ਚਾਰ ਨੌਜਵਾਨਾਂ ਨੇ ਕੈਨੇਡਾ ਦੇ ਇਤਿਹਾਸ ਨੂੰ ਦਿੱਤੀ ਨਵੀਂ ਪਛਾਣ
ਸਰੀ, (ਏਕਜੋਤ ਿਸੰਘ): ਕੈਨੇਡਾ ਹਿਸਟਰੀ ਸੋਸਾਇਟੀ ਵੱਲੋਂ ਸਾਲ 2025 ਦੇ ਹੈਰੀਟੇਜ ਫੇਅਰ ਨੈਸ਼ਨਲ ਸ਼ੋਅਕੇਸ ਦੇ ਜੇਤੂਆਂ ਦਾ ਐਲਾਨ ਕਰਦਿਆਂ ਉਨ੍ਹਾਂ ਚਾਰ ਹੋਣਹਾਰ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਕੈਨੇਡਾ ਦੇ ਇਤਿਹਾਸ ਨਾਲ ਸਬੰਧਤ ਵਿਲੱਖਣ ਪ੍ਰੋਜੈਕਟ ਤਿਆਰ ਕੀਤੇ ਹਨ । ਸੋਸਾਇਟੀ ਨੇ ਇਨ੍ਹਾਂ ਚਾਰ ਨੌਜਵਾਨ ਇਤਿਹਾਸ ਪ੍ਰੇਮੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਮਿਹਨਤ ਅਤੇ ਖੋਜ ਨੂੰ ਉਜਾਗਰ ਕੀਤਾ ਹੈ । ਜੇਤੂਆਂ ਵਿੱਚ ਬਾਸ-ਕਾਰਾਕੁਏਟ, ਨਿਊ ਬਰੰਜ਼ਵਿਕ ਤੋਂ ਫਲੇਵੀ ਬਲੈਂਚਰਡ, ਗੌਡਸ ਲੇਕ ਨੈਰੋਜ਼, ਮੈਨੀਟੋਬਾ ਤੋਂ ਵੈਲਨਟੀਨਾ ਹਿੱਲ, ਐਂਟੀਗੋਨਿਸ਼, ਨੋਵਾ ਸਕੋਸ਼ੀਆ ਤੋਂ ਕੋਰਾ ਲਿਊਕਮੈਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸ਼ਹਿਰ ਤੋਂ ਜਸਮੀਨ ਕੌਰ ਸੋਢੀ ਸ਼ਾਮਲ ਹਨ । ਇਨ੍ਹਾਂ ਵਿਦਿਆਰਥੀਆਂ ਨੇ ਇਹ ਇਨਾਮੀ ਪ੍ਰੋਜੈਕਟ ‘ਹੈਰੀਟੇਜ ਫੇਅਰ’ ਨਾਮਕ ਇੱਕ ਦੋਭਾਸ਼ੀ ਪ੍ਰੋਗਰਾਮ ਲਈ ਤਿਆਰ ਕੀਤੇ ਸਨ, ਜੋ ਵਿਦਿਆਰਥੀਆਂ ਨੂੰ ਕੈਨੇਡੀਅਨ ਇਤਿਹਾਸ ਦੇ ਵਿਸ਼ਿਆਂ ਵਿੱਚ ਡੂੰਘਾਈ ਨਾਲ ਖੋਜ ਕਰਨ ਅਤੇ ਸਿੱਖੀ ਹੋਈ ਜਾਣਕਾਰੀ ਨੂੰ ਪੇਸ਼ ਕਰਨ ਲਈ ਉਤਸ਼ਾਹਿਤ ਕਰਦਾ ਹੈ ।
ਇਸ ਪ੍ਰਾਪਤੀ ਲਈ ਹਰੇਕ ਜੇਤੂ ਨੂੰ 500 ਡਾਲਰ ਦਾ ਯੋਗਦਾਨ ਉਨ੍ਹਾਂ ਦੇ ਆਰ.ਈ.ਐਸ.ਪੀ. (RESP) ਖਾਤੇ ਵਿੱਚ ਪ੍ਰਾਪਤ ਹੋਇਆ ਹੈ ਅਤੇ ਉਨ੍ਹਾਂ ਦੇ ਕਾਰਜਾਂ ਨੂੰ ‘ਕੈਨੇਡਾ ਹਿਸਟਰੀ’ ਮੈਗਜ਼ੀਨ ਵਿੱਚ ਵਿਸ਼ੇਸ਼ ਤੌਰ ‘ਤੇ ਪ੍ਰਕਾਸ਼ਿਤ ਕੀਤਾ ਗਿਆ ਹੈ । ਵਿਲਸਨ ਫਾਊਂਡੇਸ਼ਨ ਦੇ ਸਹਿਯੋਗ ਸਦਕਾ, ਇਨ੍ਹਾਂ ਚਾਰੇ ਜੇਤੂਆਂ ਨੂੰ ਇਸ ਹਫ਼ਤੇ ਸਨਮਾਨਿਤ ਕਰਨ ਲਈ ਓਟਾਵਾ ਦੀ ਯਾਤਰਾ ‘ਤੇ ਲਿਜਾਇਆ ਗਿਆ । ਕੈਨੇਡਾ ਹਿਸਟਰੀ ਸੋਸਾਇਟੀ ਦੀ ਪ੍ਰਧਾਨ ਅਤੇ ਸੀ.ਈ.ਓ. ਮੇਲੋਨੀ ਵਾਰਡ ਨੇ ਕਿਹਾ ਕਿ ਇਹ ਦੇਖਣਾ ਬਹੁਤ ਹੀ ਉਤਸ਼ਾਹਜਨਕ ਹੈ ਕਿ ਇਹ ਨੌਜਵਾਨ ਕੈਨੇਡਾ ਦੇ ਅਤੀਤ ਦੇ ਵੱਖ-ਵੱਖ ਪਹਿਲੂਆਂ ਦੀ ਖੋਜ ਇੰਨੇ ਉਤਸ਼ਾਹ ਅਤੇ ਉਤਸੁਕਤਾ ਨਾਲ ਕਰ ਰਹੇ ਹਨ । ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਜੇਤੂਆਂ ਨੇ ਆਪਣੀ ਸੋਚਣ ਸ਼ਕਤੀ ਅਤੇ ਸਮਰਪਣ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜੋ ਦਰਸਾਉਂਦਾ ਹੈ ਕਿ ਇਤਿਹਾਸ ਦਾ ਅਧਿਐਨ ਕਿਸ ਤਰ੍ਹਾਂ ਜਾਗਰੂਕ ਨਾਗਰਿਕ ਬਣਾਉਣ ਵਿੱਚ ਮਦਦ ਕਰਦਾ ਹੈ ।
ਵੈਨਕੂਵਰ ਦੀ ਜਸਮੀਨ ਕੌਰ ਸੋਢੀ ਨੇ ਆਪਣੇ ਪ੍ਰੋਜੈਕਟ ਰਾਹੀਂ ‘ਮਿਲਿਟੈਂਟ ਮਦਰਜ਼ ਆਫ ਰੇਮਰ’ ਵਜੋਂ ਜਾਣੀਆਂ ਜਾਂਦੀਆਂ ਔਰਤਾਂ ਦੇ ਸਮੂਹ ਦੀਆਂ ਪ੍ਰਾਪਤੀਆਂ ‘ਤੇ ਰੌਸ਼ਨੀ ਪਾਈ ਹੈ । ਸਾਲ 1971 ਵਿੱਚ ਇਨ੍ਹਾਂ ਔਰਤਾਂ ਨੇ ਵੈਨਕੂਵਰ ਸ਼ਹਿਰ ਵਿੱਚ ਇੱਕ ਓਵਰਪਾਸ ਬਣਾਉਣ ਲਈ ਲਾਬਿੰਗ ਕੀਤੀ ਸੀ ਤਾਂ ਜੋ ਇਲਾਕੇ ਦੇ ਬੱਚਿਆਂ ਨੂੰ ਸਕੂਲ ਜਾਣ ਵੇਲੇ ਖਤਰਨਾਕ ਰੇਲਵੇ ਟ੍ਰੈਕ ਪਾਰ ਕਰਨ ਦਾ ਇੱਕ ਸੁਰੱਖਿਅਤ ਰਸਤਾ ਮਿਲ ਸਕੇ । ਜਸਮੀਨ ਨੇ ਇਸ ਖੋਜ ਲਈ ਕਲਾਤਮਕ ਵਿਆਖਿਆਵਾਂ, ਇੱਕ ਫਿਲਮ, ਪੁਰਾਲੇਖ ਸਮੱਗਰੀ ਅਤੇ ਸਮਕਾਲੀ ਮੀਡੀਆ ਕਵਰੇਜ ਦਾ ਅਧਿਐਨ ਕੀਤਾ ਤਾਂ ਜੋ ਇਹ ਜਾਣਿਆ ਜਾ ਸਕੇ ਕਿ ਇਨ੍ਹਾਂ ਔਰਤਾਂ ਦੀਆਂ ਕੋਸ਼ਿਸ਼ਾਂ ਨੇ ਸ਼ਹਿਰ ਦੇ ਅਣਗੌਲੇ ਹਿੱਸਿਆਂ ਵਿੱਚ ਹੋਰ ਕਮਿਊਨਿਟੀ ਸਰਗਰਮੀਆਂ ਨੂੰ ਕਿਵੇਂ ਪ੍ਰੇਰਿਤ ਕੀਤਾ ।
ਨਿਊ ਬਰੰਜ਼ਵਿਕ ਦੀ ਫਲੇਵੀ ਬਲੈਂਚਰਡ ਨੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਅਕਾਡੀਅਨ ਪ੍ਰਾਇਦੀਪ ਦੇ ਪਾਣੀਆਂ ਵਿੱਚ ਤਿੰਨ ਵੱਡੇ ਮੱਛੀ ਫੜਨ ਵਾਲੇ ਜਹਾਜ਼ਾਂ ਦੀ ਇਤਿਹਾਸਕ ਵਿਰਾਸਤ ਦੀ ਪੜਚੋਲ ਕੀਤੀ । ਇਨ੍ਹਾਂ ਵਿੱਚੋਂ ਦੋ ਜਹਾਜ਼ ਡੁੱਬ ਗਏ ਸਨ, ਜਿਸ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਤੀਜੇ ਜਹਾਜ਼ ਨੂੰ ਮਛੇਰਿਆਂ ਨੇ ਇਸ ਡਰੋਂ ਤਿਆਗ ਦਿੱਤਾ ਸੀ ਕਿ ਕਿਤੇ ਉਸ ਦਾ ਹਸ਼ਰ ਵੀ ਪਹਿਲੇ ਜਹਾਜ਼ਾਂ ਵਰਗਾ ਨਾ ਹੋਵੇ । ਫਲੇਵੀ ਦੇ ਦਾਦਾ ਜੀ ਇਸ ਦੁਖਾਂਤ ਵਿੱਚੋਂ ਬਚ ਗਏ ਸਨ, ਪਰ ਉਹ ਇਸ ਘਟਨਾ ਤੋਂ ਮਾਨਸਿਕ ਤੌਰ ‘ਤੇ ਇੰਨੇ ਪ੍ਰਭਾਵਿਤ ਹੋਏ ਸਨ ਕਿ ਉਹ ਕਦੇ ਵੀ ਉਸ ਸਦਮੇ ਵਿੱਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਆ ਸਕੇ । ਫਲੇਵੀ ਨੇ ਆਪਣੀ ਖੋਜ ਲਈ ਲਿਖਤੀ ਸਰੋਤਾਂ, ਇੱਕ ਦਸਤਾਵੇਜ਼ੀ ਫਿਲਮ ਅਤੇ ਆਪਣੀ ਦਾਦੀ ਦੇ ਇੰਟਰਵਿਊ ਦਾ ਸਹਾਰਾ ਲਿਆ ।
ਮੈਨੀਟੋਬਾ ਦੀ ਵੈਲਨਟੀਨਾ ਹਿੱਲ ਨੇ ‘ਟ੍ਰੀਟੀ 5’ (ਸੰਧੀ 5) ਬਣਾਉਣ ਬਾਰੇ ਕ੍ਰੀ ਭਾਈਚਾਰੇ ਦੇ ਦ੍ਰਿਸ਼ਟੀਕੋਣ ਦੀ ਪੜਚੋਲ ਕੀਤੀ ਅਤੇ ਉਸ ਸਮਝੌਤੇ ਬਾਰੇ ਦੱਸਿਆ ਜਿਸ ਉੱਤੇ ਉਸ ਦੇ ਪੜਦਾਦਾ ਪੀਟਰ ਵਾਟ ਨੇ ਗੌਡਸ ਲੇਕ ਫਸਟ ਨੇਸ਼ਨ ਦੇ ਹੋਰ ਮੈਂਬਰਾਂ ਦੇ ਨਾਲ ਦਸਤਖਤ ਕੀਤੇ ਸਨ । ਕਈ ਸਰੋਤਾਂ ਨੂੰ ਪੜ੍ਹਨ, ਇੱਕ ਪੁਰਾਣੀ ਫੋਟੋ ਐਲਬਮ ਦੇਖਣ ਅਤੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਇੰਟਰਵਿਊ ਲੈਣ ਤੋਂ ਬਾਅਦ, ਵੈਲਨਟੀਨਾ ਨੇ ਸਿੱਟਾ ਕੱਢਿਆ ਕਿ ਉਸ ਦੇ ਭਾਈਚਾਰੇ ਦੇ ਲੋਕਾਂ ਨੇ ਇਹ ਸੋਚ ਕੇ ਸਹਿਮਤੀ ਦਿੱਤੀ ਸੀ ਕਿ ਉਹ ਆਪਣੇ ਅਧਿਕਾਰਾਂ ਨੂੰ ਛੱਡੇ ਬਿਨਾਂ ਜ਼ਮੀਨ ਨੂੰ ਸਾਂਝਾ ਕਰਨ ਲਈ ਸਹਿਮਤ ਹੋ ਰਹੇ ਹਨ । ਉਸ ਨੇ ਨੋਟ ਕੀਤਾ ਕਿ ‘ਅਸੋਤਮਾਕੇਵਿਨ’ (ਵਾਅਦਾ) ਅੱਜ ਵੀ ਬਹੁਤ ਮਹੱਤਵ ਰੱਖਦਾ ਹੈ ।
ਨੋਵਾ ਸਕੋਸ਼ੀਆ ਦੀ ਕੋਰਾ ਲਿਊਕਮੈਨ ਨੇ ਆਪਣੇ ਪਰਿਵਾਰਕ ਫਾਰਮ ‘ਤੇ ਔਰਤਾਂ ਦੀ ਭੂਮਿਕਾ ਬਾਰੇ ਜਾਣਨ ਲਈ ਆਪਣੀ ਮਾਸੀ ਅਤੇ ਦਾਦਾ ਜੀ ਨਾਲ ਗੱਲਬਾਤ ਕੀਤੀ, ਜੋ ਫਾਰਮ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਉਨ੍ਹਾਂ ਦੇ ਪਰਿਵਾਰ ਕੋਲ ਹੈ । ਹਾਲਾਂਕਿ ਖੇਤੀਬਾੜੀ ਨੂੰ ਲੰਬੇ ਸਮੇਂ ਤੋਂ ਮਰਦਾਂ ਦੇ ਕੰਮ ਵਜੋਂ ਦਰਸਾਇਆ ਗਿਆ ਹੈ, ਪਰ ਉਸ ਨੇ ਮਹਿਸੂਸ ਕੀਤਾ ਕਿ ਔਰਤਾਂ ਹਮੇਸ਼ਾ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਰਹੀਆਂ ਹਨ । ਕੋਰਾ ਅਨੁਸਾਰ, ਅਟਲਾਂਟਿਕ ਕੈਨੇਡਾ ਵਿੱਚ ਉਸ ਦੀ ਮਾਸੀ ਵਰਗੀਆਂ ਔਰਤਾਂ ਵੱਲੋਂ ਖੇਤੀਬਾੜੀ ਦੇ ਖੇਤਰ ਵਿੱਚ ਲੀਡਰਸ਼ਿਪ ਦੀ ਭੂਮਿਕਾ ਨਿਭਾਉਣ ਕਾਰਨ ਹੀ ਅੱਜ ਉਸ ਵਰਗੀਆਂ ਕੁੜੀਆਂ ਲਈ ਖੁਦ ਨੂੰ ਭਵਿੱਖ ਦੇ ਕਿਸਾਨ ਵਜੋਂ ਦੇਖਣਾ ਸੰਭਵ ਹੋ ਰਿਹਾ ਹੈ ।
ਹੈਰੀਟੇਜ ਫੇਅਰ ਪ੍ਰੋਗਰਾਮ ਇੱਕ ਬਹੁਤ ਵੱਡੀ ਵਿਦਿਅਕ ਪਹਿਲਕਦਮੀ ਹੈ, ਜਿਸ ਵਿੱਚ ਹਰ ਸਾਲ ਹਜ਼ਾਰਾਂ ਵਿਦਿਆਰਥੀ ਦੇਸ਼ ਭਰ ਦੇ ਸਕੂਲੀ ਅਤੇ ਖੇਤਰੀ ਮੇਲਿਆਂ ਵਿੱਚ ਆਪਣੇ ਪ੍ਰੋਜੈਕਟ ਪੇਸ਼ ਕਰਦੇ ਹਨ । ਇਹ ਪ੍ਰੋਗਰਾਮ ਚੌਥੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰਚਨਾਤਮਕ ਅਤੇ ਖੋਜ-ਆਧਾਰਿਤ ਪ੍ਰੋਜੈਕਟਾਂ ਰਾਹੀਂ ਕੈਨੇਡੀਅਨ ਵਿਰਾਸਤ ਨਾਲ ਜੋੜਦਾ ਹੈ । ਖੋਜ ਦੀ ਗੁਣਵੱਤਾ ਦੇ ਆਧਾਰ ‘ਤੇ ਚੋਣਵੇਂ ਵਿਦਿਆਰਥੀਆਂ ਨੂੰ ਨੈਸ਼ਨਲ ਸ਼ੋਅਕੇਸ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਂਦਾ ਹੈ, ਜਿਨ੍ਹਾਂ ਵਿੱਚੋਂ 2025 ਦੇ ਜੇਤੂਆਂ ਦੀ ਚੋਣ ਕੀਤੀ ਗਈ ਹੈ । ਕੈਨੇਡਾ ਹਿਸਟਰੀ ਸੋਸਾਇਟੀ ਇੱਕ ਰਾਸ਼ਟਰੀ ਚੈਰੀਟੇਬਲ ਸੰਸਥਾ ਹੈ ਜੋ ਇਤਿਹਾਸ ਰਾਹੀਂ ਕੈਨੇਡੀਅਨਾਂ ਨੂੰ ਆਪਸ ਵਿੱਚ ਜੋੜਨ ਅਤੇ ਦੇਸ਼ ਦੇ ਵਿਭਿੰਨ ਇਤਿਹਾਸ ਦੀ ਸਮਝ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੀ ਹੈ । This report was written by Ekjot Singh as part of the Local Journalism Initiative.
ਔਟਵਾ ਵਿੱਚ ਨੈਸ਼ਨਲ ਹੈਰੀਟੇਜ ਫੇਅਰ ਦੇ ਜੇਤੂਆਂ ਦਾ ਸ਼ਾਨਦਾਰ ਸਨਮਾਨ

