9.1 C
Vancouver
Sunday, April 12, 2026

ਬ੍ਰਿਟਿਸ਼ਿ ਕੋਲੰਬੀਆ ਅਤੇ ਅਲਬਰਟਾ ਵਿੱਚ ਦਹਿਸ਼ਤ ਫੈਲਾਉਣ ਵਾਲਾ ਗਿਰੋਹ ਬੇਨਕਾਬ, ਤਿੰਨ ਵਿਦੇਸ਼ੀ ਨਾਗਰਿਕਾਂ ‘ਤੇ ਲੱਗੇ ਗੰਭੀਰ ਦੋਸ਼


ਸਰੀ, (ਏਕਜੋਤ ਿਸੰਘ): ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਜਬਰੀ ਵਸੂਲੀ ਦੀਆਂ ਘਟਨਾਵਾਂ ਵਿੱਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਬੀ.ਸੀ. ਆਰ.ਸੀ.ਐਮ.ਪੀ. ਅਨੁਸਾਰ ਤਿੰਨ ਵਿਦੇਸ਼ੀ ਨਾਗਰਿਕਾਂ ਵਿਰੁੱਧ ਜਬਰੀ ਵਸੂਲੀ ਅਤੇ ਹਥਿਆਰਾਂ ਨਾਲ ਸਬੰਧਤ ਗੰਭੀਰ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਅਜੇ ਵੀ ਫਰਾਰ ਹੈ, ਜਿਸ ਵਿਰੁੱਧ ਪੂਰੇ ਕੈਨੇਡਾ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਇਹ ਮਾਮਲਾ ਉਦੋਂ ਗੰਭੀਰ ਰੂਪ ਧਾਰ ਗਿਆ ਜਦੋਂ ਜਾਂਚ ਦੌਰਾਨ ਪਤਾ ਲੱਗਿਆ ਕਿ ਸਰੀ ਅਤੇ ਐਡਮੰਟਨ ਵਿੱਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਤਾਰ ਆਪਸ ਵਿੱਚ ਜੁੜੇ ਹੋਏ ਸਨ। ਇਸ ਜਾਂਚ ਨੇ ਕੈਨੇਡਾ ਵਿੱਚ ਰਹਿੰਦੇ ਪ੍ਰਵਾਸੀ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਮੁੜ ਚਿੰਤਾ ਪੈਦਾ ਕਰ ਦਿੱਤੀ ਹੈ।
ਇਸ ਮਾਮਲੇ ਦੀ ਸ਼ੁਰੂਆਤ ਪਿਛਲੇ ਸਾਲ ਨਵੰਬਰ ਵਿੱਚ ਹੋਈ ਸੀ। 8 ਨਵੰਬਰ 2025 ਨੂੰ ਸਰੀ ਸਥਿਤ ਆਰ.ਸੀ.ਐਮ.ਪੀ. ਦੀ ‘ਪ੍ਰੋਵਿੰਸ਼ੀਅਲ ਆਪਰੇਸ਼ਨ ਸਪੋਰਟ ਯੂਨਿਟ’ ਨੂੰ ਸਰੀ ਦੇ 32 ਐਵੇਨਿਊ ਦੇ 17000 ਬਲਾਕ ਵਿੱਚ ਸਥਿਤ ਇੱਕ ਘਰ ‘ਤੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਪੁਸ਼ਟੀ ਕੀਤੀ ਕਿ ਘਰ ਦੇ ਬਾਹਰਲੇ ਹਿੱਸੇ ‘ਤੇ ਗੋਲੀਆਂ ਦੇ ਨਿਸ਼ਾਨ ਮੌਜੂਦ ਸਨ। ਇਸ ਘਟਨਾ ਦੇ ਅਜੇ ਕੁਝ ਹੀ ਦਿਨ ਬੀਤੇ ਸਨ ਕਿ 12 ਨਵੰਬਰ ਨੂੰ ਉਸੇ ਘਰ ‘ਤੇ ਦੁਬਾਰਾ ਗੋਲੀਬਾਰੀ ਹੋਈ। ਘਟਨਾਵਾਂ ਦੀ ਗੰਭੀਰਤਾ ਅਤੇ ਜਬਰੀ ਵਸੂਲੀ ਦੇ ਸੰਕੇਤਾਂ ਨੂੰ ਦੇਖਦਿਆਂ ‘ਬੀ.ਸੀ. ਪ੍ਰੋਵਿੰਸ਼ੀਅਲ ਐਕਸਟੋਰਸ਼ਨ ਟਾਸਕ ਫੋਰਸ’ ਨੇ ਦੋਵਾਂ ਫਾਈਲਾਂ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ। ਜਾਂਚ ਦੌਰਾਨ ਮਿਲੇ ਸਬੂਤਾਂ ਅਤੇ ਸੂਚਨਾਵਾਂ ਦੇ ਆਧਾਰ ‘ਤੇ ਪੁਲਿਸ ਨੇ ਕਈ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ।
8 ਦਸੰਬਰ ਨੂੰ ਟਾਸਕ ਫੋਰਸ ਨੇ ਐਲਾਨ ਕੀਤਾ ਕਿ ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਨੇ ਅਵਤਾਰ ਸਿੰਘ ਵਿਰੁੱਧ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਚਲਾਉਣ ਦਾ ਦੋਸ਼ ਮਨਜ਼ੂਰ ਕਰ ਲਿਆ ਹੈ। ਉਸ ਸਮੇਂ ਅਵਤਾਰ ਸਿੰਘ ਦੀ ਉਮਰ 21 ਸਾਲ ਸੀ। ਇਸ ਤੋਂ ਬਾਅਦ 27 ਫਰਵਰੀ ਨੂੰ ਅਦਾਲਤ ਨੇ ਹੁਣ 22 ਸਾਲ ਦੇ ਹੋ ਚੁੱਕੇ ਅਵਤਾਰ ਸਿੰਘ ਵਿਰੁੱਧ ਜਬਰੀ ਵਸੂਲੀ ਦਾ ਦੋਸ਼ ਵੀ ਤੈਅ ਕਰ ਦਿੱਤਾ। ਅਵਤਾਰ ਦੇ ਨਾਲ-ਨਾਲ ਦੋ ਹੋਰ ਵਿਦੇਸ਼ੀ ਨਾਗਰਿਕਾਂ, ਸੰਦੀਪ ਸਿੰਘ ਅਤੇ ਜਗਦੀਪ ਸਿੰਘ ‘ਤੇ ਵੀ ਪਿਛਲੇ ਹਫ਼ਤੇ ਗੰਭੀਰ ਦੋਸ਼ ਲਗਾਏ ਗਏ ਹਨ। 28 ਸਾਲਾ ਸੰਦੀਪ ਸਿੰਘ ਅਤੇ 24 ਸਾਲਾ ਜਗਦੀਪ ਸਿੰਘ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਚਲਾਉਣ ਅਤੇ ਜਬਰੀ ਵਸੂਲੀ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਅਨੁਸਾਰ ਸੰਦੀਪ ਸਿੰਘ 12 ਨਵੰਬਰ ਦੀ ਗੋਲੀਬਾਰੀ ਅਤੇ ਜਗਦੀਪ ਸਿੰਘ 8 ਨਵੰਬਰ ਦੀ ਘਟਨਾ ਵਿੱਚ ਸ਼ਾਮਲ ਸੀ। ਵਰਤਮਾਨ ਵਿੱਚ ਅਵਤਾਰ ਸਿੰਘ ਅਤੇ ਸੰਦੀਪ ਸਿੰਘ ਪੁਲਿਸ ਦੀ ਹਿਰਾਸਤ ਵਿੱਚ ਹਨ, ਪਰ ਜਗਦੀਪ ਸਿੰਘ ਪੁਲਿਸ ਦੀ ਪਕੜ ਤੋਂ ਬਾਹਰ ਹੈ। ਜਗਦੀਪ ਸਿੰਘ ਵਿਰੁੱਧ ਅਲਬਰਟਾ ਤੋਂ ਕੈਨੇਡਾ-ਵਿਆਪੀ ਵਾਰੰਟ ਜਾਰੀ ਕੀਤਾ ਗਿਆ ਹੈ। ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਗਦੀਪ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿਚਕਾਰ ਲਗਾਤਾਰ ਸਫਰ ਕਰ ਰਿਹਾ ਸੀ। ਉਸ ‘ਤੇ ਐਡਮੰਟਨ ਦੇ ਪੱਛਮ ਵਿੱਚ ਸਥਿਤ ਇੱਕ ਫਾਰਮਹਾਊਸ ‘ਤੇ ਲੋਕਾਂ ਨੂੰ ਡਰਾਉਣ-ਧਮਕਾਉਣ ਅਤੇ ਜਬਰੀ ਵਸੂਲੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਪਾਰਕਲੈਂਡ ਕਾਉਂਟੀ ਆਰ.ਸੀ.ਐਮ.ਪੀ. ਨੂੰ ਸੂਚਨਾ ਮਿਲੀ ਸੀ ਕਿ ‘ਸਪਰਿੰਗ ਮੀਡੋ ਸਟੇਟ’ ਸਬ-ਡਿਵੀਜ਼ਨ ਵਿੱਚ ਸਥਿਤ ਇੱਕ ਘਰ ‘ਤੇ 31 ਅਕਤੂਬਰ ਅਤੇ 6 ਨਵੰਬਰ 2025 ਨੂੰ ਗੋਲੀਬਾਰੀ ਕੀਤੀ ਗਈ ਸੀ। ਇਨ੍ਹਾਂ ਘਟਨਾਵਾਂ ਤੋਂ ਠੀਕ ਦੋ ਦਿਨ ਬਾਅਦ ਸਰੀ ਵਿੱਚ ਗੋਲੀਬਾਰੀ ਦੀ ਪਹਿਲੀ ਘਟਨਾ ਵਾਪਰੀ ਸੀ।
ਜਗਦੀਪ ਸਿੰਘ ਨੂੰ ਪਹਿਲਾਂ 17 ਨਵੰਬਰ ਨੂੰ ਅਲਬਰਟਾ ਦੇ ਰੈੱਡ ਡੀਅਰ ਵਿੱਚ ਸਫਰ ਕਰਦੇ ਸਮੇਂ ਹਿਰਾਸਤ ਵਿੱਚ ਲਿਆ ਗਿਆ ਸੀ, ਪਰ ਉਸ ਸਮੇਂ ਹੋਰ ਜਾਂਚ ਦੀ ਲੋੜ ਦੱਸਦਿਆਂ ਉਸਨੂੰ ਰਿਹਾਅ ਕਰ ਦਿੱਤਾ ਗਿਆ ਸੀ। ਰਿਹਾਇਸ਼ ਤੋਂ ਬਾਅਦ ਪੁਲਿਸ ਨੂੰ ਉਸ ਵਿਰੁੱਧ ਪੁਖ਼ਤਾ ਸਬੂਤ ਮਿਲੇ, ਜਿਸ ਤੋਂ ਬਾਅਦ ਹੁਣ ਉਸ ਵਿਰੁੱਧ ਕੈਨੇਡਾ-ਵਿਆਪੀ ਵਾਰੰਟ ਜਾਰੀ ਕੀਤਾ ਗਿਆ ਹੈ। ਅਲਬਰਟਾ ਵਿੱਚ ਉਸ ‘ਤੇ ਜਬਰੀ ਵਸੂਲੀ ਦੇ ਦੋ, ਇਰਾਦਤਨ ਗੋਲੀਬਾਰੀ ਦੇ ਦੋ, ਹਥਿਆਰਾਂ ਨਾਲ ਸਬੰਧਤ ਅੱਠ ਅਤੇ ਪਛਾਣ ਛੁਪਾਉਣ ਦੇ ਦੋ ਦੋਸ਼ ਲਗਾਏ ਗਏ ਹਨ। ਇਸ ਤੋਂ ਇਲਾਵਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਵੀ ਉਸ ਵਿਰੁੱਧ ਇਮੀਗ੍ਰੇਸ਼ਨ ਵਾਰੰਟ ਜਾਰੀ ਕੀਤਾ ਹੈ, ਕਿਉਂਕਿ ਉਸਦੀ ਕੈਨੇਡਾ ਵਿੱਚ ਮੌਜੂਦਗੀ ਅਤੇ ਕਾਨੂੰਨੀ ਸਥਿਤੀ ਵੀ ਜਾਂਚ ਦੇ ਘੇਰੇ ਵਿੱਚ ਹੈ।
ਇਸ ਜਾਂਚ ਵਿੱਚ ਸਭ ਤੋਂ ਅਹਿਮ ਮੋੜ ਉਦੋਂ ਆਇਆ ਜਦੋਂ ਨਵੰਬਰ ਵਿੱਚ ਰੈੱਡ ਡੀਅਰ ਤੋਂ ਜ਼ਬਤ ਕੀਤੇ ਗਏ ਇੱਕ ਹਥਿਆਰ ਦੀ ਜਾਂਚ ਐਡਮੰਟਨ ਪੁਲਿਸ ਸਰਵਿਸ ਦੀ ਫੋਰੈਂਸਿਕ ਲੈਬ ਵਿੱਚ ਕੀਤੀ ਗਈ। ਜਾਂਚਕਰਤਾਵਾਂ ਨੇ ਪਾਇਆ ਕਿ ਇਹ ਹਥਿਆਰ ਦੇਸ਼ ਭਰ ਵਿੱਚ ਹੋਈਆਂ ਸੱਤ ਹੋਰ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਜੁੜਿਆ ਹੋਇਆ ਸੀ। ਇਹ ਖੁਲਾਸਾ ਦਰਸਾਉਂਦਾ ਹੈ ਕਿ ਇਹ ਗਿਰੋਹ ਕਿੰਨਾ ਸਰਗਰਮ ਅਤੇ ਖ਼ਤਰਨਾਕ ਸੀ। ਚੀਫ਼ ਸੁਪਰਡੈਂਟ ਡੰਕਨ ਪਾਊਂਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਬਰੀ ਵਸੂਲੀ ਦੀ ਜਾਂਚ ਲਈ ਬਹੁਤ ਜ਼ਿਆਦਾ ਸਮੇਂ, ਮਿਹਨਤ ਅਤੇ ਹਰ ਛੋਟੀ ਜਾਣਕਾਰੀ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਟਾਸਕ ਫੋਰਸ ਹਰ ਸੰਭਵ ਸਬੂਤ ਇਕੱਠੇ ਕਰ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿਵਾਈ ਜਾ ਸਕੇ।
ਪੁਲਿਸ ਹੁਣ ਜਗਦੀਪ ਸਿੰਘ ਦੀ ਤਲਾਸ਼ ਵਿੱਚ ਛਾਪੇਮਾਰੀ ਕਰ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਸ ਬਾਰੇ ਕੋਈ ਵੀ ਜਾਣਕਾਰੀ ਹੋਣ ‘ਤੇ ਤੁਰੰਤ ਸੂਚਿਤ ਕੀਤਾ ਜਾਵੇ।

ਰੁਝਾਨ ਖਬਰਾਂ