ਕਮੇਟੀ ਵੱਲੋਂ ਅਰਦਾਸ ਦੇ ਬੋਲ ਬਦਲਣ ਲਈ ਪਾਇਆ ਜਾ ਰਿਹਾ ਸੀ ਦਬਾਅ: ਮਨਜੀਤ ਸਿੰਘ
ਸਰੀ/ਅੰਮ੍ਰਿਤਸਰ: ਸਰੀ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਿਤ ਪੰਥਕ ਮਰਿਆਦਾ ਅਨੁਸਾਰ ਅਰਦਾਸ ਕਰਨ ਬਦਲੇ ਇੱਕ ਸੀਨੀਅਰ ਗ੍ਰੰਥੀ ਸਿੰਘ ਮਨਜੀਤ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਗ੍ਰੰਥੀ ਸਿੰਘ ਸਾਹਿਬ ਨੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਇਨਸਾਫ਼ ਦੀ ਗੁਹਾਰ ਵੀ ਲਗਾਈ ਹੈ।
ਜਥੇਦਾਰ ਸਾਹਿਬ ਨੂੰ ਭੇਜੇ ਪੱਤਰ ਵਿੱਚ ਗਿਆਨੀ ਮਨਜੀਤ ਸਿੰਘ, ਜੋ ਪਿਛਲੇ ਲਗਭਗ 40 ਸਾਲਾਂ ਤੋਂ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ ਅਤੇ ਪਿਛਲੇ 9 ਸਾਲਾਂ ਤੋਂ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਤਾਇਨਾਤ ਸਨ, ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ‘ਤੇ ਮਰਿਆਦਾ ਬਦਲਣ ਲਈ ਦਬਾਅ ਪਾਇਆ ਜਾ ਰਿਹਾ ਸੀ।
ਗਿਆਨੀ ਮਨਜੀਤ ਸਿੰਘ ਵਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ, 18 ਜਨਵਰੀ 2026 ਨੂੰ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਖੇ ਖਜ਼ਾਨਚੀ ਜਸਬੀਰ ਸਿੰਘ ਅਤੇ ਪ੍ਰਧਾਨ ਗੁਰਦੀਪ ਸਿੰਘ ਸਮਰਾ ਨੇ ਉਨ੍ਹਾਂ ਨੂੰ ਬੁਲਾ ਕੇ ਹਦਾਇਤ ਕੀਤੀ ਕਿ ਭਵਿੱਖ ਵਿੱਚ ਅਰਦਾਸ ਦੌਰਾਨ “ਕੜਾਹ ਪ੍ਰਸ਼ਾਦ ਦੀ ਦੇਗ ਪਰਵਾਨ ਹੋਵੇ” ਨਾ ਕਿਹਾ ਜਾਵੇ। ਇਸ ਦੀ ਬਜਾਏ ਕਮੇਟੀ ਨੇ ਹੁਕਮ ਦਿੱਤਾ ਕਿ “ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲੱਗੇ” ਬੋਲਿਆ ਜਾਵੇ ਅਤੇ ਨਾਲ ਹੀ “ਕਰੀ ਪਾਕਸਾਲ ਸੋਚ ਪਵਿੱਤਰਾ…” ਵਾਲਾ ਦੋਹਰਾ ਪੜ੍ਹਿਆ ਜਾਵੇ।ਜੇ ਤੁਸੀਂ ਸਾਡੇ ਅਨੁਸਾਰ ਅਰਦਾਸ ਨਹੀਂ ਕਰਦੇ ਤਾਂ ਤੁਹਾਡੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ ਹਨ। ਪਰ ਉਨ੍ਹਾਂ ਨੇ ਕਮੇਟੀ ਦੇ ਪ੍ਰਧਾਨ ਅਤੇ ਖਜ਼ਾਨਚੀ ਜਸਬੀਰ ਸਿੰਘ ਨੂੰ ਸਤਿਕਾਰ ਸਹਿਤ ਸ਼ਪੱਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਵਿੱਚ “ਦੇਗ ਪਰਵਾਨ ਹੋਵੇ” ਹੀ ਲਿਿਖਆ ਹੈ ਅਤੇ ਉਹ ਪੰਥਕ ਮਰਿਆਦਾ ਦੇ ਉਲਟ ਜਾ ਕੇ ਆਪਣੀ ਜਾਂ ਕਮੇਟੀ ਦੀ ਮਰਜ਼ੀ ਮੁਤਾਬਕ ਅਰਦਾਸ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜੋ ਮਰਿਆਦਾ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਲਾਗੂ ਹੈ, ਉਹ ਉਸੇ ‘ਤੇ ਪਹਿਰਾ ਦੇਣਗੇ।
ਇਸ ‘ਤੇ ਕਮੇਟੀ ਮੈਂਬਰਾਂ ਨੇ ਗੁੱਸੇ ਵਿੱਚ ਆ ਕੇ ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਤੋਂ ਗਿਆਨ ਨਹੀਂ ਲੈਣਾ, ਜੇਕਰ ਤੁਸੀਂ ਗੱਲ ਨਹੀਂ ਮੰਨ ਸਕਦੇ ਤਾਂ ਕੱਲ੍ਹ ਤੋਂ ਗੁਰਦੁਆਰਾ ਸਾਹਿਬ ਨਹੀਂ ਆ ਸਕਦੇ ਇਸ ਤੋਂ ਬਾਅਦ ਉਹ ਕੁਝ ਦਿਨ ਡਿਊਟੀ ‘ਤੇ ਆਏ ਅਤੇ ਕੁਝ ਦਿਨਾਂ ਬਾਅਦ ਡਿਊਟੀ ‘ਤੇ ਨਾ ਆਉਣ ਦਾ ਹੁਕਮ ਸੁਣਾ ਦਿੱਤਾ ਅਤੇ ਨੋਟਿਸ ਫੜਾਉਂਦੇ ਹੋਏ 1 ਫਰਵਰੀ 2026 ਤੋਂ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਇਹ ਕਿਹਾ ਗਿਆ ਕਿ ਜੇਕਰ ਚਾਬੀਆਂ ਜਾਂ ਕੋਈ ਵੀ ਹੋਰ ਸਮਾਨ ਗੁਰਦੁਆਰਾ ਸਾਹਿਬ ਦਾ ਹੈ ਤਾਂ ਉਹ ਵਾਪਸ ਕਰਨ ਤੋਂ ਬਾਅਦ ਉਨ੍ਹਾਂ ਦੀ ਤਨਖਾਹ ਵਾਪਸ ਦੇ ਦਿੱਤੀ ਜਾਵੇਗੀ।
ਗਿਆਨੀ ਮਨਜੀਤ ਸਿੰਘ ਨੇ ਸਾਡੇ ਨਾਲ ਆਪਣੀ ਗੱਲਬਾਤ ਸਾਂਝੀ ਕਰਦਿਆਂ ਦੁਖ ਜ਼ਾਹਿਰ ਕੀਤਾ ਕਿ ਉਨ੍ਹਾਂ ਦੇ ਸਾਥੀ ਗ੍ਰੰਥੀ ਸਿੰਘਾਂ ਨੇ ਵੀ ਦਬਾਅ ਹੇਠ ਆ ਕੇ ਮਰਿਆਦਾ ਬਦਲਣੀ ਸਵੀਕਾਰ ਕਰ ਲਈ ਹੈ। ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਜੇਕਰ ਅਜਿਹੀਆਂ ਪੰਥ ਵਿਰੋਧੀ ਨੀਤੀਆਂ ਨੂੰ ਨਾ ਰੋਕਿਆ ਗਿਆ ਤਾਂ ਗੁਰਦੁਆਰਿਆਂ ਵਿੱਚ ਮਨਮਰਜ਼ੀ ਦੀ ਮਰਿਆਦਾ ਚਲਾ ਕੇ “ਗੁਰੂ ਡੰਮ” ਨੂੰ ਬੜਾਵਾ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਹੈ ਕਿ ਪੰਥਕ ਮਰਿਆਦਾ ‘ਤੇ ਪਹਿਰਾ ਦੇਣ ਵਾਲੇ ਸੇਵਾਦਾਰਾਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਉਹ ਇਮਾਨਦਾਰੀ ਨਾਲ ਸੇਵਾ ਨਿਭਾ ਸਕਣ।ਇਸ ਤੋਂ ਬਾਅਦ ਖਜ਼ਾਨਚੀ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਉਹ ਅਰਦਾਸ ਉਸੇ ਤਰ੍ਹਾਂ ਕਰਨ ਲਈ ਮਨ ਜਾਣ ਜਿਵੇਂ ਕਿਹਾ ਗਿਆ ਹੈ ਤਾਂ ਉਹ ਅੱਜ ਵੀ ਆਪਣੀ ਡਿਊਟੀ ‘ਤੇ ਵਾਪਸ ਆ ਸਕਦੇ ਹਨ।ਇਸ ਤੋਂ ਪੱਤਰਕਾਰ ਨੇ ਕਿਹਾ ਜੋ ਵੀ ਉਹ ਕਹਿਣਾ ਚਾਹੁੰਦੇ ਹਨ, ਉਹ ਲਿਖਤੀ ਰੂਪ ’ਚ ਟੈਕਸ ਮੈਸਜ ਜਾਂ ਵੱਟਸਅੱਪ ‘ਤੇ ਜਵਾਬ ਦੇਣ, ਜਿਸ ਦੇ ਲਈ ਉਨ੍ਹਾਂ ਨੂੰ ਆਪਣਾ ਪੱਖ ਦੱਸਣ ਲਈ ਬੇਨਤੀ ਕੀਤੀ ਗਈ ਸੀ (ਆਪਣਾ ਪਖ ਰੱਖਣ ਲਈ ਜਸਬੀਰ ਸਿੰਘ ਨੂੰ ਸਾਡੇ ਵਲੋਂ ਉਨ੍ਹਾਂ ਦੇ ਫੋਨ ਨੰਬਰ ‘ਤੇ ਟੈਕਸ ਮੈਸਜ ਅਤੇ ਵੱਟਸਅੱਪ ‘ਤੇ ਸੁਨੇਹਾ ਵੀ ਭੇਜਿਆ ਗਿਆ ਸੀ)। ਪਰ ਬੁੱਧਵਾਰ ਨੂੰ 11 ਵਜੇ ਹੋਈ ਇਸ ਗੱਲਬਾਤ ਤੋਂ ਬਾਅਦ ਵੀਰਵਾਰ 2 ਵਜੇ ਖਬਰ ਲਿਖੇ ਜਾਣ ਤੱਕ ਉਹਨਾਂ ਵਲੋਂ ਕਿਸੇ ਤਰੀਕੇ ਨਾਲ ਵੀ ਜਵਾਬ ਨਹੀਂ ਮਿਲਿਆ।

