3.7 C
Vancouver
Wednesday, March 11, 2026

ਸਰੀ ਵਾਸੀਆਂ ਲਈ ਸਿਹਤ ਸੇਵਾਵਾਂ ਪੱਖੋਂ ਵੱਡੀ ਰਾਹਤ: ਸਿਟੀ ਕੌਂਸਲ ਨੇ ਦੋ ਨਵੇਂ ਮੈਡੀਕਲ ਕਲੀਨਿਕ ਖੋਲ੍ਹਣ ਲਈ ਸਮਝੌਤੇ ਨੂੰ ਦਿੱਤੀ ਹਰੀ ਝੰਡੀ


ਸਰੀ, (ਏਕਜੋਤ ਸਿੰਘ): ਸਰੀ ਸ਼ਹਿਰ ਦੇ ਵਸਨੀਕਾਂ ਲਈ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਬਹੁਤ ਹੀ ਅਹਿਮ ਅਤੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਸਿਟੀ ਕੌਂਸਲ ਨੇ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਫੈਮਿਲੀ ਡਾਕਟਰਾਂ ਦੀ ਘਾਟ ਨੂੰ ਗੰਭੀਰਤਾ ਨਾਲ ਲੈਂਦਿਆਂ ਇੱਕ ਵੱਡਾ ਫੈਸਲਾ ਲਿਆ ਹੈ। ਕੌਂਸਲ ਨੇ ‘ਟੋਟਲ ਲਾਈਫ਼ ਕੇਅਰ ਗ੍ਰੈਨਵਿਲ ਮੈਡੀਕਲ ਇੰਕ.’ (TLC) ਨਾਲ ਇੱਕ ਅਹਿਮ ਫਰੇਮਵਰਕ ਸਮਝੌਤੇ (Framework Agreement) ਨੂੰ ਅਧਿਕਾਰਤ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦਾ ਮੁੱਖ ਉਦੇਸ਼ ਸਰੀ ਵਿੱਚ ਦੋ ਨਵੇਂ ਅਤਿ-ਆਧੁਨਿਕ ਮੈਡੀਕਲ ਕਲੀਨਿਕਾਂ ਦੀ ਸਥਾਪਨਾ ਕਰਨਾ ਹੈ, ਜੋ ਸਿੱਧੇ ਤੌਰ ‘ਤੇ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਗੇ।
ਇਸ ਸਮਝੌਤੇ ਤਹਿਤ ਨਵੇਂ ਬਣਨ ਵਾਲੇ ਕਲੀਨਿਕਾਂ ਲਈ ਪ੍ਰਬੰਧਕੀ ਢਾਂਚਾ, ਭੂਮਿਕਾਵਾਂ, ਜ਼ਿੰਮੇਵਾਰੀਆਂ ਅਤੇ ਉਹ ਸਿਧਾਂਤ ਤੈਅ ਕੀਤੇ ਗਏ ਹਨ ਜੋ ਸਰੀ ਦੇ ‘ਕਮਿਊਨਿਟੀ ਮੈਡੀਕਲ ਕਲੀਨਿਕਸ’ ਉਪਰਾਲੇ ਨੂੰ ਸਹੀ ਦਿਸ਼ਾ ਦੇਣਗੇ। ਪ੍ਰਸ਼ਾਸਨ ਦਾ ਮੁੱਖ ਟੀਚਾ ਸ਼ਹਿਰ ਵਿੱਚ ਪਰਿਵਾਰਕ ਡਾਕਟਰਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਹੈ ਤਾਂ ਜੋ ਨਿਵਾਸੀਆਂ ਨੂੰ ਲੰਬੇ ਸਮੇਂ ਦੀ ਡਾਕਟਰੀ ਦੇਖਭਾਲ (Long-term medical care) ਨਾਲ ਜੋੜਿਆ ਜਾ ਸਕੇ। ਇਹ ਕਦਮ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਮੌਜੂਦਾ ਸਮੇਂ ਸਰੀ ਵਿੱਚ ਸਿਹਤ ਸੇਵਾਵਾਂ ‘ਤੇ ਆਬਾਦੀ ਦਾ ਭਾਰੀ ਦਬਾਅ ਹੈ।
ਇਸ ਮੌਕੇ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਦਾ ਇਹ ਫੈਸਲਾ ਸ਼ਹਿਰ ਨੂੰ ਇੱਕ ਤਜਰਬੇਕਾਰ ਹੈਲਥ ਕੇਅਰ ਓਪਰੇਟਰ ਨਾਲ ਅੱਗੇ ਵਧਣ ਦੀ ਆਗਿਆ ਦਿੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਪਹਿਲਕਦਮੀ ਦਾ ਕੇਂਦਰ ਬਿੰਦੂ ਸਰੀ ਦੇ ਨਿਵਾਸੀ ਹਨ ਅਤੇ ਉਨ੍ਹਾਂ ਦੀਆਂ ਸਿਹਤ ਲੋੜਾਂ ਨੂੰ ਸਭ ਤੋਂ ਪਹਿਲਾਂ ਰੱਖਿਆ ਜਾਵੇਗਾ। ਮੇਅਰ ਨੇ ਕਿਹਾ, “ਇਹ ਫਰੇਮਵਰਕ ਨਵੇਂ ਕਲੀਨਿਕਾਂ ਨੂੰ ਸ਼ੁਰੂ ਕਰਨ, ਪ੍ਰਾਇਮਰੀ ਕੇਅਰ ਦੀ ਸਮਰੱਥਾ ਵਧਾਉਣ ਅਤੇ ਸਾਡੇ ਸਮਾਜ ਲਈ ਲੰਬੇ ਸਮੇਂ ਦੇ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਦੀ ਨੀਂਹ ਰੱਖਦਾ ਹੈ।”
ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸਥਿਤੀ ਕਾਫੀ ਚਿੰਤਾਜਨਕ ਹੈ। ਸਰੀ ਵਿੱਚ ਇਸ ਵੇਲੇ ਹਰ 1,00,000 ਰਹਾਇਸ਼ੀਆਂ ਦੇ ਪਿੱਛੇ ਲਗਭਗ ਸਿਰਫ਼ 59 ਪਰਿਵਾਰਕ ਡਾਕਟਰ ਹੀ ਉਪਲਬਧ ਹਨ। ਇਹ ਅੰਕੜਾ ਇਸਦੇ ਬਰਾਬਰ ਦੇ ਹੋਰ ਸ਼ਹਿਰਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਸ਼ਹਿਰ ਦੀ ਆਬਾਦੀ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਮੈਡੀਕਲ ਸੇਵਾਵਾਂ ਦੀ ਮੰਗ ਵੀ ਵਧ ਰਹੀ ਹੈ। ਇਸੇ ਪਾੜੇ ਨੂੰ ਭਰਨ ਲਈ ਸਿਟੀ ਪ੍ਰਸ਼ਾਸਨ ਕਿਰਿਆਸ਼ੀਲ ਕਦਮ ਚੁੱਕ ਰਿਹਾ ਹੈ।
ਜ਼ਿਕਰਯੋਗ ਹੈ ਕਿ TLC ਦੀ ਚੋਣ 2025 ਵਿੱਚ ਕੀਤੀ ਗਈ ਇੱਕ ਸਖ਼ਤ ਪ੍ਰਤੀਯੋਗੀ ਖ਼ਰੀਦ ਪ੍ਰਕਿਰਿਆ ਰਾਹੀਂ ਹੋਈ ਸੀ। ਹੁਣ ਸਿਟੀ ਸਟਾਫ਼ ਅਤੇ TLC ਮਿਲ ਕੇ ਕਲੀਨਿਕਾਂ ਲਈ ਢੁਕਵੀਆਂ ਥਾਵਾਂ ਦੀ ਪਛਾਣ ਕਰਨਗੇ ਅਤੇ ਲੀਜ਼ ਸਬੰਧੀ ਗੱਲਬਾਤ ਨੂੰ ਨੇਪਰੇ ਚਾੜ੍ਹਨਗੇ। ਇਸ ਤੋਂ ਬਾਅਦ ਕੌਂਸਲ ਅੱਗੇ ਅੰਤਿਮ ਰਿਪੋਰਟ ਪੇਸ਼ ਕੀਤੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਸਰੀ ਦੇ ਇਹ ਪਹਿਲੇ ਦੋ ਨਵੇਂ ਕਲੀਨਿਕ ਸਾਲ 2026 ਦੇ ਪਤਝੜ (Autumn) ਮੌਸਮ ਵਿੱਚ ਲੋਕਾਂ ਲਈ ਖੁੱਲ੍ਹ ਜਾਣਗੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ