3.7 C
Vancouver
Wednesday, March 11, 2026

ਵਪਾਰਕ ਸਮਝੌਤੇ ਅਤੇ ਟੈਰਿਫ ਦੇ ਮੁੱਦਿਆਂ ਵਿਚਾਲੇ ਮਾਰਕ ਵਾਈਜ਼ਮੈਨ ਨੇ ਅਮਰੀਕਾ ਵਿੱਚ ਸੰਭਾਲਿਆ ਕੈਨੇਡੀਅਨ ਡਿਪਲੋਮੈਂਟ ਦਾ ਅਹੁਦਾ

ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਅਤੇ ਅਮਰੀਕਾ ਦੇ ਬਦਲਦੇ ਰਾਜਨੀਤਿਕ ਹਾਲਾਤਾਂ ਦਰਮਿਆਨ ਇੱਕ ਵੱਡੀ ਕੂਟਨੀਤਕ ਖ਼ਬਰ ਸਾਹਮਣੇ ਆਈ ਹੈ। ਵਾਸ਼ਿੰਗਟਨ ਵਿੱਚ ਕੈਨੇਡਾ ਦੇ ਨਵੇਂ ਨਿਯੁਕਤ ਕੀਤੇ ਗਏ ਚੋਟੀ ਦੇ ਡਿਪਲੋਮੈਟ ਮਾਰਕ ਵਾਈਜ਼ਮੈਨ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਅਧਿਕਾਰਤ ਦਸਤਾਵੇਜ਼ ਸੌਂਪ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਵਿੱਚ ਕੈਨੇਡਾ ਦੇ ਨਵੇਂ ਰਾਜਦੂਤ ਵਜੋਂ ਆਪਣਾ ਅਹੁਦਾ ਰਸਮੀ ਤੌਰ ਉੱਤੇ ਸੰਭਾਲ ਲਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ ਅਜਿਹੇ ਨਾਜ਼ੁਕ ਸਮੇਂ ਵਿੱਚ ਹੋਈ ਹੈ ਜਦੋਂ ਦੋਵਾਂ ਗੁਆਂਢੀ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਵਿੱਚ ਕਾਫੀ ਉਤਰਾਅ ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਕੈਨੇਡਾ ਸਰਕਾਰ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ।
ਮਾਰਕ ਵਾਈਜ਼ਮੈਨ ਪੇਸ਼ੇ ਵਜੋਂ ਇੱਕ ਆਲਮੀ ਨਿਵੇਸ਼ ਬੈਂਕਰ ਅਤੇ ਪੈਨਸ਼ਨ ਫੰਡ ਮੈਨੇਜਰ ਰਹਿ ਚੁੱਕੇ ਹਨ। ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਪੁਰਾਣੇ ਅਤੇ ਕਰੀਬੀ ਦੋਸਤ ਮੰਨੇ ਜਾਂਦੇ ਹਨ। ਆਪਣੇ ਨਵੇਂ ਅਹੁਦੇ ਉੱਤੇ ਕੰਮ ਕਰਦਿਆਂ ਵਾਈਜ਼ਮੈਨ ਦੀ ਮੁੱਖ ਕੋਸ਼ਿਸ਼ ਕੈਨੇਡਾ ਨੂੰ ਟੈਰਿਫ ਦੀਆਂ ਮੁਸ਼ਕਲਾਂ ਵਿੱਚੋਂ ਬਾਹਰ ਕੱਢਣਾ ਅਤੇ ਆਰਥਿਕ ਸਥਿਰਤਾ ਲਿਆਉਣਾ ਹੋਵੇਗੀ। ਇਸ ਸਾਲ ਦੇ ਅਖੀਰ ਵਿੱਚ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦੇ ਵਪਾਰਕ ਸਮਝੌਤੇ, ਜਿਸਨੂੰ ਕੁਸਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਅਹਿਮ ਸਮੀਖਿਆ ਹੋਣ ਜਾ ਰਹੀ ਹੈ। ਇਸ ਸਮੀਖਿਆ ਤੋਂ ਪਹਿਲਾਂ ਵਾਈਜ਼ਮੈਨ ਦੀ ਭੂਮਿਕਾ ਕੈਨੇਡਾ ਦੇ ਵਪਾਰਕ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ। ਇੱਕ ਪ੍ਰੈੱਸ ਬਿਆਨ ਵਿੱਚ ਵਾਈਜ਼ਮੈਨ ਨੇ ਕਿਹਾ ਕਿ ਇਸ ਅਹੁਦੇ ਉੱਤੇ ਸੇਵਾ ਨਿਭਾਉਣਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦੀ ਭਾਈਵਾਲੀ ਦੋਵਾਂ ਦੇਸ਼ਾਂ ਦੀ ਸਾਂਝੀ ਖੁਸ਼ਹਾਲੀ, ਸੁਰੱਖਿਆ ਅਤੇ ਆਲਮੀ ਲੀਡਰਸ਼ਿਪ ਦਾ ਮੁੱਖ ਆਧਾਰ ਹੈ।
ਇਸ ਨਾਮਵਰ ਕਾਰੋਬਾਰੀ ਦੀ ਵਾਸ਼ਿੰਗਟਨ ਵਿੱਚ ਨਿਯੁਕਤੀ ਓਟਵਾ ਦੀ ਰਣਨੀਤੀ ਵਿੱਚ ਆਏ ਇੱਕ ਵੱਡੇ ਬਦਲਾਅ ਨੂੰ ਦਰਸਾਉਂਦੀ ਹੈ। ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਟੈਰਿਫ ਅਤੇ ਹੋਰ ਆਰਥਿਕ ਖਤਰਿਆਂ ਕਾਰਨ ਇਹ ਸਮਾਂ ਕੈਨੇਡਾ ਲਈ ਕਾਫੀ ਚੁਣੌਤੀਪੂਰਨ ਬਣਿਆ ਹੋਇਆ ਹੈ। ਟਰੰਪ ਸਰਕਾਰ ਦੀਆਂ ਬਦਲੀਆਂ ਹੋਈਆਂ ਤਰਜੀਹਾਂ ਨਾਲ ਨਜਿੱਠਣ ਲਈ ਕੈਨੇਡਾ ਨੇ ਹੁਣ ਰਵਾਇਤੀ ਸਿਆਸਤਦਾਨ ਦੀ ਥਾਂ ਇੱਕ ਕਾਰੋਬਾਰੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਓਟਵਾ ਦੀ ਕਾਰਲਟਨ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਮਾਮਲਿਆਂ ਦੇ ਪ੍ਰੋਫੈਸਰ ਅਤੇ ਕੈਨੇਡਾ ਅਮਰੀਕਾ ਸਬੰਧਾਂ ਬਾਰੇ ਮਾਹਰ ਸਮੂਹ ਦੇ ਕੋ-ਚੇਅਰਮੈਨ ਫੇਨ ਓਸਲਰ ਹੈਂਪਸਨ ਨੇ ਇਸ ਨਿਯੁਕਤੀ ਬਾਰੇ ਅਹਿਮ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਈਜ਼ਮੈਨ ਕੋਈ ਆਮ ਸਰਕਾਰੀ ਮੁਲਾਜ਼ਮ ਨਹੀਂ ਹਨ, ਸਗੋਂ ਉਹ ਇੱਕ ਬਹੁਤ ਹੀ ਸੁਲਝੇ ਹੋਏ ਕਾਰੋਬਾਰੀ ਅਤੇ ਵਧੀਆ ਡੀਲ ਮੇਕਰ ਹਨ। ਉਨ੍ਹਾਂ ਦੀ ਇਹ ਕਾਬਲੀਅਤ ਵਾਸ਼ਿੰਗਟਨ ਵਿੱਚ ਕੈਨੇਡਾ ਦਾ ਪੱਖ ਮਜ਼ਬੂਤੀ ਨਾਲ ਰੱਖਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ