ਪਹਿਲੇ ਸਾਲ ਹੀ ਕਾਰਨੀ ਨੇ ਟਰੂਡੋ ਨਾਲੋਂ ਦੁੱਗਣਾ ਸਮਾਂ ਵਿਦੇਸ਼ ਵਿੱਚ ਬਿਤਾਇਆ
ਸਰੀ, (ਏਕਜੋਤ ਸਿੰਘ): ਪ੍ਰਧਾਨ ਮੰਤਰੀ ਬਣਨ ਤੋਂ ਇੱਕ ਹਫ਼ਤਾ ਵੀ ਨਹੀਂ ਹੋਇਆ ਸੀ ਕਿ ਮਾਰਕ ਕਾਰਨੀ ਜਹਾਜ਼ ਵਿੱਚ ਬੈਠ ਕੇ ਪਹਿਲਾਂ ਪੈਰਿਸ ਗਏ, ਜਿੱਥੇ ਉਨ੍ਹਾਂ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨਾਲ ਮੁਲਾਕਾਤ ਕੀਤੀ, ਅਤੇ ਫਿਰ ਲੰਡਨ ਪਹੁੰਚੇ ਜਿੱਥੇ ਉਨ੍ਹਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਬੈਠਕ ਕੀਤੀ।
ਉਦੋਂ ਤੋਂ ਲੈ ਕੇ ਕਾਰਨੀ ਦੇ ਸਫ਼ਰ ਵਿੱਚ ਕੋਈ ਘਾਟ ਨਹੀਂ ਆਈ। ਜਦੋਂ ਉਹ ਆਪਣੇ ਪ੍ਰਧਾਨ ਮੰਤਰੀ ਵਜੋਂ ਪਹਿਲੇ ਸਾਲ ਦੀ ਵਰ੍ਹੇਗੰਢ ਮਨਾਉਣਗੇ, ਉਨ੍ਹਾਂ ਦੇ ਦਫ਼ਤਰ ਦੇ ਹਰ ਪੰਜ ਦਿਨਾਂ ਵਿੱਚੋਂ ਇੱਕ ਦਿਨ ਵਿਦੇਸ਼ ਵਿੱਚ ਬਿਤਾਇਆ ਗਿਆ ਹੋਵੇਗਾ।
ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ ਕਾਰਨੀ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਸਟੀਫਨ ਹਾਰਪਰ ਅਤੇ ਜਸਟਿਨ ਟਰੂਡੋ ਦੇ ਵਿਦੇਸ਼ੀ ਦੌਰਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਕਾਰਨੀ ਆਪਣੇ ਦੋਵੇਂ ਪੂਰਵਵਰਤੀਆਂ ਨਾਲੋਂ ਵੱਧ ਵਿਦੇਸ਼ ਵਿੱਚ ਰਹੇ ਹਨ। ਇਹ ਉਨ੍ਹਾਂ ਦੇ ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਦਾ ਸਬੂਤ ਹੈ ਕਿ ਉਹ ਅਮਰੀਕਾ ਤੋਂ ਅਲੱਗ ਕੈਨੇਡਾ ਦੇ ਵਪਾਰਕ ਅਤੇ ਸੁਰੱਖਿਆ ਸੰਬੰਧਾਂ ਨੂੰ ਮਜ਼ਬੂਤ ਅਤੇ ਵਿਭਿੰਨ ਬਣਾਉਣਗੇ।
ਔਟਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਟਰੂਡੋ ਦੇ ਸਾਬਕਾ ਵਿਦੇਸ਼ ਨੀਤੀ ਸਲਾਹਕਾਰ ਰੋਲੈਂਡ ਪੈਰਿਸ ਨੇ ਕਿਹਾ, “ਇਸ ਪ੍ਰਧਾਨ ਮੰਤਰੀ ਨੇ ਵਪਾਰ ਵਿਭਿੰਨਤਾ ਨੂੰ ਆਪਣੇ ਕਾਰਜਕਾਲ ਦਾ ਮੁੱਖ ਏਜੰਡਾ ਬਣਾਇਆ ਹੈ, ਇਸ ਲਈ ਇਹ ਸੁਭਾਵਿਕ ਹੈ ਕਿ ਉਹ ਬਾਹਰ ਜਾ ਕੇ ਸਮਝੌਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।”
ਪ੍ਰਧਾਨ ਮੰਤਰੀ ਦਾ ਰਾਇਲ ਕੈਨੇਡੀਅਨ ਏਅਰ ਫੋਰਸ ਦਾ ਜਹਾਜ਼ ਔਟਵਾ ਤੋਂ ਪੂਰਬ ਵੱਲ ਉੱਡ ਕੇ ਮੁੰਬਈ, ਨਵੀਂ ਦਿੱਲੀ, ਕੈਨਬਰਾ, ਸਿਡਨੀ ਅਤੇ ਟੋਕੀਓ ਵਿੱਚ ਉਤਰੇਗਾ, ਅਤੇ ਫਿਰ ਔਟਵਾ ਵਾਪਸ ਆਵੇਗਾ – ਯਾਨੀ ਦੁਨੀਆ ਦਾ ਪੂਰਾ ਚੱਕਰ।
ਅਤੇ ਇਹ ਦੋ ਮਹੀਨਿਆਂ ਵਿੱਚ ਕਾਰਨੀ ਦਾ ਦੂਜਾ ਵਿਸ਼ਵ ਪਰਿਕ੍ਰਮਾ ਦੌਰਾ ਹੋਵੇਗਾ। ਜਨਵਰੀ ਵਿੱਚ, ਕਾਰਨੀ ਵੈਨਕੂਵਰ ਤੋਂ ਬੀਜਿੰਗ, ਦੋਹਾ, ਡੇਵੋਸ ਅਤੇ ਫਿਰ ਔਟਵਾ ਵਾਪਸ ਆਏ।
ਅੰਕੜੇ ਕੀ ਕਹਿੰਦੇ ਹਨ?
7 ਮਾਰਚ ਨੂੰ ਵਾਪਸੀ ਤੱਕ, ਕਾਰਨੀ ਆਪਣੇ ਪਹਿਲੇ ਸਾਲ ਵਿੱਚ ਕੁੱਲ 68 ਦਿਨ ਵਿਦੇਸ਼ ਵਿੱਚ ਬਿਤਾਏ ਹੋਣਗੇ, ਜੋ 2025 ਦੀਆਂ ਚੋਣਾਂ ਦੇ 36 ਦਿਨਾਂ ਨੂੰ ਛੱਡ ਕੇ ਉਨ੍ਹਾਂ ਦੇ ਕਾਰਜਕਾਲ ਦਾ 20 ਫ਼ੀਸਦੀ ਤੋਂ ਵੱਧ ਬਣਦਾ ਹੈ। ਤੁਲਨਾ ਕਰੀਏ ਤਾਂ ਟਰੂਡੋ ਆਪਣੇ ਪਹਿਲੇ ਸਾਲ ਵਿੱਚ 34 ਦਿਨ (9.3%) ਵਿਦੇਸ਼ ਵਿੱਚ ਰਹੇ, ਜਦੋਂਕਿ ਹਾਰਪਰ 54 ਦਿਨ (15%) ਵਿਦੇਸ਼ ਵਿੱਚ ਸਨ।
ਵਿਰੋਧੀ ਧਿਰ ਦੀ ਆਲੋਚਨਾ
ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਕਾਰਨੀ ਦੇ ਸਫ਼ਰ ਦੀ ਰਫ਼ਤਾਰ ਅਤੇ ਖਰਚੇ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਹੈ। ਕੰਜ਼ਰਵੇਟਿਵ ਸੰਸਦ ਮੈਂਬਰ ਕੈਰੋਲ ਐਂਸਟੀ ਨੇ ਹਾਊਸ ਆਫ ਕਾਮਨਜ਼ ਵਿੱਚ ਕਿਹਾ, “ਉਹ ਧਰਤੀ ਦਾ ਚਾਰ ਵਾਰ ਚੱਕਰ ਲਗਾ ਸਕਦੇ ਸਨ, ਪਰ ਇਸ ਸਾਰੀ ਘੁਮੱਕੜੀ ਤੋਂ ਬਾਅਦ ਵੀ ਕੈਨੇਡੀਅਨਾਂ ਨੂੰ ਕੋਈ ਸੌਦਾ ਨਹੀਂ ਮਿਲਿਆ, ਕੋਈ ਰਾਹਤ ਨਹੀਂ ਮਿਲੀ, ਟੈਰਿਫ਼ ਵੱਧ ਗਏ ਹਨ ਅਤੇ ਬਿੱਲ ਵੀ ਉੱਚੇ ਹਨ।” ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਕਾਰਨੀ ਦਾ ਸਫ਼ਰ ਰੰਗ ਲਿਆ ਰਿਹਾ ਹੈ। ਸਰਕਾਰੀ ਹਾਊਸ ਲੀਡਰ ਸਟੀਵਨ ਮੈਕਿੰਨਨ ਨੇ ਕਿਹਾ, “ਅਸੀਂ ਅਜਿਹੀ ਦੁਨੀਆ ਵਿੱਚ ਰਹਿੰਦੇ ਹਾਂ ਜਿੱਥੇ ਕੈਨੇਡਾ ਨਵੇਂ ਵਪਾਰਕ ਅਤੇ ਰਣਨੀਤਕ ਸਾਂਝੇਦਾਰੀ ਵਿਕਸਤ ਕਰ ਰਿਹਾ ਹੈ, ਅਤੇ ਰੁਜ਼ਗਾਰ ਦੇ ਅੰਕੜੇ ਦੱਸਦੇ ਹਨ ਕਿ ਇਹ ਕੋਸ਼ਿਸ਼ਾਂ ਫ਼ਲ ਦੇ ਰਹੀਆਂ ਹਨ।”
ਕੀ ਨਤੀਜੇ ਮਿਲੇ?
ਕਾਰਨੀ ਦੀਆਂ ਯਾਤਰਾਵਾਂ ਤੋਂ ਕੁਝ ਠੋਸ ਨਤੀਜੇ ਸਾਹਮਣੇ ਆਏ ਹਨ। ਚੀਨ ਦੌਰੇ ਤੋਂ ਬਾਅਦ ਚੀਨ ਨੇ ਕੈਨੇਡੀਅਨ ਕੈਨੋਲਾ ‘ਤੇ ਸਜ਼ਾਵਾਂ ਵਾਲੇ ਟੈਰਿਫ਼ ਹਟਾਉਣ ਦਾ ਸਮਝੌਤਾ ਕੀਤਾ। ਇੰਡੋਨੇਸ਼ੀਆ ਨੇ 95 ਫ਼ੀਸਦੀ ਕੈਨੇਡੀਅਨ ਵਸਤਾਂ ‘ਤੇ ਟੈਰਿਫ਼ ਖ਼ਤਮ ਕਰਨ ‘ਤੇ ਸਹਿਮਤੀ ਦਿੱਤੀ। ਸੰਯੁਕਤ ਅਰਬ ਅਮੀਰਾਤ ਨੇ ਕੈਨੇਡਾ ਵਿੱਚ 70 ਅਰਬ ਡਾਲਰ ਨਿਵੇਸ਼ ਕਰਨ ਦਾ ਵਾਅਦਾ ਕੀਤਾ (ਹਾਲਾਂਕਿ ਵੇਰਵੇ ਅਜੇ ਜਾਰੀ ਕੀਤੇ ਜਾਣੇ ਹਨ)।
ਪਰ ਸਭ ਤੋਂ ਵੱਡਾ ਸੌਦਾ — ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ ਦੀ ਨਵਿਆਈ ਅਤੇ ਕੈਨੇਡੀਅਨ ਅਲਮੀਨੀਅਮ, ਸਟੀਲ ਅਤੇ ਕਾਰਾਂ ‘ਤੇ ਟੈਰਿਫ਼ ਖ਼ਤਮ ਕਰਨਾ – ਅਜੇ ਤੱਕ ਸੰਭਵ ਨਹੀਂ ਹੋਇਆ। ਅਤੇ ਕਾਰਨੀ ਨੇ ਜਿੰਨੀਆਂ ਵੀ ਥਾਵਾਂ ‘ਤੇ ਪਹਿਲੇ ਸਾਲ ਵਿੱਚ ਦੌਰਾ ਕੀਤਾ ਹੈ, ਉਨ੍ਹਾਂ ਵਿੱਚੋਂ ਵਾਸ਼ਿੰਗਟਨ ਸਭ ਤੋਂ ਵੱਧ ਵਾਰ ਜਾਣ ਵਾਲੀ ਜਗ੍ਹਾ ਰਹੀ ਹੈ, ਜਿੱਥੇ ਉਨ੍ਹਾਂ ਕੁੱਲ ਪੰਜ ਦਿਨ ਬਿਤਾਏ।

