ਗੁਰਕ੍ਰਿਪਾਲ ਸਿੰਘ
ਸੰਪਰਕ: 98780-19889
ਵਿਸ਼ਵ ਪੱਧਰ ’ਤੇ ਪੰਜਾਬੀ ਦਸ ਸਿਖਰਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਭਾਸ਼ਾਵਾਂ ਦੇ ਕੌਮਾਂਤਰੀ ਖੋਜ ਕੇਂਦਰ ‘ਐਥਨੋਲੋਗ’ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਦੁਨੀਆ ਭਰ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਕੁੱਲ ਗਿਣਤੀ ਲਗਭਗ 12.5 ਤੋਂ 15 ਕਰੋੜ ਦੇ ਵਿਚਕਾਰ ਹੈ। ਭਾਰਤ ਵਿੱਚ ਪੰਜਾਬੀ ਦਾ ਦਾਇਰਾ ਸਿਰਫ਼ ਪੰਜਾਬ ਰਾਜ ਤੱਕ ਸੀਮਤ ਨਹੀਂ ਹੈ। ਜੇਕਰ ਅਸੀਂ ਹਰਿਆਣਾ, ਰਾਜਸਥਾਨ, ਦਿੱਲੀ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਰਗੇ ਗੁਆਂਢੀ ਰਾਜਾਂ ਨੂੰ ਮਿਲਾ ਲਈਏ ਤਾਂ ਭਾਰਤ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 3.60 ਕਰੋੜ ਤੋਂ ਪਾਰ ਹੋ ਜਾਂਦੀ ਹੈ। ਪਾਕਿਸਤਾਨ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਸਭ ਤੋਂ ਵੱਡੀ ਆਬਾਦੀ ਵਸਦੀ ਹੈ। 2017 ਦੀ ਮਰਦਮਸ਼ੁਮਾਰੀ ਅਨੁਸਾਰ ਉੱਥੇ ਲਗਭਗ 8 ਤੋਂ 9 ਕਰੋੜ ਲੋਕ ਪੰਜਾਬੀ ਬੋਲਦੇ ਹਨ, ਹਾਲਾਂਕਿ ਉੱਥੇ ਸ਼ਾਹਮੁਖੀ ਲਿਪੀ ਵਿੱਚ ਪੜ੍ਹਨ-ਲਿਖਣ ਵਾਲਿਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਿੱਖਿਆ ਦਾ ਮੁੱਖ ਮਾਧਿਅਮ ਉਰਦੂ ਅਤੇ ਅੰਗਰੇਜ਼ੀ ਹੈ।
ਵਿਦੇਸ਼ਾਂ ਵਿੱਚ ਪੰਜਾਬੀ ਇੱਕ ‘ਗਲੋਬਲ ਬ੍ਰਾਂਡ’ ਬਣ ਚੁੱਕੀ ਹੈ। ਕੈਨੇਡਾ ਵਿੱਚ ਪੰਜਾਬੀ ਹੁਣ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। 2021 ਦੀ ਮਰਦਮਸ਼ੁਮਾਰੀ ਅਨੁਸਾਰ ਉੱਥੇ 9.5 ਲੱਖ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ। ਇਸ ਤੋਂ ਇਲਾਵਾ ਇੰਗਲੈਂਡ, ਅਮਰੀਕਾ, ਆਸਟਰੇਲੀਆ, ਇਟਲੀ ਅਤੇ ਨਿਊਜ਼ੀਲੈਂਡ ਵਰਗੇ ਵਿਕਸਿਤ ਦੇਸ਼ਾਂ ਵਿੱਚ ਪੰਜਾਬੀ ਰੰਗ ਸਾਫ਼ ਦੇਖਿਆ ਜਾ ਸਕਦਾ ਹੈ। ਭਾਵੇਂ ਦੂਜੀ ਤੇ ਤੀਜੀ ਪੀੜ੍ਹੀ ਵਿੱਚ ਲਿਖਣ-ਪੜ੍ਹਨ ਦਾ ਰੁਝਾਨ ਘੱਟ ਰਿਹਾ ਸੀ, ਪਰ ਕੈਨੇਡਾ ਤੇ ਯੂਕੇ ਦੇ ਸਕੂਲਾਂ ਵਿੱਚ ਪੰਜਾਬੀ ਨੂੰ ਇੱਕ ਵਿਸ਼ੇ ਵਜੋਂ ਪੜ੍ਹਾਉਣ ਦੀ ਮਾਨਤਾ ਮਿਲਣ ਨਾਲ ਉੱਥੇ ਸਾਖ਼ਰਤਾ ਦਰ ਵਿੱਚ ਮੁੜ ਸੁਧਾਰ ਹੋ ਰਿਹਾ ਹੈ।
ਵਿਦੇਸ਼ਾਂ ਵਿੱਚ ਪੰਜਾਬੀ ਨੂੰ ਮਾਣ ਮਿਲ ਰਿਹਾ ਹੈ, ਪਰ ਪੰਜਾਬ ਦੇ ਆਪਣੇ ਸ਼ਹਿਰੀ ਹਲਕਿਆਂ ਵਿੱਚ ਇਸ ਨੂੰ ‘ਪੱਛੜੇ’ ਹੋਣ ਦੀ ਨਿਸ਼ਾਨੀ ਮੰਨਿਆ ਜਾਣ ਲੱਗਾ ਹੈ। ਭਾਵੇਂ ਦਸਵੀਂ ਤੱਕ ਪੰਜਾਬੀ ਲਾਜ਼ਮੀ ਹੈ, ਪਰ ਉਸ ਤੋਂ ਬਾਅਦ ਵਿਦਿਆਰਥੀ ਸਾਇੰਸ, ਕਾਮਰਸ ਤੇ ਕੰਪਿਊਟਰ ਵਰਗੇ ਵਿਸ਼ਿਆਂ ਵਿੱਚ ਅੰਗਰੇਜ਼ੀ ਨੂੰ ਤਰਜੀਹ ਦਿੰਦੇ ਹਨ। ਨਾਮੀ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਬੋਲਣ ’ਤੇ ਜੁਰਮਾਨੇ ਲਗਾਉਣਾ ਤੇ ਅੰਗਰੇਜ਼ੀ ਨੂੰ ਉੱਤਮਤਾ ਦਾ ਮਾਪਦੰਡ ਮੰਨਣਾ ਬੱਚਿਆਂ ਦੇ ਮਨਾਂ ਵਿੱਚ ਆਪਣੀ ਮਾਂ-ਬੋਲੀ ਪ੍ਰਤੀ ‘ਹੀਣ ਭਾਵਨਾ’ ਪੈਦਾ ਕਰ ਰਿਹਾ ਹੈ।
ਪੰਜਾਬੀ ਅੱਗੇ ਇਹ ਸੰਕਟ ਇੱਕ ਸਦੀ ਪਹਿਲਾਂ ਵਿੱਢੀ ਗਈ ਸਾਜ਼ਿਸ਼ ਦਾ ਨਤੀਜਾ ਹੈ। ਪੰਜਾਬ ਯੂਨੀਵਰਸਿਟੀ ਦੇ ਪਹਿਲੇ ਰਜਿਸਟਰਾਰ, ਪ੍ਰਸਿੱਧ ਭਾਸ਼ਾ ਵਿਗਿਆਨੀ ਜੀ. ਡਬਲਿਊ. ਲਿਟਨਰ ਦੀ 1882 ’ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਬਰਤਾਨਵੀ ਕਬਜ਼ੇ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਪੰਜਾਬ ਵਿੱਚ ਲਗਭਗ 3,30,000 ਵਿਦਿਆਰਥੀ ਵੱਖ-ਵੱਖ ਦੇਸੀ ਸਕੂਲਾਂ ’ਚ ਪੜ੍ਹਦੇ ਸਨ। ਉਸ ਸਮੇਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਸਾਖ਼ਰਤਾ ਦਰ ਯੂਰੋਪ ਦੇ ਕਈ ਵਿਕਸਿਤ ਦੇਸ਼ਾਂ ਦੇ ਬਰਾਬਰ ਜਾਂ ਉਸ ਤੋਂ ਵੀ ਵੱਧ ਸੀ। ਅੰਗਰੇਜ਼ਾਂ ਨੇ ਨਵੀਂ ਸਿੱਖਿਆ ਨੀਤੀ ਤਿਆਰ ਕੀਤੀ, ਜਿਸ ਦਾ ਮਕਸਦ ਅਜਿਹੇ ‘ਬਾਬੂ’ ਪੈਦਾ ਕਰਨਾ ਸੀ ਜੋ ਭਾਰਤੀ ਹੋਣ ਪਰ ਮਾਨਸਿਕ ਤੌਰ ’ਤੇ ਬਰਤਾਨਵੀ ਰਾਜ ਦੇ ਵਫ਼ਾਦਾਰ ਸੇਵਕ ਹੋਣ। 1835 ਵਿੱਚ ਲਾਰਡ ਮੈਕਾਲੇ ਨੇ ਆਪਣੀ ਰਿਪੋਰਟ ਵਿੱਚ ਸਪੱਸ਼ਟ ਕੀਤਾ ਸੀ ਕਿ ਉਹ ਭਾਰਤ ਵਿੱਚ ਅਜਿਹੀ ਸ਼੍ਰੇਣੀ ਪੈਦਾ ਕਰਨਾ ਚਾਹੁੰਦਾ ਹੈ ਜੋ ‘ਖੂਨ ਅਤੇ ਰੰਗ ਵਿੱਚ ਭਾਰਤੀ ਹੋਵੇ, ਪਰ ਵਿਚਾਰਾਂ ਅਤੇ ਬੁੱਧੀ ਵਿੱਚ ਅੰਗਰੇਜ਼।’ 1849 ਵਿੱਚ ਪੰਜਾਬ ’ਤੇ ਕਬਜ਼ਾ ਕਰਨ ਤੋਂ ਬਾਅਦ ਲਾਰਡ ਡਲਹੌਜ਼ੀ ਨੇ ਪੰਜਾਬੀਆਂ ਦੀ ਅਣਖ਼ ਨੂੰ ਤੋੜਨ ਲਈ ਦੋਹਰੀ ਨੀਤੀ ਅਪਣਾਈ: ਹੱਥਾਂ ਵਿੱਚੋਂ ਹਥਿਆਰ ਖੋਹਣਾ ਅਤੇ ਮਨਾਂ ਵਿੱਚੋਂ ਵਿਰਾਸਤ (ਬੋਲੀ) ਨੂੰ ਖ਼ਤਮ ਕਰਨਾ। ਅੰਗਰੇਜ਼ਾਂ ਨੇ ਪੰਜਾਬੀ (ਗੁਰਮੁਖੀ) ਨੂੰ ਪ੍ਰਸ਼ਾਸਨਿਕ ਭਾਸ਼ਾ ਦੀ ਬਜਾਏ ਫਾਰਸੀ ਲਿੱਪੀ ਵਿਚ ਉਰਦੂ ਨਾਲ, ਉੱਚ ਅਦਾਲਤੀ ਅਤੇ ਰਾਜਭਾਸ਼ਾ ਦੇ ਤੌਰ ’ਤੇ ਅੰਗਰੇਜ਼ੀ ਨਾਲ ਬਦਲ ਦਿੱਤਾ ਤਾਂ ਜੋ ਪੰਜਾਬੀ ਆਪਣੀ ਹੀ ਧਰਤੀ ’ਤੇ ਅਨਪੜ੍ਹ ਮਹਿਸੂਸ ਕਰਨ।
ਮਹਾਰਾਜਾ ਰਣਜੀਤ ਸਿੰਘ ਵਿੱਦਿਆ ਦੇ ਬਹੁਤ ਵੱਡੇ ਸਰਪ੍ਰਸਤ ਸਨ। ਉਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਮੁਖੀ ਦੇ ਕਾਇਦੇ ਛਪਵਾ ਕੇ ਪਿੰਡਾਂ ਵਿੱਚ ਮੁਫ਼ਤ ਵੰਡਵਾਏ। ਸ਼ਰਤ ਇਹ ਸੀ ਕਿ ਜੋ ਪਰਿਵਾਰ ਕਾਇਦਾ ਲਵੇਗਾ, ਉਹ ਖ਼ੁਦ ਵੀ ਪੜ੍ਹੇਗਾ ਤੇ ਹੋਰਨਾਂ ਨੂੰ ਵੀ ਸਿਖਾਏਗਾ। ਨੰਬਰਦਾਰਾਂ ਤੇ ਅਧਿਆਪਕਾਂ ਨੂੰ ਸੌ ਫੀਸਦੀ ਸਾਖਰਤਾ ਲਈ ਜਗੀਰਾਂ ਦਿੱਤੀਆਂ ਜਾਂਦੀਆਂ ਸਨ। ਔਰਤਾਂ ਵਿੱਚ ਸਾਖਰਤਾ ਦਰ ਇੰਨੀ ਚੰਗੀ ਸੀ ਕਿ ਕੁੜੀਆਂ ਨੂੰ ਦਾਜ ਵਿੱਚ ਪੰਜਾਬੀ ਦਾ ਕਾਇਦਾ ਅਤੇ ਪੋਥੀ ਦੇਣਾ ਇੱਕ ਪਵਿੱਤਰ ਰਿਵਾਜ ਬਣ ਗਿਆ ਸੀ।
ਅੰਗਰੇਜ਼ਾਂ ਨੇ ਨਵੇਂ ਅੰਗਰੇਜ਼ੀ ਕਾਇਦੇ ਲਿਆਂਦੇ ਅਤੇ ਪੁਰਾਣੇ ਸਿਸਟਮ ਨੂੰ ਗੈਰ-ਵਿਗਿਆਨਕ ਕਹਿ ਕੇ ਬੰਦ ਕਰ ਦਿੱਤਾ। ਗਾਥਾਵਾਂ ਅਨੁਸਾਰ ਇੱਕ ਫ਼ਰਮਾਨ ਜਾਰੀ ਕੀਤਾ ਕਿ ਜੋ ਵੀ ਵਿਅਕਤੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਪੁਰਾਣਾ ‘ਪੰਜਾਬੀ ਕਾਇਦਾ’ ਸਰਕਾਰ ਕੋਲ ਜਮ੍ਹਾਂ ਕਰਵਾਏਗਾ, ਉਸ ਨੂੰ ਇਨਾਮ ਦਿੱਤਾ ਜਾਵੇਗਾ। ਇਹ ਪੰਜਾਬੀ ਘਰਾਂ ਵਿੱਚੋਂ ਵਿੱਦਿਆ ਦੇ ਸਰੋਤ ਨੂੰ ਹਮੇਸ਼ਾ ਲਈ ਖ਼ਤਮ ਕਰਨ ਦੀ ਇੱਕ ਕੋਸ਼ਿਸ਼ ਸੀ। ਉਨ੍ਹਾਂ ਨੇ ਸਕੂਲਾਂ ਨੂੰ ਖ਼ਰਚੇ ਚਲਾਉਣ ਲਈ ਦਿੱਤੀਆਂ ਗਈਆਂ ਜਾਗੀਰਾਂ ਜ਼ਬਤ ਕਰ ਲਈਆਂ। ਲਿਟਨਰ ਨੇ 1882 ’ਚ ਲਿਖਿਆ ਸੀ, ‘‘ਅਸੀਂ ਪੰਜਾਬ ਵਿੱਚ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ ਜੋ ਨਾ ਸਿਰਫ਼ ਪੁਰਾਣੀ ਸੀ, ਸਗੋਂ ਸਾਡੀ ਆਪਣੀ ਪ੍ਰਣਾਲੀ ਨਾਲੋਂ ਕਈ ਪੱਖਾਂ ਵਿੱਚ ਬਿਹਤਰ ਸੀ।’’ ਉਸ ਵੇਲੇ ਪੰਜਾਬੀ ਕਾਇਦਾ ਗੁਲਾਮੀ ਵਿਰੁੱਧ ਵਿਦਰੋਹ ਦਾ ਪ੍ਰਤੀਕ ਬਣ ਗਿਆ। ਜਦੋਂ ਸਰਕਾਰੀ ਸਕੂਲਾਂ ਵਿੱਚ ਪੰਜਾਬੀ ’ਤੇ ਪਾਬੰਦੀ ਲੱਗ ਗਈ ਤਾਂ ਪਿੰਡਾਂ ਦੀਆਂ ਧਰਮਸ਼ਾਲਾਵਾਂ ਤੇ ਗੁਰਦੁਆਰੇ ਸਿੱਖਿਆ ਦੇ ਗੁਪਤ ਕੇਂਦਰ ਬਣ ਗਏ ਜਿੱਥੇ ਗ੍ਰੰਥੀ ਸਿੰਘ ਬੱਚਿਆਂ ਨੂੰ ਪੰਜਾਬੀ ਕਾਇਦਾ ਪੜ੍ਹਾਉਂਦੇ ਸਨ। ਇਹ ਪੜ੍ਹਾਈ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤੀ ਜਾਂਦੀ ਸੀ ਤਾਂ ਜੋ ਸਰਕਾਰੀ ਅਫ਼ਸਰਾਂ ਨੂੰ ਪਤਾ ਨਾ ਲੱਗੇ। ਮਾਵਾਂ ਰਸੋਈ ਵਿੱਚ ਕੰਮ ਕਰਦੇ ਹੋਏ ਕੋਲੇ ਜਾਂ ਲੱਕੜੀ ਦੀ ਸੁਆਹ ਨਾਲ ਫਰਸ਼ ’ਤੇ ਅੱਖਰ ਵਾਹ ਕੇ ਬੱਚਿਆਂ ਨੂੰ ਪਛਾਣ ਕਰਵਾਉਂਦੀਆਂ ਸਨ। ਸਿੱਖਣ ਲਈ ਲੱਕੜ ਦੀਆਂ ਤਖ਼ਤੀਆਂ ਵੀ ਵਰਤੀਆਂ ਜਾਂਦੀਆਂ ਸਨ। ਬੱਚੇ ਤਖ਼ਤੀ ’ਤੇ ਗਾਚੀ ਫੇਰ ਕੇ ਉਸ ਉੱਤੇ ਕਾਲੀ ਸਿਆਹੀ ਨਾਲ ਲਿਖਦੇ ਸਨ। ਪੜ੍ਹਾਈ ਖ਼ਤਮ ਹੁੰਦਿਆਂ ਹੀ ਤਖ਼ਤੀ ਧੋ ਦਿੱਤੀ ਜਾਂਦੀ ਸੀ, ਜਿਸ ਨਾਲ ਲਿਖਿਆ ਹੋਇਆ ਸਬੂਤ ਮਿਟ ਜਾਂਦਾ ਸੀ। ਸਿੱਖ ਵਿਦਵਾਨਾਂ ਨੇ ਲੋਕਾਂ ਨੂੰ ਸਮਝਾਇਆ ਕਿ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਗੁਰੂ ਦੀ ਬੋਲੀ ਹੈ। ਇਸ ਭਾਵਨਾ ਨੇ ਲੋਕਾਂ ਅੰਦਰ ਕਾਇਦੇ ਪ੍ਰਤੀ ਹੋਰ ਸਤਿਕਾਰ ਪੈਦਾ ਕੀਤਾ। ਲੋਕਾਂ ਨੇ ਮਹਿਸੂਸ ਕੀਤਾ ਕਿ ਜੇ ਕਾਇਦਾ ਗਿਆ ਤਾਂ ਧਰਮ ਵੀ ਚਲਿਆ ਜਾਵੇਗਾ। ਇਸੇ ਜਜ਼ਬੇ ਨੇ ਪੰਜਾਬੀ ਨੂੰ ਅੰਗਰੇਜ਼ੀ ਹਕੂਮਤ ਦੇ ਸਭ ਤੋਂ ਮਾੜੇ ਦੌਰ ਵਿੱਚ ਵੀ ਜ਼ਿੰਦਾ ਰੱਖਿਆ।
1873 ਵਿੱਚ ਸਿੰਘ ਸਭਾ ਲਹਿਰ ਨੇ ਪੰਜਾਬੀ ਭਾਸ਼ਾ ਨੂੰ ਧਰਮ ਅਤੇ ਅਣਖ ਨਾਲ ਜੋੜ ਕੇ ਮੁੜ ਸੁਰਜੀਤ ਕੀਤਾ। ‘ਖਾਲਸਾ ਅਖ਼ਬਾਰ’ ਵਰਗੇ ਪਰਚਿਆਂ ਨੇ ਘਰ-ਘਰ ਜਾ ਕੇ ਜਾਗਰੂਕਤਾ ਫੈਲਾਈ। 1908 ਵਿੱਚ ਸ਼ੁਰੂ ਹੋਈ ‘ਸਿੱਖ ਐਜੂਕੇਸ਼ਨਲ ਕਾਨਫਰੰਸ’ ਨੇ ਪੰਜਾਬੀ ਸਕੂਲਾਂ ਦਾ ਜਾਲ ਵਿਛਾ ਦਿੱਤਾ। ਇਨ੍ਹਾਂ ਸਕੂਲਾਂ ਨੇ ਅੰਗਰੇਜ਼ੀ ਸਿੱਖਿਆ ਦੇ ਨਾਲ-ਨਾਲ ਗੁਰਮੁਖੀ ਕਾਇਦੇ ਨੂੰ ਲਾਜ਼ਮੀ ਰੱਖਿਆ, ਜਿਸ ਨਾਲ ਅੰਗਰੇਜ਼ਾਂ ਦਾ ਪੰਜਾਬੀ ਨੂੰ ਖ਼ਤਮ ਕਰਨ ਦਾ ਸੁਪਨਾ ਟੁੱਟ ਗਿਆ।
ਮੌਜੂਦਾ ਦੌਰ ਵਿਚ ਪੰਜਾਬੀ ਗਾਇਕੀ ਤੇ ਸਿਨੇਮਾ ਕਾਰਨ ਪੰਜਾਬੀ ਦਾ ਪ੍ਰਸਾਰ ਵਧਿਆ ਹੈ, ਪਰ ਅਕਾਦਮਿਕ ਤੇ ਬੌਧਿਕ ਪੱਧਰ ’ਤੇ ਪੰਜਾਬੀ ਪਿੱਛੇ ਰਹਿ ਰਹੀ ਹੈ। ਜਿੰਨਾ ਚਿਰ ਵਿਗਿਆਨ, ਕਾਨੂੰਨ ਅਤੇ ਮੈਡੀਕਲ ਦੀ ਪੜ੍ਹਾਈ ਪੰਜਾਬੀ ਵਿੱਚ ਉਪਲਬਧ ਨਹੀਂ ਹੁੰਦੀ, ਓਨਾ ਚਿਰ ਨੌਜਵਾਨਾਂ ਦਾ ਰੁਝਾਨ ਅੰਗਰੇਜ਼ੀ ਵੱਲ ਰਹੇਗਾ। ਤਕਨੀਕੀ ਸ਼ਬਦਾਵਲੀ ਨੂੰ ਪੰਜਾਬੀ ਵਿੱਚ ਢਾਲਣਾ ਅਤੇ ਡਿਜੀਟਲ ਸਮੱਗਰੀ ਨੂੰ ਗੁਰਮੁਖੀ ਵਿੱਚ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ। ਪੰਜਾਬ ਦੇ ਜਿਹੜੇ ਵੀ ਗ਼ੈਰ-ਸਰਕਾਰੀ ਸਕੂਲ ਵਿੱਚ ਪੰਜਾਬੀ ਬੋਲਣ ’ਤੇ ਪਾਬੰਦੀ ਲਾਈ ਜਾਂਦੀ ਹੈ, ਉਸ ਦੀ ਮਾਨਤਾ ਤੁਰੰਤ ਖ਼ਤਮ ਕਰ ਦਿੱਤੀ ਜਾਵੇ। ਸਰਕਾਰੀ ਨੌਕਰੀਆਂ ਵਿੱਚ ਪੰਜਾਬੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਪੰਜਾਬੀ ਮਾਪੇ ਗ਼ੈਰਤਮੰਦ ਬਣਨ ਤੇ ਆਪਣੇ ਬੱਚਿਆਂ ਨਾਲ ਉਨ੍ਹਾਂ ਦੀ ਮਾਂ ਬੋਲੀ ’ਚ ਗੱਲ ਕਰਨ ਤਾਂ ਹੀ ਬੱਚਿਆਂ ਨੂੰ ਆਪਣੀ ਬੋਲੀ ਅਤੇ ਭਾਸ਼ਾ ਤੇ ਮਾਣ ਮਹਿਸੂਸ ਹੋਵੇਗਾ।
ਪੰਜਾਬੀ ਦੀ ਸ਼ਾਨਦਾਰ ਵਿਰਾਸਤ ਤੇ ਵਰਤਮਾਨ ਚੁਣੌਤੀਆਂ

