3.7 C
Vancouver
Wednesday, March 11, 2026

ਵਿਦੇਸ਼ੀਆਂ ਦੇ ਮਨ ਵਸੀ ਪੰਜਾਬੀ ਬੋਲੀ ਤੇ ਪਕਵਾਨ

ਰਾਮੇਸ਼ਵਰ ਸਿੰਘ
ਸੰਪਰਕ: 70092-44452
ਅਜਕੱਲ੍ਹ ਲੋਕਾਂ ਦੇ ਮੂੰਹੋਂ ਆਮ ਹੀ ਇਹ ਸੁਣਨ ਨੂੰ ਮਿਲਦਾ ਹੈ ਕਿ ਸਾਡੀ ਮਾਂ ਬੋਲੀ ਖ਼ਾਤਮੇ ਵੱਲ ਜਾ ਰਹੀ ਹੈ। ਇੱਥੋਂ ਤੱਕ ਕਿ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਸਾਹਿਤ ਸਭਾਵਾਂ ਦੇ ਸਮਾਗਮਾਂ ਵਿੱਚ ਵੀ ਇਹੋ ਗੱਲਾਂ ਕੰਨੀ ਪੈਂਦੀਆਂ ਹਨ ਕਿ ਸਾਡੀ ਮਾਂ ਬੋਲੀ ਖ਼ਤਰੇ ਵਿੱਚ ਹੈ, ਇਸ ਨੂੰ ਸੰਭਾਲੋ। ਖ਼ਾਸ ਦਿਨਾਂ ਮੌਕੇ ਅਕਸਰ ਹੀ ਖਾਨਾਪੂਰਤੀ ਕਰਦਿਆਂ ਇਸ ਸਬੰਧੀ ਲੰਮੇ ਲੰਮੇ ਭਾਸ਼ਣ ਦਿੱਤੇ ਜਾਂਦੇ ਹਨ, ਪਰ ਵੱਡੀ ਗਿਣਤੀ ਪੰਜਾਬੀ ਲੋਕ ਇਸ ਗੱਲੋਂ ਅਣਜਾਣ ਹਨ ਕਿ ਦੁਨੀਆ ਵਿੱਚ ਸੱਤ ਹਜ਼ਾਰ ਭਾਸ਼ਾਵਾਂ ਹਨ, ਜਿਨ੍ਹਾਂ ਵਿੱਚੋਂ ਭਾਰਤ ਵਿੱਚ 22 ਭਾਸ਼ਾਵਾਂ ਨੂੰ ਸੰਵਿਧਾਨ ਵੱਲੋਂ ਮਾਨਤਾ ਮਿਲੀ ਹੋਈ ਹੈ। ਯੂ ਐੱਨ ਓ ਦੀ ਕਮੇਟੀ ਭਾਸ਼ਾਵਾਂ ਬਾਰੇ ਸਮੇਂ ਸਮੇਂ ’ਤੇ ਆਪਣੀ ਰਿਪੋਰਟ ਦਿੰਦੀ ਰਹਿੰਦੀ ਹੈ। ਪਾਠਕਾਂ ਨੂੰ ਇਹ ਪੜ੍ਹ ਕੇ ਖ਼ੁਸ਼ੀ ਹੋਵੇਗੀ ਕਿ ਕੌਮਾਂਤਰੀ ਪੱਧਰ ’ਤੇ ਪੰਜਾਬੀ ਬੋਲੀ ਨੂੰ ਦਸਵਾਂ ਸਥਾਨ ਹਾਸਲ ਹੈ। ਕੈਨੇਡਾ ਵਿੱਚ ਇਹ ਬੋਲੀ ਤੀਜੇ ਨੰਬਰ ’ਤੇ ਬੋਲੀ ਜਾਂਦੀ ਹੈ ਜਦੋਂਕਿ ਆਸਟਰੇਲੀਆ ਤੇ ਇੰਗਲੈਂਡ ਵਿੱਚ ਵੀ ਵੱਡੀ ਗਿਣਤੀ ਲੋਕ ਇਸ ਬੋਲੀ ਨੂੰ ਬੋਲਣ ਵਾਲੇ ਹਨ।
ਹਿੰਦੀ ਫਿਲਮਾਂ ਦੀ ਗੱਲ ਲੈ ਲਉ। ਜਿਹੜੀਆਂ ਫਿਲਮਾਂ ਦਾ ਆਧਾਰ ਪੰਜਾਬੀ ਸੱਭਿਆਚਾਰ ਹੁੰਦਾ ਹੈ ਤੇ ਜਿਨ੍ਹਾਂ ਦੇ ਗੀਤ ਪੰਜਾਬੀ ਤਰਜ਼ਾਂ ਉੱਤੇ ਲਿਖੇ ਜਾਂਦੇ ਹਨ, ਉਹ ਫਿਲਮ ਤੇ ਗੀਤ ਹਮੇਸ਼ਾ ਕਾਮਯਾਬ ਹੁੰਦੇ ਆਏ ਹਨ। ਹਰ ਕੋਈ ਇਹ ਗੱਲ ਜਾਣਦਾ ਹੈ। ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪੰਜਾਬੀ ਬੋਲੀ ਖ਼ਾਤਮੇ ਵੱਲ ਵਧ ਰਹੀ ਹੈ।
ਮੈਂ ਸਮੁੰਦਰੀ ਜਹਾਜ਼ਾਂ ’ਤੇ ਨੌਕਰੀ ਕਰਦਿਆਂ ਆਪਣੀ ਜ਼ਿੰਦਗੀ ਦੇ ਤੀਹ ਸਾਲ ਬਿਤਾਏ ਹਨ, ਜਿਨ੍ਹਾਂ ਦਾ ਤਜਰਬਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹਾਂ। ਪੰਜਾਬੀਆਂ ਦੇ ਮਿਹਨਤੀ ਸੁਭਾਅ ਕਰਕੇ ਜ਼ਿਆਦਾ ਸਮੁੰਦਰੀ ਕੰਪਨੀਆਂ ਪੰਜਾਬੀਆਂ ਨੂੰ ਕੰਮ ਦੇਣ ਨੂੰ ਤਰਜੀਹ ਦਿੰਦੀਆਂ ਹਨ। ਮੈਂ ਆਪਣੀ ਨੌਕਰੀ ਦੌਰਾਨ ਕਈ ਸੂਬਿਆਂ ਦੇ ਵਿਅਕਤੀਆਂ ਅਤੇ 12 ਵਿਦੇਸ਼ੀ ਕਰਮਚਾਰੀਆਂ ਨਾਲ ਕੰਮ ਕੀਤਾ ਹੈ। ਮੇਰਾ ਹੁਣ ਤੱਕ ਦਾ ਤਜਰਬਾ ਇਹੀ ਕਹਿੰਦਾ ਹੈ ਕਿ ਮੇਰੇ ਸਾਰੇ ਸਹਿਕਰਮੀ ਸਦਾ ਪੰਜਾਬੀ ਸਿੱਖਣ ਦੇ ਚਾਹਵਾਨ ਰਹੇ ਹਨ। ਉਨ੍ਹਾਂ ਨੂੰ ਪੰਜਾਬੀ ਫਿਲਮਾਂ, ਗੀਤ ਸਭ ਕੁਝ ਬਹੁਤ ਪਸੰਦ ਹੁੰਦਾ ਹੈ ਤੇ ਅਕਸਰ ਉਹ ਨੱਚਣ-ਟੱਪਣ ਲਈ ਪੰਜਾਬੀ ਗੀਤ ਹੀ ਲਾਉਂਦੇ ਹਨ। ਦੂਜੇ ਸੂਬਿਆਂ ਦੇ ਜਿੰਨੇ ਵੀ ਕਰਮਚਾਰੀ ਮੇਰੇ ਨਾਲ ਕੰਮ ਕਰਦੇ ਸਨ, ਭਾਵੇਂ ਉਹ ਪੰਜਾਬੀ ਬੋਲਣੀ ਨਾ ਜਾਣਦੇ ਹੋਣ, ਪਰ ਉਨ੍ਹਾਂ ਨੂੰ ਪੰਜਾਬੀ ਸਮਝ ਜ਼ਰੂਰ ਆਉਂਦੀ ਸੀ। ਇਹੀ ਨਹੀਂ, ਸਮੁੰਦਰੀ ਜਹਾਜ਼ਾਂ ਵਿੱਚ ਸਾਡਾ ਪੰਜਾਬੀ ਖਾਣਾ ਸਭ ਤੋਂ ਵੱਧ ਬਣਦਾ ਹੈ ਤੇ ਸਭ ਤੋਂ ਵੱਧ ਦੇਸੀ ਤੇ ਵਿਦੇਸ਼ੀ ਮੁਲਾਜ਼ਮ ਇਸ ਨੂੰ ਹੀ ਪਸੰਦ ਕਰਦੇ ਹਨ। ਆਲੂ ਪਰੌਂਠਾ, ਖੀਰ, ਕੜਾਹ, ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ’ਤੇ ਵਿਦੇਸ਼ੀ ਟੁੱਟ-ਟੁੱਟ ਪੈਂਦੇ ਹਨ।
ਮੇਰੇ ਨਾਲ ਹਰ ਜਹਾਜ਼ ਵਿੱਚ ਫਿਲਿਪੀਨਜ਼, ਬਰਮਾ ਤੇ ਰੂਸ ਦੇ ਮੁਲਾਜ਼ਮ ਹੁੰਦੇ ਸਨ। ਉਹ ਦੂਜੀ ਭਾਸ਼ਾ ਦੀ ਨਕਲ ਕਰਨੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਵਿਹਲੇ ਸਮੇਂ ਉਹ ਮੇਰੇ ਕੋਲ ਆ ਕੇ ਬਹਿ ਜਾਂਦੇ ਤੇ ਅਕਸਰ ਹੀ ਮੈਨੂੰ ਪੰਜਾਬੀ ਗਾਲ੍ਹਾਂ ਸਿਖਾਉਣ ਲਈ ਕਹਿੰਦੇ। ਉਹ ਆਖਦੇ ਸਨ ਕਿ ਪੰਜਾਬੀ ਗਾਲ੍ਹਾਂ ਬਹੁਤ ਰੋਅਬ ਨਾਲ ਕੱਢਦੇ ਹਨ। ਕੁੱਲ ਮਿਲਾ ਕੇ 50-60 ਬੰਦਿਆਂ ਨੇ ਮੇਰੇ ਕੋਲੋਂ ਪੰਜਾਬੀ ਗੀਤ ਸਿੱਖ ਕੇ ਸਾਡੀਆਂ ਪਾਰਟੀਆਂ ਵਿੱਚ ਗਾਏ। ਹਾਲਾਂਕਿ, ਉਨ੍ਹਾਂ ਨੂੰ ਸਿੱਖੇ ਹੋਏ ਪੰਜਾਬੀ ਗੀਤ ਦੇ ਅਰਥ ਘੱਟ-ਵੱਧ ਹੀ ਸਮਝ ਆਏ ਹੁੰਦੇ ਸਨ। ਉਹ ਪੂਰੀ ਲੋਰ ਵਿੱਚ ਪੰਜਾਬੀ ਗੀਤ ਗਾਉਂਦੇ ਤੇ ਨੱਚਦੇ। ਸਮੁੰਦਰੀ ਜਹਾਜ਼ਾਂ ਵਿੱਚ ਕੰਪਨੀਆਂ ਸਾਡੇ ਮਨੋਰੰਜਨ ਲਈ ਹਰ ਤਰ੍ਹਾਂ ਦਾ ਸਾਮਾਨ ਭੇਜਦੀਆਂ ਹਨ, ਜਿਨ੍ਹਾਂ ਵਿੱਚ ਫਿਲਮਾਂ ਵੀ ਹੁੰਦੀਆਂ ਹਨ। ਜਿੰਨੀਆਂ ਵੀ ਪੰਜਾਬੀ ਫਿਲਮਾਂ ਬਣਦੀਆਂ ਹਨ, ਉਹ ਕੰਪਨੀ ਸਾਡੇ ਲਈ ਭੇਜਦੀ ਹੈ। ਜੇ ਕੋਈ ਫਿਲਮ ਪਹੁੰਚਣ ਵਿੱਚ ਦੇਰੀ ਹੋ ਜਾਵੇ ਤਾਂ ਆਪਣੇ ਦੇਸੀਆਂ ਨਾਲੋਂ ਵਿਦੇਸ਼ੀਆਂ ਵੱਲੋਂ ਇਨ੍ਹਾਂ ਫਿਲਮਾਂ ਦੀ ਮੰਗ ਵਧੇਰੇ ਕੀਤੀ ਜਾਂਦੀ ਹੈ। ਕੀ ਇਹ ਸਾਡੀ ਮਾਂ ਬੋਲੀ ਦੀ ਚੜ੍ਹਦੀਕਲਾ ਨਹੀਂ ਹੈ?
ਇੱਕ ਵਾਰ ਰੂਸ ਦੀ ਇੱਕ ਬੰਦਰਗਾਹ ’ਤੇ ਸਾਡਾ ਜਹਾਜ਼ ਲੱਗਿਆ ਹੋਇਆ ਸੀ। ਦੀਵਾਲੀ ਦਾ ਤਿਉਹਾਰ ਆ ਗਿਆ। ਸਾਨੂੰ ਸੀਮੈਨ ਕਲੱਬ ਵੱਲੋਂ ਸੱਦਾ ਆਇਆ ਕਿ ਦੀਵਾਲੀ ਦੀ ਪਾਰਟੀ ਅਸੀਂ ਤੁਹਾਨੂੰ ਦੇਵਾਂਗੇ ਕਿਉਂਕਿ ਰੂਸ ਵਾਲੇ ਸਾਡੇ ਸੱਭਿਆਚਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਅਸੀਂ ਜਦੋਂ ਸ਼ਾਮ ਨੂੰ ਆਪਣਾ ਕੰਮ ਨਿਬੇੜ ਕੇ ਕਲੱਬ ਪਹੁੰਚੇ ਤਾਂ ਦਰਵਾਜ਼ੇ ਨੇੜੇ ਪਹੁੰਚਦਿਆਂ ਹੀ ਗੀਤ ਦੀ ਆਵਾਜ਼ ਸੁਣਾਈ ਦਿੱਤੀ, ‘ਤੂੰ ਨ੍ਹੀਂ ਬੋਲਦੀ ਰਕਾਨੇ ਤੂੰ ਨ੍ਹੀਂ ਬੋਲਦੀ, ਤੇਰੇ ’ਚ ਤੇਰਾ ਯਾਰ ਬੋਲਦਾ’ ਤੇ ਕਲੱਬ ਦੇ ਰੂਸੀ ਮੁਲਾਜ਼ਮ ਉਸ ਗੀਤ ’ਤੇ ਨੱਚ ਰਹੇ ਸਨ।
ਰਾਤ 12 ਵਜੇ ਤੱਕ ਪਾਰਟੀ ਚੱਲੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਿੰਨੇ ਵੀ ਪੰਜਾਬੀ ਗੀਤ ਉਸ ਰਾਤ ਉੱਥੇ ਲੱਗੇ, ਉਨ੍ਹਾਂ ਵਿੱਚੋਂ 75 ਫ਼ੀਸਦੀ ਦੀ ਮੰਗ ਰੂਸੀਆਂ ਵੱਲੋਂ ਕੀਤੀ ਗਈ ਸੀ। ਹਾਲਾਂਕਿ ਸਾਡੇ ਜਹਾਜ਼ ਦੇ ਮੁਲਾਜ਼ਮਾਂ ਵਿੱਚ ਸਿਰਫ਼ 5 ਫ਼ੀਸਦੀ ਹੀ ਪੰਜਾਬੀ ਸਨ ਤੇ ਬਾਕੀ ਸਭ ਵਿਦੇਸ਼ੀ।
ਮੈਂ ਆਪਣੀ ਨੌਕਰੀ ਦੌਰਾਨ ਸਮੁੰਦਰ ਨਾਲ ਲੱਗਦੇ ਸ੍ਰੀਲੰਕਾ ਤੋਂ ਇਲਾਵਾ ਸਾਰੇ ਦੇਸ਼ਾਂ ਵਿੱਚ ਗਿਆ ਹਾਂ। ਸਫ਼ਰ ਦੌਰਾਨ ਅਸੀਂ ਅਕਸਰ ਹੀ ਬੰਦਰਗਾਹ ’ਤੇ ਜਹਾਜ਼ ਲੱਗਣ ਮਗਰੋਂ ਸਬੰਧਿਤ ਸ਼ਹਿਰ ਤੋਂ ਜ਼ਰੂਰਤ ਦਾ ਸਾਮਾਨ ਖਰੀਦਦੇ ਆਏ ਹਾਂ। ਇੰਨੇ ਸਾਲਾਂ ਵਿੱਚ ਮੈਂ ਕੋਈ ਵੀ ਅਜਿਹਾ ਦੇਸ਼ ਨਹੀਂ ਵੇਖਿਆ ਜਿੱਥੇ ਸਰ੍ਹੋਂ ਦਾ ਸਾਗ, ਮੱਕੀ ਦਾ ਆਟਾ, ਪੰਜਾਬੀ ਅਖ਼ਬਾਰ, ਪੰਜਾਬੀ ਗਾਣਿਆਂ ਦੀਆਂ ਸੀਡੀਜ਼ ਆਦਿ ਨਾ ਮਿਲਦੇ ਹੋਣ। ਦੁਕਾਨਦਾਰ ਹਮੇਸ਼ਾ ਗਾਹਕਾਂ ਦੀ ਪਸੰਦ ਦਾ ਸਾਮਾਨ ਰੱਖਦੇ ਹਨ। ਜੇਕਰ ਪੰਜਾਬ ਤੇ ਪੰਜਾਬੀ ਨਾਲ ਸਬੰਧਿਤ ਸਾਮਾਨ ਦੀ ਮੰਗ ਹੋਵੇਗੀ ਤਾਂ ਹੀ ਅਗਲਾ ਰੱਖੇਗਾ, ਨਹੀਂ ਤਾਂ ਨਹੀਂ। ਹੁਣ ਤੁਸੀਂ ਹੀ ਹਿਸਾਬ ਲਾਉ ਕਿ ਪੰਜਾਬੀ ਬੋਲੀ ਤੇ ਪੰਜਾਬੀ ਖਾਣੇ ਦੀ ਦੁਨੀਆ ਵਿੱਚ ਕੀ ਸਥਿਤੀ ਹੈ?
ਜਿਸ ਵੀ ਬੰਦਰਗਾਹ ’ਤੇ ਸਾਡਾ ਜਹਾਜ਼ ਖੜ੍ਹਦਾ, ਉੱਥੇ ਘੁੰਮਣ ਲਈ ਸਾਨੂੰ ਵਿਸ਼ੇਸ਼ ਤੌਰ ’ਤੇ ਪਾਸ ਮੁਹੱਈਆ ਕਰਵਾਏ ਜਾਂਦੇ ਸਨ। ਉਸ ਦੇਸ਼ ਨਾਲ ਭਾਰਤ ਸਰਕਾਰ ਦੇ ਭਾਵੇਂ ਕਿਹੋ ਜਿਹੇ ਵੀ ਸਬੰਧ ਹੋਣ, ਪਰ ਸਮੁੰਦਰੀ ਕਾਮਿਆਂ ’ਤੇ ਕਿਸੇ ਦੇਸ਼ ਦਾ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਕਿਉਂਕਿ ਸਾਡਾ ਕੰਮ ਪੂਰੀ ਦੁਨੀਆ ਤੱਕ ਹਰ ਲੋੜ ਦਾ ਸਾਮਾਨ ਪੁੱਜਦਾ ਕਰਨਾ ਹੁੰਦਾ ਹੈ।
ਦੁਕਾਨਾਂ, ਹੋਟਲਾਂ ਤੇ ਡਾਂਸ ਬਾਰਾਂ ਵਿੱਚ ਅਸੀਂ ਆਮ ਜਾਂਦੇ ਹਾਂ।ਪੰਜਾਬੀਆਂ ਨੂੰ ਪੱਗ ਤੋਂ ਬਿਨਾਂ ਵੀ ਲੋਕ ਪਛਾਣ ਲੈਂਦੇ ਹਨ। ਇੱਕ ਵਾਰ ਦੀ ਗੱਲ ਹੈ, ਦੱਖਣੀ ਅਫ਼ਰੀਕਾ ਦੀ ਇੱਕ ਇਮੀਗ੍ਰੇਸ਼ਨ ਅਫ਼ਸਰ ਜਹਾਜ਼ ਵਿੱਚ ਆਈ ਤੇ ਗੱਲਾਂ ਕਰਦਿਆਂ ਉਸ ਨੇ ਕਿਹਾ, ‘‘ਤੁਹਾਡੇ ਸਾਰੇ ਮੁਲਾਜ਼ਮਾਂ ਵਿੱਚ ਤਿੰਨ ਪੰਜਾਬੀ ਹਨ।’’ ਮੈਂ ਪੁੱਛਿਆ, ‘‘ਤੁਹਾਨੂੰ ਕਿਵੇਂ ਪਤਾ ਲੱਗਿਆ?’’ ਕਹਿੰਦੀ, ‘‘ਤੁਹਾਡਾ ਇਹ ਵੱਖਰੀ ਤਰ੍ਹਾਂ ਦਾ ਨੱਕ ਤੇ ਚਿਹਰੇ ਦੀ ਰੌਣਕ ਸਾਫ਼ ਦੱਸ ਰਹੀ ਹੈ ਕਿ ਤੁਸੀਂ ਪੰਜਾਬੀ ਹੋ।’’ ਹਰ ਬੰਦਰਗਾਹ ’ਤੇ ਸਾਡਾ ਇੱਕ ਏਜੰਟ ਹੁੰਦਾ ਹੈ ਤੇ ਜ਼ਿਆਦਾ ਦੇਸ਼ਾਂ ਵਿੱਚ ਵੇਖਿਆ ਹੈ ਕਿ ਇਹ ਏਜੰਟ ਭਾਵੇਂ ਪੰਜਾਬੀ ਬੋਲਣੀ ਘੱਟ ਹੀ ਜਾਣਦੇ ਹੋਣ, ਪਰ ਸਮਝ ਵਧੀਆ ਲੈਂਦੇ ਹਨ। ਵਿਦੇਸ਼ੀ ਏਜੰਟ ਅਕਸਰ ਹੀ ਪੰਜਾਬੀ ਖਾਣੇ ਦੀ ਮੰਗ ਕਰਦੇ ਹਨ। ਇਹ ਵੀ ਸਾਡੀ ਪੰਜਾਬੀਆਂ ਦੀ ਇੱਕ ਪ੍ਰਾਪਤੀ ਹੈ।
ਨੌਕਰੀ ਦੌਰਾਨ ਕਈ ਵਾਰ ਜਿੱਥੇ ਕਿਤੇ ਜਾਂਦੇ ਰਹੇ, ਉੱਥੋਂ ਦੇ ਲੋਕਾਂ ਨਾਲ ਵੀ ਮਿਲਵਰਤਣ ਵਧਦਾ ਗਿਆ। ਮੇਰੀਆਂ ਕਈ ਵਿਦੇਸ਼ੀ ਭੈਣਾਂ ਨੇ ਮੈਥੋਂ ਬਹੁਤ ਵਾਰ ਪੰਜਾਬੀ ਸੂਟ ਮੰਗਵਾਏ ਹਨ। ਉਨ੍ਹਾਂ ਨੂੰ ਪੰਜਾਬੀ ਪਹਿਰਾਵਾ ਬਹੁਤ ਹੀ ਖ਼ਾਸ ਲੱਗਦਾ ਹੈ। ਭਾਵੇਂ ਸਾਡੀ ਨੌਜਵਾਨ ਪੀੜ੍ਹੀ ਪੰਜਾਬੀ ਪਹਿਰਾਵੇ ਤੋਂ ਦੂਰ ਹੁੰਦੀ ਜਾ ਰਹੀ ਹੈ, ਪਰ ਵਿਦੇਸ਼ਾਂ ਵਿੱਚ ਬਹੁਤ ਲੋਕ ਮੇਰੇ ਸੰਪਰਕ ਵਿੱਚ ਆਏ ਹਨ, ਜਿਨ੍ਹਾਂ ਮੈਥੋਂ ਪੰਜਾਬੀ ਪਹਿਰਾਵੇ ਬਾਰੇ ਜਾਣਨ ਤੇ ਪੰਜਾਬ ਤੋਂ ਲਿਆ ਕੇ ਦੇਣ ਦੀ ਮੰਗ ਕੀਤੀ ਹੈ। ਦੁਨੀਆ ਵਿੱਚ ਅਜਿਹਾ ਕੋਈ ਦੇਸ਼ ਨਹੀਂ, ਜਿੱਥੇ ਪੰਜਾਬੀ ਨਾ ਰਹਿੰਦੇ ਹੋਣ ਤੇ ਜਿੱਥੇ ਪੰਜਾਬੀ ਹੋਣ ਉੱਥੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਮਿਸਾਲ ਵੀ ਮਿਲ ਹੀ ਜਾਂਦੀ ਹੈ। ਪੰਜਾਬੀ ਢਾਬੇ, ਪੰਜਾਬੀ ਸੰਗੀਤ, ਗੁਰਦੁਆਰੇ ਤੇ ਮੰਦਿਰ ਹੁਣ ਹਰ ਦੇਸ਼ ਵਿੱਚ ਮਿਲਦੇ ਹਨ। ਮੈਂ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਪੰਜਾਬੀ ਭੈਣ-ਭਰਾਵਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਵੇਖਿਆ ਹੈ। ਉਹ ਪੜ੍ਹਾਈ ਚਾਹੇ ਕਿਸੇ ਵੀ ਭਾਸ਼ਾ ਵਿੱਚ ਕਰਦੇ ਹੋਣ, ਪਰ ਗੱਲਾਂ ਪੰਜਾਬੀ ਵਿੱਚ ਹੀ ਹੁੰਦੀਆਂ ਹਨ। ਅਜਿਹਾ ਮੈਂ ਕੋਈ ਦੇਸ਼ ਨਹੀਂ ਵੇਖਿਆ, ਜਿੱਥੇ ਟੈਲੀਵਿਜ਼ਨ ਤੇ ਰੇਡੀਓ ’ਤੇ ਪੰਜਾਬੀ ਚੈਨਲ ਮੌਜੂਦ ਨਾ ਹੋਵੇ। ਇਹ ਚੈਨਲ ਖ਼ੁਦ-ਬ-ਖ਼ੁਦ ਹੀ ਸ਼ੁਰੂ ਨਹੀਂ ਹੋਏ। ਸੁਣਨ ਵਾਲਿਆਂ ਦੀ ਮੰਗ ਨੇ ਹੀ ਇਨ੍ਹਾਂ ਚੈਨਲਾਂ ਨੂੰ ਸ਼ੁਰੂ ਕਰਨ ਦਾ ਹੁਲਾਰਾ ਦਿੱਤਾ ਹੋਵੇਗਾ।
ਮੁੱਕਦੀ ਗੱਲ ਇਹ ਹੈ ਕਿ ਮਾਂ ਬੋਲੀ ਪੰਜਾਬੀ ਦਾ ਕੌਮਾਂਤਰੀ ਦਿਹਾੜਾ ਆਉਂਦਾ ਹੈ ਤਾਂ ਵੱਡੀ ਗਿਣਤੀ ਲੋਕ ਰਸਮੀ ਪ੍ਰੋਗਰਾਮ ਕਰਨ ਤੱਕ ਹੀ ਸੀਮਤ ਰਹਿ ਜਾਂਦੇ ਹਨ। ਜੇਕਰ ਅਸੀਂ ਘਰਾਂ ਵਿੱਚ ਪੰਜਾਬੀ ਬੋਲਾਂਗੇ ਤੇ ਪੰਜਾਬੀ ਲਿਖਾਂਗੇ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਇਸ ਭਾਸ਼ਾ ਨਾਲੋਂ ਟੁੱਟ ਜਾਣ। ਪੰਜਾਬੀ ਭਾਸ਼ਾ ਨੂੰ ਸੱਟ ਉਦੋਂ ਵੱਜਦੀ ਹੈ, ਜਦੋਂ ਪੰਜਾਬੀ ਬੋਲੀ ਦੇ ਨਾਹਰੇ ਲਾਉਣ ਵਾਲੇ ਖ਼ੁਦ ਆਪਣੇ ਘਰ ਆਪਣੇ ਬੱਚਿਆਂ ਨਾਲ ਅੰਗਰੇਜ਼ੀ ਜਾਂ ਹਿੰਦੀ ਵਿੱਚ ਗੱਲ ਕਰਨ ਨੂੰ ਤਰਜੀਹ ਦੇਣ ਲੱਗਦੇ ਹਨ। ਪੰਜਾਬ ਵਿੱਚ ਰਹਿੰਦੇ ਲੋਕ ਅੱਜ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀ ਥਾਂ ਅੰਗਰੇਜ਼ੀ ਵਿੱਚ ਮਾਹਿਰ ਬਣਾਉਣਾ ਚਾਹੁੰਦੇ ਹਨ।
ਗੁਰੂ ਨਾਨਕ ਦੇਵ ਜੀ ਨੇ ਚੰਗਿਆਂ ਨੂੰ ਉੱਜੜਨ ਦਾ ਵਰ ਦਿੱਤਾ ਸੀ। ਪੰਜਾਬੀ ਵੀ ਪੰਜਾਬ ਤੋਂ ਉੱਜੜ ਕੇ ਅੱਜ ਸਾਰੀ ਦੁਨੀਆ ਵਿੱਚ ਥਾਂ ਥਾਂ ਪੰਜਾਬ ਵਸਾਈ ਬੈਠੇ ਹਨ। ਇਸ ਲਈ ਪੰਜਾਬੀ ਬੋਲੀ ਦਾ ਭਵਿੱਖ ਪਹਿਲਾਂ ਨਾਲੋਂ ਵੀ ਕਿਤੇ ਵੱਧ ਸੁਨਹਿਰਾ ਦਿਖਾਈ ਦਿੰਦਾ ਹੈ। ਹੁਣ ਤਾਂ ਉਮੀਦ ਹੈ ਕਿ ਬਹੁਤ ਜਲਦੀ ਪੰਜਾਬੀ ਬੋਲੀ ਵਿਸ਼ਵ ’ਚ ਨੌਵੇਂ ਸਥਾਨ ’ਤੇ ਆ ਜਾਵੇਗੀ। ਸਮੇਂ ਦੇ ਨਾਲ ਵਧੀ ਡਿਜੀਟਲ ਤਕਨੀਕ ਅਤੇ ਪ੍ਰਚਾਰ-ਪਸਾਰ ਦੇ ਢੰਗ ਤਰੀਕਿਆਂ ਨੇ ਪੰਜਾਬੀ ਨੂੰ ਫੈਲਣ ਵਿੱਚ ਹੋਰ ਵੀ ਮਦਦ ਕੀਤੀ ਹੈ। ਦੁਨੀਆ ਦੇ ਲਗਪਗ ਹਰ ਕੋਨੇ ਵਿੱਚ ਪੰਜਾਬ, ਪੰਜਾਬੀ ਤੇ ‌ਪੰਜਾਬੀਅਤ ਜ਼ਿੰਦਾਬਾਦ ਹੈ ਤੇ ਰਹੇਗੀ। ਆਮੀਨ!

ਰੁਝਾਨ ਖਬਰਾਂ