ਲੁਧਿਆਣਾ, ਗੁਰੁ ਨਾਨਕ ਇੰਜੀਨੀਅਰਿੰਗ ਕਾਲਜ (ਪੌਲੀਟੈਕਨਿਕ) ਲੁਧਿਆਣਾ ਦੇ ਪੁਰਾਤਨ ਵਿਦਿਆਰਥੀਆਂ ਦੀ ਸਲਾਨਾ ਐਲੂਮੀਨੀ ਮੀਟਿੰਗ ਪ੍ਰਿੰਸੀਪਲ ਸਰਦਾਰਨੀ ਸਰਬਜੀਤ ਕੌਰ ਜੀ ਦੀ ਰਹਿਨੁਮਾਈ ਹੇਠ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ। ਚਾਹ-ਪਾਣੀ ਤੋਂ ਬਾਅਦ ਸਾਰੇ ਸਾਬਕਾ ਵਿਦਿਆਰਥੀ ਆਡੀਟੋਰੀਅਮ ਵਿੱਚ ਇਕੱਠੇ ਹੋਏ, ਜਿੱਥੇ ਪ੍ਰੋਫੈਸਰ ਡਾ. ਰੁਪਿੰਦਰ ਕੌਰ ਜੀ ਨੇ ਸਟੇਜ ਦੀ ਕਾਰਵਾਈ ਦੀ ਸ਼ੁਰੂਆਤ ਕੀਤੀ। ਸਮਾਗਮ ਦਾ ਆਰੰਭ ਸ੍ਰੀ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਸ਼ਬਦ “ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ” ਨਾਲ ਹੋਇਆ। ਇਸ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਵੱਲੋਂ ਦੋ ਸ਼ਬਦਾਂ ਦੀ ਸੁਰੀਲੀ ਪੇਸ਼ਕਸ਼ ਨੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ।
ਡਾ. ਰੁਪਿੰਦਰ ਕੌਰ ਜੀ ਨੇ ਮਹਿਮਾਨਾਂ ਦਾ ਸਨਮਾਨ ਸਹਿਤ ਸਵਾਗਤ ਕੀਤਾ। ਪ੍ਰਮੁੱਖ ਹਸਤੀਆਂ ਵਿੱਚ ਡਾ. ਸਹਿਜਪਾਲ ਸਿੰਘ ਜੀ (ਪ੍ਰਿੰਸੀਪਲ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ), ਸਰਦਾਰਨੀ ਸਰਬਜੀਤ ਕੌਰ ਜੀ (ਪ੍ਰਿੰਸੀਪਲ, ਗੁਰੂ ਨਾਨਕ ਪੌਲੀਟੈਕਨਿਕ ਕਾਲਜ), ਡਾ. ਰਾਬਿੰਦਰ ਸਿੰਘ ਜੀ (ਸਾਬਕਾ ਪ੍ਰਿੰਸੀਪਲ) ਇੰਜੀਨੀਅਰ ਸੁਖਬੀਰ ਸਿੰਘ ਮੁੰਡੀ ਮੀਤ ਪ੍ਰਧਾਨ ਇੰਨਸਟੀਟਿਊਸਨ ਆਫ ਇੰਜੀਨੀਅਰਜ ਚੰਡੀਗੜ੍ਹ ਰੀਜਨ, ਇੰਜ ਬਲਵਿੰਦਰ ਸਿੰਘ ਕੁਲਾਰ, ਲੁਧਿਆਣਾ ਜੋਨ ਅਤੇ ਕਾਲਜ ਦੇ ਕਈ ਮਾਣਯੋਗ ਸਾਬਕਾ ਅਧਿਆਪਕ ਤੇ ਸੀਨੀਅਰ ਇੰਜੀਨੀਅਰ ਵੀ ਸ਼ਾਮਲ ਸਨ।
ਇਸ ਮੌਕੇ ਸੰਸਥਾ ਦੇ ਸਕੱਤਰ ਅਤੇ ਸਾਬਕਾ ਅਧਿਆਪਕ ਸਰਦਾਰ ਜੋਗਾ ਸਿੰਘ ਜੀ ਨੇ ਸਲਾਨਾ ਰਿਪੋਰਟ ਪੇਸ਼ ਕਰਦੇ ਹੋਏ ਸੰਸਥਾ ਦੀਆਂ ਉਪਲਬਧੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਹ ਤਰੱਕੀਆਂ ਮੈਂਬਰਾਂ ਦੇ ਸਹਿਯੋਗ ਅਤੇ ਦਾਨ ਨਾਲ ਹੀ ਸੰਭਵ ਹੋਈਆਂ ਹਨ।
ਸਮਾਗਮ ਦੌਰਾਨ ਕੁਝ ਸੀਨੀਅਰ ਇੰਜੀਨੀਅਰਾਂ ਵੱਲੋਂ ਇਹ ਚਿੰਤਾ ਵੀ ਪ੍ਰਗਟ ਕੀਤੀ ਗਈ ਕਿ ਨਨਕਾਣਾ ਸਾਹਿਬ ਟਰੱਸਟ ਅਧੀਨ ਚੱਲ ਰਹੀ ਸੰਸਥਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ 5% ਯੋਗਦਾਨ ਦੇਣ ਦੀ ਪ੍ਰਥਾ ਹੋਣ ਦੇ ਬਾਵਜੂਦ ਕਈ ਸਾਲਾਂ ਤੋਂ ਕੋਈ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਹੋਈ। ਉਨ੍ਹਾਂ ਅਪੀਲ ਕੀਤੀ ਕਿ ਸੰਬੰਧਿਤ ਜ਼ਿੰਮੇਵਾਰ ਅਧਿਕਾਰੀ ਇਸ ਮਾਮਲੇ ‘ਤੇ ਧਿਆਨ ਦੇਣ, ਤਾਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਨਾਮ ‘ਤੇ ਚੱਲ ਰਹੀਆਂ ਇਹ ਮਾਣਯੋਗ ਸੰਸਥਾਵਾਂ ਹੋਰ ਮਜ਼ਬੂਤੀ ਨਾਲ ਅੱਗੇ ਵਧ ਸਕਣ। ਪੁਰਾਤਨ ਵਿਦਿਆਰਥੀਆਂ ਵੱਲੋਂ ਆਪਣੇ ਤਜਰਬੇ ਵੀ ਸਾਂਝੇ ਕੀਤੇ ਗਏ। ਇਸ ਦੌਰਾਨ ਸਾਬਕਾ ਵਿਦਿਆਰਥੀ ਸਰਦਾਰ ਜਗਰੂਪ ਸਿੰਘ ਜੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਦੇਸ਼ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਕੌਮੀ ਰਾਜਧਾਨੀ ਦਿੱਲੀ, ਜੋ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ, ਨੂੰ ਸਾਫ-ਸੁਥਰਾ ਬਣਾਉਣ ਲਈ ਸਾਂਝੇ ਉਪਰਾਲਿਆਂ ਦੀ ਲੋੜ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬ ਤੋਂ ਹਰ ਰੋਜ਼ ਹਜ਼ਾਰਾਂ ਵਾਹਨ Indira Gandhi International Airport ‘ਤੇ ਮੁਸਾਫ਼ਰਾਂ ਨੂੰ ਛੱਡਣ ਅਤੇ ਲੈਣ ਜਾਂਦੇ ਹਨ। ਜੇਕਰ ਪੰਜਾਬ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ — Sri Guru Ram Dass Jee International Airport ਅਤੇ Chandigarh International Airport — ‘ਤੇ ਵੱਧ ਅੰਤਰਰਾਸ਼ਟਰੀ ਉਡਾਣਾਂ ਚਲਾਈਆਂ ਜਾਣ, ਤਾਂ ਇਹ ਆਵਾਜਾਈ ਘੱਟ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ ਤੋਂ ਆਉਣ ਵਾਲੀਆਂ ਉਡਾਣਾਂ ਜੇ ਪੰਜਾਬ ਵਿੱਚ ਹੀ ਉਤਰਣ, ਤਾਂ ਹਵਾਈ ਪ੍ਰਦੂਸ਼ਣ ਅਤੇ ਸੜਕ ਹਾਦਸਿਆਂ ਵਿੱਚ ਕਮੀ ਆ ਸਕਦੀ ਹੈ, ਨਾਲ ਹੀ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਵੀ ਸੁਵਿਧਾ ਮਿਲੇਗੀ। ਉਨ੍ਹਾਂ ਆਪਣੇ ਤਜਰਬੇ ਅਨੁਸਾਰ ਦੱਸਿਆ ਕਿ ਉੱਤਰੀ ਅਮਰੀਕਾ ਤੋਂ ਆਉਣ ਵਾਲੀਆਂ ਉਡਾਣਾਂ ਵਿੱਚ ਵੱਡੀ ਗਿਣਤੀ ਪੰਜਾਬੀ ਯਾਤਰੀ ਹੁੰਦੇ ਹਨ।
ਸਰਦਾਰ ਜਗਰੂਪ ਸਿੰਘ ਜੀ ਦੇ ਸੁਝਾਅ ਨੂੰ ਨੱਕੋਂ-ਨੱਕ ਭਰੇ ਆਡੀਟੋਰੀਅਮ ਵਿੱਚ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਮਿਲਿਆ। ਸਟੇਜ ਸਕੱਤਰ ਨੇ ਵੀ ਸਾਰਿਆਂ ਦੀ ਸਹਿਮਤੀ ਲਈ ਕਿ ਇਸ ਮਾਮਲੇ ‘ਤੇ ਅੱਗੇ ਕਦਮ ਚੁੱਕਣ ਲਈ ਯਤਨ ਕੀਤੇ ਜਾਣਗੇ।
ਸੱਭਿਆਚਾਰਕ ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਗੀਤ-ਸੰਗੀਤ, ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ ਗਿਆ। ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਅਤੇ ਹਰੇਕ ਦੇ ਚਿਹਰੇ ‘ਤੇ ਖੁਸ਼ੀ ਦੀ ਚਮਕ ਨਜ਼ਰ ਆਈ।
ਇਸ ਮੌਕੇ ਸਰਦਾਰ ਜੋਗਾ ਸਿੰਘ ਜੀ ਨੇ ਐਲਾਨ ਕੀਤਾ ਕਿ ਹਰ ਸਾਲ ਫਰਵਰੀ ਦੇ ਆਖ਼ਰੀ ਸ਼ਨੀਵਾਰ ਨੂੰ ਇਹ ਐਲੂਮੀਨੀ ਮਿਲਣ ਸਮਾਰੋਹ ਕਰਵਾਇਆ ਜਾਵੇਗਾ। ਅਗਲੇ ਸਾਲ ਲਈ 27 ਫਰਵਰੀ 2027 ਦੀ ਤਾਰੀਖ ਸਰਬਸੰਮਤੀ ਨਾਲ ਮਨਜ਼ੂਰ ਕੀਤੀ ਗਈ।
ਅੰਤ ਵਿੱਚ ਕਾਲਜ ਦੇ ਹੋਸਟਲ ਨੰਬਰ 3 ਵਿੱਚ ਸਵਾਦਲੇ ਦੁਪਹਿਰ ਦੇ ਭੋਜਨ ਦਾ ਆਨੰਦ ਮਾਣਿਆ ਗਿਆ। ਫੋਟੋਆਂ ਖਿੱਚਵਾ ਕੇ, ਜੱਫੀਆਂ ਪਾ ਕੇ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਕੇ ਸਾਰੇ ਸਾਬਕਾ ਵਿਦਿਆਰਥੀ ਭਾਵੁਕ ਮਨ ਨਾਲ ਵਿਦਾ ਹੋਏ। ਸਾਰਿਆਂ ਨੇ ਪ੍ਰਿੰਸੀਪਲ ਸਰਦਾਰਨੀ ਸਰਬਜੀਤ ਕੌਰ ਜੀ ਅਤੇ ਸਮੂਹ ਪ੍ਰਬੰਧਕੀ ਮੰਡਲ ਦਾ ਇਸ ਸੁਚੱਜੇ ਅਤੇ ਯਾਦਗਾਰ ਸਮਾਗਮ ਲਈ ਧੰਨਵਾਦ ਕੀਤਾ।
ਗੁਰੁ ਨਾਨਕ ਇੰਜੀਨੀਅਰਿੰਗ ਕਾਲਜ (ਪੌਲੀਟੈਕਨਿਕ) ਲੁਧਿਆਣਾ ਦੇ ਪੁਰਾਤਨ ਵਿਦਿਆਰਥੀਆਂ ਦੀ ਐਲੂਮੀਨੀ ਮੀਟਿੰਗ

