3.7 C
Vancouver
Wednesday, March 11, 2026

ਸਰੀ ਅਤੇ ਡੈਲਟਾ ਵਿੱਚ ਬੇਘਰੇ ਲੋਕਾਂ ਲਈ ਐਮਰਜੈਂਸੀ ਸ਼ੈਲਟਰ ਰਹਿਣਗੇ ਖੁੱਲ੍ਹੇ

ਸਰੀ, (ਏਕਜੋਤ ਸਿੰਘ): ਸਰੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਰਾਤ ਦੇ ਸਮੇਂ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਕੜਾਕੇ ਦੀ ਠੰਢ ਨੂੰ ਦੇਖਦਿਆਂ ਸਰੀ ਅਤੇ ਡੈਲਟਾ ਵਿੱਚ ਕਮਿਊਨਿਟੀ ਆਧਾਰਿਤ ਐਮਰਜੈਂਸੀ ਸ਼ੈਲਟਰ ਯਾਨੀ ਰੈਣ ਬਸੇਰੇ ਇਸ ਪੂਰੇ ਹਫ਼ਤੇ ਖੁੱਲ੍ਹੇ ਰੱਖਣ ਦਾ ਫੈਸਲਾ ਲਿਆ ਗਿਆ ਹੈ। ਵਾਤਾਵਰਣ ਵਿਭਾਗ ਐਨਵਾਇਰਨਮੈਂਟ ਕੈਨੇਡਾ ਵੱਲੋਂ ਦਿੱਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਵ੍ਹਾਈਟ ਰੌਕ ਵਿੱਚ ਰਾਤ ਦਾ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਪੂਰੀ ਸੰਭਾਵਨਾ ਹੈ। ਬ੍ਰਿਟਿਸ਼ ਕੋਲੰਬੀਆ ਦੀ ਹੋਮਲੈੱਸਨੈੱਸ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਮੰਗਲਵਾਰ ਨੂੰ ਇੱਕ ਵਿਸ਼ੇਸ਼ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਅਲਰਟ ਵਿੱਚ ਸਪੱਸ਼ਟ ਦੱਸਿਆ ਗਿਆ ਹੈ ਕਿ ਬਾਹਰ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਕਾਰਨ ਲੋਕਾਂ ਨੂੰ ਤਾਪਮਾਨ ਜ਼ੀਰੋ ਡਿਗਰੀ ਜਾਂ ਇਸ ਤੋਂ ਵੀ ਘੱਟ ਮਹਿਸੂਸ ਹੋਵੇਗਾ। ਸਰੀ ਅਤੇ ਵ੍ਹਾਈਟ ਰੌਕ ਐਕਸਟ੍ਰੀਮ ਵੈਦਰ ਰਿਸਪਾਂਸ ਟੀਮ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਮੰਗਲਵਾਰ ਤੋਂ ਲੈ ਕੇ ਵੀਰਵਾਰ ਰਾਤ ਤੱਕ ਬੇਘਰੇ ਅਤੇ ਲੋੜਵੰਦ ਲੋਕਾਂ ਲਈ ਵੱਖ ਵੱਖ ਥਾਵਾਂ ਉੱਤੇ ਸ਼ੈਲਟਰ ਖੋਲ੍ਹੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਬਾਹਰ ਠੰਢ ਵਿੱਚ ਰਾਤ ਨਾ ਗੁਜ਼ਾਰਨੀ ਪਵੇ।
ਇਹਨਾਂ ਰੈਣ ਬਸੇਰਿਆਂ ਦੀ ਸੂਚੀ ਵਿੱਚ ਸਭ ਤੋਂ ਪਹਿਲਾ ਨਾਮ ਸਰੀ ਅਲਾਇੰਸ ਚਰਚ ਦਾ ਹੈ ਜੋ 13474 ਛਿਆਨਵੇਂ ਐਵੇਨਿਊ ਉੱਤੇ ਸਥਿਤ ਹੈ। ਇਹ ਸ਼ੈਲਟਰ ਰਾਤ ਨੌਂ ਵਜੇ ਤੋਂ ਲੈ ਕੇ ਸਵੇਰੇ ਸਾਢੇ ਸੱਤ ਵਜੇ ਤੱਕ ਖੁੱਲ੍ਹਾ ਰਹੇਗਾ ਅਤੇ ਇੱਥੇ ਪਿਛਲੇ ਪਾਸੇ ਬਣੀ ਪਾਰਕਿੰਗ ਵਾਲੇ ਰਸਤੇ ਤੋਂ ਆਸਾਨੀ ਨਾਲ ਦਾਖਲ ਹੋਇਆ ਜਾ ਸਕਦਾ ਹੈ। ਇੱਥੇ ਪਾਲਤੂ ਜਾਨਵਰ ਲਿਆਉਣ ਦੀ ਸਖਤ ਮਨਾਹੀ ਹੈ ਅਤੇ ਇਹ ਥਾਂ ਸਿਰਫ਼ ਉੱਨੀ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਹੈ ਜਿੱਥੇ ਤੀਹ ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਦੂਜੀ ਥਾਂ ਸਾਊਥ ਸਰੀ ਰਿਕ੍ਰੀਏਸ਼ਨ ਐਂਡ ਆਰਟਸ ਸੈਂਟਰ ਹੈ ਜੋ 14601 ਵੀਹ ਐਵੇਨਿਊ ਵਿਖੇ ਬਣਾਇਆ ਗਿਆ ਹੈ। ਇਹ ਕੇਂਦਰ ਰਾਤ ਦਸ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਚੱਲੇਗਾ ਅਤੇ ਹੇਠਲੀ ਪਾਰਕਿੰਗ ਨੇੜਿਓਂ ਇਸ ਵਿੱਚ ਦਾਖਲਾ ਮਿਲੇਗਾ। ਇਹ ਥਾਂ ਪਾਲਤੂ ਜਾਨਵਰਾਂ ਲਈ ਵੀ ਖੁੱਲ੍ਹੀ ਹੈ ਅਤੇ ਇੱਥੇ ਜੋੜੇ ਵੀ ਆ ਸਕਦੇ ਹਨ ਜਿੱਥੇ ਕੁੱਲ ਪੰਤਾਲੀ ਬਿਸਤਰੇ ਮੌਜੂਦ ਹਨ। ਤੀਜਾ ਟਿਕਾਣਾ ਨਾਈਟ ਸ਼ਿਫਟ ਮਿਨਿਸਟਰੀਜ਼ ਹੈ ਜੋ 10635 ਕਿੰਗ ਜੌਰਜ ਬੁਲੇਵਾਰਡ ਉੱਤੇ ਸਥਿਤ ਹੈ। ਇਹ ਥਾਂ ਵੀ ਰਾਤ ਦਸ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਲੋੜਵੰਦਾਂ ਲਈ ਖੁੱਲ੍ਹੀ ਰਹੇਗੀ ਪਰ ਇੱਥੇ ਵ੍ਹੀਲਚੇਅਰ ਵਾਲੇ ਵਿਅਕਤੀਆਂ ਲਈ ਸਹੂਲਤ ਨਹੀਂ ਹੈ ਅਤੇ ਨਾ ਹੀ ਪਾਲਤੂ ਜਾਨਵਰ ਜਾਂ ਸਮਾਨ ਵਾਲੀਆਂ ਰੇਹੜੀਆਂ ਲਿਆਉਣ ਦੀ ਇਜਾਜ਼ਤ ਹੈ। ਇੱਥੇ ਬਾਲਗਾਂ ਲਈ ਸੋਲਾਂ ਬਿਸਤਰੇ ਲਗਾਏ ਗਏ ਹਨ। ਇਸੇ ਤਰ੍ਹਾਂ 13545 ਕਿੰਗ ਜੌਰਜ ਬੁਲੇਵਾਰਡ ਵਿਖੇ ਸਥਿਤ ਸਰੀ ਵੈਲਕਮ ਹੱਬ ਵੀ ਰਾਤ ਦਸ ਤੋਂ ਸਵੇਰੇ ਸੱਤ ਵਜੇ ਤੱਕ ਖੁੱਲ੍ਹਾ ਰਹੇਗਾ। ਇੱਥੇ ਵੀ ਵ੍ਹੀਲਚੇਅਰ ਦੀ ਸਹੂਲਤ ਨਹੀਂ ਹੈ ਪਰ ਬੇਘਰ ਜੋੜਿਆਂ ਨੂੰ ਇਕੱਠੇ ਆਉਣ ਦੀ ਆਗਿਆ ਹੈ। ਇਸ ਕੇਂਦਰ ਵਿੱਚ ਲੋਕਾਂ ਨੂੰ ਸਨੈਕਸ ਅਤੇ ਗਰਮ ਪੀਣ ਵਾਲੇ ਪਦਾਰਥ ਦਿੱਤੇ ਜਾਣਗੇ ਪਰ ਜਾਨਵਰ ਜਾਂ ਸਮਾਨ ਰੱਖਣ ਦੀ ਕੋਈ ਜਗ੍ਹਾ ਨਹੀਂ ਹੈ ਅਤੇ ਇੱਥੇ ਵੀ ਸੋਲਾਂ ਬਿਸਤਰਿਆਂ ਦਾ ਪ੍ਰਬੰਧ ਹੈ। ਔਰਤਾਂ ਲਈ ਖਾਸ ਤੌਰ ਉੱਤੇ ਸ਼ਿਮਾਈ ਟਰਾਂਜ਼ੀਸ਼ਨ ਹਾਊਸ ਖੋਲ੍ਹਿਆ ਗਿਆ ਹੈ ਜੋ 13327 ਸੌ ਏ ਐਵੇਨਿਊ ਵਿੱਚ ਸਥਿਤ ਹੈ। ਇਹ ਰਾਤ ਅੱਠ ਵਜੇ ਤੋਂ ਸਵੇਰੇ ਅੱਠ ਵਜੇ ਤੱਕ ਚੱਲੇਗਾ ਅਤੇ ਲੋਕ ਰਾਤ ਬਾਰਾਂ ਵਜੇ ਤੱਕ ਇੱਥੇ ਆ ਸਕਦੇ ਹਨ। ਇਹ ਥਾਂ ਵ੍ਹੀਲਚੇਅਰ ਵਾਲਿਆਂ ਲਈ ਪੂਰੀ ਤਰ੍ਹਾਂ ਅਨੁਕੂਲ ਹੈ ਅਤੇ ਕੁਝ ਸ਼ਰਤਾਂ ਨਾਲ ਪਾਲਤੂ ਜਾਨਵਰ ਵੀ ਲਿਆਂਦੇ ਜਾ ਸਕਦੇ ਹਨ। ਇੱਥੇ ਚਾਹ ਕੌਫੀ ਫਲ ਅਤੇ ਹੋਰ ਖਾਣ ਪੀਣ ਦਾ ਸਮਾਨ ਦਿੱਤਾ ਜਾਵੇਗਾ ਅਤੇ ਨਾਲ ਹੀ ਨਹਾਉਣ ਕੱਪੜੇ ਧੋਣ ਅਤੇ ਸਮਾਨ ਰੱਖਣ ਦੀ ਸਹੂਲਤ ਵੀ ਮਿਲੇਗੀ। ਇੱਥੋਂ ਜਾਣ ਲੱਗਿਆਂ ਬੱਸ ਦੀ ਟਿਕਟ ਵੀ ਦਿੱਤੀ ਜਾਵੇਗੀ ਅਤੇ ਇੱਥੇ ਔਰਤਾਂ ਲਈ ਛੇ ਬਿਸਤਰੇ ਹਨ। ਅਖੀਰ ਵਿੱਚ ਪੈਸੀਫਿਕ ਕਮਿਊਨਿਟੀ ਰਿਸੋਰਸਿਜ਼ ਸੁਸਾਇਟੀ ਵੱਲੋਂ 10453 ਵ੍ਹੈਲੀ ਬੁਲੇਵਾਰਡ ਵਿਖੇ ਨੌਜਵਾਨਾਂ ਲਈ ਸ਼ੈਲਟਰ ਬਣਾਇਆ ਗਿਆ ਹੈ ਜੋ ਸ਼ਾਮ ਸੱਤ ਤੋਂ ਸਵੇਰੇ ਸੱਤ ਤੱਕ ਖੁੱਲ੍ਹੇਗਾ। ਇੱਥੇ ਚੌਵੀ ਸਾਲ ਤੱਕ ਦੇ ਅੱਠ ਨੌਜਵਾਨ ਰਹਿ ਸਕਦੇ ਹਨ ਜਿਨ੍ਹਾਂ ਨੂੰ ਗਰਮ ਖਾਣਾ ਨਹਾਉਣ ਦੀ ਸਹੂਲਤ ਅਤੇ ਬੱਸ ਟਿਕਟਾਂ ਦਿੱਤੀਆਂ ਜਾਣਗੀਆਂ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਆਲੇ ਦੁਆਲੇ ਬੇਘਰ ਲੋਕਾਂ ਨੂੰ ਇਹਨਾਂ ਸੁਰੱਖਿਅਤ ਥਾਵਾਂ ਬਾਰੇ ਜ਼ਰੂਰ ਜਾਣਕਾਰੀ ਦੇਣ ਤਾਂ ਜੋ ਅਜਿਹੇ ਮਾੜੇ ਮੌਸਮ ਵਿੱਚ ਕਿਸੇ ਦੀ ਜਾਨ ਬਚਾਈ ਜਾ ਸਕੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ