤੂ ਜਾਨਵਰਾਂ ਲਈ ਅਨੁਕੂਲ ਹੈ ਅਤੇ ਇੱਥੇ ਜੋੜਿਆਂ ਲਈ ਵੀ ਰੁਕਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਕੁੱਲ 45 ਮੈਟ ਉਪਲਬਧ ਹਨ ।
ਕਿੰਗ ਜਾਰਜ ਬੁਲੇਵਾਰਡ ‘ਤੇ ਵੀ ਦੋ ਅਹਿਮ ਕੇਂਦਰਾਂ ਵਿੱਚ ਰੁਕਣ ਦੀ ਵਿਵਸਥਾ ਕੀਤੀ ਗਈ ਹੈ । ਨਾਈਟਸ਼ਿਫਟ ਮਿਨਿਸਟਰੀਜ਼ (10635 ਕਿੰਗ ਜਾਰਜ ਬੁਲੇਵਾਰਡ) ਵਿਖੇ 16 ਮੈਟ ਉਪਲਬਧ ਹਨ, ਹਾਲਾਂਕਿ ਇਹ ਸਥਾਨ ਵ੍ਹੀਲਚੇਅਰ ਜਾਂ ਪਾਲਤੂ ਜਾਨਵਰਾਂ ਲਈ ਸੁਖਾਲਾ ਨਹੀਂ ਹੈ । ਇਸ ਦੇ ਨੇੜੇ ਹੀ ਸਰੀ ਵੈਲਕਮ ਹੱਬ (13545 ਕਿੰਗ ਜਾਰਜ ਬੁਲੇਵਾਰਡ) ਵਿਖੇ ਵੀ 16 ਮੈਟ ਰੱਖੇ ਗਏ ਹਨ, ਜਿੱਥੇ ਜੋੜੇ ਰੁਕ ਸਕਦੇ ਹਨ ਅਤੇ ਗਾਹਕਾਂ ਨੂੰ ਗਰਮ ਪੀਣ ਵਾਲੇ ਪਦਾਰਥਾਂ ਦੇ ਨਾਲ ਸਨੈਕਸ ਵੀ ਦਿੱਤੇ ਜਾਣਗੇ ।
ਔਰਤਾਂ ਲਈ ਵਿਸ਼ੇਸ਼ ਤੌਰ ‘ਤੇ ਸ਼ਿਮਾਈ ਟ੍ਰਾਂਜ਼ਿਸ਼ਨ ਹਾਊਸ (13327 100ਏ ਐਵੇਨਿਊ) ਵਿਖੇ 6 ਮੈਟ ਉਪਲਬਧ ਹਨ, ਜੋ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਸੇਵਾਵਾਂ ਦੇਵੇਗਾ । ਇਹ ਸਥਾਨ ਵ੍ਹੀਲਚੇਅਰ ਅਤੇ ਪਾਲਤੂ ਜਾਨਵਰਾਂ ਲਈ ਅਨੁਕੂਲ ਹੈ । ਇੱਥੇ ਰੁਕਣ ਵਾਲੀਆਂ ਔਰਤਾਂ ਨੂੰ ਖਾਣ-ਪੀਣ, ਸ਼ਾਵਰ ਅਤੇ ਲਾਂਡਰੀ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਅਤੇ ਵਾਪਸੀ ਸਮੇਂ ਬੱਸ ਦੀ ਟਿਕਟ ਵੀ ਮੁਹੱਈਆ ਕਰਵਾਈ ਜਾਵੇਗੀ । ਪ੍ਰਸ਼ਾਸਨ ਨੇ ਸਮੂਹ ਨਾਗਰਿਕਾਂ ਨੂੰ ਇਸ ਖ਼ਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ । This report was written by Ekjot Singh as part of the Local Journalism Initiative.

ਰੁਝਾਨ ਖਬਰਾਂ