3.7 C
Vancouver
Wednesday, March 11, 2026

ਸਰੀ ਕੌਂਸਲ ਦਾ ਸਖ਼ਤ ਫੈਸਲਾ, ਬਿਨਾਂ ਪਰਮਿਟ ਬਣੇ ਘਰਾਂ ਅਤੇ ਢਾਂਚਿਆਂ ‘ਤੇ ਚੱਲੇਗਾ ਬੁਲਡੋਜ਼ਰ


ਵੈਨਕੂਵਰ, (ਏਕਜੋਤ ਸਿੰਘ): ਸਰੀ ਸਿਟੀ ਕੌਂਸਲ ਨੇ ਸ਼ਹਿਰ ਵਿੱਚ ਹੋ ਰਹੀਆਂ ਗੈਰ-ਕਾਨੂੰਨੀ ਉਸਾਰੀਆਂ ‘ਤੇ ਸ਼ਿਕੰਜਾ ਕੱਸਦਿਆਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਹੋਈ ਕੌਂਸਲ ਦੀ ਮੀਟਿੰਗ ਦੌਰਾਨ ਅਜਿਹੇ ਕਈ ਮਾਮਲਿਆਂ ‘ਤੇ ਵਿਚਾਰ ਕੀਤਾ ਗਿਆ ਜਿੱਥੇ ਮਕਾਨ ਮਾਲਕਾਂ ਨੇ ਸਿਟੀ ਤੋਂ ਬਣਦੇ ਪਰਮਿਟ ਲਏ ਬਿਨਾਂ ਹੀ ਘਰਾਂ ਵਿੱਚ ਵਾਧੂ ਉਸਾਰੀ ਕਰ ਲਈ ਸੀ ਜਾਂ ਗੈਰ-ਕਾਨੂੰਨੀ ਢਾਂਚੇ ਖੜ੍ਹੇ ਕਰ ਲਏ ਸਨ। ਕੌਂਸਲ ਨੇ ਸਪੱਸ਼ਟ ਕੀਤਾ ਹੈ ਕਿ ਕਾਨੂੰਨ ਦੀ ਅਣਦੇਖੀ ਕਰਕੇ ਕੀਤੀ ਗਈ ਕੋਈ ਵੀ ਉਸਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਨਾਲ ਨਜਿੱਠਣ ਲਈ ਪ੍ਰਸ਼ਾਸਨ ਹੁਣ ਪਹਿਲਾਂ ਨਾਲੋਂ ਵਧੇਰੇ ਸਖ਼ਤੀ ਵਰਤੇਗਾ।
ਰਿਪੋਰਟਾਂ ਮੁਤਾਬਕ ਕੌਂਸਲ ਕੋਲ ਕਈ ਅਜਿਹੀਆਂ ਸ਼ਿਕਾਇਤਾਂ ਪਹੁੰਚੀਆਂ ਸਨ ਜਿੱਥੇ ਰਿਹਾਇਸ਼ੀ ਖੇਤਰਾਂ ਵਿੱਚ ਨਿਯਮਾਂ ਦੇ ਉਲਟ ਜਾ ਕੇ ਵੱਡੇ ਢਾਂਚੇ ਬਣਾਏ ਗਏ ਸਨ, ਜਿਸ ਨਾਲ ਨਾ ਸਿਰਫ਼ ਗੁਆਂਢੀਆਂ ਨੂੰ ਪਰੇਸ਼ਾਨੀ ਹੋ ਰਹੀ ਸੀ ਸਗੋਂ ਇਹ ਸੁਰੱਖਿਆ ਦੇ ਲਿਹਾਜ਼ ਨਾਲ ਵੀ ਖਤਰਨਾਕ ਸਨ। ਮੀਟਿੰਗ ਦੌਰਾਨ ਕੌਂਸਲਰਾਂ ਨੇ ਕੁਝ ਵਿਸ਼ੇਸ਼ ਸੰਪਤੀਆਂ ਬਾਰੇ ਫੈਸਲੇ ਲਏ ਜਿੱਥੇ ਮਾਲਕਾਂ ਨੂੰ ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਕੰਮ ਬੰਦ ਨਹੀਂ ਕੀਤਾ ਗਿਆ ਸੀ। ਸਿਟੀ ਨੇ ਹੁਣ ਇਨ੍ਹਾਂ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਗੈਰ-ਕਾਨੂੰਨੀ ਉਸਾਰੀ ਨੂੰ ਤੁਰੰਤ ਹਟਾਉਣ ਜਾਂ ਢਾਹੁਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿਟੀ ਖੁਦ ਕਾਰਵਾਈ ਕਰਕੇ ਇਨ੍ਹਾਂ ਢਾਂਚਿਆਂ ਨੂੰ ਗਿਰਾ ਦੇਵੇਗੀ ਅਤੇ ਇਸ ਦਾ ਸਾਰਾ ਖਰਚਾ ਮਾਲਕਾਂ ਪਾਸੋਂ ਵਸੂਲਿਆ ਜਾਵੇਗਾ, ਨਾਲ ਹੀ ਉਨ੍ਹਾਂ ਨੂੰ ਭਾਰੀ ਜੁਰਮਾਨੇ ਵੀ ਲਗਾਏ ਜਾਣਗੇ। ਸ਼ਹਿਰ ਦੇ ਅਧਿਕਾਰੀਆਂ ਨੇ ਚਿੰਤਾ ਪ੍ਰਗਟਾਈ ਹੈ ਕਿ ਕੁਝ ਲੋਕ ਕਿਰਾਏ ਦੀ ਆਮਦਨ ਵਧਾਉਣ ਜਾਂ ਹੋਰ ਲਾਲਚ ਵਿੱਚ ਆ ਕੇ ਸੁਰੱਖਿਆ ਨਿਯਮਾਂ ਨੂੰ ਛਿੱਕੇ ਟੰਗ ਦਿੰਦੇ ਹਨ। ਬਿਨਾਂ ਮਨਜ਼ੂਰੀ ਤੋਂ ਬਣੀਆਂ ਬੇਸਮੈਂਟਾਂ ਜਾਂ ਕਮਰੇ ਅੱਗ ਲੱਗਣ ਵਰਗੀਆਂ ਘਟਨਾਵਾਂ ਵੇਲੇ ਜਾਨਲੇਵਾ ਸਾਬਤ ਹੋ ਸਕਦੇ ਹਨ। ਮੇਅਰ ਅਤੇ ਕੌਂਸਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਈ ਵੀ ਉਸਾਰੀ ਕਰਨ ਤੋਂ ਪਹਿਲਾਂ ਸਿਟੀ ਹਾਲ ਤੋਂ ਬਣਦੀ ਮਨਜ਼ੂਰੀ ਜ਼ਰੂਰ ਲੈਣ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਾਂਚ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਗੈਰ-ਕਾਨੂੰਨੀ ਉਸਾਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਜੋ ਸ਼ਹਿਰ ਦਾ ਨਕਸ਼ਾ ਅਤੇ ਕਾਨੂੰਨ ਵਿਵਸਥਾ ਬਰਕਰਾਰ ਰਹਿ ਸਕੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ