9.1 C
Vancouver
Sunday, April 12, 2026

ਬਿਹਤਰ ਹਾਲਾਤ ਲਈ ਸੰਘਰਸ਼

ਕੌਮਾਂਤਰੀ ਔਰਤ ਦਿਵਸਬਿਹਤਰ ਹਾਲਾਤ ਲਈ ਸੰਘਰਸ਼

ਜਸਪ੍ਰੀਤ ਕੌਰ ਜੱਸੂ
ਸੰਪਰਕ: 98555-09018
ਕੌਮਾਂਤਰੀ ਔਰਤ ਦਿਵਸ ਦੀ ਸ਼ੁਰੂਆਤ ਮਜ਼ਦੂਰ ਜਮਾਤੀ ਔਰਤਾਂ ਦੇ ਸੰਘਰਸ਼ ਨਾਲ ਹੋਈ ਸੀ। 8 ਮਾਰਚ 1857 ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਲਗਭਗ 15000 ਦੀ ਗਿਣਤੀ ਵਿੱਚ ਬੁਣਕਰ ਔਰਤਾਂ ਨੇ ‘ਖਾਲੀ ਪਤੀਲਾ ਜਲੂਸ’ ਕੱਢਿਆ ਅਤੇ 10 ਘੰਟੇ ਕੰਮ ਦੀ ਦਿਹਾੜੀ, ਕੱਪੜਾ ਮਿੱਲਾਂ ਵਿੱਚ ਆਪਣੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ, ਔਰਤਾਂ ਲਈ ਮਰਦਾਂ ਬਰਾਬਰ ਹੱਕਾਂ ਦੀ ਮੰਗ ਕੀਤੀ। ਸਰਕਾਰ ਨੇ ਪੁਲੀਸ ਰਾਹੀਂ ਔਰਤਾਂ ਦੇ ਇਸ ਸੰਘਰਸ਼ ’ਤੇ ਬਰਾਬਰ ਜਬਰ ਢਾਹਿਆ, ਔਰਤਾਂ ਨੇ ਕੁੱਟ ਖਾਧੀ। 8 ਮਾਰਚ 1908 ਦੇ ਦਿਨ ਹੀ ਨਿਊਯਾਰਕ ਦੀਆਂ ਲੱਗਭੱਗ 20 ਹਜ਼ਾਰ ਮਜ਼ਦੂਰ ਔਰਤਾਂ ਨੇ ਕੰਮ ਦੀਆਂ ਬਿਹਤਰ ਹਾਲਤਾਂ, ਵੋਟ ਦੇਣ ਦੇ ਹੱਕ ਅਤੇ ਬਿਹਤਰ ਮਜ਼ਦੂਰੀ ਲਈ ਮੁਜ਼ਾਹਰਾ ਕੀਤਾ।
1910 ਵਿੱਚ ਕੋਪਨਹੈਗਨ ਵਿੱਚ ਸਮਾਜਵਾਦੀ ਔਰਤਾਂ ਦੀ ਕੌਮਾਂਤਰੀ ਕਾਨਫਰੰਸ ਕੀਤੀ ਗਈ। ਅਮਰੀਕਾ ਦੇ ਸੋਸ਼ਲਿਸਟਾਂ ਤੋਂ ਪ੍ਰੇਰਿਤ ਹੋ ਕੇ ਜਰਮਨੀ ਦੇ ਡੈਲੀਗੇਟ ਕਲਾਰਾ ਜੈਟਕਿਨ ਸਮੇਤ ਹੋਰਨਾਂ ਨੇ ਇਸ ਮੀਟਿੰਗ ਵਿੱਚ ਸਾਲਾਨਾ ‘ਮਹਿਲਾ ਦਿਵਸ’ ਦਾ ਸੁਝਾਅ ਦਿੱਤਾ ਪਰ ਇਸ ਦੀ ਕੋਈ ਨਿਸ਼ਚਿਤ ਤਾਰੀਖ ਇਸ ਕਾਨਫਰੰਸ ਵਿੱਚ ਨਹੀਂ ਸੀ ਮਿੱਥੀ ਗਈ। ਇਸ ਮੀਟਿੰਗ ਵਿੱਚ 17 ਦੇਸ਼ਾਂ ਦੀਆਂ 100 ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਤੇ ਸੁਝਾਅ ਨੂੰ ਕਬੂਲਦਿਆਂ ਇਸ ਵਿਚਾਰ ਨੂੰ ਔਰਤਾਂ ਲਈ ਵੋਟ ਦੇ ਹੱਕ ਸਮੇਤ ਬਰਾਬਰੀ ਦੇ ਅਧਿਕਾਰਾਂ ਦੀ ਲੜਾਈ ਵੱਲ ਵਧਾਉਣ ਦਾ ਫੈਸਲਾ ਕੀਤਾ। 1911 ਵਿੱਚ ਅਮਰੀਕਾ ਵਿੱਚ ਇੱਕ ਫੈਕਟਰੀ ਵਿੱਚ ਅੱਗ ਲੱਗ ਗਈ ਤੇ ਅੱਗ ਲੱਗਣ ਕਾਰਨ 140 ਔਰਤਾਂ ਦੀ ਮੌਤ ਹੋ ਗਈ ਜਿਸ ਕਾਰਨ ਔਰਤਾਂ ਅੰਦਰ ਜਥੇਬੰਦ ਹੋਣ ਦੀ ਭਾਵਨਾ ਪੈਦਾ ਹੋਈ। ਤਿੰਨ ਔਰਤਾਂ ਨੇ ਮਿਲ ਕੇ ਲੇਬਰ ਯੂਨੀਅਨ ਬਣਾਈ ਜੋ ਵਿਸ਼ਵ ਪੱਧਰ ’ਤੇ ਪਹਿਲੀ ਵੱਡੀ ਘਟਨਾ ਸੀ। 19 ਮਾਰਚ 1911 ਨੂੰ ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਦਸ ਲੱਖ ਤੋਂ ਵੱਧ ਲੋਕਾਂ ਨੇ ਪਹਿਲੀ ਵਾਰ ਕੌਮਾਂਤਰੀ ਔਰਤਾਂ ਦਾ ਦਿਨ ਮਨਾਇਆ। ਇਕੱਲੇ ਆਸਟਰੋ-ਹੰਗਰੀਅਨ ਵਿੱਚ 300 ਪ੍ਰਦਰਸ਼ਨ ਹੋਏ। ਔਰਤਾਂ ਨੇ ਪੈਰਿਸ ਕਮਿਊਨ ਦੇ ਸ਼ਹੀਦਾਂ ਨੂੰ ਸਤਿਕਾਰ ਦੇਣ ਵਾਲੇ ਬੈਨਰ ਚੁੱਕੇ ਅਤੇ ਔਰਤਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਵੋਟ ਪਾਉਣ ਅਤੇ ਜਨਤਕ ਅਹੁਦਾ ਸੰਭਾਲਣ ਦਾ ਅਧਿਕਾਰ ਦਿੱਤਾ ਜਾਵੇ। ਉਨ੍ਹਾਂ ਨੇ ਰੁਜ਼ਗਾਰ ਦੇ ਲਿੰਗਕ ਵਿਤਕਰੇ ਵਿਰੁੱਧ ਵੀ ਵਿਰੋਧ ਜਤਾਇਆ।
ਅਮਰੀਕੀ ਲੋਕ ਫਰਵਰੀ ਦੇ ਆਖਿ਼ਰੀ ਐਤਵਾਰ ਨੂੰ ਕੌਮੀ ਮਹਿਲਾ ਦਿਵਸ ਮਨਾਉਂਦੇ ਰਹੇ। 1913 ਵਿੱਚ ਰੂਸੀ ਔਰਤਾਂ ਨੇ ਫਰਵਰੀ ਦੇ ਆਖਿ਼ਰੀ ਸ਼ਨਿੱਚਰਵਾਰ ਆਪਣਾ ਪਹਿਲਾ ਕੌਮਾਂਤਰੀ ਮਹਿਲਾ ਦਿਵਸ ਮਨਾਇਆ। 1914 ਵਿੱਚ ਕੌਮਾਂਤਰੀ ਮਹਿਲਾ ਦਿਵਸ 8 ਮਾਰਚ ਨੂੰ ਜਰਮਨੀ ਵਿਚ ਕੀਤਾ ਗਿਆ। 8 ਮਾਰਚ 1914 ਨੂੰ ਇੱਕ ਜਰਮਨ ਪੋਸਟਰ ਦਾ ਪੰਜਾਬੀ ਅਨੁਵਾਦ ਸੀ: ‘ਔਰਤਾਂ ਨੂੰ ਵੋਟ ਦਾ ਹੱਕ ਦਿਓ। ਇਸਤਰੀ ਦਿਹਾੜਾ, 8 ਮਾਰਚ 1914। ਹੁਣ ਤੱਕ ਭੇਦਭਾਵ ਅਤੇ ਪਿਛਾਖੜੀ ਨਜ਼ਰੀਏ ਨੇ ਔਰਤਾਂ ਨੂੰ ਸਭਨਾਂ ਨਾਗਰਿਕ ਅਧਿਕਾਰਾਂ ਤੋਂ ਵਾਂਝੇ ਰੱਖਿਆ ਹੈ ਜੋ ਮਜ਼ਦੂਰਾਂ, ਮਾਤਾਵਾਂ ਅਤੇ ਨਾਗਰਿਕਾਂ ਦੇ ਰੂਪ ਵਿੱਚ ਪੂਰੀ ਨਿਸ਼ਠਾ ਨਾਲ ਆਪਣੇ ਫਰਜ਼ ਦਾ ਪਾਲਣ ਅਤੇ ਨਗਰਪਾਲਿਕਾ ਦੇ ਨਾਲ-ਨਾਲ ਰਾਜ ਨੂੰ ਟੈਕਸ ਵੀ ਅਦਾ ਕਰਦੀਆਂ ਹਨ। ਇਨ੍ਹਾਂ ਕੁਦਰਤੀ ਮਾਨਵ ਅਧਿਕਾਰਾਂ ਲਈ ਹਰ ਔਰਤ ਨੂੰ ਦ੍ਰਿੜ ਅਤੇ ਅਟੁੱਟ ਇਰਾਦੇ ਦੇ ਨਾਲ ਲੜਨਾ ਚਾਹੀਦਾ ਹੈ। ਇਸ ਲੜਾਈ ਵਿੱਚ ਕਿਸੇ ਵੀ ਪ੍ਰਕਾਰ ਦੀ ਢਿੱਲ ਦੀ ਆਗਿਆ ਨਹੀਂ ਹੈ। ਸਭ ਔਰਤਾਂ ਅਤੇ ਲੜਕੀਆਂ ਆਉਣ; ਐਤਵਾਰ, 8 ਮਾਰਚ 1914 ਨੂੰ, ਸ਼ਾਮ 3 ਵਜੇ, 9ਵੇਂ ਇਸਤਰੀ ਸਮਾਗਮ ਵਿੱਚ ਸ਼ਾਮਿਲ ਹੋਣ।’
ਲੰਡਨ ਵਿੱਚ 8 ਮਾਰਚ 1914 ਨੂੰ ਔਰਤਾਂ ਦੇ ਰਾਜਨੀਤਕ ਚੋਣਾਂ ਵਿੱਚ ਵੋਟ ਦੇਣ ਦੇ ਅਧਿਕਾਰ ਦੇ ਸਮਰਥਨ ਵਿੱਚ ਇੱਕ ਮਾਰਚ ਹੋਇਆ। 8 ਮਾਰਚ 1917 ਨੂੰ ਰੂਸੀ ਸਾਮਰਾਜ ਦੀ ਰਾਜਧਾਨੀ ਪੈਟਰੋਗ੍ਰਾਡ ਵਿੱਚ ਔਰਤ ਟੈਕਸਟਾਈਲ ਵਰਕਰਾਂ ਨੇ ਪ੍ਰਦਰਸ਼ਨ ਸ਼ੁਰੂ ਕੀਤਾ ਜਿਸ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਨੇ ਫਰਵਰੀ ਕ੍ਰਾਂਤੀ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕੀਤੀ ਜਿਸ ਨੇ ਅਕਤੂਬਰ ਇਨਕਲਾਬ ਨੂੰ ਰੂਸੀ ਇਨਕਲਾਬ ਬਣਾਇਆ। ਸੇਂਟ ਪੀਟਰਸਬਰਗ ਵਿੱਚ ਔਰਤਾਂ ਨੇ ਉਸ ਦਿਨ ‘ਬ੍ਰੈੱਡ ਐਂਡ ਪੀਸ’ (ਭੋਜਨ ਅਤੇ ਅਮਨ) ਲਈ ਹੜਤਾਲ ਕੀਤੀ ਜਿਸ ਰਾਹੀਂ ਪਹਿਲੇ ਵਿਸ਼ਵ ਯੁੱਧ ਨੂੰ ਖਤਮ ਕਰਨ, ਰੂਸ ਵਿੱਚ ਭੋਜਨ ਦੀ ਘਾਟ ਅਤੇ ਜ਼ਾਰਸ਼ਾਹੀ ਦੇ ਅੰਤ ਦੀ ਮੰਗ ਕੀਤੀ ਸੀ। ਇਨਕਲਾਬੀ ਆਗੂ ਲਿਓਨ ਤ੍ਰਾਤਸਕੀ ਨੇ ਲਿਖਿਆ, “8 ਮਾਰਚ ਕੌਮਾਂਤਰੀ ਔਰਤ ਦਿਵਸ ਸੀ ਅਤੇ ਮੀਟਿੰਗਾਂ ਅਤੇ ਕਾਰਜਾਂ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਅਸੀਂ ਇਹ ਕਲਪਨਾ ਨਹੀਂ ਕੀਤੀ ਸੀ ਕਿ ਇਹ ਔਰਤ ਦਿਵਸ ‘ਇਨਕਲਾਬ’ ਦਾ ਮਹੂਰਤ ਕਰੇਗਾ।
ਇਨਕਲਾਬੀ ਕਾਰਵਾਈਆਂ ਦਾ ਅਨੁਮਾਨ ਸੀ ਪਰ ਬਿਨਾਂ ਤਾਰੀਖ ਦੇ। ਉਂਝ, ਸਵੇਰੇ ਉਲਟ ਆਦੇਸ਼ਾਂ ਦੇ ਬਾਵਜੂਦ ਟੈਕਸਟਾਈਲ ਕਾਮੇ ਕਈ ਫੈਕਟਰੀਆਂ ਵਿੱਚ ਆਪਣਾ ਕੰਮ ਛੱਡ ਗਏ ਅਤੇ ਨੁਮਾਇੰਦਿਆਂ ਨੂੰ ਹੜਤਾਲ ਦਾ ਸਮਰਥਨ ਮੰਗਣ ਲਈ ਭੇਜਿਆ ਜਿਸ ਕਾਰਨ ਆਮ ਹੜਤਾਲ ਹੋਈ, ਸਾਰੇ ਲੋਕ ਸੜਕਾਂ ਤੇ ਬਾਹਰ ਨਿਕਲ ਆਏ।” ਰੂਸ ਦੀ ਆਰਜ਼ੀ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ। ਵੋਟ ਦਾ ਅਧਿਕਾਰ ਹਾਸਿਲ ਕਰਨ ਤੋਂ ਬਾਅਦ ਰੂਸ ਵਿੱਚ 8 ਮਾਰਚ ਕੌਮੀ ਛੁੱਟੀ ਬਣ ਗਈ। ਸੰਯੁਕਤ ਰਾਸ਼ਟਰ ਨੇ 1977 ਵਿੱਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ। ਕੌਮਾਂਤਰੀ ਮਹਿਲਾ ਦਿਵਸ ਦੇ ਸਮਾਰੋਹ ਦੇ ਪ੍ਰਸੰਗ ਵਿੱਚ ਕੁੱਝ ਦੇਸ਼ਾਂ ਵਿਚ ਜਨਤਕ ਛੁੱਟੀ ਕੀਤੀ ਜਾਂਦੀ ਹੈ। ਹੁਣ 8 ਮਾਰਚ ਨੂੰ ਇਹ ਦਿਹਾੜਾ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ।
ਭਾਰਤ ਵਿੱਚ ਕੌਮਾਂਤਰੀ ਔਰਤ ਦਿਵਸ ਦੇ ਇਤਿਹਾਸ, ਇਤਿਹਾਸਕ ਮਹੱਤਵ ਅਤੇ ਵਰਤਮਾਨ ਸਮੇਂ ਵਿੱਚ ਇਸ ਦੀ ਅਸਲ ਪ੍ਰਸੰਗਿਕਤਾ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਗਿਣੀ-ਮਿਥੀ ਸਾਜਿ਼ਸ਼ ਤਹਿਤ ਲੁਟੇਰੀਆਂ ਜਮਾਤਾਂ ਨੇ ਆਪਣੇ ਵਿਸ਼ਾਲ ਪ੍ਰਚਾਰ-ਪ੍ਰਸਾਰ ਸਾਧਨਾਂ ਰਾਹੀਂ ਇਸ ਦਿਨ ਦੇ ਅਸਲ ਅਰਥਾਂ ਦੇ ਅਨਰਥ ਕਰ ਦਿੱਤੇ ਹਨ। ਇਸ ਨੂੰ ਮਹਿਜ਼ ਧਨਾਢ ਔਰਤਾਂ ਦੇ ਤਿਉਹਾਰ, ਪਾਰਟੀਆਂ, ਜਸ਼ਨ, ਤੋਹਫੇ ਵੰਡਣ ਆਦਿ ਨਾਲ ਇਕੱਲਤਾ ਦੂਰ ਕਰਨ ਦੇ ਸਾਧਨ ਵਿੱਚ ਬਦਲ ਦਿੱਤਾ। ਕੌਸਮੈਟਿਕ ਕੰਪਨੀਆਂ ਇਸ ਦਿਨ ’ਤੇ ਔਰਤਾਂ ਲਈ ਵਿਸ਼ੇਸ਼ ਤੋਹਫਿਆਂ ਦਾ ਐਲਾਨ ਕਰਦੀਆਂ ਹਨ। ਅਜਿਹਾ ਹੀ ਹੋਰ ਬਹੁਤ ਕੁਝ ਕੌਮਾਂਤਰੀ ਔਰਤ ਦਿਵਸ ਦੇ ਮਹੱਤਵ ਨੂੰ ਧੁੰਦਲਾ ਕਰਨ ਲਈ ਕੀਤਾ ਜਾ ਰਿਹਾ ਹੈ। ਵੋਟ ਵਟੋਰੂ ਪਾਰਟੀਆਂ ਵੱਲੋਂ ਵੀ ਇਸ ਮਹਾਨ ਸੰਘਰਸ਼ਮਈ ਦਿਨ ਕੀਤੀਆਂ ਜਾਂਦੀਆਂ ਰੈਲੀਆਂ, ਜਲਸੇ, ਅਖ਼ਬਾਰਾਂ, ਟੀਵੀ ਚੈਨਲਾਂ ਰਾਹੀਂ ਦਿੱਤੇ ਜਾਂਦੇ ਔਰਤਾਂ ਦੇ ਨਾਂ ‘ਵਧਾਈ ਸੰਦੇਸ਼’ ਖਾਨਾਪੂਰਤੀ ਤੋਂ ਸਿਵਾ ਹੋਰ ਕੁਝ ਨਹੀਂ ਹੁੰਦੇ। ਅਜਿਹੀਆਂ ਪਾਰਟੀਆਂ ਔਰਤਾਂ ਸਾਹਮਣੇ ਵੱਧ ਤੋਂ ਵੱਧ ਸੰਸਦ/ਵਿਧਾਨ ਸਭਾਵਾਂ ਵਿੱਚ ਰਿਜਰਵੇਸ਼ਨ ਹਾਸਲ ਕਰਨ ਦਾ ਟੀਚਾ ਪੇਸ਼ ਕਰਦੇ ਹੋਏ ਔਰਤਾਂ ਦੀ ਆਜ਼ਾਦੀ ਦੀ ਗੱਲ ਕਰਦੀਆਂ ਹਨ। ਇਨ੍ਹਾਂ ਦੀ ਕੋਸ਼ਿਸ਼ ਵੱਧ ਤੋਂ ਵੱਧ ਇਹੋ ਰਹਿੰਦੀ ਹੈ ਕਿ ਔਰਤਾਂ ਦੀ ਮੁਕਤੀ ਦੀ ਤਾਂਘ, ਉਨ੍ਹਾਂ ਦੇ ਸੰਘਰਸ਼ ਸਰਮਾਏਦਾਰਾ ਸੰਸਦੀ ਢਾਂਚੇ ਦੇ ਚੌਖਟੇ ਤੋਂ ਬਾਹਰ ਨਾ ਜਾਣ।
ਕੌਮਾਂਤਰੀ ਔਰਤ ਦਿਵਸ ਦਾ ਦਿਨ ਲੁੱਟ, ਦਾਬੇ, ਅਨਿਆਂ ਦਾ ਸਭ ਤੋਂ ਵੱਧ ਸ਼ਿਕਾਰ ਆਬਾਦੀ ਦੇ ਅੱਧੇ ਹਿੱਸੇ ਔਰਤਾਂ ਦੇ ਹੱਕਾਂ ਤੇ ਬਰਾਬਰੀ ਲਈ ਅਰੁਕ ਜਾਰੀ ਮਹਾਨ ਸੰਘਰਸ਼ ਦਾ ਪ੍ਰਤੀਕ ਦਿਨ ਹੈ। ਇਸ ਦਿਨ ਦਾ ਇਹ ਸਬਕ ਹੈ ਕਿ ਔਰਤਾਂ ਦੀ ਬਿਹਤਰੀ ਖੁਦ ਔਰਤਾਂ ਦੀ ਜੁਝਾਰੂ ਲਹਿਰ ਤੋਂ ਬਿਨਾਂ ਸੰਭਵ ਨਹੀਂ ਅਤੇ ਜਦ ਤੱਕ ਸਮੁੱਚੀ ਮਨੁੱਖਤਾ ਨੂੰ ਲੁੱਟ ਆਧਾਰਿਤ ਸਰਮਾਏਦਾਰਾ ਪ੍ਰਬੰਧ ਤੋਂ ਛੁਟਕਾਰਾ ਹਾਸਲ ਨਹੀਂ ਹੋ ਜਾਂਦਾ, ਉਦੋਂ ਤੱਕ ਔਰਤਾਂ ਵੀ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਸਕਣਗੀਆਂ।
ਔਰਤਾਂ ਦੀ ਗੁਲਾਮੀ ਦੇ ਖਾਤਮੇ ਤੋਂ ਬਿਨਾਂ ਕਿਰਤੀ ਮਰਦ ਵੀ ਸਰਮਾਏਦਾਰੀ ਦੀ ਗੁਲਾਮੀ ਤੋਂ ਛੁਟਕਾਰਾ ਹਾਸਲ ਨਹੀਂ ਕਰ ਸਕਣਗੇ। ਇਹ ਦਿਨ ਸਮੁੱਚੀ ਮਨੁੱਖਤਾ ਨੂੰ ਲੁੱਟ-ਖਸੁੱਟ ਦੇ ਬੋਝ ਤੋਂ ਮੁਕਤੀ ਲਈ ਜਾਰੀ ਸੰਘਰਸ਼ ਵਿੱਚ ਔਰਤਾਂ ਵੱਲੋਂ ਕੀਤੀ ਸ਼ਮੂਲੀਅਤ ਦਾ ਗਵਾਹ ਤੇ ਪ੍ਰਤੀਕ ਦਾ ਦਿਨ ਹੈ। ਅੱਜ ਸਮੁੱਚੇ ਮਾਨਵਤਾ ਪੱਖੀ ਇਨਸਾਫ਼ ਪਸੰਦ ਲੋਕਾਂ ਸਾਹਮਣੇ ਕੌਮਾਂਤਰੀ ਔਰਤ ਦਿਵਸ ਦੀ ਅਸਲ ਇਤਿਹਾਸਕ ਮਹੱਤਤਾ, ਇਸ ਦੇ ਅਸਲ ਅਰਥਾਂ ਨੂੰ ਲੋਕ ਮਨਾਂ, ਖਾਸ ਕਰ ਕੇ ਔਰਤਾਂ ਦੇ ਮਨਾਂ ਵਿੱਚ ਸਥਾਪਤ ਕਰਨਾ ਬੇਹੱਦ ਜ਼ਰੂਰੀ ਤੇ ਚੁਣੌਤੀ ਭਰਿਆ ਕਾਰਜ ਹੈ।

ਰੁਝਾਨ ਖਬਰਾਂ