ਵਿਰੋਧੀਆਂ ਨੇ ਸਰਕਾਰੀ ਫੰਡਾਂ ਦੀ ਵਰਤੋਂ ‘ਤੇ ਉਠਾਏ ਸਵਾਲ
ਵੈਨਕੂਵਰ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਅਤੇ ਮੇਜਰ ਲੀਗ ਸੌਕਰ (MLS) ਦੀ ਟੀਮ ‘ਵੈਨਕੂਵਰ ਵਾਈਟਕੈਪਸ’ ਵਿਚਕਾਰ ਇੱਕ ਨਵੀਂ ਅਤੇ ਅਹਿਮ ਵਪਾਰਕ ਸਾਂਝੇਦਾਰੀ ਦਾ ਐਲਾਨ ਕੀਤਾ ਗਿਆ ਹੈ ਜਿਸ ਦਾ ਮਕਸਦ ਆਉਣ ਵਾਲੇ ਸਮੇਂ ਵਿੱਚ ਸੂਬੇ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣਾ ਹੈ। ਜਾਣਕਾਰੀ ਅਨੁਸਾਰ ਇਸ ਸਮਝੌਤੇ ਤਹਿਤ ਬੀ.ਸੀ. ਦੀ ਸਰਕਾਰੀ ਏਜੰਸੀ ‘ਡੈਸਟੀਨੇਸ਼ਨ ਬੀ.ਸੀ.’ (Destination BC) ਵਾਈਟਕੈਪਸ ਦੀ ਅਧਿਕਾਰਤ ਟੂਰਿਜ਼ਮ ਪਾਰਟਨਰ ਬਣ ਗਈ ਹੈ। ਇਸ ਡੀਲ ਰਾਹੀਂ ਸਰਕਾਰ ਦੀ ਕੋਸ਼ਿਸ਼ ਹੈ ਕਿ ਵਾਈਟਕੈਪਸ ਦੇ ਮੈਚਾਂ ਦੌਰਾਨ ਸਟੇਡੀਅਮ ਅਤੇ ਡਿਜੀਟਲ ਪਲੇਟਫਾਰਮਾਂ ‘ਤੇ ਬ੍ਰਿਟਿਸ਼ ਕੋਲੰਬੀਆ ਦੇ ਸੈਰ-ਸਪਾਟਾ ਸਥਾਨਾਂ ਦੀ ਮਸ਼ਹੂਰੀ ਕੀਤੀ ਜਾਵੇ ਤਾਂ ਜੋ ਦੁਨੀਆ ਭਰ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਇਹ ਕਦਮ ਖਾਸ ਤੌਰ ‘ਤੇ ਇਸ ਲਈ ਵੀ ਚੁੱਕਿਆ ਗਿਆ ਹੈ ਕਿਉਂਕਿ 2026 ਵਿੱਚ ਵੈਨਕੂਵਰ ਫੀਫਾ ਵਰਲਡ ਕੱਪ ਦੇ ਕੁਝ ਮੈਚਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ ਅਤੇ ਸਰਕਾਰ ਇਸ ਮੌਕੇ ਦਾ ਪੂਰਾ ਲਾਹਾ ਲੈਣਾ ਚਾਹੁੰਦੀ ਹੈ।
ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਈਟਕੈਪਸ ਦੇ ਪ੍ਰਸ਼ੰਸਕ ਸਿਰਫ਼ ਕੈਨੇਡਾ ਜਾਂ ਅਮਰੀਕਾ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਹਨ, ਇਸ ਲਈ ਇਹ ਬ੍ਰਾਂਡਿੰਗ ਸੂਬੇ ਦੇ ਅਰਥਚਾਰੇ ਲਈ ਲਾਹੇਵੰਦ ਸਾਬਤ ਹੋਵੇਗੀ। ਹਾਲਾਂਕਿ, ਇਸ ਸੌਦੇ ਦੀ ਵਿੱਤੀ ਜਾਣਕਾਰੀ ਨੂੰ ਲੈ ਕੇ ਕੁਝ ਸਵਾਲ ਵੀ ਖੜ੍ਹੇ ਹੋ ਰਹੇ ਹਨ ਕਿਉਂਕਿ ਸਰਕਾਰ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਸ ਭਾਈਵਾਲੀ ਲਈ ਟੈਕਸਦਾਤਾਵਾਂ ਦੇ ਕਿੰਨੇ ਪੈਸੇ ਖਰਚ ਕੀਤੇ ਗਏ ਹਨ। ਆਲੋਚਕਾਂ ਅਤੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਜਦੋਂ ਸੂਬੇ ਦੇ ਲੋਕ ਮਹਿੰਗਾਈ, ਸਿਹਤ ਸੇਵਾਵਾਂ ਦੀ ਘਾਟ ਅਤੇ ਰਿਹਾਇਸ਼ੀ ਸੰਕਟ ਵਰਗੀਆਂ ਬੁਨਿਆਦੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਤਾਂ ਅਜਿਹੇ ਸਮੇਂ ਇੱਕ ਪ੍ਰਾਈਵੇਟ ਖੇਡ ਟੀਮ ਨੂੰ ਸਰਕਾਰੀ ਫੰਡ ਦੇਣਾ ਜਾਂ ਮਸ਼ਹੂਰੀ ‘ਤੇ ਪੈਸਾ ਖਰਚਣਾ ਸਮਝ ਤੋਂ ਬਾਹਰ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਇਸ ਸੌਦੇ ਦੀ ਪੂਰੀ ਲਾਗਤ ਜਨਤਕ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦਾ ਪੈਸਾ ਕਿੱਥੇ ਵਰਤਿਆ ਜਾ ਰਿਹਾ ਹੈ। ਉੱਧਰ, ਵਾਈਟਕੈਪਸ ਪ੍ਰਬੰਧਕਾਂ ਨੇ ਇਸ ਸਾਂਝੇਦਾਰੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਸੂਬੇ ਦੀ ਨੁਮਾਇੰਦਗੀ ਕਰਨ ਲਈ ਮਾਣ ਮਹਿਸੂਸ ਕਰਦੇ ਹਨ। This report was written by Ekjot Singh as part of the Local Journalism Initiative.
ਬੀ.ਸੀ. ਸਰਕਾਰ ਦਾ ਵੈਨਕੂਵਰ ਵਾਈਟਕੈਪਸ ਨਾਲ ਸਮਝੌਤਾ, ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ

