3.7 C
Vancouver
Wednesday, March 11, 2026

ਡੈਲਟਾ ਵਿੱਚ ਇਸ ਸਾਲ ਨਹੀਂ ਹੋਵੇਗਾ ਪ੍ਰਸਿੱਧ ਬਾਊਂਡਰੀ ਬੇਅ ਏਅਰਸ਼ੋਅ

ਸਰੀ, (ਏਕਜੋਤ ਸਿੰਘ): ਸਿਟੀ ਆਫ ਡੈਲਟਾ ਨੇ ਸੋਮਵਾਰ ਨੂੰ ਇੱਕ ਹੈਰਾਨੀਜਨਕ ਐਲਾਨ ਕਰਦਿਆਂ ਦੱਸਿਆ ਕਿ ਇਸ ਗਰਮੀਆਂ ਵਿੱਚ ਹੋਣ ਵਾਲਾ ਪ੍ਰਸਿੱਧ ਬਾਊਂਡਰੀ ਬੇਅ ਏਅਰਸ਼ੋਅ ਨਹੀਂ ਕਰਵਾਇਆ ਜਾਵੇਗਾ। ਇਹ ਐਲਾਨ ਬਹੁਤ ਹੀ ਗੁਪਤ ਤਰੀਕੇ ਨਾਲ ਇੱਕ ਪ੍ਰੈਸ ਰਿਲੀਜ਼ ਦੇ ਅਖੀਰ ਵਿੱਚ ਸਿਰਫ਼ ਤਿੰਨ ਵਾਕਾਂ ਵਿੱਚ ਕੀਤਾ ਗਿਆ। ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਬਦਕਿਸਮਤੀ ਨਾਲ ਬਾਊਂਡਰੀ ਬੇਅ ਏਅਰਸ਼ੋਅ ਸਾਲ 2026 ਵਿੱਚ ਵਾਪਸ ਨਹੀਂ ਆ ਰਿਹਾ ਹੈ। ਡੈਲਟਾ ਪ੍ਰਸ਼ਾਸਨ ਨੇ ਅਲਫ਼ਾ ਐਵੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਇਹ ਸ਼ੋਅ ਪੂਰੇ ਖੇਤਰ ਲਈ ਗਰਮੀਆਂ ਦਾ ਇੱਕ ਪਸੰਦੀਦਾ ਖੇਡ ਮੇਲਾ ਬਣ ਚੁੱਕਾ ਸੀ। ਪ੍ਰਸ਼ਾਸਨ ਨੇ ਕੰਪਨੀ ਦੇ ਪ੍ਰਧਾਨ ਮੇਲਿਸਾ ਸੇਅਰਜ਼ ਅਤੇ ਸੰਸਥਾਪਕ ਫਰੈੱਡ ਕੈਸਰ ਨਾਲ ਆਪਣੇ ਲਗਾਤਾਰ ਸਬੰਧਾਂ ਲਈ ਧੰਨਵਾਦ ਕੀਤਾ। ਹਾਲਾਂਕਿ ਇਸ ਅਧਿਕਾਰਤ ਬਿਆਨ ਵਿੱਚ ਇਸ ਗੱਲ ਦਾ ਕੋਈ ਸਪੱਸ਼ਟ ਜ਼ਿਕਰ ਨਹੀਂ ਕੀਤਾ ਗਿਆ ਕਿ ਇੰਨੇ ਵੱਡੇ ਅਤੇ ਹਰਮਨਪਿਆਰੇ ਸਮਾਗਮ ਨੂੰ ਇਸ ਸਾਲ ਕਿਉਂ ਰੱਦ ਕੀਤਾ ਜਾ ਰਿਹਾ ਹੈ। ਸਿਰਫ਼ ਦੋ ਮਹੀਨੇ ਪਹਿਲਾਂ ਸਾਲ 2025 ਦੀ ਆਖਰੀ ਮੀਟਿੰਗ ਦੌਰਾਨ ਡੈਲਟਾ ਕੌਂਸਲ ਨੂੰ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ਵਿੱਚ ਇਸ ਏਅਰਸ਼ੋਅ ਨੂੰ ਸਾਲ 2026 ਦੇ ਮੁੱਖ ਸਮਾਗਮਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ਸਮੇਂ ਸ਼ਹਿਰ ਨੂੰ ਪੂਰੀ ਉਮੀਦ ਸੀ ਕਿ ਅਲਫ਼ਾ ਐਵੀਏਸ਼ਨ ਨਾਲ ਮਿਲ ਕੇ ਇਸ ਸ਼ੋਅ ਨੂੰ ਫਿਰ ਤੋਂ ਸਫਲ ਬਣਾਇਆ ਜਾਵੇਗਾ। ਪ੍ਰਸ਼ਾਸਨਿਕ ਸਟਾਫ਼ ਅਨੁਸਾਰ ਕੰਪਨੀ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਅਰਜ਼ੀ ਦਿੱਤੀ ਜਾਣੀ ਸੀ ਜਿਸ ਨੂੰ ਕੌਂਸਲ ਵੱਲੋਂ ਮਨਜ਼ੂਰੀ ਮਿਲਣੀ ਤੈਅ ਮੰਨੀ ਜਾ ਰਹੀ ਸੀ। ਪਿਛਲੇ ਦਸ ਸਾਲਾਂ ਵਿੱਚ ਇਸ ਸ਼ੋਅ ਦੇ ਢਾਂਚੇ ਵਿੱਚ ਕੋਈ ਖਾਸ ਬਦਲਾਅ ਨਹੀਂ ਦੇਖਿਆ ਗਿਆ ਸੀ ਸਿਵਾਏ ਪਿਛਲੇ ਸਾਲ ਦੇ ਸ਼ੋਅ ਦੇ ਜਿੱਥੇ ਕੈਨੇਡੀਅਨ ਫੋਰਸਿਜ਼ ਸਨੋਬਰਡਜ਼ ਮੁੱਖ ਖਿੱਚ ਦਾ ਕੇਂਦਰ ਰਹੇ ਸਨ। ਇਸ ਫੈਸਲੇ ਤੋਂ ਬਾਅਦ ਡੈਲਟਾ ਦੀ ਸਿਆਸਤ ਵਿੱਚ ਵੀ ਭਾਰੀ ਗਰਮਾ ਗਰਮੀ ਦੇਖਣ ਨੂੰ ਮਿਲੀ ਹੈ। ਮੇਅਰ ਜਾਰਜ ਹਾਰਵੀ ਨੇ ਇੱਕ ਜਨਤਕ ਟਿੱਪਣੀ ਰਾਹੀਂ ਇਸ ਫੈਸਲੇ ਉੱਤੇ ਗਹਿਰੀ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਹ ਸ਼ਹਿਰ ਤੋਂ ਬਾਹਰ ਸਨ ਤਾਂ ਕੌਂਸਲ ਨੇ ਇਸ ਸ਼ੋਅ ਦੇ ਪ੍ਰਬੰਧਾਂ ਵਿੱਚ ਕੁਝ ਅਜਿਹੇ ਬਦਲਾਅ ਕਰ ਦਿੱਤੇ ਜਿਸ ਕਾਰਨ ਇਹ ਸਥਿਤੀ ਪੈਦਾ ਹੋਈ। ਮੇਅਰ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਾਲਾਂ ਵਿੱਚ ਇਸ ਇਤਿਹਾਸਕ ਸਮਾਗਮ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਸਕੇਗਾ।
ਦੂਜੇ ਪਾਸੇ ਕੌਂਸਲਰ ਡਾਇਲਨ ਕਰੂਗਰ ਨੇ ਮੇਅਰ ਦੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਗਲਤ ਅਤੇ ਗੁਮਰਾਹਕੁੰਨ ਕਰਾਰ ਦਿੱਤਾ ਹੈ। ਕੌਂਸਲਰ ਮੁਤਾਬਕ ਮੇਅਰ ਦੀ ਗੈਰ ਹਾਜ਼ਰੀ ਵਿੱਚ ਕੌਂਸਲ ਨੇ ਸ਼ੋਅ ਨਾਲ ਸਬੰਧਤ ਕਿਸੇ ਵੀ ਨਿਯਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਲੋਕ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਸਹੀ ਜਾਣਕਾਰੀ ਦੀ ਉਮੀਦ ਰੱਖਦੇ ਹਨ। ਬਾਅਦ ਵਿੱਚ ਮੇਅਰ ਨੇ ਆਪਣਾ ਉਹ ਬਿਆਨ ਵਾਪਸ ਲੈ ਲਿਆ ਪਰ ਇਸ ਨਾਲ ਵਿਵਾਦ ਹੋਰ ਵਧ ਗਿਆ ਹੈ।

ਰੁਝਾਨ ਖਬਰਾਂ