3.7 C
Vancouver
Wednesday, March 11, 2026

ਪੁਸਤਕ-ਪਲਾਸਟਿਕ ਦਾ ਡੱਡੂ

ਲੇਖਕ: ਹਰੀ ਕ੍ਰਿਸ਼ਨ ਮਾਇਰ
ਪ੍ਰਕਾਸ਼ਕ: ਗੋਰਕੀ ਪ੍ਰਕਾਸ਼ਨ ਲੁਧਿਆਣਾ, ਪੰਨੇ: 64 ,ਮੁੱਲ: 200 ਰੁਪਏ
ਬਾਲ ਸਾਹਿਤ ਦੇ ਖੇਤਰ ਵਿੱਚ ਸਿਰਜੀਆਂ ਜਾ ਰਹੀਆਂ ਕਹਾਣੀਆਂ ਨੂੰ ਜਦੋਂ ਅਸੀਂ ਗੰਭੀਰ ਹੋ ਕੇ ਪੜ੍ਹਦੇ ਹਾਂ ਤਾਂ ਵਿਗਿਆਨਕ ਕਹਾਣੀਆਂ ਦੀ ਹਮੇਸ਼ਾ ਘਾਟ ਦਿਖਾਈ ਦਿੰਦੀ ਹੈ। ਇਸ ਖੇਤਰ ਵਿੱਚ ਨਰੋਆ ਕਾਰਜ ਕਰਨ ਵਾਲੇ ਲੇਖਕ ਉਂਗਲਾਂ ਤੇ ਗਿਣਨ ਜੋਗੇ ਵੀ ਨਹੀਂ ਹਨ। ਵਿਗਿਆਨਿਕ ਰਚਨਾਵਾਂ ਰਚਨਾ ਵਾਲਿਆਂ ਵਿੱਚ ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਦਾ ਨਾਂ ਸਭ ਤੋਂ ਅੱਗੇ ਆ ਜਾਂਦਾ ਹੈ। ਤਿੰਨ ਦਹਾਕੇ ਪਹਿਲਾਂ ਡਾ. ਡੀ.ਪੀ. ਸਿੰਘ, ਡਾ. ਧਰਮਪਾਲ ਸਾਹਿਲ ਹੋਰਾਂ ਇਸ ਖੇਤਰ ਵਿੱਚ ਆਪਣਾ ਸ਼ਾਨਦਾਰ ਯੋਗਦਾਨ ਪਾਉਣਾ ਆਰੰਭ ਕੀਤਾ ਸੀ। ਡਾ. ਸੋਨੀਆ ਚਹਿਲ ਅਤੇ ਅਮਨਦੀਪ ਸਿੰਘ ਨੌਰਾ ਦਾ ਵੀ ਉਨ੍ਹਾਂ ਨਾਲ ਜ਼ਿਕਰ ਹੋਣਾ ਆਰੰਭ ਹੋਇਆ ਹੈ। ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਇੱਕ ਦਰਜਨ ਤੋਂ ਵੱਧ ਬਾਲ ਸਾਹਿਤ ਦੀਆਂ ਪੁਸਤਕਾਂ ਦੀ ਸਿਰਜਣਾ ਕਰਕੇ ਆਪਣਾ ਸ਼ਾਨਦਾਰ ਮੁਕਾਮ ਸਿਰਜ ਚੁੱਕੇ ਹਨ। ਇਹਨਾਂ ਵਿੱਚ ਬਾਲ ਕਹਾਣੀਆਂ ਅਤੇ ਵਿਗਿਆਨੀਆਂ ਦੀਆਂ ਜੀਵਨੀਆਂ ਵੀ ਸ਼ਾਮਿਲ ਹਨ। ਇਸ ਪ੍ਰਕਾਰ ਉਹ ਸਮਾਜ ਵਿੱਚ ਵਿਗਿਆਨਿਕ ਸੋਚ ਨੂੰ ਪ੍ਰਚਲਿਤ ਕਰਨ ਵਿੱਚ ਆਪਣਾ ਸ਼ਾਨਦਾਰ ਯੋਗਦਾਨ ਪਾ ਰਹੇ ਹਨ। ਹਥਲੇ ਕਹਾਣੀ ਸੰਗ੍ਰਹਿ ‘ਪਲਾਸਟਿਕ ਦਾ ਡੱਡੂ’ ਨੂੰ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਅਸੀਂ 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਪੁੱਜ ਕੇ ਵੀ ਵਹਿਮਾਂ ਭਰਮਾਂ ਤੋਂ ਛੁਟਕਾਰਾ ਨਹੀਂ ਪਾ ਸਕੇ। ਸਮਾਜ ਨੂੰ ਵਿਗਿਆਨਿਕ ਦ੍ਰਿਸ਼ਟੀ ਤੋਂ ਨਵਾਂ ਤੇ ਨਰੋਆ ਨਜ਼ਰੀਆ ਪ੍ਰਦਾਨ ਕਰਨ ਵਾਲੀ ਇਹ ਪੁਸਤਕ ਹਰ ਬਾਲ ਪਾਠਕ ਲਈ ਜਿੱਥੇ ਸਿੱਖਿਆਦਾਇਕ ਹੈ ਉੱਥੇ ਪ੍ਰੇਰਨਾਦਾਇਕ ਵੀ ਹੈ।ਕਿਉਂਕਿ ਸਾਨੂੰ ਕੁਦਰਤ ਵੱਲੋਂ ਬਖਸ਼ੀਆਂ ਨਿਆਮਤਾਂ ਨੂੰ ਸਹੀ ਢੰਗ ਨਾਲ ਪ੍ਰਯੋਗ ਕਰਨ ਦੀ ਮੱਤ ਆਉਣੀ ਚਾਹੀਦੀ ਹੈ। ਇਹ ਪੁਸਤਕ ਮੱਤਾਂ ਤਾਂ ਦਿੰਦੀ ਹੈ ਪਰ ਉਪਦੇਸ਼ਾਤਮਕ ਨਹੀਂ ਬਣਦੀ ਸਗੋਂ ਬਾਲ ਪਾਠਕ ਕਹਾਣੀਆਂ ਪੜ੍ਹਦੇ ਪੜ੍ਹਦੇ ਹੀ ਆਪਣੇ ਅੰਦਰ ਝਾਤੀ ਮਾਰਨ ਲਈ ਤਿਆਰ ਹੋ ਜਾਂਦੇ ਹਨ। ਉਹ ਇੰਜ ਮਹਿਸੂਸ ਕਰਦੇ ਹਨ ਕਿ ਹੋਣਾ ਕੀ ਚਾਹੀਦਾ ਹੈ ਤੇ ਅਸੀਂ ਕਰ ਕੀ ਰਹੇ ਹਾਂ?
ਕਹਾਣੀਕਾਰ ਨੇ ਇਹਨਾਂ ਕਹਾਣੀਆਂ ਦੀ ਬਣਤਰ ਤੇ ਬੁਣਤਰ ਨੂੰ ਨਵੀਂ ਰੰਗਤ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤਕਨੀਕੀ ਯੁਗ ਦੇ ਹਾਣੀ ਬੱਚੇ ਇਹਨਾਂ ਤੋਂ ਲਾਭ ਉਠਾ ਸਕਣ। ਗੁਰੂ ਸਾਹਿਬਾਨ ਅਤੇ ਮਹਾਂਪੁਰਸ਼ਾਂ ਨੇ ਸੈਂਕੜੇ ਸਾਲ ਪਹਿਲਾਂ ਊਚ ਨੀਚ, ਜਾਤ ਪਾਤ ਅਤੇ ਸਭ ਵਿਤਕਿਰਿਆ ਨੂੰ ਖਤਮ ਕੀਤਾ ਸੀ। ਪ੍ਰੰਤੂ ਅੱਜ ਵੀ ਅਸੀਂ ਵਰਗਾਂ , ਜਾਤਾਂ, ਧਰਮਾਂ ਵਿੱਚ ਵੰਡੇ ਹੋਏ ਹਾਂ। ਪੁਸਤਕ ਵਿੱਚ ਸ਼ਾਮਿਲ ਕਹਾਣੀਆਂ ਸਾਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਂਦੀਆਂ ਹੋਈਆਂ ਕੁਦਰਤ ਦੇ ਵਰਤਾਰੇ ਵਿੱਚ ਖਲਲ ਨਾ ਪਾਉਣ ਦਾ ਸੁਨੇਹਾ ਦਿੰਦੀਆਂ ਹਨ। ਕਹਾਣੀਕਾਰ ਨੂੰ ਚਿੰਤਾ ਹੈ ਕਿ ਮਨੁੱਖ ਵਿੱਚੋਂ ਮਨੁੱਖਤਾ ਖਤਮ ਹੋ ਰਹੀ ਹੈ ਜਿਸ ਕਾਰਨ ਉਹ ਕੁਦਰਤੀ ਜੀਵਾਂ ਪ੍ਰਤੀ ਦਇਆ ਕਰਨ ਦੀ ਬਜਾਏ ਜ਼ੁਲਮ ਕਰ ਰਿਹਾ ਹੈ। ਉਹ ਇਹ ਨਹੀਂ ਜਾਣਦਾ ਕਿ ਪਾਣੀ ਗੰਧਲਾ ਹੋਣ ਨਾਲ ਪਾਣੀ ਅੰਦਰ ਰਹਿਣ ਵਾਲੇ ਜੀਵ ਖਤਮ ਹੋ ਰਹੇ ਹਨ ਅਤੇ ਵਾਤਾਵਰਣ ਗੰਧਲਾ ਹੋਣ ਨਾਲ ਅਸੀਂ ਸਾਰੇ ਹੀ ਦੁੱਖਾਂ ਦੀ ਹਨੇਰ ਕੋਠੜੀ ਵਿੱਚ ਜਾ ਰਹੇ ਹਾਂ। ਮਨੁੱਖ ਬਨਾਉਟੀ ਪੰਛੀ ਅਤੇ ਜਾਨਵਰ ਆਪਣੇ ਘਰਾਂ ਵਿੱਚ ਰੱਖ ਰਹੇ ਹਨ। ਜਦਕਿ ਜਿਉਂਦੇ ਜਾਗਦੇ ਜੀਵਾਂ ਤੇ ਅੱਤਿਆਚਾਰ ਕਰ ਰਹੇ ਹਨ। ਪੁਸਤਕ ਵਿੱਚ ਦਰਜ ਵੀਹ ਕਹਾਣੀਆ ਪਾਠਕਾਂ ਦੀ ਕਿਰਤ ਅਤੇ ਕਿਰਦਾਰ ਨੂੰ ਉੱਚੀਆਂ ਦਿਸ਼ਾਵਾਂ ਵੱਲ ਤੋਰਦੀਆਂ ਹਨ। ਪੁਸਤਕ ਦੀ ਰੌਚਕ ਸ਼ੈਲੀ ਅਤੇ ਨਾਟਕੀ ਤੱਤ ਹਰ ਕਿਸੇ ਨੂੰ ਪ੍ਰਭਾਵਿਤ ਕਰਦੇ ਹਨ। ਮਾਨਵੀ ਸੋਚ ਦਾ ਪ੍ਰਚਾਰ ਅਤੇ ਪ੍ਰਸਾਰ ਸ਼ਾਨਦਾਰ ਸਲੀਕੇ ਨਾਲ ਕੀਤਾ ਗਿਆ ਹੈ। ਆਤਮ ਵਿਸ਼ਵਾਸ ਅਤੇ ਦ੍ਰਿੜ ਨਿਸ਼ਚੇ ਨਾਲ ਹੀ ਜਿੱਤਾਂ ਜਿੱਤੀਆਂ ਜਾ ਸਕਦੀਆਂ ਹਨ। ਪੰਜਾਬੀ ਸਾਹਿਤ ਦੀ ਪਹਿਲੀ ਡਾਕਟਰ ਬੀਬੀ ਰਮਾ ਰਤਨ ਇਸ ਪੁਸਤਕ ਬਾਰੇ ਆਪਣੇ ਵਿਚਾਰ ਇੰਜ ਪ੍ਰਗਟ ਕਰਦੇ ਹਨ-’ ਮਾਇਰ ਜੀ ਨੇ ਬਾਲਾਂ ਦਾ ਹਾਣੀ ਬਣ ਕੇ ਬਾਲਾਂ ਦੀ ਸੰਵਾਦ ਸ਼ੈਲੀ ਵਿੱਚ ਹੀ ਅਹਿਸਾਸਾਂ ਨੂੰ ਇਸ ਤਰ੍ਹਾਂ ਬੁਣਿਆ ਹੈ ਕਿ ਬੱਚੇ ਸਹਿਜੇ ਹੀ ਪਾਤਰਾਂ ਨਾਲ ਆਤਮਸਾਤ ਕਰਨ ਲੱਗ ਜਾਂਦੇ ਹਨ’। ਅਧਿਆਪਕਾਂ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਮਿਆਂ ਦੇ ਹਾਣੀ ਬਣਾਉਣ ਵਾਸਤੇ ਇਹ ਪੁਸਤਕ ਪੜ੍ਹਨ ਲਈ ਪ੍ਰੇਰਿਤ ਕਰਨ।
ਸੰਪਾਦਕ ਨਿੱਕੀਆਂ ਕਰੂੰਬਲਾਂ
ਮਾਹਿਲਪੁਰ ,(ਹੁਸ਼ਿਆਰਪੁਰ)

ਰੁਝਾਨ ਖਬਰਾਂ