3.7 C
Vancouver
Wednesday, March 11, 2026

ਕੈਨੇਡਾ ਵਿੱਚ ਹਥਿਆਰ ਵਾਪਸ ਕਰਨ ਦੀ ਮੁਹਿੰਮ ਜਾਰੀ, ਟੰਬਲਰ ਰਿੱਜ ਹਾਦਸੇ ਨੇ ਖੜ੍ਹੇ ਕੀਤੇ ਕਈ ਸਵਾਲ


ਸਰੀ, (ਏਕਜੋਤ ਸਿੰਘ): ਟੰਬਲਰ ਰਿੱਜ ਵਿਖੇ ਹੋਈ ਭਿਆਨਕ ਗੋਲੀਬਾਰੀ ਦੀ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਸ ਵਿੱਚ ਨੌਂ ਲੋਕਾਂ ਦੀ ਜਾਨ ਚਲੀ ਗਈ। ਇਸੇ ਦੌਰਾਨ ਭਵਿੱਖ ਵਿੱਚ ਅਜਿਹੇ ਸਮੂਹਿਕ ਕਤਲੇਆਮ ਨੂੰ ਰੋਕਣ ਦੇ ਮਕਸਦ ਨਾਲ ਕੈਨੇਡਾ ਭਰ ਵਿੱਚ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਲੋਕਾਂ ਨੂੰ ਆਪਣੇ ਪਾਬੰਦੀਸ਼ੁਦਾ ਹਥਿਆਰ ਸਰਕਾਰ ਨੂੰ ਸੌਂਪਣ ਬਦਲੇ ਪੈਸੇ ਦਿੱਤੇ ਜਾਣਗੇ। ਇਹ ਰਕਮ ਕੁਝ ਮਾਮਲਿਆਂ ਵਿੱਚ ਕਈ ਹਜ਼ਾਰ ਡਾਲਰ ਤੱਕ ਵੀ ਹੋ ਸਕਦੀ ਹੈ। ਇਹ ਮੁਹਿੰਮ ਉਨ੍ਹੀ ਜਨਵਰੀ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਕੱਤੀ ਮਾਰਚ ਤੱਕ ਚੱਲੇਗੀ। ਲੋਕਾਂ ਨੂੰ ਮੁਆਵਜ਼ਾ ਲੈਣ ਲਈ ਮਾਰਚ ਦੇ ਅੰਤ ਤੱਕ ਆਪਣੇ ਹਥਿਆਰ ਘੋਸ਼ਿਤ ਕਰਨੇ ਪੈਣਗੇ। ਜੇਕਰ ਕੋਈ ਇਸ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲੈਂਦਾ ਤਾਂ ਵੀ ਉਸਨੂੰ ਤੀਹ ਅਕਤੂਬਰ ਤੱਕ ਆਪਣੇ ਪਾਬੰਦੀਸ਼ੁਦਾ ਹਥਿਆਰ ਨਸ਼ਟ ਕਰਨੇ ਪੈਣਗੇ ਨਹੀਂ ਤਾਂ ਅਪਰਾਧਿਕ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਇਸ ਪ੍ਰੋਗਰਾਮ ਨੂੰ ਲਾਗੂ ਕਰਨ ਨੂੰ ਲੈ ਕੇ ਕਈ ਸੂਬਿਆਂ ਵਿੱਚ ਮਤਭੇਦ ਸਾਹਮਣੇ ਆ ਰਹੇ ਹਨ। ਅਲਬਰਟਾ ਵਰਗੇ ਕੁਝ ਸੂਬਿਆਂ ਨੇ ਇਸ ਦਾ ਸਮਰਥਨ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਪੁਲਿਸ ਮੁਖੀਆਂ ਨੇ ਸਾਧਨਾਂ ਦੀ ਘਾਟ ਦਾ ਮੁੱਦਾ ਚੁੱਕਿਆ ਹੈ। ਸੂਬਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਜ਼ਾਦ ਮਿਊਂਸੀਪਲ ਪੁਲਿਸ ਵਿਭਾਗਾਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਮਜਬੂਰ ਨਹੀਂ ਕਰੇਗੀ। ਜੇਕਰ ਵੈਨਕੂਵਰ ਜਾਂ ਸਰੀ ਵਰਗੀਆਂ ਸਥਾਨਕ ਪੁਲਿਸ ਫੋਰਸਾਂ ਇਸ ਵਿੱਚ ਭਾਗ ਨਹੀਂ ਲੈਂਦੀਆਂ ਤਾਂ ਆਰਸੀਐਮਪੀ ਵੱਲੋਂ ਹਥਿਆਰ ਇਕੱਠੇ ਕਰਨ ਦਾ ਕੰਮ ਕੀਤਾ ਜਾਵੇਗਾ। ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਪ੍ਰੋਗਰਾਮ ਦਾ ਸਮਰਥਨ ਕਰਦੀ ਹੈ ਕਿਉਂਕਿ ਅਸੀਂ ਟੰਬਲਰ ਰਿੱਜ ਵਰਗੀਆਂ ਘਟਨਾਵਾਂ ਵਿੱਚ ਅਰਧ ਆਟੋਮੈਟਿਕ ਰਾਈਫਲਾਂ ਦੇ ਖਤਰਨਾਕ ਪ੍ਰਭਾਵ ਨੂੰ ਦੇਖਿਆ ਹੈ। ਬੀਸੀ ਐਸੋਸੀਏਸ਼ਨ ਆਫ ਚੀਫਸ ਆਫ ਪੁਲਿਸ ਦੀ ਕਾਰਜਕਾਰੀ ਨਿਰਦੇਸ਼ਕ ਲੀਨ ਮੈਕਲਾਉਡ ਨੇ ਕਿਹਾ ਕਿ ਹਰੇਕ ਮਿਊਂਸੀਪਲ ਏਜੰਸੀ ਦੀਆਂ ਆਪਣੀਆਂ ਤਰਜੀਹਾਂ ਹੁੰਦੀਆਂ ਹਨ ਅਤੇ ਇਹ ਫੈਸਲਾ ਮੁਖੀਆਂ ਉੱਤੇ ਛੱਡ ਦਿੱਤਾ ਗਿਆ ਹੈ।
ਗੰਨ ਕੰਟਰੋਲ ਗੱਠਜੋੜ ਦੀ ਸਹਿ ਸੰਸਥਾਪਕ ਵੈਂਡੀ ਕੁਕੀਅਰ ਦਾ ਮੰਨਣਾ ਹੈ ਕਿ ਇਹ ਕਾਨੂੰਨ ਭਵਿੱਖ ਵਿੱਚ ਹੋਣ ਵਾਲੇ ਹਾਦਸਿਆਂ ਦੇ ਖਤਰੇ ਨੂੰ ਘਟਾ ਸਕਦਾ ਹੈ। ਦੂਜੇ ਪਾਸੇ ਬੀਸੀ ਵਾਈਲਡਲਾਈਫ ਫੈਡਰੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਜੈਸੀ ਜ਼ੀਮੈਨ ਦਾ ਤਰਕ ਹੈ ਕਿ ਇਹ ਪ੍ਰੋਗਰਾਮ ਅਸਲ ਅਪਰਾਧੀਆਂ ਨੂੰ ਨੱਥ ਪਾਉਣ ਦੀ ਬਜਾਏ ਕਾਨੂੰਨ ਮੰਨਣ ਵਾਲੇ ਨਾਗਰਿਕਾਂ ਨੂੰ ਪਰੇਸ਼ਾਨ ਕਰੇਗਾ। ਉਨ੍ਹਾਂ ਕਿਹਾ ਕਿ ਟੰਬਲਰ ਰਿੱਜ ਦੀ ਘਟਨਾ ਦਰਸਾਉਂਦੀ ਹੈ ਕਿ ਸਾਨੂੰ ਮਾਨਸਿਕ ਸਿਹਤ ਦੇ ਮੁੱਦਿਆਂ ਵੱਲ ਧਿਆਨ ਦੇਣ ਦੀ ਲੋੜ ਹੈ। ਪੁਲਿਸ ਨੇ ਅਜੇ ਤੱਕ ਟੰਬਲਰ ਰਿੱਜ ਗੋਲੀਬਾਰੀ ਵਿੱਚ ਵਰਤੇ ਗਏ ਹਥਿਆਰਾਂ ਬਾਰੇ ਪੂਰੀ ਜਾਣਕਾਰੀ ਜਨਤਕ ਨਹੀਂ ਕੀਤੀ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਸਕੂਲ ਵਿੱਚੋਂ ਇੱਕ ਸੋਧੀ ਹੋਈ ਰਾਈਫਲ ਅਤੇ ਇੱਕ ਲੰਬੀ ਬੰਦੂਕ ਮਿਲੀ ਸੀ ਜਦਕਿ ਸ਼ੱਕੀ ਜੈਸੀ ਵੈਨ ਰੂਟਸੇਲਾਰ ਦੇ ਘਰੋਂ ਇੱਕ ਸ਼ਾਟਗਨ ਬਰਾਮਦ ਹੋਈ ਸੀ।
ਕੈਨੇਡਾ ਦੇ ਪਬਲਿਕ ਸੇਫਟੀ ਵਿਭਾਗ ਅਨੁਸਾਰ ਵੀਹ ਫਰਵਰੀ ਤੱਕ ਬੱਤੀ ਹਜ਼ਾਰ ਬੰਦੂਕਾਂ ਇਸ ਪ੍ਰੋਗਰਾਮ ਤਹਿਤ ਘੋਸ਼ਿਤ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਸੱਤ ਹਜ਼ਾਰ ਤੋਂ ਵੱਧ ਬੀਸੀ ਵਿੱਚ ਹਨ।
ਸਾਬਕਾ ਆਰਸੀਐਮਪੀ ਅਧਿਕਾਰੀ ਫਰੈਂਕ ਗ੍ਰੋਸਪੀਚ ਨੇ ਵੀ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਚੁੱਕੇ ਹਨ ਕਿ ਸ਼ੱਕੀ ਦੇ ਘਰੋਂ ਪਹਿਲਾਂ ਜ਼ਬਤ ਕੀਤੇ ਗਏ ਹਥਿਆਰ ਵਾਪਸ ਕਿਉਂ ਕੀਤੇ ਗਏ ਸਨ। ਆਰਸੀਐਮਪੀ ਦੇ ਬੁਲਾਰੇ ਕ੍ਰਿਸ ਕਲਾਰਕ ਨੇ ਕਿਹਾ ਕਿ ਕੁਝ ਜਾਣਕਾਰੀ ਅਦਾਲਤਾਂ ਦੁਆਰਾ ਗੁਪਤ ਰੱਖੀ ਜਾ ਰਹੀ ਹੈ ਅਤੇ ਹੋ ਸਕਦਾ ਹੈ ਕਿ ਉਹ ਕਦੇ ਵੀ ਜਨਤਕ ਨਾ ਕੀਤੀ ਜਾਵੇ। ਪ੍ਰੀਮੀਅਰ ਈਬੀ ਨੇ ਵੀ ਮੰਨਿਆ ਹੈ ਕਿ ਇਸ ਮਾਮਲੇ ਵਿੱਚ ਕਈ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ। ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਹਰ ਸਵਾਲ ਦਾ ਜਵਾਬ ਲੱਭਣ ਲਈ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਇਨਕੁਆਰੀ ਬਿਠਾਈ ਜਾਵੇਗੀ। ਸਰਕਾਰ ਦਾ ਮੁੱਖ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਭਵਿੱਖ ਵਿੱਚ ਅਜਿਹੇ ਭਿਆਨਕ ਦੁਖਾਂਤ ਤੋਂ ਹਰ ਹੀਲੇ ਬਚਿਆ ਜਾ ਸਕੇ।

ਰੁਝਾਨ ਖਬਰਾਂ