ਸੁਖ ਸਰੋਆ ਵੈਨਕੂਵਰ,
Email: sukhsaroa76@gmail.com
ਗਿਆਨੀ ਦਿੱਤ ਸਿੰਘ ਜੀ ਦਾ ਜਨਮ 21 ਅਪ੍ਰੈਲ 1850 ਨੂੰ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕਲੌਰ ਵਿੱਚ ਹੋਇਆ ਸੀ। ਉਹ ਚਮਾਰ ਖਿੱਤੇ ਦੇ ਮਹਾਨ ਯੋਧੇ ਸਨ। ਉਨ੍ਹਾਂ ਦਾ ਪਹਿਲਾ ਨਾਮ ਦਿੱਤਾ ਰਾਮ ਸੀ। ਉਨ੍ਹਾਂ ਦੇ ਪਿਤਾ ਦੀਵਾਨ ਸਿੰਘ ਜੀ ਇਕ ਪੜ੍ਹੇ-ਲਿਖੇ ਅਤੇ ਧਾਰਮਿਕ ਵਿਅਕਤੀ ਸਨ, ਜਿਨ੍ਹਾਂ ਨੇ ਪਹਿਲਾਂ ਬ੍ਰਿਟਿਸ਼ ਫੌਜ ਵਿੱਚ ਨੌਕਰੀ ਕੀਤੀ ਅਤੇ ਬਾਅਦ ਵਿੱਚ ਆਪਣਾ ਜੀਵਨ ਧਾਰਮਿਕ ਅਧਿਐਨ ਅਤੇ ਲਿਖਤਾਂ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਦੀ ਮਾਤਾ ਜੀ ਦਾ ਨਾਮ ਭਾਗਨ ਦੇਵੀ ਸੀ। ਉਨ੍ਹਾਂ ਦੀ ਧਰਮ-ਪਤਨੀ ਦਾ ਨਾਮ ਬਿਸ਼ਨ ਕੌਰ ਸੀ। ਉਨ੍ਹਾਂ ਦੇ ਪੁੱਤਰ ਦਾ ਨਾਮ ਬਲਦੇਵ ਸਿੰਘ ਅਤੇ ਪੁੱਤਰੀ ਦਾ ਨਾਮ ਵਿੱਦਿਆਵੰਤ ਕੌਰ ਸੀ। ਗਿਆਨੀ ਦਿੱਤ ਸਿੰਘ ਜੀ ਨੇ ਆਪਣੇ ਪਿਤਾ ਕੋਲੋਂ ਮੁੱਢਲੀ ਸਿੱਖਿਆ ਲੈਣ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਕੋਲ ਅਧਿਐਨ ਕੀਤਾ, ਜਿੱਥੇ ਉਨ੍ਹਾਂ ਨੇ ਪੰਜਾਬੀ, ਸੰਸਕ੍ਰਿਤ, ਫਾਰਸੀ ਅਤੇ ਸਿੱਖ ਧਰਮ-ਗ੍ਰੰਥਾਂ ਵਿੱਚ ਨਿਪੁੰਨਤਾ ਹਾਸਲ ਕੀਤੀ।
ਉਹ ਸਿੰਘ ਸਭਾ ਅੰਦੋਲਨ ਦੇ ਪ੍ਰਮੁੱਖ ਆਗੂ ਬਣੇ, ਜਿਸ ਦਾ ਮਕਸਦ ਸਿੱਖ ਧਰਮ ਦੀ ਸੁਧਾਰਵਾਦੀ ਵਿਚਾਰਧਾਰਾ ਨੂੰ ਵਧਾਉਣਾ, ਸਿੱਖਿਆ ਨੂੰ ਫੈਲਾਉਣਾ ਅਤੇ ਜ਼ਾਤੀ ਅਧਾਰਤ ਭੇਦਭਾਵ ਦੇ ਖਿਲਾਫ ਲੜਾਈ ਲੜਨਾ ਸੀ। ਉਨ੍ਹਾਂ ਨੇ ਆਪਣੀ ਲਿਖਤ ਰਾਹੀਂ ਧਾਰਮਿਕ ਅੰਧਵਿਸ਼ਵਾਸਾਂ ਅਤੇ ਸਮਾਜਿਕ ਕੁਰੀਤੀਆਂ ਦਾ ਖੰਡਨ ਕੀਤਾ। ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਵਿੱਚ “ਸਾਧੂ ਦਇਆ ਨੰਦ ਨਾਲ ਮੇਰਾ ਸੰਵਾਦ”, “ਰਾਜ ਧਰਮ”, “ਦੁਰਗਾ ਪ੍ਰਬੋਧ” ਅਤੇ “ਨਕਲੀ ਨਿਰੰਕਾਰੀ” ਸ਼ਾਮਲ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਤਰਕ ਪੂਰਨ ਸੋਚ ਅਤੇ ਸਮਾਜਿਕ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ।
ਉਨ੍ਹਾਂ ਦੀ ਲਾਹੌਰ ਵਿੱਚ ਸਵਾਮੀ ਦਯਾਨੰਦ ਸਰਸਵਤੀ ਨਾਲ ਹੋਈ ਖੁੱਲ੍ਹੀ ਬਹਿਸ ਇਤਿਹਾਸਕ ਸੀ, ਜਿਸ ਵਿੱਚ ਗਿਆਨੀ ਜੀ ਨੇ ਧਾਰਮਿਕ ਗ੍ਰੰਥਾਂ ਅਤੇ ਤਰਕ ਰਾਹੀਂ ਸਵਾਮੀ ਦਯਾਨੰਦ ਨੂੰ ਜਵਾਬ ਦਿੱਤਾ ਅਤੇ ਕਈ ਮੌਕਿਆਂ ਤੇ ਉਨ੍ਹਾਂ ਨੂੰ ਚੁਣੌਤੀ ਦੇ ਕੇ ਹਰਾਇਆ। ਗਿਆਨੀ ਦਿੱਤ ਸਿੰਘ ਜੀ ਨੇ ਖਾਲਸਾ ਅਖ਼ਬਾਰ ਦੇ ਸੰਪਾਦਕ ਵਜੋਂ ਵੀ ਕੰਮ ਕੀਤਾ, ਜੋ ਇੱਕ ਸੁਧਾਰਵਾਦੀ ਅਖ਼ਬਾਰ ਸੀ ਅਤੇ ਜਿਸ ਰਾਹੀਂ ਉਨ੍ਹਾਂ ਨੇ ਸਿੱਖ ਸਮਾਜ ਵਿੱਚ ਨਵੀਂ ਚੇਤਨਾ ਜਗਾਈ। 6 ਸਤੰਬਰ 1901 ਨੂੰ ਲਾਹੌਰ ਵਿੱਚ ਉਹ ਅਕਾਲ ਚਲਾਣਾ ਕਰ ਗਏ। ਆਪਣੇ ਸੰਘਰਸ਼ਮਈ ਜੀਵਨ ਰਾਹੀਂ ਗਿਆਨੀ ਦਿੱਤ ਸਿੰਘ ਜੀ ਨੇ ਇਹ ਸਿੱਧ ਕਰ ਦਿੱਤਾ ਕਿ ਇੱਕ ਸਮਰਪਿਤ ਵਿਅਕਤੀ ਕਿਸੇ ਵੀ ਰੁਕਾਵਟ ਦੇ ਬਾਵਜੂਦ ਸਮਾਜ ਵਿੱਚ ਬਦਲਾਅ ਲਿਆ ਸਕਦਾ ਹੈ। ਉਨ੍ਹਾਂ ਦੀ ਵਿਰਾਸਤ ਅੱਜ ਵੀ ਸਿੱਖਿਆ, ਦਾ ਸਮਾਜਿਕ-ਨਿਆਂ ਅਤੇ ਬਰਾਬਰੀ ਲਈ ਪ੍ਰੇਰਣਾ ਸਰੋਤ ਹੈ। ਆਓ ਆਪਾਂ ਇਹਨਾਂ ਮਹਾਨ ਕਿਰਤੀ ਯੋਧਿਆਂ ਦਾ ਇਤਿਹਾਸ ਯਾਦ ਰੱਖੀਏ ਅਤੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਦੱਸੀਏ। ਧੰਨਵਾਦ
ਗਿਆਨੀ ਦਿੱਤ ਸਿੰਘ ਜੀ

