3.7 C
Vancouver
Wednesday, March 11, 2026

ਕੈਨੇਡਾ ‘ਚ ਪੰਜਾਬੀ ਨਰਸ ਗ੍ਰਿਫਤਾਰ: 56 ਹਜ਼ਾਰ ਡਾਲਰ ਦੇ ਨਸ਼ੀਲੇ ਟੀਕੇ ਚੋਰੀ ਕਰਨ ਦੇ ਲੱਗੇ ਦੋਸ਼

ਵੈਨਕੂਵਰ, (ਏਕਜੋਤ ਸਿੰਘ): ਕੈਨੇਡਾ ਵਿੱਚ ਪੰਜਾਬੀ ਮੂਲ ਦੇ ਪੇਸ਼ੇਵਰਾਂ ਨਾਲ ਜੁੜੀਆਂ ਦੋ ਵੱਖ-ਵੱਖ ਅਪਰਾਧਿਕ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ। ਪਹਿਲੀ ਘਟਨਾ ਵਿੱਚ ਮੌਂਟਰੀਅਲ ਵਿਖੇ ਇੱਕ ਪੰਜਾਬੀ ਨਰਸ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਚੋਰੀ ਕਰਨ ਦੇ ਗੰਭੀਰ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਦੂਜੀ ਘਟਨਾ ਸਸਕੈਚਵਨ ਸੂਬੇ ਤੋਂ ਹੈ, ਜਿੱਥੇ ਇੱਕ ਪੰਜਾਬੀ ਕਾਰੋਬਾਰੀ ‘ਤੇ ਬੀਮੇ ਦੇ ਪੈਸੇ ਹੜੱਪਣ ਲਈ ਆਪਣਾ ਹੀ ਕਾਰੋਬਾਰ ਸਾੜਨ ਦੇ ਦੋਸ਼ ਲੱਗੇ ਹਨ। ਕਿਊਬੈਕ ਸੂਬੇ ਦੇ ਮੌਂਟਰੀਅਲ ਸ਼ਹਿਰ ਵਿੱਚ ਪੁਲਿਸ ਨੇ ਲਵਦੀਪ ਸੰਧੂ ਨਾਂ ਦੀ ਇੱਕ ਪੰਜਾਬੀ ਮੂਲ ਦੀ ਨਰਸ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਲਵਦੀਪ ਸੰਧੂ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਕੰਮ ਕਰਦੀ ਸੀ। ਉਸ ‘ਤੇ ਦੋਸ਼ ਹਨ ਕਿ ਉਸ ਨੇ ਕਲੀਨਿਕ ਵਿੱਚੋਂ ਲਗਭਗ 56 ਹਜ਼ਾਰ ਡਾਲਰ ਦੀ ਕੀਮਤ ਦੇ ਨਸ਼ੀਲੇ ਪਦਾਰਥ ਚੋਰੀ ਕੀਤੇ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਨੇ ਕਥਿਤ ਤੌਰ ‘ਤੇ 6,000 ਦੇ ਕਰੀਬ ਨਸ਼ੇ ਵਾਲੇ ਟੀਕੇ ਚੋਰੀ ਕੀਤੇ ਸਨ।
ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਜਦੋਂ ਲਵਦੀਪ ਸੰਧੂ ਦੇ ਘਰ ਛਾਪਾ ਮਾਰਿਆ ਗਿਆ ਤਾਂ ਉੱਥੋਂ 10,000 ਡਾਲਰ ਦੀ ਨਕਦੀ ਅਤੇ ਸਰਿੰਜਾਂ ਦੇ ਕਈ ਡੱਬੇ ਬਰਾਮਦ ਹੋਏ। ਇਹ ਮਾਮਲਾ ਸਿਹਤ ਖੇਤਰ ਵਿੱਚ ਭਰੋਸੇ ਦੀ ਵੱਡੀ ਉਲੰਘਣਾ ਮੰਨਿਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਲਵਦੀਪ ਸੰਧੂ ਭਾਰਤ ਵਿੱਚ ਨਰਸਿੰਗ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰਨ ਦਾ ਕੰਮ ਵੀ ਕਰਦੀ ਸੀ। ਫਿਲਹਾਲ, ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਦਿਆਂ ਲਵਦੀਪ ਸੰਧੂ ਦਾ ਨਰਸਿੰਗ ਲਾਇਸੰਸ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਅਦਾਲਤੀ ਫੈਸਲਾ ਜੂਨ ਮਹੀਨੇ ਤੱਕ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇੱਕ ਹੋਰ ਮਾਮਲੇ ਵਿੱਚ, ਸਸਕੈਚਵਨ ਸੂਬੇ ਦੀ ਆਰ.ਸੀ.ਐਮ.ਪੀ. (RCMP) ਨੇ ਕੈਲਗਰੀ ਦੇ ਰਹਿਣ ਵਾਲੇ ਰਜਿੰਦਰਪਾਲ ਬਸਰਾਂ ਨੂੰ ਗ੍ਰਿਫਤਾਰ ਕੀਤਾ ਹੈ। ਬਸਰਾਂ ‘ਤੇ ਦੋਸ਼ ਹੈ ਕਿ ਉਸ ਨੇ ਧੋਖਾਧੜੀ ਕਰਨ ਦੇ ਇਰਾਦੇ ਨਾਲ ਸਸਕਾਟੂਨ ਤੋਂ ਲਗਭਗ 240 ਕਿਲੋਮੀਟਰ ਦੂਰ ਸਥਿਤ ‘ਲੀਡਰ’ (Leader) ਕਸਬੇ ਵਿੱਚ ਆਪਣੇ ਹੀ ‘ਸਪੋਰਟਸ ਬਾਰ’ ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਪਿਛਲੇ ਸਾਲ 26 ਅਕਤੂਬਰ ਨੂੰ ਵਾਪਰੀ ਸੀ, ਜਿਸ ਵਿੱਚ ਪੂਰਾ ਰੈਸਟੋਰੈਂਟ ਸੜ ਕੇ ਸੁਆਹ ਹੋ ਗਿਆ ਸੀ।
ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇੱਕ ਸ਼ੱਕੀ ਵਿਅਕਤੀ ਗੱਡੀ ਵਿੱਚ ਆਇਆ, ਦਰਵਾਜ਼ਾ ਤੋੜ ਕੇ ਬਾਰ ਦੇ ਅੰਦਰ ਦਾਖਲ ਹੋਇਆ ਅਤੇ ਅੱਗ ਲਗਾਉਣ ਤੋਂ ਬਾਅਦ ਫਰਾਰ ਹੋ ਗਿਆ। ਹਾਲਾਂਕਿ ਰਜਿੰਦਰਪਾਲ ਬਸਰਾਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਘਟਨਾ ਵੇਲੇ ਉਹ ਸ਼ਹਿਰ ਤੋਂ ਬਾਹਰ ਸੀ ਅਤੇ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ, ਪਰ ਪੁਲਿਸ ਦੀ ਪੜਤਾਲ ਨੇ ਸੂਈ ਉਸ ਵੱਲ ਘੁੰਮਾ ਦਿੱਤੀ। ਉਸ ‘ਤੇ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਅਤੇ ਅੱਗਜ਼ਨੀ ਰਾਹੀਂ ਮਨੁੱਖੀ ਜਾਨਾਂ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ ਲੱਗੇ ਹਨ। ਜ਼ਿਕਰਯੋਗ ਹੈ ਕਿ ਲੀਡਰ ਕਸਬੇ ਵਿੱਚ ਬਸਰਾਂ ਦੇ ਤਿੰਨ ਹੋਰ ਕਾਰੋਬਾਰ ਵੀ ਚੱਲ ਰਹੇ ਹਨ। ਮੁਲਜ਼ਮ ਦੀ ਅਦਾਲਤ ਵਿੱਚ ਪੇਸ਼ੀ 19 ਮਾਰਚ ਨੂੰ ਹੋਣੀ ਤੈਅ ਹੋਈ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ