ਸਰੀ, (ਏਕਜੋਤ ਸਿੰਘ): ਸਾਨਿਚ ਸਕੂਲ ਬੋਰਡ ਵੱਲੋਂ ਆਉਣ ਵਾਲੇ 2026-27 ਸਕੂਲੀ ਸਾਲ ਲਈ ਸਕੂਲ ਬੱਸਾਂ ਦੀ ਆਵਾਜਾਈ ਉੱਤੇ ਫੀਸਾਂ ਲਾਗੂ ਕਰਨ ਦੀ ਇੱਕ ਅਹਿਮ ਸਿਫ਼ਾਰਸ਼ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਸਕੂਲ ਜ਼ਿਲ੍ਹੇ ਅਨੁਸਾਰ ਇਹ ਫੈਸਲਾ ਇਸ ਲਈ ਲਿਆ ਜਾ ਰਿਹਾ ਹੈ ਕਿਉਂਕਿ ਵਿਦਿਅਕ ਪ੍ਰੋਗਰਾਮਾਂ ਦੇ ਖਰਚੇ ਸੂਬਾਈ ਫੰਡਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਵਧ ਰਹੇ ਹਨ।
ਇਸ ਹਫ਼ਤੇ ਮਾਪਿਆਂ ਨੂੰ ਭੇਜੀ ਗਈ ਇੱਕ ਚਿੱਠੀ ਵਿੱਚ ਸਕੂਲ ਡਿਸਟ੍ਰਿਕਟ 63 ਯਾਨੀ ਐਸਡੀ63 ਨੇ ਦੱਸਿਆ ਕਿ ਉਹ ਬੱਸ ਫੀਸਾਂ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਪ੍ਰਸਤਾਵਿਤ ਯੋਜਨਾ ਤਹਿਤ ਇੱਕ ਪਰਿਵਾਰ ਦੇ ਪਹਿਲੇ ਅਤੇ ਦੂਜੇ ਬੱਚੇ ਲਈ ਚਾਰ ਸੌ ਡਾਲਰ ਪ੍ਰਤੀ ਸਾਲ ਫੀਸ ਤੈਅ ਕੀਤੀ ਜਾ ਸਕਦੀ ਹੈ। ਜੇਕਰ ਕਿਸੇ ਪਰਿਵਾਰ ਦਾ ਤੀਜਾ ਬੱਚਾ ਵੀ ਬੱਸ ਦੀ ਵਰਤੋਂ ਕਰਦਾ ਹੈ, ਤਾਂ ਉਸ ਲਈ ਫੀਸ ਦੋ ਸੌ ਡਾਲਰ ਪ੍ਰਤੀ ਸਾਲ ਹੋਵੇਗੀ। ਬੋਰਡ ਨੇ ਮਾਪਿਆਂ ਨੂੰ ਰਾਹਤ ਦੇਣ ਲਈ ਪ੍ਰਤੀ ਪਰਿਵਾਰ ਵੱਧ ਤੋਂ ਵੱਧ ਇੱਕ ਹਜ਼ਾਰ ਡਾਲਰ ਦੀ ਸਾਲਾਨਾ ਫੀਸ ਦੀ ਹੱਦ ਮਿੱਥਣ ਦਾ ਵੀ ਸੁਝਾਅ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਵਰਤਮਾਨ ਸਮੇਂ ਵਿੱਚ ਇਹ ਸੇਵਾ ਵਿਦਿਆਰਥੀਆਂ ਨੂੰ ਬਿਲਕੁਲ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ। ਨਵੇਂ ਨਿਯਮਾਂ ਅਨੁਸਾਰ ਦੇਰੀ ਨਾਲ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਉੱਤੇ ਸੌ ਡਾਲਰ ਦੀ ਵਾਧੂ ਫੀਸ ਵੀ ਲਗਾਈ ਜਾ ਸਕਦੀ ਹੈ। ਹਾਲਾਂਕਿ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਲਈ ਫੀਸ ਮੁਆਫ਼ੀ ਦੀ ਸਹੂਲਤ ਦਿੱਤੀ ਜਾ ਸਕਦੀ ਹੈ ਅਤੇ ਮਾਪਿਆਂ ਦੀ ਸਹੂਲਤ ਲਈ ਮਹੀਨਾਵਾਰ ਕਿਸ਼ਤਾਂ ਵਿੱਚ ਭੁਗਤਾਨ ਕਰਨ ਦੀ ਯੋਜਨਾ ਵੀ ਉਪਲਬਧ ਹੋਵੇਗੀ। ਇਸ ਸਕੂਲ ਜ਼ਿਲ੍ਹੇ ਵਿੱਚ ਲਗਭਗ ਅੱਠ ਹਜ਼ਾਰ ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਵਿੱਚੋਂ ਤਕਰੀਬਨ ਇੱਕ ਤਿਹਾਈ ਹਿੱਸਾ ਆਪਣੀ ਪੜ੍ਹਾਈ ਲਈ ਸਕੂਲ ਬੱਸਾਂ ਉੱਤੇ ਨਿਰਭਰ ਕਰਦਾ ਹੈ।
ਬੋਰਡ ਵੱਲੋਂ ਭੇਜੀ ਗਈ ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੀ ਬੱਜਟ ਸਲਾਹ-ਮਸ਼ਵਰਾ ਪ੍ਰਕਿਰਿਆ ਦੌਰਾਨ ਬੱਸ ਫੀਸਾਂ ਲਾਗੂ ਕਰਨਾ ਹੀ ਇੱਕੋ-ਇੱਕ ਵਿਕਲਪ ਬਚਿਆ ਸੀ। ਬਹੁਤ ਸਾਰੇ ਹਿੱਸੇਦਾਰਾਂ ਨੇ ਬੱਸ ਸੇਵਾਵਾਂ ਵਿੱਚ ਕਟੌਤੀ ਕਰਨ ਜਾਂ ਵਿਦਿਅਕ ਪ੍ਰੋਗਰਾਮਾਂ ਦੇ ਬੱਜਟ ਵਿੱਚ ਕਮੀ ਕਰਨ ਨਾਲੋਂ ਫੀਸਾਂ ਲਗਾਉਣ ਨੂੰ ਬਿਹਤਰ ਮੰਨਿਆ ਸੀ। ਮੌਜੂਦਾ ਸਕੂਲੀ ਸਾਲ ਲਈ ਆਵਾਜਾਈ ਸੇਵਾਵਾਂ ਦਾ ਕੁੱਲ ਬੱਜਟ 2,087,405 ਡਾਲਰ ਹੈ ਜੋ ਕਿ ਜ਼ਿਲ੍ਹੇ ਦੇ ਸਮੁੱਚੇ ਸੰਚਾਲਨ ਬੱਜਟ ਦਾ ਲਗਭਗ ਦੋ ਫੀਸਦੀ ਬਣਦਾ ਹੈ।
ਅਨੁਮਾਨ ਹੈ ਕਿ ਅਗਲੇ ਸਾਲ ਲਈ ਪ੍ਰਸਤਾਵਿਤ ਬੱਸ ਫੀਸਾਂ ਰਾਹੀਂ ਲਗਭਗ 435,000 ਡਾਲਰ ਦਾ ਮਾਲੀਆ ਇਕੱਠਾ ਹੋ ਸਕੇਗਾ ਜਿਸ ਨਾਲ ਬੱਜਟ ਦੇ ਘਾਟੇ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
ਇਸ ਸਿਫ਼ਾਰਸ਼ ਉੱਤੇ ਤਿੰਨ ਮਾਰਚ ਨੂੰ ਐਸਡੀ63 ਦੀ ਵਿੱਤ, ਸਹੂਲਤਾਂ ਅਤੇ ਤਕਨਾਲੋਜੀ ਕਮੇਟੀ ਵੱਲੋਂ ਮੁੜ ਵਿਚਾਰ ਕੀਤਾ ਜਾਵੇਗਾ। ਇਸ ਤੋਂ ਬਾਅਦ ਗਿਆਰਾਂ ਮਾਰਚ ਨੂੰ ਸਕੂਲ ਬੋਰਡ ਵੱਲੋਂ ਇਸ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਪ੍ਰਸ਼ਾਸਨ ਨੇ ਮਾਪਿਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਵੀ ਦਿੱਤਾ ਹੈ।
ਮਾਪੇ ਇੱਕ ਮਾਰਚ ਤੋਂ ਪਹਿਲਾਂ ਸਕੂਲ ਦੀ ਵੈੱਬਸਾਈਟ ਉੱਤੇ ਜਾ ਕੇ ਆਨਲਾਈਨ ਸਰਵੇਖਣ ਭਰ ਸਕਦੇ ਹਨ ਜਾਂ ਬੋਰਡ ਨੂੰ ਈਮੇਲ ਰਾਹੀਂ ਆਪਣੇ ਸੁਝਾਅ ਭੇਜ ਸਕਦੇ ਹਨ। ਇਸ ਤੋਂ ਇਲਾਵਾ ਗਿਆਰਾਂ ਮਾਰਚ ਦੀ ਮੀਟਿੰਗ ਵਿੱਚ ਹਿੱਸਾ ਲੈ ਕੇ ਸਿੱਧੇ ਸਵਾਲ ਵੀ ਪੁੱਛੇ ਜਾ ਸਕਦੇ ਹਨ। This report was written by Ekjot Singh as part of the Local Journalism Initiative.
ਸਾਨਿਚ ਸਕੂਲ ਬੋਰਡ ਵੱਲੋਂ ਸਕੂਲ ਬੱਸਾਂ ਲਈ ਫੀਸਾਂ ਲਗਾਉਣ ਦੀ ਤਿਆਰੀ, ਮਾਪਿਆਂ ਦੀਆਂ ਜੇਬਾਂ ਉੱਤੇ ਪਵੇਗਾ ਵਾਧੂ ਬੋਝ

