ਸ਼੍ਰੀ ਮਤੀ ਸੁਰਿੰਦਰ ਪਾਲ ਕੌਰ, ਸੰਪਰਕ:-70097-15355
ਦੁਨੀਆਂ ਹਮੇਸ਼ਾ ਗੁਣੀ ਮਨੁੱਖਾਂ ਦੀ ਮਹਿਮਾ ਗਾਉਂਦੀ ਹੈ।ਜੋ ਲੋਕ ਪ੍ਰਤੀਕੂਲ ਹਾਲਾਤਾਂ ਤੋਂ ਪਾਰ ਜਾ ਕੇ ਗੁਣਾਂ ਨੂੰ ਖੋਜਦੇ, ਸਾਂਭਦੇ ਅਤੇ ਵੰਡਦੇ ਹਨ,ਉਹ ਸਮੁੱਚੇ ਵਿਸ਼ਵ ਭਰ ਵਿੱਚ ਸਤਿਕਾਰ ਦੇ ਪਾਤਰ ਬਣਦੇ ਹਨ।
ਉਸਤਾਦ ਰਾਗੀ ਜਸਵੰਤ ਸਿੰਘ ਤੀਬਰ (ਕੁਲਾਰ)ਜੀ ਦਾ ਜਨਮ ਮਿਤੀ 10 ਜੁਲਾਈ 1913 ਨੂੰ ਪਿੰਡ ਕੁਲਾਰ (ਲੁਧਿਆਣਾ) ਵਿਖੇ ਮਾਤਾ ਰਾਜ ਕੌਰ ਦੀ ਕੁੱਖੋਂ ਪਿਤਾ ਸ:ਕੇਹਰ ਸਿੰਘ ਜੀ ਦੇ ਘਰ ਹੋਇਆ। ਬਚਪਨ ਵਿੱਚ ਹੀ ਚੇਚਕ ਦੀ ਬਿਮਾਰੀ ਕਾਰਨ ਆਪ ਜੀ ਦੀਆਂ ਅੱਖਾਂ ਦੀ ਜੋਤ ਚਲੀ ਗਈ ਸੀ।
ਮੁੱਢਲੀ ਵਿੱਦਿਆ ਦੇ ਤੌਰ ਤੇ ਆਪ ਜੀ ਨੇ ਪਿੰਡ ਦੇ ਗ੍ਰੰਥੀ ਭਾਈ ਪੂਰਨ ਸਿੰਘ ਜੀ ਕੋਲ਼ੋਂ ਨਿੱਤਨੇਮ ਦੀਆਂ ਬਾਣੀਆਂ ਅਤੇ ਗੁਰਬਾਣੀ ਦੇ ਸ਼ਬਦਾਂ ਦੀ ਸਿੱਖਿਆ ਹਾਸਲ ਕੀਤੀ। ਗਿਆਰਾਂ ਸਾਲ ਦੀ ਉਮਰ ਵਿੱਚ ਰਾਗ ਵਿੱਦਿਆ ਦੀ ਪ੍ਰਸਿੱਧ ਟਕਸਾਲ ਦੌਧਰ ਵਿਖੇ ਸੰਗੀਤ ਵਿੱਦਿਆ ਹਾਸਲ ਕਰਨ ਲਈ ਦਾਖ਼ਲ ਹੋਏ।ਦੌਧਰ ਵਿਖੇ ਆਪ ਜੀ ਨੇ ਸੰਨ 1924 ਤੋਂ 1939 ਤੱਕ ਸੰਗੀਤ ਵਿੱਦਿਆ ਦਾ ਗਿਆਨ ਹਾਸਲ ਕੀਤਾ। ਇਸ ਉਪਰੰਤ ਆਪ ਪ੍ਰਸਿੱਧ ਉਸਤਾਦ ਪੰਡਤ ਨੱਥੂ ਰਾਮ ਜੀ ਕੋਲ਼ ਤਰਨਤਾਰਨ ਚਲੇ ਗਏ, ਜਿੱਥੇ ਰਾਗ ਵਿੱਦਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਆਪ ਨੇ ਚੱਕ ਨੰਬਰ ਵੀਹ ਮਿੰਟਗੁਮਰੀ (ਅੱਜਕੱਲ੍ਹ ਪਾਕਿਸਤਾਨ) ਵਿਖੇ ਰਾਗ ਵਿੱਦਿਆ ਦੇ ਮੰਨੇ- ਪ੍ਰਮੰਨੇ ਉਸਤਾਦ ਝੰਡੇ ਖ਼ਾਨ ਜੀ ਦੀ ਸ਼ਾਗਿਰਦ ਵਿੱਚ ਰਹਿਕੇ ਵਿੱਦਿਆ ਹਾਸਲ ਕੀਤੀ।
ਉਸਤਾਦ ਰਾਗੀ ਜਸਵੰਤ ਸਿੰਘ ਤੀਬਰ ਜੀ ਉਨ੍ਹਾਂ ਮਹਾਨ ਗੁਣਾਂ ਦੇ ਧਾਰਨੀ ਸਨ, ਜਿਹਨਾਂ ਸਦਕਾ ਆਪ ਜੀ ਦੀ ਸ਼ੋਭਾ ਇਲਾਕੇ ਵਿੱਚ ਹੀ ਨਹੀਂ, ਸਗੋਂ ਦੇਸ਼ਾਂ – ਵਿਦੇਸ਼ਾਂ ਵਿੱਚ ਸਭਨੀ ਥਾਂਈਂ ਹੁੰਦੀ ਹੈ ਅਤੇ ਹੁੰਦੀ ਰਹੇਗੀ।
ਮਨੁੱਖੀ ਫ਼ਿਤਰਤ ਹੈ ਕਿ ਉਹ ਬਹੁਤ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ, ਰਿਸ਼ਟ-ਪੁਸ਼ਟ, ਤੰਦਰੁਸਤ ਹੋਣ ਦੇ ਬਾਵਜੂਦ ਹਮੇਸ਼ਾ ਸ਼ਿਕਾਇਤਾਂ ਹੀ ਕਰਦਾ ਰਹਿੰਦਾ ਹੈ ਕਿ ਮੇਰੇ ਕੋਲ਼ ਆਹ – ਆਹ ਕਮੀਆਂ ਹਨ। ਪਰ ਉਸਤਾਦ ਜੀ ਦੇ ਜੀਵਨ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਆਪ ਜੀ ਨੇ ਅੱਖੀਆਂ ਦੀ ਜੋਤ ਤੋਂ ਵਿਹੂਣੇ ਹੋਣ ਦੇ ਬਾਵਜੂਦ ਸੰਗੀਤ ਦੇ ਖ਼ੇਤਰ ਵਿੱਚ ਜੋ ਲਾਮਿਸਾਲ ਕਾਰਜ ਕੀਤੇ ਹਨ, ਉਨ੍ਹਾਂ ਦਾ ਕੋਈ ਸਾਨੀ ਹੀ ਨਹੀਂ।
ਅਕਸਰ ਇਹ ਹੁੰਦਾ ਹੈ ਕਿ ਮਨੁੱਖ ਆਪਣੀ ਸਰੀਰਕ ਹੀਣਤਾ ਕਾਰਨ ਕੇਵਲ ਨਿੱਜੀ ਗੁਣਾਂ ਦਾ ਧਾਰਨੀ ਤਾਂ ਬਣ ਜਾਂਦਾ ਹੈ, ਪ੍ਰੰਤੂ ਦੂਜਿਆਂ ਖ਼ਾਤਰ ਉਹ ਕੁੱਝ ਨਹੀਂ ਕਰਦਾ । ਪ੍ਰੰਤੂ ਇਸ ਮਾਮਲੇ ਵਿੱਚ ਵੀ ਉਸਤਾਦ ਜੀ ਦੀ ਘਾਲਣਾ ਅੱਗੇ ਵਾਰ- ਵਾਰ ਸੀਸ ਝੁਕਦਾ ਹੈ ਕਿ ਆਪ ਸੰਗੀਤਕ ਗੁਣਾਂ ਨੂੰ ਹਾਸਲ ਕਰਕੇ ਸੰਗੀਤ ਦੀ ਇਸ ਖ਼ੁਸ਼ਬੋਈ ਨੂੰ ਚਾਰੇ ਪਾਸੇ ਵੰਡਿਆ ਅਤੇ ਫ਼ੈਲਾਇਆ। ਉਨ੍ਹਾਂ ਸਮਿਆਂ ਵਿੱਚ ਜਦੋਂ ਅਵਾਜਾਈ ਦੇ ਸਾਧਨ ਸੀਮਤ ਸਨ, ਉਸਤਾਦ ਜੀ ਐਡਾ ਮਹਾਨ ਕਾਰਜ ਕਰਦੇ ਰਹੇ, ਜਿਸ ਬਾਰੇ ਲਿਖਦਿਆਂ ਕਲਮ ਸ਼ਬਦਾਂ ਦੀ ਘਾਟ ਮਹਿਸੂਸ ਕਰਦੀ ਹੈ।
ਆਪ ਜੀ ਦੇ ਸ਼ਗਿਰਦ ਉਸਤਾਦ ਸੁਰਜੀਤ ਸਿੰਘ ਜੀ ਪੁਸਤਕ ਤਾਲ ਰਤਨ ਭਾਗ ਪਹਿਲਾ ਵਿੱਚ ਲਿਖਿਆ ਹੈ :- ‘ਸਤਿਕਾਰਯੋਗ ਮਾਨਨੀਏ ਪੰਥ ਰਤਨ ਮਹਾਨ ਸੰਗੀਤਵੇਤਾ ਉਸਤਾਦ ਜਸਵੰਤ ਸਿੰਘ ਤੀਬਰ ਜੀ ਸਾਹਿਬ ਦਾ ਮੈਂ ਬਹੁਤ ਰਿਣੀ ਹਾਂ, ਜਿਨ੍ਹਾਂ ਦੇ ਮੁਬਾਰਕ ਚਰਨਾਂ ਵਿੱਚ 1960 ਤੋਂ ਲੈ ਕੇ 65 ਤੱਕ ਤਕਰੀਬਨ ਪੰਜ ਕੁ ਸਾਲ ਮੈਨੂੰ ਸੰਗੀਤ ਸਿੱਖਣ ਦਾ ਸੁਭਾਗ ਪ੍ਰਾਪਤ ਹੋਇਆ। ਜਿੱਥੇ ਆਪ ਜੀ ਉੱਚ ਕੋਟੀ ਦੇ ਕੀਰਤਨੀਏ ਸਨ, ਉੱਥੇ ਉਸਤੋਂ ਕਿਤੇ ਵਧੀਕ ਵਿਦਿਆਰਥੀਆਂ ਨੂੰ ਸੰਗੀਤ ਸਿਖਾਉਣ ਦੀ ਯੋਗਤਾ ਵੀ ਰੱਖਦੇ ਸਨ । ਕਈ ਵਾਰ ਐਸਾ ਵੇਖਣ ਵਿੱਚ ਆਇਆ ਹੈ ਕਿ ਪੰਜਾਬ ਘਰਾਣੇ ਦੀਆਂ ਬਹੁਤ ਕਠਨ ਵਿਖੜੀਆਂ ਚੱਕਰਦਾਰ ਪਰਨਾ ਐਸੇ ਸੁਚੱਜੇ ਢੰਗ ਨਾਲ਼ ਵਜਾਉਂਦੇ ਅਤੇ ਸਿਖਾਉਂਦੇ ਸਨ ਜੋਕਿ ਅਣਜਾਣ ਮੋਟੀ ਮੱਤ ਵਾਲ਼ਾ ਵਿਦਿਆਰਥੀ ਵੀ ਸੁਖੈਨ ਹੀ ਸਮਝ ਜਾਂਦਾ ।
ਅਜਿਹੀਆਂ ਘਟਨਾਵਾਂ ਮੇਰੇ ਨਾਲ਼ ਕਈ ਵਾਰ ਵਾਪਰੀਆਂ ਆਪ ਜੀ ਪਾਸ ਪੰਜਾਬ ਘਰਾਣੇ ਦੀ ਪਖਾਵਜ ਦੀ ਬੇਸ਼ੁਮਾਰ ਸਮੱਗਰੀ ਸੀ । ਜਦ ਕਿਤੇ ਉਸਤਾਦ ਜੀ ਪ੍ਰਸੰਨਚਿੱਤ ਹੋ ਪਖਾਵਜ ਵਜਾਉਂਦੇ ਤਾਂ ਸਰੋਤੇ ਮੋਹਿਤ ਹੋ ਜਾਂਦੇ । ਕਈ ਵਾਰ ਤਾਂ ਕਲਾਸ ਵਿੱਚ ਪਖਾਵਜ ਸੁਣਨ ਦਾ ਅਜਿਹਾ ਰਸ ਬਣਦਾ ਕਿ ਦੇਸ਼ ਕਾਲ ਹੀ ਭੁੱਲ ਜਾਂਦਾ । ਅੱਧਾ – ਪੌਣਾ ਘੰਟਾ ਟਾਈਮ ਉੱਪਰ ਹੋ ਜਾਂਦਾ । ਉਸਤਾਦ ਜੀ ਨੇ ਪਖਾਵਜ ਤੋਂ ਬਿਨਾਂ ਕਲਕੱਤੇ ਦੇ ਸੁਪਰਸਿੱਧ ਉਸਤਾਦ ਸ਼ਾਮ ਗੰਗੋਲੀ ਪਾਸੋਂ ਸਿਤਾਰ ਵੀ ਸਿੱਖੀ । ਵਾਇਲਨ ਵਜਾਉਣ ਵਿੱਚ ਆਪ ਜੀ ਵਿਸ਼ੇਸ਼ ਮਹਾਰਤ ਰੱਖਦੇ ਸਨ । ਇਹਨਾਂ ਤੋਂ ਇਲਾਵਾ ਆਪ ਦੋ ਉਂਗਲਾਂ ਤਰਜਨੀ ਅਤੇ ਮੱਧਮਾ ਨਾਲ਼ ਬਹੁਤ ਖੂਬਸੂਰਤ ਦਿਲਰੁਬਾ ਵਜਾਉਂਦੇ ਸਨ ਜੋਕਿ ਉੱਚੇ ਉਸਤਾਦਾਂ ਦਾ ਕੰਮ ਹੈ । ਸਰੰਦਾ ਤਾਊਸ ਆਦਿ ਤੰਤੀ ਸਾਜ਼ਾਂ ਨੂੰ ਵਜਾਉਣ ਵਿੱਚ ਆਪ ਜੀ ਖ਼ਾਸ ਯੋਗਤਾ ਰੱਖਦੇ ਸਨ। ਕਲਕੱਤੇ ਨਿਵਾਸ ਦੌਰਾਨ ਆਪ ਜੀ ਦਾ ਸੰਪਰਕ ਫਰੂਖਾਵਾਦ ਘਰਾਣੇ ਦੇ ਵਿਦਵਾਨ ਉਸਤਾਦ ਕਰਾਮਤ ਉਲਾ ਨਾਲ਼ ਹੋਇਆ । ਜਦ ਕਿਤੇ ਦੋਵੇਂ ਉਸਤਾਦ ਇਕੱਠੇ ਹੁੰਦੇ ਤਾਂ ਪੰਜਾਬ ਅਤੇ ਫਰੂਖਾਬਾਦ ਘਰਾਣਿਆਂ ਦੀਆਂ ਵਿਸ਼ੇਸ਼ਤਾਵਾਂ ਸਬੰਧੀ ਵਿਚਾਰ ਚੱਲਦੀ । ਆਪ ਜੀ ਨੇ ਉਸਤਾਦ ਕਰਾਮਤ ਉਲਾ ਪਾਸੋਂ ਫਰੂਖਾਬਾਦ ਘਰਾਣੇ ਦੀ ਕੁੱਝ ਕੁ ਸਮੱਗਰੀ ਵੀ ਲਈ । ਉਸਤਾਦ ਤੀਬਰ ਜੀ ਧਰੁਪਦ, ਧਮਾਰ, ਬੜਾ ਖਿਆਲ, ਛੋਟਾ ਖਿਆਲ ਅਤੇ ਠੁਮਰੀ ਆਦਿਕ ਬਹੁਤ ਸੁੰਦਰ ਢੰਗ ਨਾਲ਼ ਗਾਉਂਦੇ ਸਨ । ਧਰੁਪਦ ਅਤੇ ਧਮਾਰ ਗਾਉਣ ਸਮੇਂ ਆੜ ਕੁਆੜ ਲੈਆਂ ਦਾ ਪ੍ਰਯੋਗ ਬਹੁਤ ਹੀ ਕੁਸ਼ਲਤਾ ਪੂਰਵਕ ਕਰਦੇ ਸਨ । ‘ ਚਰਨ ਕਮਲ ਸੰਗਿ ਲਾਗੀ ਡੋਰੀ ‘ ਇਹ ਸ਼ਬਦ ਠੁਮਰੀ ਅੰਗ ਵਿੱਚ ਮੁਰਕੀ ਆਦਿਕ ਦੀ ਵਰਤੋਂ ਕਰਦੇ ਹੋਏ ਬਹੁਤ ਖੂਬਸੂਰਤੀ ਨਾਲ਼ ਗਾਉਂਦੇ ਸਨ। ਬੰਦਸ਼ਾਂ ਬੰਨ੍ਹਣ ਵਿੱਚ ਆਪ ਜੀ ਨੂੰ ਅਦੁੱਤੀ ਕਮਾਲ ਹਾਸਿਲ ਸੀ । ਉਸਤਾਦ ਜੀ ਦੀਆਂ ਤਿਆਰ ਕੀਤੀਆਂ ਕੁੱਝ ਕੁ ਬੰਦਿਸ਼ਾਂ ਇਸ ਪ੍ਰਕਾਰ ਹਨ :
ੳ) ਨਾਮ ਜਪੋ ਮੇਰੇ ਸਾਜਨ ਸੈਨਾ, ਆਸਾ ਰਾਗ ਵਿੱਚ, ਤਾਲ ਜੈ ਮੰਗਲ
ਅ) ਆਪੇ ਮੇਲ ਲਏ, ਰਾਗ ਤਿਲੰਗ, ਮਤ ਤਾਲ
ੲ) ਜੀਵੋ ਨਾਮ ਸੁਣੀ, ਰਾਗ ਬੈਰਾਗੀ ਭੈਰਵ, ਮਤ ਤਾਲ
ਸ) ਅਗਮ ਅਨੰਤ ਅਨਾਦ ਆਦਿ ਜਿਸ ਕੋਇ ਨ ਜਾਣੈ, ਰਾਗ ਆਸਾਵਰੀ , ਤਿੰਨ ਤਾਲ
ਹ) ਆਸਾ ਰਾਗ ਕੈਦ ਫਰੋਦਸਤ ਵਿੱਚ ਭਿੰਨੀ ਰੈਨੜੀਏ ਚਮਕਣ ਤਾਰੇ ਅਤੇ ਹੋਰ ਕੀਰਤਨ ਦੀਆਂ ਕੀਰਤਨ ਢੰਗ ਦੀਆਂ ਦਾਦਰੇ, ਕਹਿਰਵੇ ਦੀਆਂ ਅਨੇਕਾਂ ਹੀ ਬੰਦਿਸ਼ਾਂ ਹਨ
ਜਦ ਆਪ ਗੁਰਦੁਆਰਾ ਨਾਨਕਸਰ(ਜਨਮ ਅਸਥਾਨ ਸੰਤ ਅਤਰ ਸਿੰਘ ਮਸਤੂਆਣਾ ਜੀ) ਪਿੰਡ ਚੀਮਾ ਵਿਖੇ ਸੰਗੀਤ ਵਿਦਿਆਲੇ ਵਿੱਚ ਬਤੌਰ ਉਸਤਾਦ ਸਨ ਤਾਂ ਸੰਤ ਤੇਜਾ ਸਿੰਘ ਜੀ ਮਹਾਰਾਜ ਕਹਿਣ ਲੱਗੇ ,” ਭਾਈ ਜਸਵੰਤ ਸਿੰਘ ਜੀ ਅਸੀਂ ਇਸ਼ਤਿਆਰ ਲਿਖਣਾ ਹੈ , ਆਪ ਜੀ ਤੋਂ ਪਹਿਲੇ ਉਸਤਾਦ ਭਾਈ ਦਰਸ਼ਨ ਸਿੰਘ ਜੀ ਦਾ ਤਖੱਲਸਤ ਤਾਂ ਕੋਮਲ ਸੀ। ਹੁਣ ਤੁਹਾਡਾ ਤਖੱਲਸ ਕੀ ਲਿਖੀਏ ? “ ਸੰਤ ਜੀ ਪਾਸੋਂ ਸੁਣਕੇ ਆਪਜੀ ਕੁੱਝ ਕੁ ਹੱਸ ਕੇ ਕਹਿਣ ਲੱਗੇ, “ ਜੇ ਭਾਈ ਦਰਸ਼ਨ ਸਿੰਘ ਜੀ ਕੋਮਲ ਸਨ ਤਾਂ ਫਿਰ ਮੈਂ ਤੀਬਰ ਹਾਂ । “ ਬਸ ਇਥੋਂ ਹੀ ਆਪਜੀ ਦਾ ਲਕਬ ਤੀਬਰ ਪ੍ਰਸਿੱਧ ਹੋ ਗਿਆ । ਆਪ ਜੀ ਨੇ ਅੱਠ ਸਾਲ ਦੀ ਅਲਪ ਉਮਰ ਵਿੱਚ ਹੀ ਦੌਧਰ ਜਾ ਕੇ ਰਾਗੀ ਭਾਈ ਜੈਮਲ ਸਿੰਘ ਜੀ ਪਾਸੋਂ ਸਿੱਖਣਾ ਸ਼ੁਰੂ ਕੀਤਾ ਇੱਥੇ ਹੀ ਰਾਗੀ ਭਾਈ ਕਰਤਾ ਸਿੰਘ ਅਤੇ ਭਾਈ ਲਾਲ ਸਿੰਘ ਡਾਂਗੀਆ ਨਾਲ਼ ਮਿਲਕੇ ਪਖਾਵਜ ਦਾ ਖੂਬ ਅਭਿਆਸ ਕੀਤਾ। ਉਪਰੰਤ ਸੰਗੀਤ ਸ਼ਾਸਤਰ ਦਾ ਅਧਿਐਨ ਕਰਨ ਲਈ ਆਪ ਜੀ ਲਛਮਣ ਸਿੰਘ ਗੰਧਰਬ ਪਾਸ ਲੁਧਿਆਣੇ ਆ ਗਏ । ਇੱਥੇ ਹਿੰਦੁਸਤਾਨੀ ਸੰਗੀਤ ਪੱਧਤੀ ਅਤੇ ਕਰਨਾਟਕ ਸੰਗੀਤ ਪੱਧਤੀ ਦੇ ਗ੍ਰੰਥਾਂ ਦਾ ਖ਼ੂਬ ਅਧਿਐਨ ਕੀਤਾ । ਫਿਰ ਉਸਤਾਦ ਜੀ ਤੀਬਰ ਆਪਣੀ ਕਲਾ ਵਿੱਚ ਵਾਧਾ ਕਰਨ ਵਾਸਤੇ ਆਗਰਾ ਘਰਾਣੇ ਦੇ ਪ੍ਰਸਿੱਧ ਗਾਇਕ ਉਸਤਾਦ ਫ਼ਿਆਜ਼ ਖਾਂ ਦੇ ਸੰਪਰਕ ਵਿੱਚ ਆਏ । ਉਪਰੰਤ ਪੰਡਿਤ ਨੱਥੂ ਰਾਮ ਪਾਸ ਤਰਨ ਤਾਰਨ ਠਹਿਰਕੇ ਧਰੁਪਦ ਧਮਾਰ ਦੀਆਂ ਪੁਰਾਤਨ ਬੰਦਸ਼ਾਂ ਸਿੱਖੀਆਂ । ਆਪਜੀ ਦੇ ਮਨ ਵਿੱਚ ਜਿੱਥੇ ਸੰਗੀਤ ਸਿੱਖਣ ਦੀ ਤਮੰਨਾ ਸੀ, ਉਥੇ ਕਲਾ ਸਿਖਾਉਣ ਦੀ ਵੀ ਲਾਲਸਾ ਬਹੁਤ ਰਹਿੰਦੀ ਸੀ। ਇਸ ਇੱਛਾ ਨੂੰ ਪੂਰੀ ਕਰਨ ਵਾਸਤੇ ਤੀਬਰ ਜੀ ਨੇ ਸਭ ਤੋਂ ਪਹਿਲਾਂ ਬਰਨਾਲੇ ਇੱਕ ਚੁਬਾਰਾ ਕਰਾਏ ਤੇ ਲੈ ਕੇ ਸੰਗੀਤ ਸਿਖਾਉਣਾ ਸ਼ੁਰੂ ਕੀਤਾ । ਉਪਰੰਤ ਬੇਅੰਤ ਸੰਗੀਤ ਵਿਦਿਆਲਿਆਂ ਵਿੱਚ ਰਹਿ ਕੇ ਸੰਗੀਤ ਕਲਾ ਨੂੰ ਪ੍ਰਫੁੱਲਿਤ ਕੀਤਾ ਆਪ ਜੀ ਦੇ ਹਜ਼ਾਰਾਂ ਸ਼ਗਿਰਦ ਕੀਰਤਨੀਆਂ ਦੇ ਰੂਪ ਵਿੱਚ ਕੌਮ ਨੂੰ ਦੇਣ ਹੈ। ਇਸ ਤਰ੍ਹਾਂ ਸ੍ਰੀ ਤੀਬਰ ਜੀ ਸੰਗੀਤ ਸਿੱਖਣ ਸਿਖਾਉਣ ਦੀ ਤੀਬਰ ਤਮੰਨਾ ਲੈ ਕੇ ਅਦ੍ਰਿਸ਼ਟ ਲੋਕ ਨੂੰ ਤੁਰ ਗਏ । ‘
ਆਪ ਜੀ ਦੁਆਰਾ ਸੰਗੀਤ ਦੇ ਲੜ ਲਾਏ ਗਏ ਆਪ ਜੀ ਦੇ ਸ਼ਿਸ਼/ਵਿਦਿਆਰਥੀ ਅੱਜ ਪੂਰੇ ਵਿਸ਼ਵ ਵਿੱਚ ਸੰਗੀਤ ਦਾ ਰਸ ਫੈਲਾ ਰਹੇ ਹਨ। ਆਪ ਆਰਥਕ ਮਜਬੂਰੀਆਂ, ਜੋਤ ਵਿਹੂਣੇ ਨੇਤਰਾਂ ਅਤੇ ਆਵਾਜਾਈ ਦੇ ਸਾਧਨਾਂ ਦੀ ਕਮੀਂ ਆਦਿ ਵਰਗੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਨਾ ਕੇਵਲ ਪੰਜਾਬ, ਭਾਰਤ ਵਿੱਚ ਸਗੋਂ ਵਿਦੇਸ਼ਾਂ ਦੀ ਧਰਤੀ ਤੇ ਵੀ ਸੰਗੀਤ ਸਾਗਰ ਦੀਆਂ ਫ਼ੁਹਾਰਾਂ ਛਿੜਕਦੇ ਰਹੇ।
ਆਪ ਜੀ ਦੇ ਵਿਦਿਆਰਥੀ ਦੱਸਦੇ ਹਨ ਕਿ ਉਸਤਾਦ ਜੀ ਸੰਗੀਤ ਦੀ ਜਮਾਤ ਦੇ ਦੌਰਾਨ ਵਿਦਿਆਰਥੀਆਂ ਅੰਦਰ ਸੰਪੂਰਨ ਅਨੁਸ਼ਾਸਨ ਕਾਇਮ ਰੱਖਦਿਆਂ ਉਨ੍ਹਾਂ ਨੂੰ ਨਵੀਆਂ ਤੋਂ ਨਵੀਆਂ ਸੰਗੀਤਕ ਤਾਨਾਂ ਦਾ ਗਿਆਨ ਕਰਵਾਉਂਦੇ ਅਤੇ ਵਿਦਿਆਰਥੀਆਂ ਨਾਲ਼ ਆਪਣੀ ਸੰਤਾਨ ਵਰਗਾ ਲਗਾਓ ਰੱਖਦੇ ਸਨ।
ਆਪ ਜੀ ਨੇ ਮਿੰਟਗੁਮਰੀ, ਮਾਨਪੁਰ ਖੰਟ, ਪਟਿਆਲਾ, ਚੂਹੜਕਾਣਾ, ਹੇਰਾਂ, ਪਿੰਡ ਦੁਲਏ(ਲੁਧਿਆਣਾ), ਸਮਰਾਲਾ, ਕਲਕੱਤਾ, ਮਸਤੂਆਣਾ ਸਾਹਿਬ ,ਸੰਗਰੂਰ, ਬੋਪਾਰਾਏ, ਮੁੱਲਾਂਪੁਰ ,ਚੌਂਕ ਮਹਿਤਾ ਅਤੇ ਸਿੰਘਾ ਪੁਰ ਵਿਖੇ ਅਣਗਿਣਤ ਵਿਦਿਆਰਥੀਆਂ ਨੂੰ ਸੰਗੀਤਕ ਦਾਤਾਂ ਬਖਸ਼ੀਆਂ।
ਆਪ ਜੀ ਹਰਮੋਨੀਅਮ ਦੇ ਇਲਾਵਾ ਤਬਲਾ, ਸਰੰਦਾ, ਤਾਊਸ, ਜਲ ਤਰੰਗ ਅਤੇ ਹੋਰ ਅਨੇਕਾਂ ਸਾਜ਼ਾਂ ਦੇ ਗਿਆਤਾ ਸਨ।
ਉਸਤਾਦ ਜੀ ਜਿੱਥੇ ਸੰਗੀਤਕ ਗੁਣਾਂ ਦੇ ਖ਼ਜ਼ਾਨੇ ਸਨ ਓਥੇ ਉੱਚ ਇਖ਼ਲਾਕੀ ਗੁਣਾਂ ਨਾਲ਼ ਵੀ ਸਰਸ਼ਾਰ ਸਨ। ਆਪ ਜੀ ਨੇ ਜਿਥੇ ਅਣਗਿਣਤ ਸ਼ਾਗਿਰਦਾਂ ਨੂੰ ਰਾਗ ਵਿੱਦਿਆ ਪ੍ਰਦਾਨ ਕੀਤੀ ਉੱਥੇ ਕਦੇ ਵੀ ਕਿਸੇ ਤੋਂ ਨਾ ਤਾਂ ਕੋਈ ਫ਼ੀਸ ਮੰਗੀ ਅਤੇ ਨਾ ਹੀ ਕਦੇ ਮਾਇਆ ਦੀ ਝਾਕ ਰੱਖੀ। ਜੋ ਸ਼ਰਧਾ ਅਨੁਸਾਰ ਦੇ ਜਾਂਦਾ ਉਹ ਸਵੀਕਾਰ ਕਰ ਲੈਂਦੇ। ਅਜਿਹੀ ਦਰਿਆਦਿਲੀ ਪਰਮਾਤਮਾ ਆਪਣੇ ਪਿਆਰਿਆਂ ਅੰਦਰ ਹੀ ਬਿਰਾਜਮਾਨ ਕਰਦਾ ਹੈ। ਜਦਕਿ ਆਮ ਸੰਸਾਰਕ ਪ੍ਰਾਣੀ ਨਿੱਕੀ ਤੋਂ ਨਿੱਕੀ ਵਿੱਦਿਆ ਦੇਣ ਤੋਂ ਪਹਿਲਾਂ ਹੀ ਫ਼ੀਸ ਦੀ ਸ਼ਰਤ ਤੈਅ ਕਰ ਲੈਂਦੇ ਹਨ। ਪ੍ਰੰਤੂ ਉਸ ਮਹਾਨ ਸ਼ਖ਼ਸੀਅਤ ਨੇ ਆਪਣੇ ਪਿਆਰੇ ਵਿਦਿਆਰਥੀਆਂ / ਸ਼ਾਗਿਰਦਾਂ ਨੂੰ ਦਿਲ ਖੋਲ੍ਹਕੇ ਸੰਗੀਤ ਦੇ ਅਨਮੋਲ ਖ਼ਜ਼ਾਨੇ ਬਖ਼ਸ਼ੇ।
ਆਪ ਜੀ ਦੇ ਵਿਦਿਆਰਥੀਆਂ ਤੋਂ ਪਤਾ ਲੱਗਦਾ ਹੈ ਕਿ ਉਸਤਾਦ ਜੀ ਨੇ ਰੇਲ ਗੱਡੀਆਂ ਬੱਸਾਂ ਵਿੱਚ ਗਾ ਗਾ ਕੇ ਮੰਗਣ ਵਾਲ਼ਿਆਂ ਨੂੰ ਸੰਗੀਤ ਦੀ ਵਿਦਿਆ ਦਿੱਤੀ ਅਤੇ ਗੁਰਮਤਿ ਸੰਗੀਤ ਦੇ ਵਿਦਵਾਨ ਬਣਾ ਦਿੱਤੇ। ਆਪਜੀ ਦੇ ਕਈ ਸ਼ਾਗਿਰਦ ਅਜਿਹੇ ਵੀ ਦੱਸੇ ਜਾਂਦੇ ਹਨ ,ਜਿਨ੍ਹਾਂ ਨੂੰ ਸੰਗੀਤ ਦੀ ਦਾਤ ਬਖਸ਼ਣ ਦੇ ਨਾਲ਼- ਨਾਲ਼ ਉਨ੍ਹਾਂ ਦਾ ਸਾਰਾ ਖਰਚਾ ਵੀ ਉਸਤਾਦ ਜੀ ਆਪਣੇ ਕੋਲੋਂ ਕਰਦੇ ਰਹੇ। ਸਰਦਾਰ ਅਜਮੇਰ ਸਿੰਘ (ਐਮ. ਏ.) ਦੇ ਸ਼ਬਦਾਂ ਵਿੱਚ ,”ਕਈ ਮੰਗਤਿਆਂ ਨੂੰ ਮੰਗਣੋਂ ਹਟਾ ਕੇ, ਉਨ੍ਹਾਂ ਨੂੰ ਰਾਗ ਦੀ ਚੰਗੀ ਸਿਖਲਾਈ ਦੇ ਕੇ, ਰੁਜ਼ਗਾਰ ਕਮਾਉਣ ਦੇ ਲਾਇਕ ਬਣਾਇਆ। ਆਪ ਨੇਤਰਹੀਣਾਂ ਦੀ ਮੱਦਦ ਕਰਨੀ ਜ਼ਰੂਰੀ ਸਮਝਦੇ ਸਨ।”
ਉਸਤਾਦ ਰਾਗੀ ਜਸਵੰਤ ਸਿੰਘ ਤੀਬਰ (ਕੁਲਾਰ) ਜੀ ਦਾ ਸਮੁੱਚਾ ਜੀਵਨ ਜਿੱਥੇ ਗੁਰਮਤਿ ਸੰਗੀਤ ਅਭਿਆਸ ਅਤੇ ਸੰਗੀਤ ਦਾਨੀ ਦੇ ਤੌਰ ਤੇ ਸੇਵਾ ਪ੍ਰਤੀ ਸਮਰਪਤ ਸੀ , ਉੱਥੇ ਆਪਜੀ ਨੇ ਗੁਰੂ ਸਾਹਿਬਾਨ ਦੇ ਬਚਨਾਂ ਤੇ ਖਰੇ ਉਤਰਦਿਆਂ ਗ੍ਰਹਿਸਥੀ ਜੀਵਨ ਨੂੰ ਵੀ ਬਾਖੂਬੀ ਨਿਭਾਇਆ । ਆਪ ਜੀ ਨੇ ਦੋ ਸਪੁੱਤਰਾਂ ਅਤੇ ਦੋਵਾਂ ਪੁੱਤਰੀਆਂ ਨੂੰ ਸੰਸਾਰਿਕ ਵਿੱਦਿਆ ਪ੍ਰਾਪਤ ਕਰਵਾਕੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸਫ਼ਲਤਾ ਨਾਲ਼ ਨੇਪਰੇ ਚੜ੍ਹਾਇਆ। ਉਸਤਾਦ ਜੀ ਦੁਆਰਾ ਪਾਏ ਪੂਰਨਿਆ ਤੇ ਚਲਦਿਆਂ ਆਪਜੀ ਦੇ ਬੱਚੇ ਉਨ੍ਹਾਂ ਦਾ ਨਾਮ ਦੇਸ਼ਾਂ-ਵਿਦੇਸ਼ਾਂ ਵਿੱਚ ਰੌਸ਼ਨ ਕਰ ਰਹੇ ਹਨ। ਆਪ ਜੀ ਦੇ ਸਪੁੱਤਰ ਸਰਦਾਰ ਹਰਕੀਰਤ ਸਿੰਘ ਜੀ ਸਰੀ (ਕਨੇਡਾ) ਵਿਖੇ ਪੰਜਾਬੀ ਦੇ ਪ੍ਰਸਿੱਧ ਅਖ਼ਬਾਰ “ਪੰਜਾਬ ਗਾਰਡੀਅਨ” ਦੇ ਮੁੱਖ ਸੰਪਾਦਕ ਹੋਣ ਦੇ ਨਾਲ਼ – ਨਾਲ਼ , ਪਿਤਾ ਪੁਰਖੀ ਸੰਗੀਤਕ ਖ਼ਜ਼ਾਨੇ ਨੂੰ ਵੰਡ ਰਹੇ ਹਨ।
ਜਿਨ੍ਹਾਂ ਵਿਦਿਆਰਥੀਆਂ ਨੂੰ ਆਪ ਜੀ ਨੇ ਕਦੇ ਉਂਗਲੀ ਫੜਕੇ ਸੰਗੀਤ ਦੇ ਸਮੁੰਦਰ ਵੱਲ ਤੋਰਿਆ ਸੀ, ਉਹ ਹੁਣ ਉਸਤਾਦ ਬਣਕੇ ਦੁਨੀਆਂ ਭਰ ਵਿੱਚ ਗੁਰਮਤਿ ਸੰਗੀਤ ਵੰਡ ਰਹੇ ਹਨ।
ਮਿਤੀ 13, 14 ਅਤੇ 15 ਮਾਰਚ 2026 ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਉਸਤਾਦ ਰਾਗੀ ਜਸਵੰਤ ਸਿੰਘ ਤੀਬਰ ਜੀ ਦਾ ਨਾਂ ਰੌਸ਼ਨ ਕਰ ਰਹੇ ਉਨ੍ਹਾਂ ਦੇ ਵਿਦਿਆਰਥੀ ਆਪ ਜੀ ਦੀ 40ਵੀਂ ਯਾਦ ਮਨਾ ਰਹੇ ਹਨ।ਇਹ ਸਮਾਗਮ ਆਪ ਜੀ ਦੇ ਜੱਦੀ ਪਿੰਡ ਕੁਲਾਰ (ਲੁਧਿਆਣਾ) ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ਼ ਮਨਾਇਆ ਜਾ ਰਿਹਾ ਹੈ।
ਮਹਾਨ ਸੰਗੀਤ ਉਸਤਾਦਰਾਗੀ ਜਸਵੰਤ ਸਿੰਘ ਤੀਬਰ ਜੀ

