3.7 C
Vancouver
Wednesday, March 11, 2026

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਹੀਨਾਵਾਰ ਮੀਟਿੰਗ ਮਾਂ ਬੋਲੀ ਦਿਵਸ ਨੂੰ ਸਮਰਪਿਤ ਰਹੀ

ਸਰੀ, (ਹਰਦਮ ਮਾਨ): ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਹੀਨਾਵਾਰ ਮੀਟਿੰਗ ਇਸ ਵਾਰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਰਹੀ। ਸਥਾਨਕ ਸੀਨੀਅਰ ਸੈਂਟਰ ਵਿੱਚ ਆਯੋਜਿਤ ਇਸ ਸਾਹਿਤਕ ਇਕੱਠ ਨੇ ਪੰਜਾਬੀ ਭਾਸ਼ਾ ਦੇ ਮਾਣ, ਵਿਕਾਸ ਅਤੇ ਸੰਭਾਲ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ। ਮੀਟਿੰਗ ਦੀ ਸਾਂਝੀ ਪ੍ਰਧਾਨਗੀ ਡਾ. ਰਣਜੀਤ ਸਿੰਘ ਪੰਨੂ, ਜਸਵੀਰ ਸਿੰਘ ਭਲੂਰੀਆ ਅਤੇ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਕੀਤੀ।
ਮੀਟਿੰਗ ਦੇ ਆਰੰਭ ਵਿੱਚ ਬੀ.ਸੀ. ਕੈਨੇਡਾ ਦੇ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਵਿਦਿਆਰਥੀਆਂ ਅਤੇ ਸਾਹਿਤ ਤੇ ਮੀਡੀਆ ਜਗਤ ਨਾਲ ਸਬੰਧਿਤ ਅਜੈਬ ਸਿੰਘ ਸਿੱਧੂ ਤੇ ਗੁਰਮੀਤ ਸਿੰਘ ਸਿੱਧੂ ਦੇ ਮਾਤਾ ਪ੍ਰੀਤਮ ਕੌਰ ਸਿੱਧੂ, ਸਭਾ ਦੇ ਡਾਇਰੈਕਟਰ ਮਾਸਟਰ ਅਮਰੀਕ ਸਿੰਘ ਲੇਹਲ ਦੀ ਸੁਪਤਨੀ ਕਿਰਪਾਲ ਕੌਰ, ਮੀਡੀਆ ਸ਼ਖ਼ਸੀਅਤ ਡਾ. ਜਸਵਿੰਦਰ ਸਿੰਘ ਦਿਲਾਵਰੀ ਦੇ ਮਾਤਾ ਸੁਰਿੰਦਰ ਕੌਰ ਅਤੇ ਸਭਾ ਦੇ ਸਾਬਕਾ ਮੀਤ ਪ੍ਰਧਾਨ ਸੁਰਿੰਦਰਪਾਲ ਕੌਰ ਬਰਾੜ ਨੂੰ ਭਾਵਪੂਰਤ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਸਾਹਿਤਕ ਦੌਰ ਦੀ ਸ਼ੁਰੂਆਤ ਗੁਰਮੀਤ ਸਿੰਘ ਕਾਲਕਟ ਦੇ ਧਾਰਮਿਕ ਗੀਤ ਨਾਲ ਹੋਈ। ਉਪਰੰਤ ਪ੍ਰਸਿੱਧ ਗ਼ਜ਼ਲਗੋ ਨਰਿੰਦਰ ਬਾਹੀਆ ਨੇ ਆਪਣੀ ਗ਼ਜ਼ਲ ‘ਜੋ ਬੰਦਗੀ ਖ਼ੁਦਾ ਦੀ ਕਰਦੇ ਨੇ ਜਹਾਨ ਅੰਦਰ, ਗੁੜ ਦੀ ਮਿਠਾਸ ਰੱਖਦੇ ਆਪਣੀ ਜ਼ਬਾਨ ਅੰਦਰ’ ਰਾਹੀਂ ਮਾਹੌਲ ਨੂੰ ਕਾਵਿ-ਮਈ ਬਣਾ ਦਿੱਤਾ। ਗਿਆਨ ਸਿੰਘ ਕੋਟਲੀ ਨੇ ਦੇਸ਼ ਭਗਤੀ ਦੀ ਕਵਿਤਾ, ਸੁੱਖ ਗੋਹਲਵੜ ਨੇ ਗੀਤ, ਸੁੱਖੀ ਸਿੱਧੂ ਨੇ ਨਜ਼ਮ ਅਤੇ ਜਸਵੀਰ ਭਲੂਰੀਆ ਨੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਕਵਿਤਾ ਪੜ੍ਹੀ। ਸੁਰਜੀਤ ਸਿੰਘ ਬਾਠ, ਸੁੱਖਪ੍ਰੀਤ ਬੱਡੋਂ, ਜਗਦੀਪ ਕੌਰ ਨੂਰਾਨੀ, ਮਨਜੀਤ ਸਿੰਘ ਮੱਲਾ, ਇੰਦਰਪਾਲ ਸਿੰਘ ਸੰਧੂ ਅਤੇ ਇੰਦਰਜੀਤ ਸਿੰਘ ਧਾਮੀ ਨੇ ਆਪਣੀਆਂ ਰਚਨਾਵਾਂ ਤੇ ਵਿਚਾਰਾਂ ਰਾਹੀਂ ਹਾਜ਼ਰੀ ਲਵਾਈ। ਸ਼ਾਇਰ ਅਮਰੀਕ ਪਲਾਹੀ ਦੀ ਕਵਿਤਾ ਦੀ ਵੀ ਭਰਪੂਰ ਸ਼ਲਾਘਾ ਹੋਈ।
ਸੁਰਿੰਦਰ ਸਿੰਘ ਜੱਬਲ ਨੇ ਸਰੀ ਦੀਆਂ ਸਾਹਿਤਕ ਸੰਸਥਾਵਾਂ ਦੇ ਯੋਗਦਾਨ ਦੀ ਚਰਚਾ ਕੀਤੀ, ਜਦਕਿ ਬਲਬੀਰ ਸਿੰਘ ਸੰਘਾ ਨੇ ਡਾ. ਮਹਿੰਦਰ ਸਿੰਘ ਰੰਧਾਵਾ ਦੀ ਸ਼ਖ਼ਸੀਅਤ ਬਾਰੇ ਲੇਖ ਪੜ੍ਹਿਆ। ਪੰਜਾਬੀ ਮਾਂ ਬੋਲੀ ਬਾਰੇ ਚਰਚਾ ਕਰਦਿਆਂ ਪੱਤਰਕਾਰ ਕੁਲਵੰਤ ਸਰੋਤਾ ਨੇ ਕਿਹਾ ਕਿ ਪੰਜਾਬੀ ਵਿਸ਼ਵ ਭਰ ਦੀਆਂ ਬੋਲੀਆਂ ਵਿੱਚ 10ਵੇਂ ਸਥਾਨ ‘ਤੇ ਹੈ, ਜੋ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ। ਪ੍ਰਸਿੱਧ ਵਿਦਵਾਨ ਪ੍ਰੋ. ਕਸ਼ਮੀਰਾ ਸਿੰਘ ਨੇ ਭਾਸ਼ਾ ਵਿਗਿਆਨਕ ਪੱਖ ਤੋਂ ਬੋਲਦਿਆਂ ਸ਼ਬਦਾਂ ਦੇ ਆਦਾਨ-ਪ੍ਰਦਾਨ ਅਤੇ ਅਲੋਪ ਹੋ ਰਹੇ ਪੁਰਾਤਨ ਸ਼ਬਦਾਂ ਬਾਰੇ ਚਿੰਤਾ ਜ਼ਾਹਿਰ ਕੀਤੀ। ਜਸਵੀਰ ਸਿੰਘ ਭਲੂਰੀਆ ਨੇ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਦੀ ਪੰਜਾਬੀ ਲਿੱਪੀ ਬਾਰੇ ਮਹੱਤਵਪੂਰਨ ਖੋਜ ਸਾਂਝੀ ਕੀਤੀ। ਵਿਸ਼ੇਸ਼ ਮਹਿਮਾਨ ਡਾ. ਪੰਨੂ ਨੇ ਸਭਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਾਬਕਾ ਜੱਜ ਸ. ਛਿੰਦਰ ਪੁਰੇਵਾਲ, ਕੇ. ਐੱਸ. ਗਿੱਲ, ਮਲਕੀਤ ਸਿੰਘ ਖੰਗੂੜਾ, ਗੁਰਮੁੱਖ ਸਿੰਘ ਮੋਰਿੰਡਾ, ਜਸਵਿੰਦਰ ਕੌਰ ਬਾਠ, ਰਣਬੀਰ ਸਿੰਘ ਢਿੱਲੋਂ, ਡਾ. ਰਾਜਿੰਦਰ ਸਿੰਘ ਮੁਕਤਸਰ, ਜਗਦੀਪ ਸਿੰਘ ਮਾਛੀ ਕੇ, ਰਾਜਿੰਦਰ ਸਿੰਘ ਕੋਟਲੀ, ਸੁਖਜਿੰਦਰ ਕੌਰ ਸਿੱਧੂ, ਰਣਜੀਤ ਕੌਰ ਸਿੱਧੂ ਅਤੇ ਭਗਵੰਤ ਸਿੰਘ ਅਟਵਾਲ ਵੀ ਹਾਜ਼ਰ ਸਨ। ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਆਪਣੀ ਕਵਿਤਾ ਵੀ ਪੇਸ਼ ਕੀਤੀ।

ਰੁਝਾਨ ਖਬਰਾਂ