9.1 C
Vancouver
Sunday, April 12, 2026

100 ਦਿਨਾਂ ਦਾ ਉਲਟੀ ਗਿਣਤੀ ਸ਼ੁਰੂ: ਫੀਫਾ ਵਿਸ਼ਵ ਕੱਪ ਲਈ ਵੈਨਕੂਵਰ ਤਿਆਰ


ਵਿਸ਼ਵ ਕੱਪ ਦੌਰਾਨ ਵੈਨਕੂਵਰ ਵਿੱਚ ਚੱਲਣਗੀਆਂ 600 ਵਾਧੂ ਬੱਸਾਂ, ਸਕਾਈ-ਟ੍ਰੇਨ ਦੇ ਸਮੇਂ ਵਿੱਚ ਵੀ ਵਾਧਾ
ਸਰੀ, (ਏਕਜੋਤ ਿਸੰਘ): ਵਿਸ਼ਵ ਦੇ ਸਭ ਤੋਂ ਵੱਡੇ ਖੇਡ ਸਮਾਗਮਾਂ ਵਿੱਚੋਂ ਇੱਕ ‘ਫੀਫਾ ਵਿਸ਼ਵ ਕੱਪ’ ਦਾ ਆਗਾਜ਼ ਹੋਣ ਵਿੱਚ ਹੁਣ ਸਿਰਫ਼ 100 ਦਿਨਾਂ ਦਾ ਸਮਾਂ ਬਾਕੀ ਰਹਿ ਗਿਆ ਹੈ। ਇਸ ਵਿਸ਼ਵ ਪੱਧਰੀ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਤਿਆਰੀਆਂ ਜ਼ੋਰਾਂ ‘ਤੇ ਹਨ। ਦੁਨੀਆ ਭਰ ਤੋਂ ਆਉਣ ਵਾਲੇ ਲੱਖਾਂ ਫੁਟਬਾਲ ਪ੍ਰੇਮੀਆਂ ਦੇ ਸਵਾਗਤ ਲਈ ਸ਼ਹਿਰ ਦੇ ਪ੍ਰਸ਼ਾਸਨ ਅਤੇ ਆਵਾਜਾਈ ਵਿਭਾਗ ਨੇ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕਰਨਾ ਸ਼ੁਰੂ ਕਰ ਦਿੱਤਾ ਹੈ। ਟ੍ਰਾਂਸਲਿੰਕ ਨੇ ਮੰਗਲਵਾਰ ਨੂੰ ਇੱਕ ਵਿਸ਼ੇਸ਼ ਰਣਨੀਤੀ ਪੇਸ਼ ਕੀਤੀ ਹੈ, ਜਿਸ ਦਾ ਮੁੱਖ ਉਦੇਸ਼ ਮੈਚਾਂ ਦੌਰਾਨ ਵਧਣ ਵਾਲੀ ਭੀੜ ਨੂੰ ਸੁਚਾਰੂ ਢੰਗ ਨਾਲ ਸੰਭਾਲਣਾ ਅਤੇ ਮੁਸਾਫਿਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਹੈ। ਇਸ ਮਹਾਂਕੁੰਭ ਦੌਰਾਨ ਵੈਨਕੂਵਰ ਵਿੱਚ ਕੁੱਲ ਸੱਤ ਮੈਚ ਖੇਡੇ ਜਾਣਗੇ, ਜੋ ਸ਼ਹਿਰ ਦੀ ਆਰਥਿਕਤਾ ਅਤੇ ਸੈਰ-ਸਪਾਟੇ ਨੂੰ ਨਵੀਂ ਉਚਾਈ ‘ਤੇ ਲੈ ਕੇ ਜਾਣਗੇ।
ਟ੍ਰਾਂਸਲਿੰਕ ਵੱਲੋਂ ਜਾਰੀ ਕੀਤੀ ਗਈ ਯੋਜਨਾ ਅਨੁਸਾਰ, ਟੂਰਨਾਮੈਂਟ ਦੇ ਦੌਰਾਨ ਰੋਜ਼ਾਨਾ ਲਗਭਗ 600 ਵਾਧੂ ਬੱਸਾਂ ਚਲਾਈਆਂ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਵਿਸ਼ੇਸ਼ ਸ਼ਟਲ ਸੇਵਾ ਪੀ.ਐਨ.ਈ. ਫੈਨ ਫੈਸਟੀਵਲ, ਐਕਸਪੋ ਲਾਈਨ ਅਤੇ ਮਿਲੇਨੀਅਮ ਲਾਈਨ ਦੇ ਵਿਚਕਾਰ ਚਲਾਈ ਜਾਵੇਗੀ ਤਾਂ ਜੋ ਦਰਸ਼ਕਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਤੱਕ ਪਹੁੰਚਣ ਵਿੱਚ ਕੋਈ ਦਿੱਕਤ ਨਾ ਆਵੇ। ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਅਚਾਨਕ ਵਧਣ ਵਾਲੀ ਭੀੜ ਜਾਂ ਬਦਲਦੇ ਹਾਲਾਤਾਂ ਨਾਲ ਨਜਿੱਠਣ ਲਈ ਵਾਧੂ ਬੱਸਾਂ ਨੂੰ ਸਟੈਂਡਬਾਏ ‘ਤੇ ਰੱਖਿਆ ਜਾਵੇਗਾ। ਸਕਾਈ-ਟ੍ਰੇਨ ਸੇਵਾਵਾਂ ਵਿੱਚ ਵੀ ਵੱਡਾ ਫੇਰਬਦਲ ਕੀਤਾ ਗਿਆ ਹੈ। ਮੈਚਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਹਰ ਦੋ ਤੋਂ ਤਿੰਨ ਮਿੰਟਾਂ ਬਾਅਦ ਟ੍ਰੇਨ ਉਪਲਬਧ ਹੋਵੇਗੀ। ਜਿਨ੍ਹਾਂ ਦਿਨਾਂ ਵਿੱਚ ਮੈਚ ਰਾਤ 9 ਵਜੇ ਸ਼ੁਰੂ ਹੋਣਗੇ, ਉਨ੍ਹਾਂ ਦਿਨਾਂ ਵਿੱਚ ਟ੍ਰੇਨਾਂ ਰਾਤ 2:15 ਵਜੇ ਤੱਕ ਚਲਾਈਆਂ ਜਾਣਗੀਆਂ ਤਾਂ ਜੋ ਪ੍ਰਸ਼ੰਸਕ ਸੁਰੱਖਿਅਤ ਆਪਣੇ ਘਰਾਂ ਨੂੰ ਪਰਤ ਸਕਣ।
ਸਥਾਨਕ ਵਸਨੀਕਾਂ ਅਤੇ ਮੈਚ ਦੇਖਣ ਆਉਣ ਵਾਲੇ ਦਰਸ਼ਕਾਂ ਲਈ ਸਭ ਤੋਂ ਮਹੱਤਵਪੂਰਨ ਜਾਣਕਾਰੀ ਸਟੇਸ਼ਨਾਂ ਦੀ ਵਰਤੋਂ ਬਾਰੇ ਹੈ। ਟ੍ਰਾਂਸਲਿੰਕ ਨੇ ਚੇਤਾਵਨੀ ਦਿੱਤੀ ਹੈ ਕਿ ਮੈਚਾਂ ਵਾਲੇ ਦਿਨ ਸਟੇਡੀਅਮ-ਚਾਈਨਾਟਾਊਨ ਅਤੇ ਯੇਲਟਾਊਨ-ਰਾਊਂਡਹਾਊਸ ਸਟੇਸ਼ਨਾਂ ਤੋਂ ਬੀ.ਸੀ. ਪਲੇਸ ਸਟੇਡੀਅਮ ਤੱਕ ਪੈਦਲ ਜਾਣ ਵਾਲਾ ਰਸਤਾ ਬੰਦ ਰਹੇਗਾ। ਸੁਰੱਖਿਆ ਘੇਰੇ ਅਤੇ ਭੀੜ ਕੰਟਰੋਲ ਨਿਯਮਾਂ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਦਰਸ਼ਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਟੇਡੀਅਮ ਪਹੁੰਚਣ ਲਈ ਮੇਨ ਸਟ੍ਰੀਟ-ਸਾਇੰਸ ਵਰਲਡ ਸਟੇਸ਼ਨ ਦੀ ਵਰਤੋਂ ਕਰਨ। ਟ੍ਰਾਂਸਲਿੰਕ ਦੀ ਬੁਲਾਰਾ ਅਨੀਤਾ ਬਾਥੇ ਨੇ ਦੱਸਿਆ ਕਿ ਮੈਚ ਵਾਲੇ ਦਿਨ ਬੀ.ਸੀ. ਪਲੇਸ ਵਿੱਚ ਦਾਖਲ ਹੋਣ ਲਈ ਸਿਰਫ਼ ਇੱਕ ਹੀ ਰਸਤਾ ਖੁੱਲ੍ਹਾ ਹੋਵੇਗਾ, ਇਸ ਲਈ ਮੁਸਾਫਿਰਾਂ ਨੂੰ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਤੋਂ ਹੀ ਬਣਾ ਲੈਣੀ ਚਾਹੀਦੀ ਹੈ।
ਸਮੁੰਦਰੀ ਰਸਤੇ ਰਾਹੀਂ ਆਉਣ ਵਾਲੇ ਮੁਸਾਫਿਰਾਂ ਲਈ ਸੀ-ਬੱਸ ਸੇਵਾ ਹਰ 15 ਮਿੰਟ ਬਾਅਦ ਉਪਲਬਧ ਹੋਵੇਗੀ, ਜਦੋਂ ਕਿ ਮੈਚ ਵਾਲੇ ਦਿਨ ਇਸ ਦੀ ਮਿਆਦ ਘਟਾ ਕੇ ਹਰ 10 ਮਿੰਟ ਕਰ ਦਿੱਤੀ ਜਾਵੇਗੀ। ਵੀਕੈਂਡ ‘ਤੇ ਹੋਣ ਵਾਲੇ ਦੋ ਖਾਸ ਮੈਚਾਂ ਲਈ ਵੈਸਟ ਕੋਸਟ ਐਕਸਪ੍ਰੈਸ ਦੀ ਇੱਕ ਵਿਸ਼ੇਸ਼ ਟ੍ਰੇਨ ਵੀ ਚਲਾਈ ਜਾਵੇਗੀ। ਦਿਵਿਆਂਗਾਂ ਅਤੇ ਬਜ਼ੁਰਗਾਂ ਦੀ ਸਹੂਲਤ ਲਈ ਹੈਂਡੀਡਾਰਟ (HandyDART) ਸੇਵਾ ਲਈ ਬੀ.ਸੀ. ਪਲੇਸ ਦੇ ਬਾਹਰ ਐਕਸਪੋ ਬੁਲੇਵਾਰਡ ਅਤੇ ਕੈਰਾਲ ਸਟ੍ਰੀਟ ਦੇ ਕੋਲ ਵਿਸ਼ੇਸ਼ ਪਿਕਅੱਪ ਅਤੇ ਡ੍ਰੌਪ-ਆਫ ਪੁਆਇੰਟ ਬਣਾਏ ਗਏ ਹਨ। ਇਸ ਤੋਂ ਇਲਾਵਾ ਫੀਫਾ ਫੈਨ ਫੈਸਟੀਵਲ ਦੇ ਗੇਟ ਨੰਬਰ 2 ਅਤੇ ਗੇਟ ਨੰਬਰ 10 ਦੇ ਨੇੜੇ ਵੀ ਪਾਰਕਿੰਗ ਲੋਟ ਵਿੱਚ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਹਰ ਵਰਗ ਦੇ ਲੋਕ ਇਸ ਖੇਡ ਮੇਲੇ ਦਾ ਅਨੰਦ ਲੈ ਸਕਣ।
ਵੈਨਕੂਵਰ ਸ਼ਹਿਰ ਦਾ ਪ੍ਰਸ਼ਾਸਨ ਵੀ ਇਸ ਵਿਸ਼ਵ ਕੱਪ ਨੂੰ ਯਾਦਗਾਰ ਬਣਾਉਣ ਲਈ ਕਈ ਤਰ੍ਹਾਂ ਦੇ ਸੱਭਿਆਚਾਰਕ ਅਤੇ ਡਿਜੀਟਲ ਪ੍ਰੋਗਰਾਮਾਂ ਦੀ ਤਿਆਰੀ ਕਰ ਰਿਹਾ ਹੈ। ਸੂਬੇ ਦੀ ਸੈਰ-ਸਪਾਟਾ ਅਤੇ ਕਲਾ ਮੰਤਰੀ ਐਨੀ ਕਾਂਗ ਨੇ ਦੱਸਿਆ ਕਿ ਜਲਦੀ ਹੀ ਬ੍ਰਿਟਿਸ਼ ਕੋਲੰਬੀਆ ਵਿੱਚ ‘ਵਾਚ ਪਾਰਟੀ’ (Watch Party) ਲੋਕੇਸ਼ਨਾਂ ਦਾ ਐਲਾਨ ਕੀਤਾ ਜਾਵੇਗਾ, ਜਿੱਥੇ ਵੱਡੀਆਂ ਸਕ੍ਰੀਨਾਂ ‘ਤੇ ਮੈਚਾਂ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ। ਇਹ ਸਥਾਨ ਖੇਡ ਪ੍ਰੇਮੀਆਂ ਲਈ ਇੱਕ ਜਸ਼ਨ ਦਾ ਕੇਂਦਰ ਬਣਨਗੇ। ਫੀਫਾ ਵਿਸ਼ਵ ਕੱਪ ਨਾ ਸਿਰਫ਼ ਇੱਕ ਖੇਡ ਮੁਕਾਬਲਾ ਹੈ, ਸਗੋਂ ਇਹ ਵੈਨਕੂਵਰ ਦੀ ਵਿਸ਼ਵ ਪੱਧਰੀ ਮੇਜ਼ਬਾਨੀ ਦੀ ਸਮਰੱਥਾ ਨੂੰ ਦਿਖਾਉਣ ਦਾ ਇੱਕ ਸੁਨਹਿਰੀ ਮੌਕਾ ਵੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਆਵਾਜਾਈ ਦੀ ਵੱਧ ਤੋਂ ਵੱਧ ਵਰਤੋਂ ਕਰਨ ਤਾਂ ਜੋ ਸੜਕਾਂ ‘ਤੇ ਟ੍ਰੈਫਿਕ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ