3.7 C
Vancouver
Wednesday, March 11, 2026

ਟੰਬਲਰ ਰਿੱਜ ਗੋਲੀਬਾਰੀ ਤੋਂ ਬਾਅਦ ਵਿਦਿਆਰਥੀਆਂ ਦੀ ਸਹੂਲਤ ਲਈ ਆਰਜ਼ੀ ਕਲਾਸਾਂ ਦਾ ਪ੍ਰਬੰਧ

ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿੱਜ ਕਸਬੇ ਵਿੱਚ ਵਾਪਰੀ ਦਰਦਨਾਕ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਵਿਦਿਆਰਥੀਆਂ ਅਤੇ ਸਟਾਫ਼ ਦੀ ਸਹੂਲਤ ਲਈ ਆਰਜ਼ੀ ਪੋਰਟੇਬਲ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਟੰਬਲਰ ਰਿੱਜ ਸੈਕੰਡਰੀ ਸਕੂਲ ਵਿੱਚ ਹੋਈ ਇਸ ਭਿਆਨਕ ਘਟਨਾ ਵਿੱਚ ਹਮਲਾਵਰ ਸਮੇਤ ਅੱਠ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਦੁਖਾਂਤ ਤੋਂ ਬਾਅਦ ਪੀਸ ਰਿਵਰ ਸਾਊਥ ਸਕੂਲ ਡਿਸਟ੍ਰਿਕਟ ਨੇ ਐਲਾਨ ਕੀਤਾ ਸੀ ਕਿ ਵਿਦਿਆਰਥੀਆਂ ਨੂੰ ਉਸੇ ਇਮਾਰਤ ਵਿੱਚ ਵਾਪਸ ਨਹੀਂ ਭੇਜਿਆ ਜਾਵੇਗਾ ਜਿੱਥੇ ਇਹ ਘਟਨਾ ਵਾਪਰੀ ਸੀ। ਇਸੇ ਕੜੀ ਤਹਿਤ ਹੁਣ ਟੰਬਲਰ ਰਿੱਜ ਐਲੀਮੈਂਟਰੀ ਸਕੂਲ ਦੇ ਮੈਦਾਨ ਵਿੱਚ ਆਰਜ਼ੀ ਕਲਾਸਾਂ ਅਤੇ ਬਾਥਰੂਮ ਟ੍ਰੇਲਰ ਪਹੁੰਚਣੇ ਸ਼ੁਰੂ ਹੋ ਗਏ ਹਨ।
ਬੀਸੀ ਦੀ ਬੁਨਿਆਦੀ ਢਾਂਚਾ ਮੰਤਰੀ ਬੋਵਿਨ ਮਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਰਕਾਰ ਇਹ ਸਮਝਦੀ ਹੈ ਕਿ ਲੋਕਾਂ ਨੂੰ ਆਪਣੇ ਭਾਈਚਾਰਕ ਸਥਾਨਾਂ ਵਿੱਚ ਦੁਬਾਰਾ ਸੁਰੱਖਿਅਤ ਮਹਿਸੂਸ ਕਰਨ ਲਈ ਸਮਾਂ ਲੱਗੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਵਿਦਿਆਰਥੀ, ਸਟਾਫ਼ ਮੈਂਬਰ ਜਾਂ ਪਰਿਵਾਰ ‘ਤੇ ਸਕੂਲ ਪਰਤਣ ਲਈ ਕੋਈ ਦਬਾਅ ਨਹੀਂ ਪਾਇਆ ਜਾਵੇਗਾ। ਜਦੋਂ ਉਹ ਮਾਨਸਿਕ ਤੌਰ ‘ਤੇ ਤਿਆਰ ਹੋਣਗੇ, ਸਿਰਫ਼ ਉਦੋਂ ਹੀ ਉਹ ਇਨ੍ਹਾਂ ਆਰਜ਼ੀ ਥਾਵਾਂ ‘ਤੇ ਆਪਣੀ ਪੜ੍ਹਾਈ ਅਤੇ ਕੰਮ ਮੁੜ ਸ਼ੁਰੂ ਕਰ ਸਕਦੇ ਹਨ। ਇਹ ਨਵਾਂ ਪ੍ਰਬੰਧ ਉਨ੍ਹਾਂ ਲੋਕਾਂ ਲਈ ਇੱਕ ਸੁਰੱਖਿਅਤ ਮਾਹੌਲ ਪ੍ਰਦਾਨ ਕਰੇਗਾ ਜੋ ਆਪਣੇ ਸਾਥੀਆਂ ਅਤੇ ਅਧਿਆਪਕਾਂ ਨਾਲ ਦੁਬਾਰਾ ਜੁੜਨਾ ਚਾਹੁੰਦੇ ਹਨ।
ਸਿੱਖਿਆ ਮੰਤਰਾਲੇ ਅਨੁਸਾਰ ਆਉਣ ਵਾਲੇ ਦਿਨਾਂ ਦੌਰਾਨ ਇਨ੍ਹਾਂ ਪੋਰਟੇਬਲ ਕਲਾਸਰੂਮਾਂ ਵਿੱਚ ਬਿਜਲੀ, ਪਾਣੀ, ਹੀਟਿੰਗ ਅਤੇ ਫਰਨੀਚਰ ਦਾ ਪੂਰਾ ਇੰਤਜ਼ਾਮ ਕੀਤਾ ਜਾਵੇਗਾ। ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਅਤੇ ਸਟਾਫ਼ ਲਈ ਇੱਕ ਪੱਕੀ ਯੋਜਨਾ ਤਿਆਰ ਕਰਨ ‘ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਔਖੀ ਘੜੀ ਵਿੱਚੋਂ ਕੱਢਣ ਲਈ ਮਾਹਿਰ ਕੌਂਸਲਰਾਂ ਦੀ ਟੀਮ ਵੀ ਲਗਾਤਾਰ ਸਟਾਫ਼ ਅਤੇ ਵਿਦਿਆਰਥੀਆਂ ਦੀ ਮਦਦ ਕਰ ਰਹੀ ਹੈ। ਜਦੋਂ ਕਲਾਸਾਂ ਦੁਬਾਰਾ ਸ਼ੁਰੂ ਹੋਣਗੀਆਂ ਤਾਂ ਉਸ ਸਮੇਂ ਵੀ ਇਹ ਕੌਂਸਲਰ ਮਾਨਸਿਕ ਸਹਾਇਤਾ ਲਈ ਮੌਜੂਦ ਰਹਿਣਗੇ।
ਜ਼ਿਕਰਯੋਗ ਹੈ ਕਿ 10 ਫ਼ਰਵਰੀ ਨੂੰ ਇੱਕ 18 ਸਾਲਾ ਨੌਜਵਾਨ ਨੇ ਇਸ ਛੋਟੇ ਜਿਹੇ ਭਾਈਚਾਰੇ ਵਿੱਚ ਅੱਠ ਲੋਕਾਂ ਦੀ ਜਾਨ ਲੈ ਲਈ ਸੀ। ਇਸ ਹਮਲੇ ਵਿੱਚ ਸਕੂਲ ਅੰਦਰ ਛੇ ਜਣੇ ਮਾਰੇ ਗਏ ਸਨ, ਜਦਕਿ ਦੋ ਹੋਰ ਮੌਤਾਂ ਹਮਲਾਵਰ ਦੇ ਘਰ ਵਿੱਚ ਹੋਈਆਂ ਸਨ। ਪੁਲਿਸ ਮੁਤਾਬਕ ਹਮਲਾਵਰ ਜੈਸੀ ਵੈਨਰੂਟਸੇਲਾਰ ਦੀ ਵੀ ਇਸ ਘਟਨਾ ਵਿੱਚ ਮੌਤ ਹੋ ਗਈ ਸੀ। ਸਰਕਾਰ ਅਤੇ ਪ੍ਰਸ਼ਾਸਨ ਦਾ ਪੂਰਾ ਜ਼ੋਰ ਹੁਣ ਬੱਚਿਆਂ ਨੂੰ ਸੁਰੱਖਿਅਤ ਅਤੇ ਡਰ ਮੁਕਤ ਮਾਹੌਲ ਦੇਣ ‘ਤੇ ਲੱਗਾ ਹੋਇਆ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ