3.7 C
Vancouver
Wednesday, March 11, 2026

ਸੋਸ਼ਲ ਮੀਡੀਆ ਤੇ ਮਨੋਰੰਜਨ

ਅਮਰ ਸਿੰਘ ਚਮਕੀਲੇ ਦੇ ਇੱਕ ਗੀਤ ਦੇ ਬੋਲ ਹਨ ‘ਮੈਂ ਰੀਠੇ ਖੇਡਣ ਲਾ ਤੀ ਕੰਤ ਨਿਆਣੇ ਨੇਂ’ ਇਸ ਦੋ ਅਰਥੀ ਗੀਤ ਦੀਆਂ ਦੋ ਸਤਰਾਂ ਵਾਲੀ ਸਥਿਤੀ ‘ਪੰਜਾਬ’ ਦੀ ਰਾਜਨੀਤੀ ਦੀ ਬਣੀ ਹੋਈ ਹੈ ਜਿੱਥੇ ‘ਤਕਰੀਬਨ ਸਾਰੇ’ ਹੀ ਅਵੱਲੀਆਂ ਸਵੱਲੀਆਂ ਮਾਰ ਰਹੇ ਆ, ਜਿਸਦਾ ਕਾਰਨ ਮੈਂ ਸੋਸ਼ਲ ਮੀਡੀਆ ਨੂੰ ਸਮਝਦਾਂ। ਰਾਜੇ ਵੜਿੰਗ ਨੂੰ ਪਹਾੜੇ ਨਹੀਂ ਆਉਂਦੇ ਚੰਨੀ ਹੋਰ ਨਵੇਂ ਟੇਸ਼ਨ ਫੜ ਕੇ ਸਨਸਨੀਖੇਜ਼ ਬਿਆਨ ਸ਼ੁਰੂ ਕਰ ਲੈਂਦਾ…ਮੁੱਖ ਮੰਤਰੀ ਸਾਹਿਬ ਸਟੇਜ ‘ਤੇ ਚੁਟਕਲਿਆਂ ਦਾ ਦੌਰ ਚਲਾ ਲੈਂਦੇ ਆ…ਅਕਾਲੀ ਦਲ ਦੇ ਗੈਰ-ਤਜਰਬੇਕਾਰ ਪ੍ਰਬੰਧਕ ਬੁਲਾਰਿਆਂ ਦੀ ਘਾਟ ਕਰਕੇ ‘ਇੱਕ ਵਲੌਗਰ’ ਨੂੰ ਸਟੇਜ ‘ਤੇ ਮੁੱਖ ਬੁਲਾਰਿਆਂ ‘ਚ ਸ਼ਾਮਲ ਕਰਕੇ ਆਪਣਿਆਂ ਤੋਂ ਹੀ ਲਾਹਨਤਾਂ ਲੈਣ ਦਾ ਕੰਮ ਕਰ ਬਹਿੰਦੇ ਹਨ, ਤੇ ਏਵੇਂ ਸੱਤਾਧਾਰੀ ਧਿਰ ਦੇ ਬੰਦੇ ਵੀ ਪੁੱਠਾਸਿੱਧਾ ਬੋਲ ਕੇ ਕਿਸੇ ਨਾ ਕਿਸੇ ਮਨੋਰੰਜਕ ਮਸਲੇ ਦਾ ਗਲਾਵਾਂ ਗਲ ‘ਚ ਪੁਆਈ ਰੱਖਦੇ ਆ…। ਸਿੱਟੇ ਵਜੋਂ ਸਾਡਾ ਸੋਸ਼ਲ ਮੀਡੀਏ ਵਾਲਿਆਂ ਦਾ ਚੰਗਾ ਮਨੋਰੰਜਨ ਚੱਲੀ ਜਾਂਦਾ। ਮੇਰੀ ਸਮਝ ਮੁਤਾਬਿਕ ਲੋਕਾਂ ਦੇ ਸੋਸ਼ਲ ਮੀਡੀਏ ‘ਤੇ ਹਲਕੇ ਪੱਧਰ ਦੇ ਮਨੋਰੰਜਨ ਦਾ ਚਲਨ ਬਹੁਤਾ ਹੀ ਜ਼ਿਆਦਾ ਹੋ ਗਿਆ ਤੇ ਕਿਸੇ ਵਿਕਾਸ ਜਾਂ ਸਿਆਣੀ ਸੁਹਿਰਦ ਗੱਲ ਤਾਂ ਜਵਾਂ ਹੀ ਨੀ ਸੁਣਦੇ। ਜਿਵੇਂ ਸਾਡੀ ਫੇਸਬੁੱਕੀਆਂ ਦੀ ਕੋਈ ਉਸਾਰੂ ਗੱਲ ਫੇਸਬੁੱਕ ‘ਤੇ ਚਲਦੀ ਨੀ ਤੇ ਦਾਰੂ ਮੀਟ ਜਾਂ ਨਸ਼ੇ ਦੀ ਗੱਲ ‘ਵੰਦੇ ਭਾਰਤ ਐਕਸਪ੍ਰੈਸ’ ਵਾਂਗ ਚਲਦੀ, ਓਵੇਂ ਲੀਡਰ ਵੀ ਸਮਝੀ ਬੈਠੇ ਆ ਬਈ ਇਨ੍ਹਾਂ ਕੋਲ ਨੌਕਰੀਆਂ-ਨੂਕਰੀਆਂ ਜਾਂ ਡੂੰਘੇ ਹੁੰਦੇ ਪਾਣੀ ਜਾਂ ਕਿਸੇ ਮੁੱਦੇ ਦੀ ਗੱਲ ਕਰਨ ਦਾ ਕੋਈ ਫਾਇਦਾ ਨੀਂ ਬੱਸ ਇਨ੍ਹਾਂ ਨਾਲ ‘ਚਵਲਭਰਪੂਰ’ ਗੱਲ ਕਰੋ ਛੇਤੀ ਮਗਰ ਲੱਗਦੇ ਆ । ਮੇਰਾ ਮਹਿਬੂਬ ਤੇ ਵਿਜਨਰੀ ਲੀਡਰ ‘ਸੁਖਬੀਰ ਸਿੰਘ ਬਾਦਲ’ ਮਾਘੀ ਮੇਲੇ ਤੋਂ ਪਹਿਲਾਂ ਕਹਿੰਦੈ ‘ਸਾਡੀ ਕਾਨਫਰੰਸ ਛੇਤੀ ਖਤਮ ਹੋ ਜਾਣੀ, ਕਿਉਂਕਿ ਸਾਡੇ ਕੋਲ ਬੁਲਾਰੇ ਹੈਨੀ’ ਤੇ ਕਾਨਫਰੰਸ ਵਾਲੇ ਦਿਨ ਆਪ ਸਾਹਬ ਜਾਮ ‘ਚ ਫਸ ਗਿਆ ਤੇ ਬੁਲਾਰਿਆਂ ਦੀ ਸਚਮੁੱਚ ਘਾਟ ਕਰਕੇ ਸਟੇਜ ਪ੍ਰਬੰਧਕਾਂ ਨੇ ‘ਗੋਪੀ ਭਲਾਈਆਣਾ’ ਨਾਂ ਦਾ ਵਲੌਗਰ ਸਟੇਜ ‘ਤੇ ਚੜ੍ਹਾ ਲਿਆ, ਜੋ ਪੇਡ ਪ੍ਰਮੋਸ਼ਨਾਂ ਕਰਦਾ ਤੇ ਮਾਈਕ ਫੜ੍ਹਨ ਸਾਰ ਕਹਿੰਦਾ, ‘ਪੰਜ ਮਿੰਟ ਲਈ ਮੈਨੂੰ ਚੇਅਰਮੈਨ’ ਲਾ ਦਿਓ ਤੇ ਮੁੜਕੇ ਕਹਿੰਦਾ ‘ਮੈਂ ਪਾਰਟੀ ਮਗਰ ਨੀਂ ਗਿਆ ਸੀ’ ਜਿਸਦੀ ਟਰੋਲਿੰਗ ਨੇ ਲੋਕਾਂ ਦਾ ਚੰਗਾ ਮਨੋਰੰਜਨ ਕੀਤਾ। ਹੁਣ ਤੁਹਾਨੂੰ ਕੀ ਲੱਗਦਾ ਲੀਡਰਾਂ ਕੋਲ ਕੰਟੈਂਟ ਹੈਨੀਂ? ਇਹ ਵੀ ਨੀ ਕਹਿ ਸਕਦੇ ਆਪੋਜੀਸ਼ਨ ਵਿਚ ਰਹਿੰਦਿਆਂ ਲੀਡਰਾਂ ਦੀ ਮੱਤ ਵੱਜ ਗਈ, ਕਿਉਂਕਿ ਸੱਤਾਧਾਰੀ ਧਿਰ ਵਾਲਿਆਂ ਨੂੰ ਵੀ ਏਦਾਂ ਦੇ ਟਪਲੇ ਲੱਗੀ ਜਾਂਦੇ ਤੇ ਜਾਂ ਫਿਰ ਮਾਲ ਹੀ ਬਹੁਤਾ ਖਰਾ ਆਉਣ ਲੱਗ ਪਿਆ ਕਿਉਂਕਿ ਮਾਰਚ ਦੇ ਮਹੀਨੇ ਚਿਤੌੜ ਤੇ ਨੀਮਚ ‘ਚ ਕੱਢੇ ਮਾਲ ‘ਚ ਮੁਆਇਸਚਰ ਬਿਲਕੁਲ ਹੀ ਸੁੱਕ ਜਾਂਦਾ ਤੇ ਪੂਰਾ ਖਰਾ ਹੋ ਜਾਂਦਾ। ਜਿਸ ਬਾਰੇ ਰਾਜਾ ਵੜਿੰਗ ਇੰਟਰਵਿਊ ਵਿਚ ਕਹਿ ਰਿਹਾ ਕਿ ਕੈਮਰੇ ‘ਤੇ ਕਿਵੇਂ ਕਹਿ ਦੇਈਏ ਕਿ ਖਾਂਦੇ ਹਾਂ? ਜਾਂ ਅਨਮੋਲ ਗਗਨ ਮਾਨ ਵਰਗੀ ਐਮ ਐਲ ਇਹ ਕਹੇ ਵਈ ‘ਸਾਡਾ ਕੱਖ ਨਾ ਰਹੇ ਜੇ ਪਿੰਡਾਂ ‘ਚੋਂ ਕੋਈ ਗਰਾਂਟ ਖਾਧੀ ਹੋਵੇ’ ਮੈਡਮ ਜੀ ਜਾਂ ਤਾਂ ਸ਼ਹਿਰ ਵੀ ਵਿਚੇ ਕਹਿ ਦਿੰਦੇ ਨਹੀਂ ਤਾਂ ਲੋਕ ਜਾਣਦੇ ਹੀ ਆ। ਸੋ ਬਹੁਤਾ ਸੀਰੀਅਸ ਲੈਣ ਦੀ ਲੋੜ ਨੀਂ…ਮਨੋਰੰਜਨ ਠੀਕ ਚੱਲ ਰਿਹਾ ਲੋੜ ਮੁਤਾਬਿਕ ਆਪਣੇ ਕੰਮ ਧੰਦੇ ਕਰੋ ਤੇ ਆਨੰਦ ਲਓ ਸੁਧਾਰ-ਸਧੂਰ ਵਾਲੀਆਂ ਗੱਲਾਂ ਦੀ ਲੋੜ ਜਦੋਂ ਸਾਨੂੰ ਨੀਂ ਤਾਂ ਲੀਡਰਾਂ ਨੇ ਕਿਉਂ ਕਰਨੀ ਗਿਆਨ ਸਮਾਪਤ। -ਪੇਂਡੂ ਵਿਦਵਾਨ

ਰੁਝਾਨ ਖਬਰਾਂ