3.7 C
Vancouver
Wednesday, March 11, 2026

ਸਰੀ ਪੁਲਿਸ ਬੋਰਡ ਅਤੇ ਟਾਸਕ ਫੋਰਸ ਨੂੰ ਲੈ ਕੇ ਸੂਬਾ ਸਰਕਾਰ ਦੇ ਫੈਸਲੇ ਮੇਅਰ ਬਰੈਂਡਾ ਲੋਕ ਵਲੋਂ ਸ਼ਲਾਘਾ


ਵੈਨਕੂਵਰ, (ਏਕਜੋਤ ਸਿੰਘ): ਸਰੀ ਦੀ ਮੇਅਰ ਬਰੈਂਡਾ ਲੌਕ ਨੇ ਸ਼ਹਿਰ ਵਿੱਚ ਚੱਲ ਰਹੇ ਜਬਰਨ ਵਸੂਲੀ (Extortion) ਦੇ ਸੰਕਟ ਨਾਲ ਨਜਿੱਠਣ ਲਈ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਦਿੱਤੇ ਗਏ ਸਮਰਥਨ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ।
ਮੇਅਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਇਸ ਸਮੇਂ ਇੱਕ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹਾਂ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਭਾਈਚਾਰਾ, ਪੁਲਿਸ ਅਤੇ ਸਰਕਾਰ ਦੇ ਤਿੰਨੋਂ ਪੱਧਰ (ਮਿਉਂਸੀਪਲ, ਪ੍ਰੋਵਿੰਸ਼ੀਅਲ ਅਤੇ ਫੈਡਰਲ) ਇੱਕਮੁੱਠ ਹੋ ਕੇ ਇਸ ਮੁਸੀਬਤ ਦਾ ਟਾਕਰਾ ਕਰਨ। ਉਨ੍ਹਾਂ ਅੱਜ ਐਲਾਨੇ ਗਏ ਨਵੇਂ ਉਪਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਦਮ ਸਹਿਯੋਗ ਨੂੰ ਮਜ਼ਬੂਤ ਕਰਨਗੇ ਅਤੇ ਜਬਰਨ ਵਸੂਲੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਮੇਅਰ ਲੌਕ ਨੇ ਖਾਸ ਤੌਰ ‘ਤੇ ਇਸ ਗੱਲ ‘ਤੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਹੁਣ ਸਿਟੀ ਪ੍ਰਸ਼ਾਸਨ ‘ਸਰੀ ਪੁਲਿਸ ਬੋਰਡ’ ਦੀ ਮੈਂਬਰਸ਼ਿਪ ਨੂੰ ਲੈ ਕੇ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰ ਸਕੇਗਾ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਪੁਲਿਸ ਬੋਰਡ ਵਿੱਚ ਕਮਿਊਨਿਟੀ ਦੀ ਸਹੀ ਨੁਮਾਇੰਦਗੀ ਹੋਵੇ ਅਤੇ ਲੋਕਾਂ ਦੀਆਂ ਸੁਰੱਖਿਆ ਸਬੰਧੀ ਤਰਜੀਹਾਂ ਨੂੰ ਪਹਿਲ ਦਿੱਤੀ ਜਾਵੇ। ਇਸ ਤੋਂ ਇਲਾਵਾ, ਮੇਅਰ ਨੇ ਉਸ ਸਲਾਹਕਾਰ ਸਮੂਹ (Advisory Group) ਦੇ ਕੰਮਕਾਜ ਪ੍ਰਤੀ ਵੀ ਆਸ ਪ੍ਰਗਟਾਈ ਹੈ ਜੋ ਜਨਤਾ ਅਤੇ ‘ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ’ ਵਿਚਕਾਰ ਸੰਚਾਰ ਨੂੰ ਬਿਹਤਰ ਬਣਾਉਣ ਲਈ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਹਿੰਸਾ ਅਤੇ ਧਮਕੀਆਂ ਦਾ ਸ਼ਿਕਾਰ ਹੋ ਰਹੇ ਵਪਾਰੀਆਂ ਅਤੇ ਨਿਵਾਸੀਆਂ ਦੀ ਆਵਾਜ਼ ਨੂੰ ਉੱਚਾ ਚੁੱਕਣਾ ਸਮੇਂ ਦੀ ਮੁੱਖ ਲੋੜ ਹੈ।
ਮੇਅਰ ਨੇ ਪ੍ਰੀਮੀਅਰ ਈਬੀ ਦੇ ਉਸ ਵਿਚਾਰ ਨਾਲ ਵੀ ਸਹਿਮਤੀ ਜਤਾਈ ਕਿ ਪੁਲਿਸ ਵੱਲੋਂ ਲੋਕਾਂ ਨੂੰ ਨਿਯਮਤ ਅਪਡੇਟ ਮਿਲਣੇ ਚਾਹੀਦੇ ਹਨ ਤਾਂ ਜੋ ਭਰੋਸਾ ਬਹਾਲ ਹੋ ਸਕੇ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਸੁਰੱਖਿਅਤ ਰੱਖਣ ਲਈ ਮਜ਼ਬੂਤ ਲੀਡਰਸ਼ਿਪ ਅਤੇ ਸਾਧਨਾਂ ਦੀ ਲੋੜ ਹੈ, ਅਤੇ ਇਸੇ ਮਕਸਦ ਲਈ ਉਹ ਇਸ ਸਮੇਂ ਓਟਾਵਾ ਵਿੱਚ ਮੌਜੂਦ ਹਨ। ਮੇਅਰ ਲੌਕ ਉੱਥੇ ਫੈਡਰਲ ਸਰਕਾਰ ‘ਤੇ ਦਬਾਅ ਪਾ ਰਹੇ ਹਨ ਕਿ ਇਸ ਸੰਕਟ ਨਾਲ ਨਜਿੱਠਣ ਲਈ ਤੁਰੰਤ ਲੋੜੀਂਦੇ ਫੰਡ ਅਤੇ ਵਾਧੂ ਪੁਲਿਸ ਸਰੋਤ ਮੁਹੱਈਆ ਕਰਵਾਏ ਜਾਣ।

ਰੁਝਾਨ ਖਬਰਾਂ