3.7 C
Vancouver
Wednesday, March 11, 2026

ਬ੍ਰਿਟਿਸ਼ ਕੋਲੰਬੀਆ ਵਿੱਚ 400 ਮਿਲੀਅਨ ਡਾਲਰ ਦੇ ਰਣਨੀਤਕ ਨਿਵੇਸ਼ ਫੰਡ ਲਈ ਨਵਾਂ ਬਿੱਲ ਪੇਸ਼, ਆਰਥਿਕ ਵਿਕਾਸ ਨੂੰ ਮਿਲੇਗਾ ਵੱਡਾ ਹੁਲਾਰਾ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਸੂਬੇ ਦੇ ਆਰਥਿਕ ਵਿਕਾਸ ਵਿੱਚ ਸ਼ਾਮਲ ਕਰਨ ਅਤੇ ਵੱਡੇ ਪੱਧਰ ਉੱਤੇ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਸਰਕਾਰ ਨੇ 400 ਮਿਲੀਅਨ ਡਾਲਰ ਦਾ ਬੀਸੀ ਸਟ੍ਰੈਟੇਜਿਕ ਇਨਵੈਸਟਮੈਂਟ ਫੰਡ ਬਣਾਉਣ ਲਈ ਵਿਧਾਨ ਸਭਾ ਵਿੱਚ ਇੱਕ ਨਵਾਂ ਕਾਨੂੰਨੀ ਖਰੜਾ ਪੇਸ਼ ਕੀਤਾ ਹੈ। ਇਹ ਪ੍ਰਸਤਾਵਿਤ ਨਵਾਂ ਫੰਡ ਸਰਕਾਰ ਨੂੰ ਕਰਜ਼ੇ ਦੇਣ, ਇਕੁਇਟੀ ਨਿਵੇਸ਼ ਕਰਨ ਅਤੇ ਵਾਪਸੀਯੋਗ ਯੋਗਦਾਨਾਂ ਨੂੰ ਵਿਚਾਰਣ ਦੀ ਵੱਡੀ ਸਮਰੱਥਾ ਪ੍ਰਦਾਨ ਕਰੇਗਾ। ਇਸ ਕਦਮ ਨਾਲ ਸੂਬਾ ਸਰਕਾਰ ਕਿਸੇ ਵੀ ਵੱਡੇ ਪ੍ਰੋਜੈਕਟ ਦੀ ਸਫਲਤਾ ਵਿੱਚ ਆਪਣੀ ਸਿੱਧੀ ਸਾਂਝ ਪਾ ਸਕੇਗੀ। ਇਹ ਨਵਾਂ ਕਾਨੂੰਨ ਬ੍ਰਿਟਿਸ਼ ਕੋਲੰਬੀਆ ਨੂੰ ਰਾਸ਼ਟਰੀ ਪੱਧਰ ਉੱਤੇ ਮੁਕਾਬਲਾ ਕਰਨ ਦੇ ਯੋਗ ਬਣਾਉਣ ਲਈ ਵਿਸ਼ੇਸ਼ ਤੌਰ ਉੱਤੇ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫੈਡਰਲ ਅਤੇ ਪ੍ਰਾਈਵੇਟ ਸੈਕਟਰ ਦੇ ਵੱਡੇ ਨਿਵੇਸ਼ ਆਕਰਸ਼ਿਤ ਕਰਨ ਅਤੇ ਸੂਬੇ ਦੇ ਤਰਜੀਹੀ ਆਰਥਿਕ ਖੇਤਰਾਂ ਨੂੰ ਅੱਗੇ ਵਧਾਉਣ ਵਿੱਚ ਵੀ ਵੱਡੀ ਮਦਦ ਮਿਲੇਗੀ।
ਸੂਬਾ ਸਰਕਾਰ ਆਪਣੇ ਵਪਾਰ ਲਈ ਅਮਰੀਕਾ ਉੱਤੇ ਨਿਰਭਰਤਾ ਘਟਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਵਿਧਾਨ ਸਭਾ ਅੱਗੇ ਪੇਸ਼ ਕੀਤਾ ਗਿਆ ਇਹ ਨਵਾਂ ਕਾਨੂੰਨ ਜੇਕਰ ਪਾਸ ਹੋ ਜਾਂਦਾ ਹੈ ਤਾਂ ਇਹ ਸੂਬੇ ਨੂੰ 400 ਮਿਲੀਅਨ ਡਾਲਰ ਦੇ ਬੀਸੀ ਸਟ੍ਰੈਟੇਜਿਕ ਇਨਵੈਸਟਮੈਂਟ ਫੰਡ ਰਾਹੀਂ ਪ੍ਰਾਈਵੇਟ ਸੈਕਟਰ ਦੇ ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਸਿੱਧਾ ਨਿਵੇਸ਼ ਕਰਨ ਲਈ ਲੋੜੀਂਦੇ ਸਾਧਨ ਮੁਹੱਈਆ ਕਰਵਾਏਗਾ। ਪ੍ਰੀਮੀਅਰ ਡੇਵਿਡ ਈਬੀ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਫੈਡਰਲ ਸਰਕਾਰ ਜੰਗਲਾਤ, ਰੱਖਿਆ ਅਤੇ ਸਮੁੰਦਰੀ ਜਹਾਜ਼ ਨਿਰਮਾਣ ਲਈ ਨਵੇਂ ਪ੍ਰੋਜੈਕਟਾਂ ਦੀ ਖੋਜ ਕਰ ਰਹੀ ਹੈ। ਉਹਨਾਂ ਕਿਹਾ ਕਿ ਸਾਡਾ ਮੁੱਖ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਕਾਰੋਬਾਰ ਇਸ ਦੌੜ ਵਿੱਚ ਸਭ ਤੋਂ ਅੱਗੇ ਰਹਿਣ। ਪ੍ਰਾਈਵੇਟ ਸੈਕਟਰ ਦੇ ਵੱਡੇ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਕੇ ਅਤੇ ਉਹਨਾਂ ਦੀ ਸਫਲਤਾ ਵਿੱਚ ਸਾਂਝ ਪਾ ਕੇ ਸਰਕਾਰ ਇਹ ਯਕੀਨੀ ਬਣਾ ਸਕਦੀ ਹੈ ਕਿ ਸੂਬੇ ਦੇ ਲੋਕ ਉੱਚ ਤਨਖਾਹ ਵਾਲੀਆਂ ਨੌਕਰੀਆਂ ਪ੍ਰਾਪਤ ਕਰਨ। ਇਸ ਤੋਂ ਇਲਾਵਾ ਵਧੇਰੇ ਮਜ਼ਬੂਤ ਸੇਵਾਵਾਂ ਲਈ ਮਿਲਣ ਵਾਲੀ ਆਮਦਨ ਰਾਹੀਂ ਵੀ ਲੋਕਾਂ ਨੂੰ ਸਿੱਧਾ ਫਾਇਦਾ ਮਿਲੇਗਾ।
ਮੌਜੂਦਾ ਸਮੇਂ ਵਿੱਚ ਸਰਕਾਰ ਦੀ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਨੂੰ ਸਹਾਇਤਾ ਦੇਣ ਦੀ ਸਮਰੱਥਾ ਸਿਰਫ਼ ਗ੍ਰਾਂਟਾਂ ਤੱਕ ਹੀ ਸੀਮਤ ਹੈ। ਇਸ ਪੁਰਾਣੀ ਪ੍ਰਣਾਲੀ ਨਾਲ ਸੂਬੇ ਨੂੰ ਸਿੱਧੀ ਆਮਦਨ ਦਾ ਬਹੁਤ ਘੱਟ ਜਾਂ ਬਿਲਕੁਲ ਵੀ ਲਾਭ ਨਹੀਂ ਮਿਲਦਾ ਹੈ। ਦੂਜੇ ਪਾਸੇ ਕੈਨੇਡਾ ਦੇ ਹੋਰ ਅਧਿਕਾਰ ਖੇਤਰਾਂ ਜਿਨ੍ਹਾਂ ਵਿੱਚ ਓਨਟਾਰੀਓ, ਕਿਊਬੈਕ, ਕੈਨੇਡਾ ਦੀ ਫੈਡਰਲ ਸਰਕਾਰ ਅਤੇ ਗੁਆਂਢੀ ਦੇਸ਼ ਅਮਰੀਕਾ ਦੀਆਂ ਸਰਕਾਰਾਂ ਸ਼ਾਮਲ ਹਨ, ਕੋਲ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੀ ਵਧੇਰੇ ਲਚਕਤਾ ਮੌਜੂਦ ਹੈ। ਇਹ ਸਰਕਾਰਾਂ ਕੰਪਨੀਆਂ ਵਿੱਚ ਹਿੱਸੇਦਾਰੀ ਲਈ ਸਿੱਧਾ ਨਿਵੇਸ਼ ਕਰਨ, ਕਰਜ਼ੇ ਜਾਰੀ ਕਰਨ, ਮੁਨਾਫ਼ਾ ਸਾਂਝੇਦਾਰੀ ਸਮਝੌਤਿਆਂ ਉੱਤੇ ਦਸਤਖ਼ਤ ਕਰਨ ਅਤੇ ਸ਼ਰਤਾਂ ਅਧੀਨ ਵਾਪਸੀਯੋਗ ਗ੍ਰਾਂਟਾਂ ਮੁਹੱਈਆ ਕਰਵਾਉਣ ਵਰਗੇ ਕਦਮ ਚੁੱਕ ਸਕਦੀਆਂ ਹਨ। ਇਹ ਆਧੁਨਿਕ ਨਿਵੇਸ਼ ਵਿਧੀਆਂ ਇਹਨਾਂ ਅਧਿਕਾਰ ਖੇਤਰਾਂ ਲਈ ਵੱਡੇ ਪੱਧਰ ਉੱਤੇ ਆਰਥਿਕ ਲਾਭ ਪੈਦਾ ਕਰਨ ਦੇ ਸਮਰੱਥ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਪੇਸ਼ ਕੀਤਾ ਗਿਆ ਇਹ ਨਵਾਂ ਬਿੱਲ ਵੀ ਇਸੇ ਤਰ੍ਹਾਂ ਦੇ ਆਧੁਨਿਕ ਸਾਧਨ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕਰਦਾ ਹੈ ਜਿਸ ਨਾਲ ਬ੍ਰਿਟਿਸ਼ ਕੋਲੰਬੀਆ ਦੇ ਲੋਕ ਸੂਬੇ ਵੱਲੋਂ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਦੀ ਵੱਡੀ ਸਫਲਤਾ ਵਿੱਚ ਬਰਾਬਰ ਦੇ ਭਾਗੀਦਾਰ ਬਣ ਸਕਣਗੇ।
ਬੀਸੀ ਦੀ ਆਰਥਿਕਤਾ ਨੂੰ ਤਰੱਕੀ ਦੀਆਂ ਬੁਲੰਦੀਆਂ ਵੱਲ ਲੈ ਕੇ ਜਾਣਾ ਸਰਕਾਰ ਦੀ ਮੁੱਖ ਤਰਜੀਹ ਹੈ। ਰੁਜ਼ਗਾਰ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਕਾਹਲੋਂ ਨੇ ਕਿਹਾ ਕਿ ਬੀਸੀ ਭਰ ਦੇ ਲੋਕ ਅਤੇ ਭਾਈਚਾਰੇ ਸਾਡੀ ਆਰਥਿਕਤਾ ਦੇ ਵਿਕਾਸ ਲਈ ਕੀਤੇ ਜਾ ਰਹੇ ਹਰ ਕੰਮ ਦੇ ਬਿਲਕੁਲ ਕੇਂਦਰ ਵਿੱਚ ਹਨ। ਉਹਨਾਂ ਨੇ ਸਪੱਸ਼ਟ ਕੀਤਾ ਕਿ ਨਵੇਂ ਵਿੱਤੀ ਸਾਧਨਾਂ ਅਤੇ ਸੂਬੇ ਦੀ ਲੁੱਕ ਵੈਸਟ ਕਾਰਜਨੀਤੀ ਰਾਹੀਂ ਅਸੀਂ ਉੱਚ ਪ੍ਰਭਾਵ ਵਾਲੇ ਪ੍ਰਾਈਵੇਟ ਸੈਕਟਰ ਦੇ ਪ੍ਰੋਜੈਕਟਾਂ ਨੂੰ ਪੂਰਾ ਸਹਿਯੋਗ ਦੇ ਸਕਦੇ ਹਾਂ। ਇਸ ਦੇ ਨਾਲ ਹੀ ਫੈਡਰਲ ਨਿਵੇਸ਼ ਨੂੰ ਆਕਰਸ਼ਿਤ ਕੀਤਾ ਜਾ ਸਕਦਾ ਹੈ ਅਤੇ ਬੀਸੀ ਦੇ ਤਰਜੀਹੀ ਖੇਤਰਾਂ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਹੈ। ਮੰਤਰੀ ਅਨੁਸਾਰ ਇਸ ਪਹਿਲਕਦਮੀ ਨਾਲ ਰੁਜ਼ਗਾਰ ਦੇ ਵਧੀਆ ਅਤੇ ਨਵੇਂ ਮੌਕੇ ਉਪਲਬਧ ਹੁੰਦੇ ਹਨ। ਇਸ ਦੇ ਨਾਲ ਹੀ ਉਹ ਅਹਿਮ ਸਰਕਾਰੀ ਸੇਵਾਵਾਂ ਸੁਰੱਖਿਅਤ ਰਹਿੰਦੀਆਂ ਹਨ ਜਿਨ੍ਹਾਂ ਉੱਤੇ ਆਮ ਲੋਕ ਹਰ ਰੋਜ਼ ਨਿਰਭਰ ਕਰਦੇ ਹਨ। ਸਟ੍ਰੈਟੇਜਿਕ ਇਨਵੈਸਟਮੈਂਟ ਫੰਡ ਦਾ ਮੁੱਖ ਉਦੇਸ਼ ਉਹਨਾਂ ਪ੍ਰੋਜੈਕਟਾਂ ਵਿੱਚ ਸਾਂਝਾ ਨਿਵੇਸ਼ ਕਰਨਾ ਹੈ ਜੋ ਕੈਨੇਡਾ ਦੀ ਨਵੀਂ ਡੀਫੈਂਸ ਇੰਡਸਟਰੀਅਲ ਕਾਰਜਨੀਤੀ ਰਾਹੀਂ ਮਿਲਣ ਵਾਲੇ 20 ਬਿਲੀਅਨ ਡਾਲਰ ਤੱਕ ਦੇ ਫੈਡਰਲ ਸਰਕਾਰ ਦੇ ਸੁਰੱਖਿਆ ਨਿਵੇਸ਼ ਲਈ ਯੋਗ ਹੋ ਸਕਦੇ ਹਨ। ਇਸ ਤੋਂ ਇਲਾਵਾ ਮਹੱਤਵਪੂਰਨ ਖਣਿਜ ਪ੍ਰੋਜੈਕਟਾਂ ਅਤੇ ਹੋਰ ਵੱਡੇ ਆਰਥਿਕ ਉਪਰਾਲਿਆਂ ਨੂੰ ਵੀ ਇਸ ਫੰਡ ਰਾਹੀਂ ਸਹਿਯੋਗ ਮਿਲੇਗਾ। ਇਹ ਵਿੱਤੀ ਸਹਾਇਤਾ ਬੀਸੀ ਲਈ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਹ ਲੁੱਕ ਵੈਸਟ ਕਾਰਜਨੀਤੀ ਦੇ ਅਹਿਮ ਹਿੱਸੇ ਵਜੋਂ 200 ਬਿਲੀਅਨ ਡਾਲਰ ਦੇ ਨਿੱਜੀ ਨਿਵੇਸ਼ ਲਿਆਉਣ ਵਿੱਚ ਮਦਦ ਕਰਦੀ ਹੈ। This report was written by Ekjot Singh as part of the Local Journalism Initiative.
ਇਹ ਨਵਾਂ ਕਾਨੂੰਨ ਅਤੇ ਇਸ ਨਾਲ ਮਿਲਣ ਵਾਲੇ ਨਵੇਂ ਸਾਧਨ ਇਹ ਯਕੀਨੀ ਬਣਾਉਣਗੇ ਕਿ ਬੀਸੀ ਦੇ ਵਪਾਰ ਇਸ ਵਿੱਤੀ ਸਹਾਇਤਾ ਵਿੱਚ ਆਪਣਾ ਬਣਦਾ ਵਾਜਬ ਹਿੱਸਾ ਪ੍ਰਾਪਤ ਕਰ ਸਕਣ। ਫੌਜ ਦੇ ਵਿਕਾਸ ਅਤੇ ਸਾਬਕਾ ਫੌਜੀਆਂ ਦੇ ਮਾਮਲਿਆਂ ਲਈ ਪਾਰਲੀਮਾਨੀ ਸਕੱਤਰ ਡਾਰਲੀਨ ਰੌਚਫੋਰਡ ਨੇ ਕਿਹਾ ਕਿ ਬੀਸੀ ਦੀਆਂ ਕੰਪਨੀਆਂ ਵਿਸ਼ਵ ਪੱਧਰੀ ਅਤੇ ਦੋਹਰੀ ਵਰਤੋਂ ਵਾਲੀਆਂ ਸਮਰੱਥਾਵਾਂ ਮੁਹੱਈਆ ਕਰਦੀਆਂ ਹਨ। ਇਹ ਸਮਰੱਥਾਵਾਂ ਕੈਨੇਡਾ ਦੀਆਂ ਫੌਜੀ ਜ਼ਿੰਮੇਵਾਰੀਆਂ ਦਾ ਪੂਰਾ ਸਮਰਥਨ ਕਰ ਸਕਦੀਆਂ ਹਨ। ਉਹਨਾਂ ਕਿਹਾ ਕਿ ਇਹ ਨਵੇਂ ਸਹਾਇਕ ਸਾਧਨ ਵਪਾਰਾਂ ਲਈ ਮੌਜੂਦਾ ਸਹਾਇਤਾਵਾਂ ਵਿੱਚ ਵੱਡਾ ਵਾਧਾ ਕਰਦੇ ਹਨ। ਇਸ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਵਿੱਚ ਹੋਰ ਵਧੀਆ ਅਤੇ ਉੱਚ ਕੁਸ਼ਲਤਾਵਾਂ ਵਾਲੀਆਂ ਨੌਕਰੀਆਂ ਦੇ ਨਵੇਂ ਮੌਕੇ ਤਿਆਰ ਕਰਨ ਵਿੱਚ ਵੀ ਮਦਦ ਮਿਲਦੀ ਹੈ।

ਨਵਾਂ ਰਣਨੀਤਕ ਫੰਡ ਪਹਿਲਾਂ ਤੋਂ ਮੌਜੂਦ ਸਫਲ ਪ੍ਰੋਗਰਾਮਾਂ ਵਿੱਚ ਹੋਰ ਵਾਧਾ ਕਰੇਗਾ। ਇਹਨਾਂ ਸਫਲ ਪ੍ਰੋਗਰਾਮਾਂ ਵਿੱਚ ਬੀਸੀ ਮੈਨਿਊਫੈਕਚਰਿੰਗ ਜੌਬਜ਼ ਫੰਡ ਦਾ ਨਾਮ ਪ੍ਰਮੁੱਖਤਾ ਨਾਲ ਆਉਂਦਾ ਹੈ। ਹੁਣ ਤੱਕ 154 ਪ੍ਰੋਜੈਕਟਾਂ ਲਈ 153 ਮਿਲੀਅਨ ਡਾਲਰ ਦੀ ਵਚਨਬੱਧਤਾ ਨਾਲ ਇਸ ਜੌਬਜ਼ ਫੰਡ ਨੇ ਇੱਕ ਬਿਲੀਅਨ ਡਾਲਰ ਦਾ ਭਾਰੀ ਨਿਵੇਸ਼ ਆਕਰਸ਼ਿਤ ਕੀਤਾ ਹੈ। ਇਸ ਪ੍ਰੋਗਰਾਮ ਸਦਕਾ 4800 ਤੋਂ ਵੱਧ ਨੌਕਰੀਆਂ ਬਣਾਈਆਂ ਜਾਂ ਸੁਰੱਖਿਅਤ ਕੀਤੀਆਂ ਗਈਆਂ ਹਨ। ਇਹਨਾਂ ਪ੍ਰੋਜੈਕਟਾਂ ਦੇ ਨਿਰਮਾਣ ਦੌਰਾਨ ਅਤੇ ਵਿਸਤਾਰ ਦੇ ਪਹਿਲੇ ਕੁੱਝ ਸਾਲਾਂ ਦੌਰਾਨ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਬੀਸੀ ਮੈਨਿਊਫੈਕਚਰਿੰਗ ਜੌਬਜ਼ ਫੰਡ 17 ਬਿਲੀਅਨ ਡਾਲਰ ਦੀ ਨਵੀਂ ਆਰਥਿਕ ਗਤੀਵਿਧੀ ਪੈਦਾ ਕਰੇਗਾ। ਇਸ ਨਾਲ ਬੀਸੀ ਦੇ ਕੁੱਲ ਘਰੇਲੂ ਉਤਪਾਦ ਵਿੱਚ ਲਗਭਗ 7 ਬਿਲੀਅਨ ਡਾਲਰ ਅਤੇ ਸੂਬਾਈ ਆਮਦਨ ਵਿੱਚ 714 ਮਿਲੀਅਨ ਡਾਲਰ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਬਿਲ 3 ਬੱਜਟ ਮੈਯਰਜ਼ ਇੰਪਲੀਮੈਨਟੇਸ਼ਨ ਐਕਟ ਨੰਬਰ 2 ਸਾਲ 2026 ਨਾਮਕ ਇਹ ਵਿਧਾਨ ਸੂਬੇ ਦੀ ਲੁੱਕ ਵੈਸਟ ਕਾਰਜਨੀਤੀ ਨੂੰ ਹੋਰ ਅੱਗੇ ਵਧਾਉਂਦਾ ਹੈ। ਇਸ ਦਾ ਮੁੱਖ ਮਕਸਦ ਇਹ ਹੈ ਕਿ ਵੱਡੇ ਅਤੇ ਮੁੱਖ ਪ੍ਰੋਜੈਕਟ ਮੁਹੱਈਆ ਕੀਤੇ ਜਾ ਸਕਣ ਅਤੇ ਵਧੀਆ ਨੌਕਰੀਆਂ ਦੇ ਮੌਕੇ ਬਣ ਸਕਣ। ਇਸ ਦੇ ਨਾਲ ਬੀਸੀ ਅਤੇ ਪੂਰੇ ਕੈਨੇਡਾ ਦੀ ਆਰਥਿਕ ਸੁਰੱਖਿਆ ਹੋਰ ਵੀ ਵਧੇਰੇ ਮਜ਼ਬੂਤ ਹੋ ਸਕੇਗੀ।

ਰੁਝਾਨ ਖਬਰਾਂ