3.7 C
Vancouver
Wednesday, March 11, 2026

ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਬੀ.ਸੀ. ਸਰਕਾਰ ਨੇ ਐਲਾਨੇ ਐਕਸਟੋਰਸ਼ਨ ਐਡਵਾਈਜ਼ਰੀ ਗਰੁੱਪ ਦੇ ਮੈਂਬਰ

ਕਮਿਊਨਿਟੀ ਅਤੇ ਪੁਲਿਸ ਵਿਚਾਲੇ ਪੁਲ ਦਾ ਕੰਮ ਕਰੇਗੀ ਨਵੀਂ ਕਮੇਟੀ
ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ, ਖਾਸ ਕਰਕੇ ਸਰੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ, ਪਿਛਲੇ ਕੁਝ ਸਮੇਂ ਤੋਂ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਜਬਰਨ ਵਸੂਲੀ ਅਤੇ ਧਮਕੀਆਂ ਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਇਸ ਗੰਭੀਰ ਸੰਕਟ ਨਾਲ ਨਜਿੱਠਣ ਅਤੇ ਪੁਲਿਸ ਪ੍ਰਸ਼ਾਸਨ ‘ਤੇ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਕਰਨ ਲਈ ਸੂਬਾ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਬੀ.ਸੀ. ਸਰਕਾਰ ਵੱਲੋਂ ਇੱਕ ਨਵੇਂ ਛੇ ਮੈਂਬਰੀ ‘ਕਮਿਊਨਿਟੀ ਐਡਵਾਈਜ਼ਰੀ ਗਰੁੱਪ’ ਦਾ ਗਠਨ ਕੀਤਾ ਗਿਆ ਹੈ। ਇਹ ਗਰੁੱਪ ਸਿੱਧੇ ਤੌਰ ‘ਤੇ ‘ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ’ ਨਾਲ ਮਿਲ ਕੇ ਕੰਮ ਕਰੇਗਾ। ਇਸ ਵਿੱਚ ਉੱਘੇ ਸਾਬਕਾ ਪੁਲਿਸ ਅਧਿਕਾਰੀ, ਸਿਆਸਤਦਾਨ ਅਤੇ ਭਾਈਚਾਰਕ ਆਗੂ ਸ਼ਾਮਲ ਕੀਤੇ ਗਏ ਹਨ ਤਾਂ ਜੋ ਕਮਿਊਨਿਟੀ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਪੈਦਾ ਹੋਏ ਪਾੜੇ ਨੂੰ ਭਰਿਆ ਜਾ ਸਕੇ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪ੍ਰੀਮੀਅਰ ਡੇਵਿਡ ਈਬੀ ਨੇ ਖੁਦ ਵੀ ਇਸ ਗੱਲ ਦੀ ਆਲੋਚਨਾ ਕੀਤੀ ਸੀ ਕਿ ਪੁਲਿਸ ਵੱਲੋਂ ਭਾਈਚਾਰੇ ਨਾਲ ਢੁਕਵਾਂ ਸੰਚਾਰ ਨਹੀਂ ਕੀਤਾ ਜਾ ਰਿਹਾ।
ਸੂਬਾ ਸਰਕਾਰ ਨੇ ਬੁੱਧਵਾਰ, 18 ਫਰਵਰੀ ਨੂੰ ਇਸ ਨਵੇਂ ਸਲਾਹਕਾਰ ਗਰੁੱਪ ਦੇ ਮੈਂਬਰਾਂ ਦੀ ਅਧਿਕਾਰਤ ਸੂਚੀ ਜਾਰੀ ਕਰ ਦਿੱਤੀ ਹੈ। ਇਸ ਗਰੁੱਪ ਦੀ ਅਗਵਾਈ ਕਰਨ ਲਈ ਚੇਅਰਮੈਨ ਵਜੋਂ ਪਾਲ ਡਡਵਾਲ ਦੇ ਨਾਮ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ। ਬਾਕੀ ਪੰਜ ਮੈਂਬਰਾਂ ਵਿੱਚ ਭਾਈਚਾਰੇ ਦੇ ਜਾਣੇ-ਪਛਾਣੇ ਚਿਹਰੇ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਆਰ.ਸੀ.ਐਮ.ਪੀ. ਦੇ ਅਨੁਭਵੀ ਅਧਿਕਾਰੀ ਬਲਤੇਜ ਢਿੱਲੋਂ, ਸਾਬਕਾ ਜਨਤਕ ਸੁਰੱਖਿਆ ਮੰਤਰੀ ਅਤੇ ਸਰੀ-ਗਿਲਡਫੋਰਡ ਤੋਂ ਮੌਜੂਦਾ ਐਨ.ਡੀ.ਪੀ. ਵਿਧਾਇਕ ਗੈਰੀ ਬੈੱਗ, ਸਾਬਕਾ ਅਟਾਰਨੀ ਜਨਰਲ ਅਤੇ ਸੇਵਾਮੁਕਤ ਜੱਜ ਵਾਲੀ ਓਪਲ, ‘ਐਂਡਿੰਗ ਵਾਇਲੈਂਸ ਐਸੋਸੀਏਸ਼ਨ ਆਫ਼ ਬੀ.ਸੀ.’ ਦੀ ਕਾਰਜਕਾਰੀ ਨਿਰਦੇਸ਼ਕ ਨੀਨੂੰ ਕੰਗ, ਅਤੇ ਸਰੀ ਦੇ ਉੱਘੇ ਕਾਰੋਬਾਰੀ ਹਰਪ ਖੇਲਾ ਦੇ ਨਾਮ ਸ਼ਾਮਲ ਹਨ। ਇਹ ਸਾਰੇ ਮੈਂਬਰ ਆਪਣੇ ਵੱਖ-ਵੱਖ ਖੇਤਰਾਂ ਦਾ ਡੂੰਘਾ ਤਜਰਬਾ ਰੱਖਦੇ ਹਨ।
ਗਰੁੱਪ ਦੇ ਚੇਅਰਮੈਨ ਪਾਲ ਡਡਵਾਲ ਨੇ ਆਪਣੀ ਜ਼ਿੰਮੇਵਾਰੀ ਬਾਰੇ ਬੋਲਦਿਆਂ ਕਿਹਾ ਕਿ ਇਸ ਗਰੁੱਪ ਦਾ ਮੁੱਖ ਧਿਆਨ ਪ੍ਰਭਾਵਿਤ ਕਮਿਊਨਿਟੀ ਮੈਂਬਰਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਨੇੜਿਓਂ ਜੁੜਨ ‘ਤੇ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸੰਚਾਰ ਦੇ ਰਸਤੇ ਹਮੇਸ਼ਾ ਖੁੱਲ੍ਹੇ ਰਹਿਣ ਅਤੇ ਜਿਨ੍ਹਾਂ ਲੋਕਾਂ ‘ਤੇ ਇਨ੍ਹਾਂ ਅਪਰਾਧਾਂ ਦਾ ਸਭ ਤੋਂ ਵੱਧ ਅਸਰ ਪਿਆ ਹੈ, ਉਨ੍ਹਾਂ ਨੂੰ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਦਾ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਮੰਚ ਮਿਲ ਸਕੇ। ਸਰਕਾਰ ਮੁਤਾਬਕ, ਇਸ ਐਡਵਾਈਜ਼ਰੀ ਗਰੁੱਪ ਨੇ ਆਪਣਾ ਕੰਮਕਾਜ ਅਤੇ ਮੀਟਿੰਗਾਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਸਨ, ਪਰ ਪਿਛਲੇ ਹਫ਼ਤੇ ਟੰਬਲਰ ਰਿੱਜ ਵਿਖੇ ਵਾਪਰੀ ਇੱਕ ਘਟਨਾ ਕਾਰਨ ਇਸਦੇ ਰਸਮੀ ਐਲਾਨ ਵਿੱਚ ਥੋੜ੍ਹੀ ਦੇਰੀ ਹੋਈ। ਇਹ ਸਲਾਹਕਾਰ ਗਰੁੱਪ ਕੋਈ ਜਾਂਚ ਏਜੰਸੀ ਨਹੀਂ ਹੋਵੇਗਾ, ਬਲਕਿ ਇਹ ਪੁਲਿਸ, ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਅਤੇ ਸਰਕਾਰ ਦੇ ਤਿੰਨਾਂ ਪੱਧਰਾਂ (ਸਥਾਨਕ, ਸੂਬਾਈ ਅਤੇ ਸੰਘੀ) ਨੂੰ ਇਸ ਜਬਰਨ ਵਸੂਲੀ ਦੇ ਸੰਕਟ ਨਾਲ ਨਜਿੱਠਣ ਲਈ ਆਪਣੀਆਂ ਅਹਿਮ ਸਿਫਾਰਸ਼ਾਂ ਦੇਵੇਗਾ। ਗਰੁੱਪ ਦੀ ਮੁੱਖ ਜ਼ਿੰਮੇਵਾਰੀ ਪ੍ਰਮੁੱਖ ਕਾਰੋਬਾਰੀਆਂ, ਭਾਈਚਾਰਕ ਆਗੂਆਂ ਅਤੇ ਪੀੜਤਾਂ ਦੇ ਹੱਕਾਂ ਲਈ ਲੜਨ ਵਾਲੇ ਵਕੀਲਾਂ ਨਾਲ ਤਾਲਮੇਲ ਬਣਾਉਣਾ ਹੋਵੇਗਾ। ਇਸ ਤਾਲਮੇਲ ਰਾਹੀਂ ਉਹ ਲੋਕਾਂ ਦੀਆਂ ਜ਼ਮੀਨੀ ਚਿੰਤਾਵਾਂ ਅਤੇ ਚੁਣੌਤੀਆਂ ਨੂੰ ਸਮਝਣਗੇ ਅਤੇ ਫਿਰ ਉਨ੍ਹਾਂ ਨੂੰ ਸਿੱਧਾ ਪੁਲਿਸ ਅਤੇ ਸਰਕਾਰੀ ਅਧਿਕਾਰੀਆਂ ਤੱਕ ਪਹੁੰਚਾਉਣਗੇ, ਤਾਂ ਜੋ ਨੀਤੀਆਂ ਅਤੇ ਕਾਰਵਾਈਆਂ ਨੂੰ ਲੋਕਾਂ ਦੀ ਲੋੜ ਮੁਤਾਬਕ ਢਾਲਿਆ ਜਾ ਸਕੇ। ਪਾਲ ਡਡਵਾਲ, ਜੋ ਇਸ ਗਰੁੱਪ ਦੀ ਅਗਵਾਈ ਕਰ ਰਹੇ ਹਨ, ਕੋਲ ਸੀਨੀਅਰ ਪੁਲਿਸ ਅਧਿਕਾਰੀ ਵਜੋਂ ਕੰਮ ਕਰਨ ਦਾ ਸਾਲਾਂ ਦਾ ਤਜਰਬਾ ਹੈ। ਉਨ੍ਹਾਂ ਨੇ ‘ਆਈਹਿਟ’ (IHIT – ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ) ਅਤੇ ‘ਕੰਬਾਈਂਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਆਫ਼ ਬੀ.ਸੀ.’ ਵਰਗੀਆਂ ਉੱਚ ਪੱਧਰੀ ਏਜੰਸੀਆਂ ਨਾਲ ਕੰਮ ਕੀਤਾ ਹੈ, ਜੋ ਸੰਗਠਿਤ ਅਪਰਾਧਾਂ ਨਾਲ ਨਜਿੱਠਣ ਵਿੱਚ ਮਾਹਰ ਹਨ। ਉਨ੍ਹਾਂ ਦਾ ਇਹ ਤਜਰਬਾ ਪੁਲਿਸ ਦੀ ਕਾਰਜਪ੍ਰਣਾਲੀ ਅਤੇ ਕਮਿਊਨਿਟੀ ਦੀਆਂ ਉਮੀਦਾਂ ਵਿਚਕਾਰ ਸੰਤੁਲਨ ਬਣਾਉਣ ਵਿੱਚ ਬਹੁਤ ਲਾਹੇਵੰਦ ਸਾਬਤ ਹੋਵੇਗਾ।
ਬੁੱਧਵਾਰ ਨੂੰ ਸਰਕਾਰ ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਕਿ ਕਮੇਟੀ ਦੇ ਬਾਕੀ ਪੰਜ ਮੈਂਬਰ ਵੀ ਕਾਨੂੰਨ ਲਾਗੂ ਕਰਨ ਵਾਲੇ ਢਾਂਚੇ, ਨਿਆਂ ਪ੍ਰਣਾਲੀ, ਪੀੜਤਾਂ ਦੀ ਵਕਾਲਤ, ਕਾਰੋਬਾਰ ਅਤੇ ਜਨਤਕ ਸੇਵਾ ਵਰਗੇ ਵੱਖ-ਵੱਖ ਪਿਛੋਕੜਾਂ ਤੋਂ ਆਉਂਦੇ ਹਨ। ਰਿਲੀਜ਼ ਵਿੱਚ ਕਿਹਾ ਗਿਆ ਹੈ, “ਜਬਰਨ ਵਸੂਲੀ ਵਾਲੀ ਹਿੰਸਾ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ, ਭਾਈਚਾਰੇ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਵਿਸ਼ਵਾਸ ਅਤੇ ਸੰਚਾਰ ਦਾ ਵਧਣਾ ਬਹੁਤ ਜ਼ਰੂਰੀ ਹੈ।” This report was written by Ekjot Singh as part of the Local Journalism Initiative.
ਇਸ ‘ਕਮਿਊਨਿਟੀ ਐਡਵਾਈਜ਼ਰੀ ਗਰੁੱਪ’ (CAG) ਦਾ ਮੁੱਖ ਟੀਚਾ ਹੀ ਭਾਈਚਾਰੇ ਦੀਆਂ ਸ਼ਿਕਾਇਤਾਂ ਅਤੇ ਚਿੰਤਾਵਾਂ ਨੂੰ ਸੁਣਨਾ, ਨਵੇਂ ਉੱਭਰ ਰਹੇ ਖਤਰਿਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਤੁਰੰਤ ਸਰਕਾਰ ਅਤੇ ਪੁਲਿਸ ਤੱਕ ਪਹੁੰਚਾਉਣਾ ਹੈ, ਤਾਂ ਜੋ ਲੋਕ ਮਹਿਸੂਸ ਕਰਨ ਕਿ ਉਨ੍ਹਾਂ ਦੀ ਗੱਲ ਸੁਣੀ ਜਾ ਰਹੀ ਹੈ, ਉਨ੍ਹਾਂ ਨੂੰ ਪੂਰੀ ਸਹਾਇਤਾ ਮਿਲ ਰਹੀ ਹੈ ਅਤੇ ਉਹ ਆਪਣੇ ਹੀ ਸ਼ਹਿਰ ਵਿੱਚ ਸੁਰੱਖਿਅਤ ਹਨ।

ਰੁਝਾਨ ਖਬਰਾਂ